Share on Facebook

Main News Page

ਅਕਾਲ ਤਖਤ ਤੋਂ ਹਰਿਆਣਾ ਕਮੇਟੀ ਦਾ ਮਾਮਲਾ ਹੱਲ ਕਰਨ ਲਈ ਬਣਾਈ ਜਾ ਰਹੀ ਹੈ ਬਾਦਲ ਭਗਤਾਂ ਦੀ ਸੱਤ ਮੈਂਬਰੀ ਕਮੇਟੀ
-: ਜਸਬੀਰ ਸਿੰਘ ਪੱਟੀ 093560 24684

ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਵੱਲੋਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ (ਬਾਦਲ) ਦੇ ਸੱਦੇ ‘ਤੇ ਹਰਿਆਣਾ ਕਮੇਟੀ ਵਿਚਕਾਰ ਸਮਝੌਤੇ ਦੀ ਕੀਤੀ ਗਈ ਪਹਿਲ ਕਦਮੀ ਨੂੰ ਬਾਦਲ ਦਲੀਆਂ ਨੇ ਆਪਣੀ ਬਣਾਈ ਗਈ ਚਾਲ ਅਨੁਸਾਰ ਸਿਆਸੀ ਸਤਰੰਜ਼ ਦੇ ਘੋੜੇ ਤੇ ਮੋਹਰੇ ਵਰਤਦਿਆਂ ਸਾਰੀ ਖੇਡ ਨੂੰ ਸਾਬੋਤਾਜ ਕਰਦਿਆਂ ਇਹ ਕਹਿ ਕੇ ਭੋਗ ਪਾ ਦਿੱਤਾ, ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਜਾਣ ਵਾਲੀ ਤਾਲਮੇਲ ਕਮੇਟੀ ਹੁਣ ਸਾਰਾ ਰੋਲ ਨਿਭਾਏਗੀ ਅਤੇ ਉਸ ਦਾ ਫੈਸਲਾ ਅੰਤਮ ਮੰਨਿਆ ਜਾਵੇਗਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਸਰਨਾ ਭਰਾਵਾਂ ਤੇ ਦਬਾਅ ਪਾਇਆ ਗਿਆ ਸੀ, ਕਿ ਉਹ ਹਰਿਆਣਾ ਕਮੇਟੀ ਨੂੰ ਕਿਸੇ ਤਰੀਕੇ ਨਾਲ ਦਰਕਿਨਾਰ ਕਰਕੇ ਸ਼੍ਰੋਮਣੀ ਕਮੇਟੀ ਦੀ ਸੁਪਰੇਮੈਸੀ ਨੂੰ ਕਾਇਮ ਰੱਖਣ। ਸਰਨਾ ਭਰਾਵਾਂ ਨੇ ਵਿਚੋਲਗੀ ਕਰਦਿਆਂ ਜਦੋਂ ਸਮਝੌਤੇ ਦਾ ਉਪਰਾਲਾ ਕੀਤਾ, ਤਾਂ ਇਸ ਸਬੰਧ ਵਿੱਚ ਪਹਿਲਾਂ ਹਰਿਆਣਾ ਦੇ ਜਿਲ੍ਹਾ ਯਮੁਨਾਨਗਰ ਦੇ ਸ਼ਹਿਰ ਜਗਾਧਰੀ ਵਿਖੇ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸੁਖਦੇਵ ਸਿੰਘ ਢੀਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਸਿੰਘ ਚੀਮਾ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਹਰਿਆਣਾ ਕਮੇਟੀ ਵੱਲੋਂ ਸ੍ਰ. ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ, ਜੋਗਾ ਸਿੰਘ ਯਮੁਨਾਨਗਰ, ਹਰਪਾਲ ਸਿੰਘ ਪਾਲੀ, ਭੁਪਿੰਦਰ ਸਿੰਘ ਅਸੰਧ ਨੇ ਮੀਟਿੰਗ ਵਿੱਚ ਭਾਗ ਲਿਆ। ਮੀਟਿੰਗ ਵਿੱਚ ਭਾਂਵੇ ਕੋਈ ਵੀ ਫੈਸਲਾਕੂੰਨ ਫੈਸਲਾ ਨਾ ਲਿਆ ਗਿਆ, ਪਰ ਇੱਕ ਬੁੱਧੀ ਜੀਵੀਆਂ ਦੀ ਕਮੇਟੀ ਬਣਾਉਣ ਦਾ ਨਿਰਣਾ ਜਰੂਰ ਕੀਤਾ ਗਿਆ, ਪਰ ਇਹ ਫੈਸਲਾ ਇਸ ਕਰਕੇ ਨੇਪਰੇ ਨਾ ਚੜ ਸਕਿਆ, ਕਿਉਂਕਿ ਬੁੱਧੀਜੀਵੀਆਂ ਦੀ ਚੋਣ ਕਰਨੀ ਮੁਸ਼ਕਲ ਹੋ ਗਈ ਸੀ। ਜਿਹੜੇ 12 ਬੁੱਧੀਜੀਵੀਆਂ ਦੇ ਨਾਮ ਸਰਨਾ ਭਰਾਵਾਂ ਨੇ ਦਿੱਤੇ ਸਨ, ਉਹਨਾਂ ਬਾਰੇ ਇਹ ਕਿਹਾ ਗਿਆ ਸੀ, ਕਿ ਇਹ ਸਾਰੇ ਬਾਦਲ ਦਲ ਦੇ ਆਲੋਚਕ ਹਨ ਤੇ ਬਾਦਲ ਦਲ ਨੂੰ ਠਿੱਬੀ ਮਾਰਨਗੇ। ਇੰਝ ਮੀਟਿੰਗ ਬਿਨਾਂ ਕਿਸੇ ਸਿੱਟੇ ਦੇ ਹੀ ਖਤਮ ਹੋ ਗਈ।

ਇਸ ਤੋਂ ਬਾਅਦ ਮੱਕੜ, ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਡੇਰੇ ਲਗਾ ਲਏ ਅਤੇ ਮੱਕੜ ਤੇ ਚੰਦੂਮਾਜਰਾ ਨੂੰ ਗੱਲਬਾਤ ਜਾਰੀ ਰੱਖਣ ਲਈ ਕਿਹਾ ਗਿਆ, ਤਾਂ ਕਿ ਹਰਿਆਣਾ ਕਮੇਟੀ ਵਾਲੇ ਕਿਸੇ ਵੀ ਗੁਰੂਦੁਆਰੇ ਦਾ ਕਬਜਾ ਨਾ ਲੈ ਸਕਣ। ਦਿੱਲੀ ਵਿੱਚ ਵੀ ਦੋ ਮੀਟਿੰਗਾਂ ਹੋਈਆਂ ਤੇ ਫਿਰ ਪੰਜ ਮੈਂਬਰੀ ਬੁੱਧੀਜੀਵੀਆਂ ਦੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ਐਸ.ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸਾਬਕਾ ਸੁਪਰੀਮ ਕੋਰਟ ਦੇ ਜਸਟਿਸ ਕੁਲਦੀਪ ਸਿੰਘ, ਪ੍ਰਿਥੀਪਾਲ ਸਿੰਘ ਕਪੂਰ ਤੇ ਮਨਜੀਤ ਸਿੰਘ ਕਲਕੱਤਾ ਦਾ ਨਾਮ ਸ਼ਾਮਲ ਕੀਤਾ ਗਿਆ। ਇਸ ਕਮੇਟੀ ਨੂੰ ਅੰਤਮ ਪ੍ਰਵਾਨਗੀ ਲਈ ਜਦੋਂ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਕੋਲ ਪੇਸ਼ ਕੀਤਾ ਗਿਆ, ਤਾਂ ਉਹਨਾਂ ਨੇ ਜਸਟਿਸ ਕੁਲਦੀਪ ਸਿੰਘ ਤੇ ਐਸ.ਪੀ. ਸਿੰਘ ਦੀ ਸ਼ਮੂਲੀਅਤ 'ਤੇ ਇਤਰਾਜ ਪ੍ਰਗਟ ਕੀਤਾ। ਸਰਨਾ ਭਰਾਵਾਂ ਨੇ ਜਸਟਿਸ ਸੋਢੀ ਦਾ ਨਾਮ ਦਿੱਤਾ, ਤਾਂ ਵੀ ਬਾਦਲਾਂ ਨੇ ਇਸ ਨਾਮ 'ਤੇ ਵੀ ਅਸਹਿਮਤੀ ਪ੍ਰਗਟ ਕੀਤੀ, ਕਿਉਂਕਿ ਜਸਟਿਸ ਸੋਢੀ ਸੱਚ ਕੁੱਝ ਵਧੇਰੇ ਬੋਲ ਦਿੰਦੇ ਹਨ। ਬਾਦਲ ਨੇ ਆਪਣੀ ਮਰਜੀ ਨਾਲ ਲਿਸਟ ਵਿੱਚ ਰੱਦੋ ਬਦਲ ਕਰਕੇ, ਤਰਲੋਚਨ ਸਿੰਘ ਦਿੱਲੀ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਤੇ ਪ੍ਰੋ. ਬਲਕਾਰ ਸਿੰਘ ਦਾ ਨਾਮ ਸ਼ਾਮਲ ਕਰ ਦਿੱਤਾ।

ਇਸ ਕਮੇਟੀ ਨੂੰ ਹਾਲੇ ਪ੍ਰਵਾਨਗੀ ਦੇਣ ਲਈ ਅਗਲੇਰੀ ਕਾਰਵਾਈ ਕਰਨੀ ਹੀ ਸੀ, ਕਿ ਹਰਭਜਨ ਸਿੰਘ ਵੱਲੋਂ ਪਾਈ ਗਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਹਰਿਆਣਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਝਗੜੇ ਤੇ ਵਿਸ਼ਰਾਮ ਚਿੰਨ੍ਹ ਲਗਾਉਦਿਆਂ ਇਹ ਹੁਕਮ ਸੁਣਾ ਦਿੱਤੇ, ਕਿ ਜਿਹਨਾਂ ਗੁਰੂਦੁਆਰਿਆਂ ਤੇ ਹਰਿਆਣਾ ਕਮੇਟੀ ਦਾ ਕਬਜਾ ਹੈ, ਉਹ ਬਣਾਈ ਰੱਖਣ ਤੇ ਜਿਹਨਾਂ ਤੇ ਸ਼੍ਰੋਮਣੀ ਕਮੇਟੀ ਦਾ ਕਬਜਾ ਹੈ, ਉਹ ਵੀ ਕਬਜਾ ਪਹਿਲਾਂ ਤਰ੍ਹਾਂ ਬਣਾਈ ਰੱਖਣ, ਪਰ ਦੋਵੇਂ ਕਮੇਟੀਆਂ ਨਵੇ ਬੈਂਕ ਖਾਤੇ ਖੋਹਲ ਕੇ ਗੋਲਕ ਦਾ ਪੈਸਾ ਬੈਂਕ ਵਿੱਚ ਜਮਾ ਕਰਵਾਉਣ ਤੇ ਨਾਲ ਹੀ ਅਗਲੀ ਸੁਣਵਾਈ ਦੀ ਤਰੀਕ 25 ਅਗਸਤ ਪਾ ਦਿੱਤੀ। ਜਿਉਂ ਹੀ ਅਦਾਲਤ ਨੇ ਆਦੇਸ਼ ਆਏ ਤਾਂ ਬਾਦਲ ਦਲ ਵਾਲਿਆਂ ਨੇ ਲੱਡੂ ਵੰਡ ਕੇ ਇੰਨੀ ਕੁ ਖ੍ਰੁਸ਼ੀ ਮਨਾਈ, ਜਿਵੇਂ ਕਾਰੂ ਬਾਦਸ਼ਾਹ ਦਾ ਖਜਾਨਾ ਮਿਲ ਗਿਆ ਹੋਵੇ। ਹੁਣ ਹਰਿਆਣਾ ਕਮੇਟੀ ਨੂੰ ਗੁਰਧਾਮਾਂ ਦੀ ਸੇਵਾ ਮਿਲਣ ਦਾ ਕਾਰਜ ਪੂਰੀ ਤਰ੍ਹਾਂ ਅਦਾਲਤੀ ਚੱਕਰਾਂ ਵਿੱਚ ਪੈ ਗਿਆ, ਜਦ ਕਿ ਸ਼੍ਰੋਮਣੀ ਕਮੇਟੀ ਤਾਂ ਪਹਿਲਾਂ ਹੀ ਸੁਪਰੀਮ ਕੋਰਟ ਦੀ ਆਕਸੀਜਨ 'ਤੇ ਚੱਲ ਰਹੀ ਹੈ। ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਇਸ ਫੈਸਲੇ ਨੂੰ ਭਾਂਵੇ ਸਿਆਸੀ ਦਖਲਅੰਦਾਜੀ ਬੁੱਧੀਜੀਵੀ ਵਰਗ ਮੰਨ ਰਿਹਾ ਹੈ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੇ.ਟੀ.ਐਸ.ਤੁਲਸੀ ਦਾ ਕਹਿਣਾ ਹੈ ਕਿ ਕੇਸ ਵਿੱਚ ਕੁਝ ਵੀ ਨਹੀਂ ਹੈ, ਪਰ ਅਦਾਲਤ ਕੇਸ ਨੂੰ ਲਮਕਾ ਕੇ ਹਰਿਆਣਾ ਕਮੇਟੀ ਦੀ ਰੇਖ ਵਿੱਚ ਮੇਖ ਜਰੂਰ ਮਾਰ ਸਕਦੀ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਯਮੁਨਾ ਨਗਰ ਮੀਟਿੰਗ ਵਿੱਚ ਬਾਦਲ ਦਲ ਨੇ ਇਹ ਪੱਤਾ ਖੇਡਿਆ ਸੀ ਕਿ ਪਾਉਂਟਾ ਸਾਹਿਬ ਦੀ ਕਮੇਟੀ ਦੀ ਤਰ੍ਹਾਂ ਅਵਤਾਰ ਸਿੰਘ ਮੱਕੜ ਨੂੰ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਾਇਆ ਜਾਵੇ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਮੈਂਬਰ ਸਕੱਤਰ ਸ਼ਾਮਲ ਕੀਤਾ ਜਾਵੇ, ਪਰ ਹਰਿਆਣਾ ਕਮੇਟੀ ਵਾਲੇ ਤੁਰੰਤ ਅੜਿੰਗ ਵਿੜੰਗ ਹੋ ਗਏ ਤੇ ਉਹਨਾਂ ਨੇ ਇਹ ਰਾਇ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ਮੱਕੜ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਕੇਵਲ ਮੈਂਬਰ ਲੈਣ ਦਾ ਫੈਸਲਾ ਲੈ ਲਿਆ ਗਿਆ, ਜਿਸ ਦੀ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਪ੍ਰਵਨਾਗੀ ਦੇ ਦਿੱਤੀ ਕਿ ਉਹ ਦੋ ਮੈਬਰਾਂ ਤੋਂ ਅਸਤੀਫਾ ਦਿਵਾ ਕੇ ਨਵੇਂ ਮੈਂਬਰ ਸ਼ਾਮਲ ਕਰ ਲੈਣਗੇ, ਪਰ ਅਹੁਦੇਦਾਰੀਆਂ ਦੇਣਾ ਹੁਣ ਸਰਕਾਰ ਦੇ ਵੱਸ ਦਾ ਰੋਗ ਨਹੀਂ ਹੈ।

ਸੁਪਰੀਮ ਕੋਰਟ ਵੱਲੋ ਆਕਸੀਜਨ ਮਿਲਣ ਉਪਰੰਤ ਸ਼੍ਰ ਪ੍ਰਕਾਸ਼ ਸਿੰਘ ਬਾਦਲ ਵੀ ਬੀਤੇ ਕਲ੍ਹ ਬਾਬਾ ਬਕਾਲਾ ਵਿਖੇ ਅਕਾਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਹਰਿਆਣਾ ਕਮੇਟੀ ਵਾਲੇ ਕਾਂਗਰਸ ਦੇ ਟਾਊਟਾਂ ਨੂੰ ਹਰਿਆਣੇ ਦੇ ਗੁਰੂਦੁਆਰਿਆਂ ਦੇ ਕਬਜੇ ਕਿਸੇ ਵੀ ਸੂਰਤ ਵਿੱਚ ਨਹੀਂ ਕਰਨ ਦਿੱਤੇ ਜਾਣਗੇ, ਜਦ ਕਿ ਮਾਮਲਾ ਅਦਾਲਤ ਵਿੱਚ ਹੋਣ 'ਤੇ ਕੋਈ ਵੀ ਧਿਰ ਅਜਿਹੀ ਬਿਆਨਬਾਜੀ ਨਹੀਂ ਕਰ ਸਕਦੀ। ਸ੍ਰ ਬਾਦਲ ਦੇ ਇਸ ਭਾਸ਼ਨ ਨੂੰ ਜੇਕਰ ਅਦਾਲਤ ਦੀ ਤੌਹੀਨ ਮੰਨ ਲਿਆ ਜਾਵੇ, ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਸ੍ਰ ਬਾਦਲ ਦੇ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ 25 ਅਗਸਤ ਨੂੰ ਕੁਝ ਵੀ ਹੋਣ ਵਾਲਾ ਨਹੀਂ ਹੈ ਅਤੇ ਘੱਟੋ ਘੱਟ ਤਰੀਕ ਦੋ ਤੋ ਤਿੰਨ ਮਹੀਨੇ ਦੀ ਪੈ ਸਕਦੀ ਹੈ, ਤਾਂ ਕਿ ਹਰਿਆਣਾ ਵਿੱਚ ਵਿਧਾਨ ਸਭਾ ਹੋ ਜਾਣ ਤੋਂ ਬਾਅਦ ਹੀ ਕੋਈ ਕਾਰਵਾਈ ਹੋ ਸਕੇ। ਬਾਦਲ ਪਰਿਵਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੂੰ ਪੂਰੀ ਉਮੀਦ ਹੀ ਨਹੀਂ, ਸਗੋਂ ਯਕੀਨ ਹੈ ਕਿ ਹਰਿਆਣੇ ਵਿੱਚ ਸਰਕਾਰ ਭਾਜਪਾ ਜਾਂ ਚੌਟਾਲੇ ਦੀ ਪਾਰਟੀ ਇਨੈਲੋ ਦੀ ਹੀ ਬਣੇਗੀ ਅਤੇ ਦੋਵੇ ਧਿਰਾਂ ਹੀ ਅਕਾਲੀ ਦਲ ਬਾਦਲ ਦੀਆਂ ਹਮਾਇਤੀ ਹਨ। ਸਰਕਾਰ ਬਨਣ ਉਪੰਰਤ ਕੈਬਨਿਟ ਕੋਲੋਂ ਆਰਡੀਨੈਂਸ ਜਾਰੀ ਕਰਵਾ ਕੇ, ਪੰਜ ਸਾਲ ਦਾ ਸਮਾਂ ਆਰਾਮ ਨਾਲ ਲੰਘਾਇਆ ਜਾ ਸਕਦਾ ਹੈ। ਅਦਾਲਤ ਦਾ ਫੈਸਲਾ ਕੀ ਆਵੇਗਾ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਪਿਆ ਹੈ, ਪਰ ਬਾਦਲ ਨੂੰ ਪੂਰੀ ਆਸ ਹੈ ਕਿ ਹਰਿਆਣਾ ਕਮੇਟੀ ਦੇ ਸਿਤਾਰੇ ਹਾਲ ਦੀ ਘੜੀ ਗਰਦਿਸ਼ ਵਿੱਚ ਮਿਲ ਗਏ ਹਨ ਤੇ ਉਹ ਆਪਣੀ ਸਤਰੰਜੀ ਸਿਆਸੀ ਚਾਲ ਚੱਲਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ।

ਯਮੁਨਾਨਗਰ ਮੀਟਿੰਗ ਦੀ ਕਾਰਵਈ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਅਵਤਾਰ ਸਿੰਘ ਮੱਕੜ ਤੇ ਸੁਖਦੇਵ ਸਿੰਘ ਢੀਂਡਸਾ ਨੇ ਇਹ ਕਹਿ ਕੇ ਹੋਰ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਵਿਦਵਾਨਾਂ ਦੀ ਕਮੇਟੀ ਬਣਾਉਣ ਦੀ ਕੋਈ ਲੋੜ ਨਹੀਂ ਹੈ, ਸਿਰਫ ਅਕਾਲ ਤਖਤ ਸਾਹਿਬ ਤੋ ਇੱਕ ਤਾਲਮੇਲ ਕਮੇਟੀ ਬਣਾਈ ਜਾ ਰਹੀ ਹੈ, ਉਹ ਕਮੇਟੀ ਹੀ ਦੋਹਾਂ ਧਿਰਾਂ ਨਾਲ ਗੱਲਬਾਤ ਕਰਕੇ ਮਾਮਲੇ ਦਾ ਹੱਲ ਕਰੇਗੀ। ਵਿਦਵਾਨਾਂ ਦੀ ਕਮੇਟੀ ਦੀ ਹੁਣ ਕੋਈ ਤੁਕ ਨਹੀਂ ਰਹਿ ਜਾਂਦੀ, ਪਰ ਜਾਣਕਾਰੀ ਮੁਤਾਬਕ ਅਕਾਲ ਤਖਤ ਸਾਹਿਬ ਤੋਂ ਬਣਾਈ ਜਾਣ ਵਾਲੀ ਸੱਤ ਮੈਂਬਰੀ ਕਮੇਟੀ ਵਿੱਚ ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਬਲਕਾਰ ਸਿੰਘ ਚੰਡੀਗੜ੍ਹ, ਪ੍ਰਿਥੀਪਾਲ ਸਿੰਘ ਕਪੂਰ, ਤਰਲੋਚਨ ਸਿੰਘ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ, ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਮਨਜੀਤ ਸਿੰਘ ਕਲਕੱਤਾ ਸਾਬਕਾ ਸਕੱਤਰ ਸ੍ਰੋਮਣੀ ਕਮੇਟੀ ਤੇ ਬੀਬੀ ਕਿਰਨਜੋਤ ਕੌਰ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ, ਜਦ ਕਿ ਇਹ ਸਾਰੇ ਹੀ ਬਾਦਲ ਪੱਖੀ ਬਾਦਲ ਦੀਆਂ ਕਾਮਧੇਨ ਗਊਆਂ ਹਨ ਜਿਹੜੀਆਂ ਸਿਰਫ ਉਹੀ ਕੁਝ ਹੀ ਕਰਨਗੀਆਂ ਜਿਹੜਾ ਗੁਰੂ ਨਹੀਂ ਸਗੋਂ ਬਾਦਲ ਨੂੰ ਭਾਵੇ।

ਹਰਿਆਣਾ ਕਮੇਟੀ ਨੂੰ ਪਛਾੜਨ ਲਈ ਹਰਿਆਣਾ ਕਮੇਟੀ ਦੇ ਦੋ ਆਗੂਆਂ ਜਗਦੀਸ਼ ਸਿੰਘ ਝੀਂਡਾ ਤੇ ਦੀਦਾਰ ਸਿੰਘ ਨਲਵੀ ਨੂੰ ਪੰਥ ਵਿੱਚੋਂ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ, ਪੰਥ ਵਿੱਚੋਂ ਛੇਕ ਦਿੱਤਾ ਗਿਆ ਅਤੇ ਹੋਰ ਵੀ ਕਈਆਂ ਨੂੰ ਛੇਕਣ ਦੀਆਂ ਗੋਦਾਂ ਗੁੰਦੀਆਂ ਜਾ ਰਹੀਆਂ ਹਨ। ਜੇਕਰ ਸੁਪਰੀਮ ਕੋਰਟ ਵਿੱਚੋ ਰਾਹਤ ਨਾ ਮਿਲਦੀ ਤਾਂ ਜਥੇਦਾਰਾਂ ਦਾ ਅਗਲਾ ਸ਼ਿਕਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਅਵਤਾਰ ਸਿੰਘ ਚੱਕੂ ਲੁਦਾਨਾ ਹੋਣੇ ਸਨ। ਬਾਦਲ ਦਲ ਨੇ ਭਾਂਵੇ ਆਪਣੇ ਸਿਆਸੀ ਸ਼ਤਰੰਜ ਨਾਲ ਖੇਡ ਹਾਲ ਦੀ ਘੜੀ ਜਿੱਤ ਲਈ ਹੈ, ਪਰ ਹਰਿਆਣੇ ਦੇ ਲੋਕ ਅੱਜ ਵੀ ਹਰਿਆਣਾ ਕਮੇਟੀ ਦੇ ਹੱਕ ਵਿੱਚ ਭੁਗਤ ਰਹੇ ਹਨ ਅਤੇ ਬੁੱਧੀਜੀਵੀਆਂ, ਵਿਦਵਾਨਾਂ, ਪੰਥਕ ਹਿਤੈਸ਼ੀਆਂ ਤੇ ਸੀਨੀਅਰ ਵਕੀਲਾਂ ਦਾ ਮੰਨਣਾ ਹੈ ਕਿ ਜਿੱਤ ਆਖਰਕਾਰ ‘ਸੱਚ’ ਦੀ ਹੀ ਹੋਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top