Share on Facebook

Main News Page

ਭਰਾ ਮਾਰੂ ਜੰਗ ਰੋਕਣ ਲਈ ਕੌਮ ਜਾਗੇ…
-: ਜਸਪਾਲ ਸਿੰਘ ਹੇਰਾਂ

6 ਜੁਲਾਈ, ਜਿਸ ਦਿਨ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣੇ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਐਲਾਨ ਸਿੱਖ ਸੰਮੇਲਨ ‘ਚ ਕੀਤਾ ਸੀ, ਤੋਂ ਲੈ ਕੇ ਅੱਜ ਤੱਕ ਭਾਵੇਂ ਘਟਨਾ-ਕ੍ਰਮ ਬਹੁਤ ਤੇਜ਼ੀ ਨਾਲ ਚੱਲਿਆ ਹੈ ਅਤੇ ਸਿੱਖ ਸਿਆਸਤ ਦੇ ਵਿਹੜੇ ‘ਚ ਜਿੱਥੇ ਸਿਆਸੀ ਜਵਾਰਭਾਟਾ ਆਇਆ, ਉਥੇ ਬਾਦਲਾਂ ਅਤੇ ਹਰਿਆਣੇ ਵਾਲਿਆਂ ਵੱਲੋਂ ਆਪੋ-ਆਪਣੇ ਸਟੈਂਡ ਅਤੇ ਜ਼ਿੱਦ ਤੇ ਅੜ੍ਹ ਜਾਣ ਕਾਰਣ ਸਿੱਖਾਂ ‘ਚ ਭਰਾ-ਮਾਰੂ ਜੰਗ ਦੇ ਬੱਦਲ ਮੰਡਰਾਉਣ ਲੱਗ ਪਏ, ਜਿਹੜੇ ਦਿਨੋ-ਦਿਨ ਗੂੜੇ ਹੀ ਹੋ ਰਹੇ ਹਨ।

ਹੁਣ ਜਦੋਂ ਹਰਿਆਣੇ ਦੀ ਵੱਖਰੀ ਕਮੇਟੀ ਨੇ ਕਾਨੂੰਨੀ ਰੂਪ ਲੈ ਕੇ ਆਪਣਾ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਦੂਜੇ ਪਾਸੇ ਬਾਦਲਾਂ ਦੀ ਫੌਜ ਸ਼੍ਰੋਮਣੀ ਕਮੇਟੀ ਦੀ ਆਖੰਡਤਾ ਦੇ ਨਾਅਰੇ ਥੱਲੇ, ਹਰਿਆਣੇ ਦੇ ਗੁਰਦੁਆਰਿਆਂ ‘ਚ ਡੇਰੇ ਜਮਾ ਕੇ ਬੈਠੀ ਹੈ ਅਤੇ ਹਰਿਆਣੇ ਦੇ ਗੁਰੂ ਘਰਾਂ ਦਾ ਪ੍ਰਬੰਧ ਸੰਭਾਲ ਰਹੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਹਰਿਆਣਾ ਕਮੇਟੀ ਦੇ ਹੁਕਮ ਮੰਨਣ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ ਤੇ ਦੂਜੇ ਪਾਸੇ ਹਰਿਆਣਾ ਕਮੇਟੀ ਦੇ ਸਮਰੱਥਕਾਂ ਕੇ ਯੂਥ ਵਿੰਗ ਦੇ ਝੰਡੇ ਥੱਲੇ 5 ਅਗਸਤ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਦਾ ਐਲਾਨ ਕਰ ਦਿੱਤਾ, ਉਸ ਸਮੇਂ ਸਿੱਖਾਂ ‘ਚ ਭਰਾ-ਮਾਰੂ ਜੰਗ ਦਾ ਵਿਗਲ ਵੱਜਦਾ ਜਾਪਦਾ ਹੈ। ਸ਼੍ਰੋਮਣੀ ਕਮੇਟੀ ਨੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਹਰਿਆਣੇ ਭੇਜ ਦਿੱਤਾ ਹੈ ਅਤੇ ਬਾਦਲ ਦਲ ਦੇ ਵੱਡੇ ਵੱਡੇ ਸਿਪਾਹ ਸਲਾਰ ਵੀ ਡੇਰੇ ਲਾ ਕੇ ਬੈਠੇ ਹਨ, ਫ਼ਿਰ ਦੋਵਾਂ ਧਿਰਾਂ ਦੇ ਆਪੋ ‘ਚ ਟਕਰਾਅ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

ਅੱਜ ਹਰਿਆਣਾ ਕਮੇਟੀ, ਨਿਰੋਲ ਰਾਜਸੀ ਲੜ੍ਹਾਈ ਬਣ ਚੁੱਕੀ ਹੈ, ਇਸ ਕਾਰਣ ਦੋਵਾਂ ਧਿਰਾਂ ‘ਚ ਕੋਈ ਵੀ ਧਿਰ ਕੌਮ ਦੀ ਆਨ-ਸ਼ਾਨ ਦੀ ਰੱਤੀ ਭਰ ਵੀ ਪ੍ਰਵਾਹ ਕੀਤੇ ਬਿਨਾਂ "ਸਿੱਖ ਜੰਗਲੀ ਹੁੰਦੇ ਹਨ" ਦਾ ਨਜ਼ਾਰਾ ਦੁਨੀਆ ਨੂੰ ਵਿਖਾਉਣ ਲਈ ਤੱਤਪਰ ਹਨ। ਜਿਵੇਂ ਦੁਸ਼ਮਣ ਨਾਲ ਨਜਿੱਠਣਾ ਹੁੰਦਾ ਹੈ, ਇਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਵੇਂ ਅਸੀਂ ਪਹਿਲਾ ਵੀ ਲਿਖਿਆ ਸੀ ਕਿ ਅਸੀਂ ਰਾਜਸੀ ਲੋਭ ਲਾਲਸਾ ਤੇ ਪੈਂਤੜੇਬਾਜ਼ੀ ‘ਚ ਇਨ੍ਹਾਂ ਨਿੱਗਰ ਗਏ ਹਾਂ ਕਿ ਗੁਰੂ ਘਰਾਂ ਦੀ ਸੇਵਾ ਸੰਭਾਲ, ਹੁਣ ਗੁਰੂ ਘਰਾਂ ਤੇ ਕਬਜ਼ੇ ‘ਚ ਬਦਲ ਗਈ ਹੈ। ਬਿਨਾਂ ਕਿਸੇ ਹਿਚਕਚਾਹਟ ਦੇ ਦੋਵੇਂ ਧਿਰਾਂ ‘ਕਬਜ਼ਾ’ ਕਰਨਾ ਹੈ, ਕਬਜ਼ਾ ਨਹੀਂ ਕਰਨ ਦੇਣਾ” ਦੇ ਦਮਗੱਜੇ ਮਾਰ ਰਹੀਆਂ ਹਨ।

ਸਾਡੀ ਚਿੰਤਾ ਉਸ ਖਾਨਾਜੰਗੀ ਨੂੰ ਲੈ ਕੇ ਹੈ, ਜਿਸ ਨੂੰ ਦੇਸ਼ ਦੇ ਹਿੰਦੂਤਵੀ ਮੀਡੀਏ ਨੇ ਸਿੱਖਾਂ ਦਾ ਜਲੂਸ ਕੱਢਣ ਲਈ, ਪੂਰੀ ਦਿਲਚਸਪੀ ਨਾਲ ਲਗਾਤਾਰ ਮੀਡੀਏ ਤੇ ਸਿੱਖ ਵਿਰੋਧੀ ਰੂਪ ‘ਚ ਪ੍ਰਚਾਰਨਾ ਹੈ। ਗੁਰੂ ਘਰ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਦੇ ਕੇਂਦਰ ਅਤੇ ਹਰ ਲੋੜਵੰਦ ਵਿਅਕਤੀ ਦਾ ਸਹਾਰਾ ਹਨ। ਜੇ ਇਨ੍ਹਾਂ ਗੁਰੂ ਘਰਾਂ ਤੇ ਕਬਜ਼ੇ ਹੋਣ ਲੱਗ ਪਏ, ਕਬਜ਼ੇ ਲੈਣ ਲਈ ”ਜੰਗ” ਦੀਆਂ ਤਿਆਰੀਆਂ ਹੋ ਰਹੀਆਂ ਹਨ, ਤਾਂ ਕੌਮ ਲਈ ਇਸ ਤੋਂ ਵੱਧ ਹੋਰ ਸ਼ਰਮਨਾਕ ਗੱਲ ਕੀ ਹੋਵੇਗੀ?

ਇਸ ਲਈ ਅੱਜ ਲੋੜ ਹੈ ਕੌਮ ‘ਚੋਂ ਉਹ ਮਰਜੀਵੜੇ ਉੱਠਣ, ਜਿਹੜੇ ਇਸ ਭਰਾ-ਮਾਰੂ ਜੰਗ ਨੂੰ ਰੋਕਣ ਲਈ ‘ਦੀਵਾਰ’ ਬਣ ਸਕਣ ਅਤੇ ਦੋਵਾਂ ਧਿਰਾਂ ਨੂੰ ਸਿੱਖ ਸਿਧਾਂਤਾਂ, ਸਿੱਖ ਪ੍ਰੰਪਰਾਵਾਂ ਦੀ ਰੋਸ਼ਨੀ ‘ਚ ਸਿੱਖੀ ਦੀ ਆਨ-ਸ਼ਾਨ ਨੂੰ ਢਾਅ ਲਾਉਣ ਤੋਂ ਸਖ਼ਤੀ ਨਾਲ ਰੋਕ ਸਕਣ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਗੰਭੀਰ ਸਥਿੱਤੀ ‘ਚ ਇਕ ਪਾਸੜ ਰੋਲ ਨਿਭਾਏ ਜਾਣ ਤੋਂ ਬਾਅਦ ਇਸ ਔਖੀ ਘੜ੍ਹੀ ‘ਚ ਉਨ੍ਹਾਂ ਵੱਲ ਤੱਕਣ ਦਾ ਮੌਕਾ ਵੀ ਗੁਆਚ ਗਿਆ ਹੈ। ਇਸ ਲਈ ਲੋੜ ਹੈ ਕਿ ਅੱਜ ਕੌਮ ਖ਼ੁਦ ਕੌਮ ਦੇ ਹਿੱਤਾਂ ਦੀ ਰਾਖ਼ੀ ਲਈ ਜਾਗੇ, ਉਠੇ ਅਤੇ ਕੌਮ ਦਾ ਮੁੱਲ ਵੱਟਣ ਵਾਲੇ, ਕੌਮ ਨੂੰ ਗੁੰਮਰਾਹ ਕਰਨ ਵਾਲੇ ਅਤੇ ਕੌਮ ਦੀ ਹੇਠੀ ਕਰਵਾਉਣ ਵਾਲਿਆਂ ਨਾਲ ਟੱਕਰ ਲਵੇ। ਜਦੋਂ ਤੱਕ ਕੌਮ ਖ਼ੁਦ ਮੀਰੀ-ਪੀਰੀ ਦੇ ਸਿਧਾਂਤ ਦੀ ਰਾਖ਼ੀ ਲਈ ਨਹੀਂ ਜਾਗਦੀ, ਉਦੋਂ ਤੱਕ ਸੁਆਰਥੀ, ਪਦਾਰਥੀ, ਲੋਭੀ-ਲਾਲਸੀ ਆਗੂ, ਇਸੇ ਤਰ੍ਹਾਂ ਕੌਮ ‘ਚ ਖਾਨਾਜੰਗੀ ਕਰਵਾ ਕੇ ਕੌਮ ਨੂੰ ਬਲਦੀ ‘ਚ ਧੱਕਾ ਦਿੰਦੇ ਰਹਿਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top