Share on Facebook

Main News Page

ਕੀ ਸਾਡੇ ਧਾਰਮਿਕ ਮਾਮਲੇ ਇਸੇ ਤਰ੍ਹਾਂ ਅਦਾਲਤਾਂ ‘ਚ ਜਾਂਦੇ ਰਹਿਣਗੇ…?
-: ਜਸਪਾਲ ਸਿੰਘ ਹੇਰਾਂ

ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਭਾਵੇਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ‘ਤੇ ਯਥਾ ਸਥਿਤੀ ਬਰਕਰਾਰ ਰੱਖਣ ਦਾ ਹੁਕਮ ਸੁਣਾ ਕੇ ਸਿੱਖਾਂ ‘ਚ ਸ਼ੁਰੂ ਹੋਈ ਭਰਾ-ਮਾਰੂ ਜੰਗ ਨੂੰ ਇੱਕ ਵਾਰ ਬਰੇਕਾਂ ਲਾ ਦਿੱਤੀਆਂ ਹਨ, ਪ੍ਰੰਤੂ ਬੀਤੇ ਦਿਨਾਂ ‘ਚ ਇਸ ਮੁੱਦੇ ਨੂੰ ਲੈ ਕੇ ਜੋ ਕੁਝ ਵਾਪਰ ਚੁੱਕਿਆ ਹੈ, ਉਸ ਬਾਰੇ ਸਿੱਖਾਂ ਨੂੰ ਡੂੰਘੇ ਆਤਮ ਵਿਸ਼ਲੇਸ਼ਣ ਦੀ ਵੱਡੀ ਲੋੜ ਹੈ ਅਤੇ ਇਹ ਵੀ ਸੋਚਣਾ ਪਵੇਗਾ ਕਿ ਆਖ਼ਰ ਸਾਡੇ ਪਵਿੱਤਰ ਗੁਰਧਾਮਾਂ ਦੇ ਮਾਮਲੇ ਦੇ ਨਿਪਟਾਰੇ ਜਾਂ ਸਿੱਖ ਹੋਣ ਦੀ ਪਰਿਭਾਸ਼ਾ ਵੀ ਕੀ ਦੇਸ਼ ਦੀਆਂ ਅਦਾਲਤਾਂ ਨਿਰਧਾਰਤ ਕਰਿਆ ਕਰਨਗੀਆਂ। ਅਸੀਂ ਆਖ਼ਰ ਆਪਣੀ ਦਾੜੀ ਆਪਣੇ ਹੱਥੀਂ ਹੀ ਬੇਗ਼ਾਨਿਆਂ ਨੂੰ ਕਦੋਂ ਤੱਕ ਫੜ੍ਹਾਉਂਦੇ ਰਹਾਂਗੇ। ਚੌਧਰ ਦੀ, ਸੁਆਰਥ ਦੀ, ਪਦਾਰਥ ਦੀ ਭੁੱਖ ਅੱਗੇ ਕੌਮ ਦਾ ਮਾਣ-ਸਨਮਾਨ ਸਿੱਖੀ ਦੀ ਆਨ-ਸ਼ਾਨ ਬੌਣੇ ਹੋ ਗਏ ਹਨ।

ਇਕ ਸਿੱਖ ਨੂੰ ਦੂਜਾ ਸਿੱਖ ਭਰਾ ਨਹੀਂ, ਦੁਸ਼ਮਣ ਜਾਪਣ ਲੱਗ ਪਿਆ ਹੈ। ਹਊਮੈ ਤੇ ਲਾਲਸਾ ਨੇ ਅਕਲੋਂ ਅੰਨ੍ਹਾ ਕਰ ਛੱਡਿਆ ਹੈ, ਮੈਂ ਦੀ ਲੜ੍ਹਾਈ ‘ਚ ਆਪਣੇ-ਬਿਗਾਨੇ ਦੀ ਪਛਾਣ ਭੁੱਲ ਗਈ ਹੈ। ਕੌਮ ‘ਚ ਖਾਨਾਜੰਗੀ ਸ਼ੁਰੂ ਹੋ ਚੁੱਕੀ ਹੈ, ਖੂਨ ਡੁੱਲਣਾ ਸ਼ੁਰੂ ਹੋ ਚੁੱਕਾ ਹੈ, ਪ੍ਰੰਤੂ ਇਸ ਭਰਾ-ਮਾਰੂ ਜੰਗ ਨੂੰ ਰੋਕਣ ਦੇ ਸਮਰੱਥ ਕੋਈ ਸਿੱਖ ਆਗੂ ਕਿਧਰੇ ਵੀ ਵਿਖਾਈ ਨਹੀਂ ਦੇ ਰਿਹਾ।

ਅਸੀਂ ਜਿਸ ਦਿਨ ਤੋਂ ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦਾ ਮਾਮਲਾ ਉਭਰ ਕੇ ਸਾਹਮਣੇ ਆਇਆ ਹੈ, ਉਸ ਦਿਨ ਤੋਂ ਹੀ ਸਿੱਖਾਂ ਦੀ ਜੱਗ ਹਸਾਈ ਕਰਵਾਉਣ ਵਾਲੀ ਭਰਾ-ਮਾਰੂ ਜੰਗ ਦੀ ਸ਼ੰਕਾ ਨੂੰ ਲੈ ਕੇ ਦੁਹਾਈ ਦੇ ਰਹੇ ਹਾਂ ਅਤੇ ਕੌਮ ਦੇ ਦਾਨਿਸ਼ਵਰਾਂ ਨੂੰ ਅੱਗੇ ਆ ਕੇ ਇਸ ਭਰਾ-ਮਾਰੂ ਜੰਗ ਨੂੰ ਰੋਕਣ ਦੇ ਉਪਰਾਲੇ ਕਰਨ ਦੇ ਵਾਸਤੇ ਪਾ ਰਹੇ ਹਾਂ। ਪ੍ਰੰਤੂ ਅਫ਼ਸੋਸ ਹੈ ਅਤੇ ਕੌਮ ਦੀ ਤ੍ਰਾਸਦੀ ਵੀ ਹੈ ਕਿ ਅੱਜ ਸਾਡੇ ‘ਚ ਕੋਈ ਵੀ ਅਜਿਹੀ ਸਖ਼ਸੀਅਤ ਨਹੀਂ, ਜਿਸਦੀ ਸਮੁੱਚੀ ਕੌਮ ਸੁਣਦੀ ਹੋਵੇ, ਉਸਦੀ ਬੇਬਾਕ, ਬੇਦਾਗ, ਸੱਚੀ-ਸੁੱਚੀ ਸਖ਼ਸੀਅਤ ਦਾ ਸਮੁੱਚੀ ਕੌਮ ਤੇ ਪ੍ਰਭਾਵ ਹੋਵੇ। ਜੋ ਕੁਝ ਹਰਿਆਣੇ ‘ਚ ਵਾਪਰ ਰਿਹਾ ਹੈ ਅਤੇ ਜੋ ਕੁਝ ਵਾਪਰਨ ਦੀ ਆਸ਼ੰਕਾ ਹੈ, ਉਹ ਕੌਮ ਲਈ ਬੇਹੱਦ ਮੰਦ-ਭਾਗਾ ਹੈ, ਜਿਸਨੇ ਸਮੁੱਚੀ ਦੁਨੀਆ ‘ਚ ਕੌਮ ਦੀ ਹੇਠੀ ਕਰਵਾਉਣੀ ਹੈ।

ਅਸੀਂ ਵਾਰ ਵਾਰ ਦੁਹਾਈ ਦੇ ਰਹੇ ਹਾਂ ਕਿ ਸਿੱਖੋ! ਤੁਸੀਂ ਦੁਨੀਆ ਦੇ ਉਸ ਮਹਾਨ ਵਿਰਸੇ ਤੇ ਫਲਸਫ਼ੇ ਦੇ ਵਾਰਿਸ ਹੋ, ਜਿਸ ਦਾ ਦੁਨੀਆ ‘ਚ ਕੋਈ ਸਾਨੀ ਨਹੀਂ, ਤੁਹਾਡਾ ਗ੍ਰੰਥ ਸਮੁੱਚੀ ਦੁਨੀਆ ਨੂੰ ਅਗਵਾਈ ਦੇਣ ਦੇ ਸਮਰੱਥ ਹੈ ਅਤੇ ਤੁਹਾਡਾ ਪੰਥ, ਸਮੁੱਚੀ ਦੁਨੀਆ ਦਾ ‘ਸਿਰਦਾਰ’ ਬਣਨ ਲਈ ਸਿਰਜਿਆ ਗਿਆ ਸੀ, ਪ੍ਰੰਤੂ ਅੱਜ ਤੁਸੀਂ ਗ੍ਰੰਥ ਦੀ ਸੁਣਨੋ ਹੱਟ ਗਏ ਅਤੇ ਪੰਥ ਨੂੰ ਧੜ੍ਹਿਆਂ ‘ਚ ਵੰਡ ਲਿਆ ਹੈ, ਜਿਸ ਕਾਰਣ ਅਸੀਂ ਕਲਗੀਧਰ ਦੇ ਧੀਆਂ-ਪੁੱਤਰ ਨਹੀਂ ਰਹੇ, ਸਗੋਂ ਆਪੋ-ਆਪਣੇ ਧੜ੍ਹੇ ਦੇ ਗੁਲਾਮ ਬਣ ਗਏ ਹਾਂ, ਜਿਸ ਕਾਰਣ ਕੌਮ ਦੀ ਹੁਣ ਸਾਨੂੰ ਕੋਈ ਪ੍ਰਵਾਹ ਨਹੀਂ ਰਹਿ ਗਈ।

ਅਸੀਂ ਸਮਝਦੇ ਹਾਂ ਕਿ ਜਦੋਂ ਧਰਮ, ਰਾਜਨੀਤੀ ਦਾ ਗੁਲਾਮ ਹੋ ਜਾਂਦਾ ਹੈ ਤਾਂ ਸਿਵਾਏ ਖੁਆਰੀ ਤੋਂ ਕਦੇ ਕੁਝ ਪੱਲੇ ਨਹੀਂ ਪੈਂਦਾ। ਅੱਜ ਸਿੱਖਾਂ ‘ਚ ਚੌਧਰ, ਸੁਆਰਥ ਤੇ ਪਦਾਰਥ ਦੀ ਭੁੱਖ ਨੇ ਧਰਮੀ ਗੁਣ ਸ਼ੈਤਾਨ, ਮਕਾਰ, ਫਰੇਬੀ, ਝੂਠਾ, ਪਾਖੰਡੀ, ਲੋਭੀ-ਲਾਲਚੀ ਰਾਜਸੀ ਖਿਡਾਰੀ ਬਣ ਗਿਆ ਹੈ ਤਦ ਹੀ ਗੁਰੂ ਘਰਾਂ ਦੀ ਸੇਵਾ ਸੰਭਾਲ ਹੁਣ ਗੁਰੂ ਦੀਆਂ ਗੋਲਕਾਂ ਤੇ ਕਬਜ਼ਾ ‘ਚ ਬਦਲ ਗਈ ਹੈ ਅਤੇ ਮਾਇਆ ਨਾਗਣੀ ਦੇ ਡੰਗ ਦਾ ਡੰਗਿਆ ਸਿੱਖ, ਉਸ ਗੋਲਕ ਦੀ ਲੜ੍ਹਾਈ ਲਈ ਭਰਾ ਦੇ ਖੂਨ ਦਾ ਪਿਆਸਾ ਹੋ ਗਿਆ ਹੈ। ਅਸੀਂ ਵਾਰ-ਵਾਰ ਹੋਕਾ ਦਿੱਤਾ ਹੈ ਕਿ ਪੰਥ ਦੁਸ਼ਮਣ ਤਾਕਤਾਂ ਹੁਣ ਸਿੱਖਾਂ ਨੂੰ ਕਿਸੇ ਮਾਰੂ ਹਥਿਆਰ ਨਾਲ ਮਾਰਨ ਦੀ ਸੋਚ ਛੱਡ ਚੁੱਕੀਆਂ ਹਨ ਅਤੇ ਉਹ ਕੁਟਲ ਚਾਲਾਂ ਨਾਲ ਭਾਵੇਂ ਉਹ ਨਸ਼ਿਆਂ ਦਾ ਮਾਰੂ ਹਥਿਆਰ ਹੋਵੇ, ਚਾਹੇ ਚੌਧਰ ਤੇ ਸੱਤਾ ਲਾਲਸਾ ਦੀ ਭੁੱਖ ਵਾਲੇ ਹਥਿਆਰ ਦੀ ਚਾਲ ਹੋਵੇ, ਚਾਹੇ ਭਰਾ-ਮਾਰੂ ਜੰਗ ਦਾ ਹਥਿਆਰ ਹੋਵੇ ਅਤੇ ਚਾਹੇ ਸਿੱਖਾਂ ਦੇ ਅਕਸ ਨੂੰ ਦੁਨੀਆ ‘ਚ ਢਾਅ ਲਾਉਣ ਵਾਲਾ ਹਥਿਆਰ ਹੀ ਹੋਵੇ, ਉਸਦੀ ਵਰਤੋਂ ਕਰਕੇ ਸਿੱਖੀ ਦੇ ਜੜ੍ਹੀ ਤੇਲ ਦੇਣ ਦੀਆਂ ਮਾਰੂ ਚਾਲਾਂ ਚੱਲ ਰਹੀਆਂ ਹਨ।

ਪ੍ਰੰਤੂ ਅਸੀਂ ਆਪਣੀ ਸੁਆਰਥੀ, ਪਦਾਰਥੀ, ਭੁੱਖ ਦੀ ਪੂਰਤੀ ਲਈ ਉਨ੍ਹਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ‘ਚ ਵੰਡੀਆਂ ਹੋਰ ਨਾ ਵਧਾਈਆ ਜਾਣ, ਭਰਾ-ਮਾਰੂ ਜੰਗ ਕਰਕੇ, ਦੁਨੀਆ ‘ਚ ਸਿੱਖੀ ਦਾ ਮਜ਼ਾਕ ਨਾ ਉਡਾਇਆ ਜਾਵੇ। ਭਾਵੇਂ ਕਿ ਹੁਣ ਇਹ ਸਾਫ਼ ਹੈ ਕਿ ਇਹ ਸਾਰੀ ਲੜ੍ਹਾਈ ਸਿਰਫ਼ ਰਾਜਸੀ ਹੈ, ਚੌਧਰ ਦੀ ਹੈ, ਗੋਲਕ ਦੀ ਹੈ, ਇਸ ਲਈ ਸਿਧਾਂਤਾਂ ਦੀ ਗੱਲ ਕਰਨੀ, ਬੇਅਰਥ ਹੋ ਚੁੱਕੀ ਹੈ, ਪ੍ਰੰਤੂ ਉਸਦੇ ਬਾਵਜੂਦ ਅਸੀਂ ਕੌਮ ਦੇ ਦਾਨਿਸ਼ਵਰਾਂ ਨੂੰ ਅਪੀਲ ਜ਼ਰੂਰ ਕਰਾਂਗੇ ਕਿ ਸੱਤਾ ਲਾਲਸਾ ਦੇ ਅੰਨ੍ਹਿਆਂ ਨੂੰ ਕੌਮ ਦੀ ਜੱਗ ਹਸਾਈ ਕਰਵਾਉਣ ਤੋਂ ਰੋਕਣ ਲਈ ਸਿਆਣਪ, ਨਿੱਡਰਤਾ, ਨਿਰਪੱਖਤਾ, ਦ੍ਰਿੜ੍ਹਤਾ ਨਾਲ ਅੱਗੇ ਆਉਣ ਅਤੇ ਇਨ੍ਹਾਂ ਨੂੰ ਕੌਮ ਸਾਹਮਣੇ ਬੇਨਕਾਬ ਕਰਕੇ, ਕੌਮ ਨੂੰ ਇਨ੍ਹਾਂ ਦੇ ਚੁੰਗਲ ਤੋਂ ਅਜ਼ਾਦ ਕਰਵਾਇਆ ਜਾਵੇ ਤਾਂ ਕਿ ਕੌਮ ਨੂੰ ਗੁੰਮਰਾਹ ਕਰਕੇ ਭਰਾ-ਮਾਰੂ ਜੰਗ ਦੇ ਹਾਲਤ ਮੁੜ ਤੋਂ ਪੈਦਾ ਨਾ ਹੋ ਸਕਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top