Share on Facebook

Main News Page

ਸ਼੍ਰੀ ਮੋਹਨ ਭਾਗਵਤ ਭਈਆ ਜੀ "ਸਿੱਖ਼ ਇੱਕ ਵੱਖ਼ਰੀ ਕੌਮ ਹੈ"
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਦੁਨੀਆ ਵਿਚ ਪ੍ਰਗਟ ਹੋਏ ਸਨ। ਉਹਨਾਂ ਨੇ ਤਪਦੇ ਸੰਸਾਰ ਦੀ ਹਾਲਤ ਨੂੰ ਵੇਖਕੇ ਇੱਕ ਨਵੀ ਤੇ ਨਿਰਾਲੀ ਵਿਚਾਰਧਾਰਾ ਨੂੰ ਵੀ ਪ੍ਰਗਟ ਕੀਤਾ ਸੀ। ਜਿਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ "ਮਾਰਿਆ ਸਿੱਕਾ ਜਗਤ ਵਿਚਿ ਨਾਨਕ ਨਿਰਮਲ ਪੰਥ ਚਲਾਇਆ" ਅਤੇ "ਸਬਦਿ ਜਿਤੀ ਸਿਧਿ ਮੰਡਲੀ ਕੀਤੋਸੁ ਅਪਣਾ ਪੰਥੁ ਨਿਰਾਲਾ" ਇਸ ਧਰਤੀ ਤੇ ਪ੍ਰਚਲਤ ਧਰਮਾਂ ਦੀ ਹਾਲਤ ਵੇਖਕੇ ਗੁਰੂ ਨਾਨਕ ਨੇ ਅੰਧ ਵਿਸ਼ਵਾਸ਼ ਅਤੇ ਕ੍ਰਮਕਾਂਡਾਂ ਵਿਚ ਫਸੀ ਮਨੁੱਖਤਾ ਨੂੰ ਸੇਧ ਦੇਣ ਵਾਸਤੇ ਇੱਕ ਨਵੀਂ ਸੋਚ ਨੂੰ ਜਨਮ ਦਿੱਤਾ ਸੀ। ਪਰ ਨਾਲ ਹੀ ਉਸ ਦਿਨ ਤੋਂ ਹਿੰਦੁਵਾਦੀ ਵਿਚਾਰਧਾਰਾ ਨੇ ਗੁਰੂ ਨਾਨਕ ਦੀ ਸੋਚ ਦਾ ਵਿਰੋਧ ਆਰੰਭ ਦਿੱਤਾ ਸੀ। ਜੋ ਅੱਜ ਤੱਕ ਨਿਰੰਤਰ ਚੱਲਿਆ ਆ ਰਿਹਾ ਹੈ।

ਪਹਿਲਾਂ ਤਾਂ ਹਿੰਦੁਤਵ ਨੇ ਆਪਣੀਆਂ ਕਰਮਾਤਾਂ, ਰਿੱਧੀਆਂ ਸਿੱਧੀਆਂ ਅਤੇ ਵਰ ਸਰਾਪ ਦੇ ਡਰਾਵੇ ਨਾਲ ਬਾਬੇ ਨਾਨਕ ਦੀ ਸੋਚ ਦੇ ਵਾਰਸਾਂ ਨੂੰ ਡਰਾ ਕੇ ਨਿਰਮਲ ਪੰਥ ਦੇ ਪਥ ਤੋਂ ਥਿੜਕਉਣ ਦਾ ਆਸਫਲ ਯਤਨ ਕੀਤਾ। ਪਰ ਜਦੋਂ ਕਾਮਯਾਬੀ ਨਾ ਮਿਲੀ ਤਾਂ ਮੁਗਲਾਂ ਦੇ ਜਾਲਮ ਹੁਕਮਰਾਨਾਂ ਦਾ ਸਾਥ ਦੇਕੇ ਸਿੱਖਾਂ ਦੀ ਨਸਲਕੁਸ਼ੀ ਵਿਚ ਪੂਰਾ ਯੋਗਦਾਨ ਪਾਇਆ। ਪਰ ਜਿਸ ਸਿੱਖੀ ਦੇ ਬੂਟੇ ਨੂੰ ਦਸ਼ਮੇਸ਼ ਨੇ ਆਪਣੇ ਬੱਚਿਆਂ ਦੇ ਖੂਨ ਨਾਲ ਸਿੰਜਿਆ ਹੋਵੇ ਉਸਦੀ ਜੜ੍ਹ ਸੁਕਾਉਣੀ ਤਾਂ ਇੱਕ ਪਾਸੇ ਉਸਦੀ ਦੀ ਡੂੰਘਾਈ ਤੱਕ ਪਹੁੰਚਣਾ ਵੀ ਮੁਸ਼ਕਿਲ ਹੈ। ਉਸ ਤੋਂ ਬਾਅਦ ਜਦੋਂ ਸਾਰੇ ਹੀਲੇ ਵਸੀਲੇ ਫੇਲ੍ਹ ਹੋ ਗਏ ਤਾਂ ਅਖੀਰਲਾ ਰਸਤਾ ਇਹ ਅਖਿਤਿਆਰ ਕੀਤਾ ਕਿ ਸਿੱਖ ਹਿੰਦੂ ਕੌਮ ਦਾ ਹੀ ਇੱਕ ਅੰਗ ਹਨ।

ਮੁਗਲਾਂ ਦੀ ਗੁਲਾਮੀ ਵਿਚ ਕੋਈ ਵੀ ਹਿੰਦੂ ਆਗੂ ਐਸੀ ਬਹਾਦਰੀ ਨਹੀਂ ਵਿਖਾ ਸਕਿਆ, ਜਿਸ ਨਾਲ ਗੁਲਾਮੀ ਦੀ ਜੰਜੀਰ ਦੀ ਕੋਈ ਕੜੀ ਢਿੱਲੀ ਪਈ ਹੋਵੇ ਅਤੇ ਨਾ ਹੀ ਕੋਈ ਜੰਤਰ ਮੰਤਰ ਕੰਮ ਆਇਆ, ਜਿਸ ਨਾਲ ਆਜ਼ਾਦੀ ਮਿਲ ਸਕਦੀ ਹੋਵੇ? ਲੇਕਿਨ ਜਦੋਂ ਔਰੰਗਜ਼ੇਬ ਸਵਾ ਸਵਾ ਮਣ ਜਨੇਊ ਰੋਜ਼ ਉਤਰਕੇ ਰੋਟੀ ਖਾਂਦਾ ਸੀ ਤਾਂ ਇਹ ਸਿੱਖੀ ਦੇ ਉਸਰਈਏ ਗੁਰੂ ਨਾਨਕ ਦੇ ਘਰ ਦੀ ਨਦਰ ਹੀ ਸੀ ਜਿਸ ਨੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ ਸੁਣਦਿਆਂ ਮਨੁੱਖੀ ਅਧਿਕਾਰਾਂ ਦੇ ਸੋਸ਼ਣ ਅਤੇ ਧਰਮ ਦੀ ਹਾਨੀ ਵੇਖਕੇ, ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਨੇ ਦਿੱਲੀ ਦੇ ਚਾਂਦਨੀ ਚੌਕ ਵਿਚ ਮਨੁੱਖੀ ਹੱਕਾਂ ਦੇ ਘਾਣ ਨੂੰ ਰੋਕਣ ਵਾਸਤੇ ਆਪਣਾ ਸੀਸ ਕਲਮ ਕਰਵਾਉਣ ਦੇ ਅਕੀਦੇ ਨਾਲ ਚਾਲੇ ਪਾ ਦਿੱਤੇ ਸਨ। ਉਮਰ ਪੱਖੋਂ ਬਾਲ ਗੋਬਿੰਦ ਰਾਇ ਨੇ ਪਿਤਾ ਨੂੰ ਵਰਜਿਆ ਨਹੀਂ, ਸਗੋਂ ਬਾਪੁ ਦੇ ਉਪਕਾਰ ਨੂੰ ਸਮਝਕੇ ਜਲਦੀ ਦਿੱਲੀ ਵੱਲ ਜਾਣ ਦੀ ਗੱਲ ਆਖੀ। ਪਰ ਤੁਹਡੇ ਪੁਰਖਿਆਂ ਨੇ ਭਾਵ ਬਾਈਧਾਰਾਂ ਦੇ ਹਿੰਦੂ ਰਾਜਿਆਂ ਨੇ ਉਸ ਹੀ ਗੋਬਿੰਦ ਰਾਇ ਦੇ ਖਿਲਾਫ਼ ਭੰਗਾਣੀ ਦੇ ਮੈਦਾਨ ਵਿਚ ਯੁੱਧ ਆਰੰਭ ਦਿੱਤਾ? ਜੇ ਅਸੀਂ ਹਿੰਦੂ ਸੀ ਤਾਂ ਇਹ ਯੁੱਧ ਕਿਸ ਵਾਸਤੇ ਕੀਤਾ ਗਿਆ ਸੀ ?

ਦਰਅਸਲ ਅਸੀਂ ਹਿੰਦੂ ਹੈ ਹੀ ਨਹੀਂ, ਇਹ ਤਾਂ ਕੁਝ ਲਾਲਚੀ ਸਿਆਸਤਦਾਨਾਂ ਅਤੇ ਪਖੰਡੀ ਡੇਰੇਦਾਰਾਂ ਨੇ ਆਪਣੀ ਸਿਆਸਤ ਅਤੇ ਡੇਰਾ ਚਲਾਉਣ ਵਾਸਤੇ ਸਾਨੂੰ ਰਲਗੱਡ ਕਰ ਰਖਿਆ ਹੈ। ਸਾਡਾ ਕੁੱਝ ਵੀ ਕਿਸੇ ਨਾਲ ਮੇਲ ਨਹੀਂ ਖਾਂਦਾ ਅਤੇ ਅਸੀਂ ਇੱਕ ਸੰਪੂਰਨ ਕੌਮ ਦੀ ਹੈਸੀਅਤ ਵਿਚ ਹਾਂ। ਸਾਡੇ ਕੋਲ ਇੱਕ ਵੱਖਰੀ ਪਹਿਚਾਨ ,ਵੱਖਰਾ ਧਰਮ ਗ੍ਰੰਥ , ਵੱਖਰੇ ਰੀਤੀ ਰਿਵਾਜ਼, ਅੱਡਰਾ ਸਭਿਆਚਾਰ ,ਦੋ ਵਾਰ ਅਸੀਂ ਆਪਣੀ ਆਜ਼ਾਦ ਬਾਦਸ਼ਾਹੀ ਵੀ ਕਾਇਮ ਕਰ ਚੁਕੇ ਹਾਂ, ਇੱਕ ਗੱਲ ਜਰੁਰ ਹੈ ਕਿ ਅੱਜ ਮੇਰੀ ਕੌਮ ਰਾਜ ਵਿਹੂਣੀ ਅਤੇ ਗੁਲਾਮ ਹੈ। ਸਾਡੀ ਧਰਤੀ ਕਿਸੇ ਦੇ ਕਬਜ਼ੇ ਹੇਠ ਹੈ, ਜਿਸ ਕਰਕੇ ਅਸੀਂ ਦੁਸ਼ਵਾਰੀਆਂ ਭਰੀ ਅਤੇ ਜਲਾਲਤੀ ਜਿੰਦਗੀ ਦੇ ਦੌਰ ਵਿਚੋਂ ਗੁਜਰ ਰਹੇ ਹਾਂ।

ਜੇ ਅਸੀਂ ਵੀ ਤੁਹਡੇ ਵਿਚੋਂ ਹੁੰਦੇ ਤਾਂ ਅਜਾਦੀ ਤੋਂ ਬਾਅਦ ਸਿਰਫ ਸਾਨੂੰ ਜਰਾਇਮ ਪੇਸ਼ਾ ਦਾ ਖਿਤਾਬ ਕਦੇ ਨਾ ਮਿਲਦਾ ਅਤੇ ਗਾਂਧੀ ਵਰਗੇ ਹੋਸ਼ੇ ਸਿਆਸਤਦਾਨ ਗੁਰੂ ਗੋਬਿੰਦ ਸਿੰਘ ਜੀ ਵਰਗੇ ਪੈਗੰਬਰ ਨੂੰ ਭੁੱਲੜ ਦੇਸ਼ ਭਗਤ ਕਹਿਣ ਦੀ ਕਰਤੂਤ ਨਾ ਕਰਦੇ? ਪਰ ਅਸੀਂ ਹੈ ਹੀ ਵਖਰੇ ਹਾ, ਫਿਰ ਤੁਸੀਂ ਕਿਵੇ ਤੇ ਕਿਸ ਹੈਸੀਅਤ ਵਿਚ ਆਖਦੇ ਹੋ ਕਿ ਭਾਰਤ ਵਿਚ ਰਹਿਣ ਵਾਲੀਆਂ ਘੱਟ ਗਿਣਤੀਆਂ ਨੂੰ ਬਹੁਗਿਣਤੀ ਦੇ ਸੰਸਕਾਰਾਂ ਨੂੰ ਮੰਨਕੇ ਹੀ ਚੱਲਣਾ ਪਵੇਗਾ? ਅਸੀਂ ਤੁਹਾਡੇ ਤੋਂ ਕਿਉਂ ਵਖਰੇ ਹਾਂ ਤੁਸੀਂ ਸਭ ਜਾਣਦੇ ਹੋ?

ਮੈਂ ਦੀਵਾਨ ਟੋਡਰ ਮੱਲ ਜੀ, ਦੀਵਾਨ ਕੌੜਾ ਮੱਲ ਜੀ ਵਰਗੇ ਹੋਰ ਹਜ਼ਾਰਾਂ ਆਦਰਸ਼ਵਾਦੀ ਹਿੰਦੂ ਭਰਾਵਾਂ ਦਾ ਦਿਲੋਂ ਸਤਿਕਾਰ ਕਰਦਾ ਹੈ ਅਤੇ ਉਹਨਾਂ ਦੀ ਸਾਂਝੀਵਾਲਤਾ ਵਾਲੀ ਮਨੁਖੀ ਕਦਰਾਂ ਕੀਮਤਾਂ ਨੂੰ ਪ੍ਰ੍ਨਾਉਂਦੀ ਸੋਚ ਨੂੰ ਸਿਜਦਾ ਕਰਦਾ ਹਾਂ ਲੇਕਿਨ ਇਹ ਲੇਖ ਮੈਂ ਆਰ.ਐਸ.ਐਸ. ਲਈ ਅਤੇ ਆਪਣੇ ਉਹਨਾਂ ਵੀਰਾਂ ਵਾਸਤੇ, ਜਿਹਨਾਂ ਨੂੰ ਤੁਸੀਂ ਗੁੰਮਰਾਹ ਕਰਕੇ ਇਹ ਭਰਮ ਪਾ ਦਿੱਤਾ ਹੈ ਕਿ ਸਿੱਖ ਹਿੰਦੂ ਧਰਮ ਜਾਂ ਕੌਮ ਦਾ ਇੱਕ ਹਿੱਸਾ ਹਨ ਲਿਖਿਆ ਹੈ। ਜਾਤ, ਰੰਗ, ਨਸਲ, ਧਰਮ ਜਾਂ ਇਲਾਕੇ ਨਾਲ ਸਾਨੂੰ ਕੋਈ ਨਫਰਤ ਨਹੀਂ, ਜੇ ਹੈ ਤਾਂ ਸਿਰਫ ਜ਼ੁਲਮ , ਦੁਸ਼ਕਰਮ ਅਤੇ ਦੂਜੇ ਪ੍ਰਤੀ ਨਫਰਤ ਦੀ ਭਾਵਨਾ ਨਾਲ ਸਾਡੀ ਹਮੇਸ਼ਾ ਖੜਕਦੀ ਰਹੀ ਹੈ ਤੇ ਅੱਗੇ ਵੀ ਖੜਕਦੀ ਹੀ ਰਹੇਗੀ।

ਸਾਡਾ ਤੁਹਾਡਾ ਮੇਲ ਕਿਉਂ ਨਹੀਂ? ਕੁੱਝ ਕਾਰਨ ਹਨ...

- ਜਿਵੇਂ ਤੁਹਾਨੂੰ ਬਾਬਰ ਨਾਲ ਨਫਰਤ ਨਹੀਂ, ਜਹਾਂਗੀਰ ਨਾਲ ਨਫਰਤ ਨਹੀਂ, ਔਰੰਗਜ਼ੇਬ ਨਾਲ ਨਫਰਤ ਨਹੀਂ, ਤੁਸੀਂ ਉਹਨਾਂ ਦੇ ਦੀਵਾਨ ਬਣਕੇ ਆਪਣੀ ਕੌਮ ਤੇ ਹੁੰਦੇ ਅਤਿਆਚਾਰਾਂ ਵਿਚ ਭਾਈਵਾਲ ਰਹੇ ਹੋ? ਪਰ ਅਸੀਂ ਜ਼ੁਲਮ ਭਾਵੇਂ ਕਿਸੇ ਹੋਰ ਕੌਮ ਜਾਂ ਧਰਮ 'ਤੇ ਵੀ ਹੋਵੇ ਤਾਂ ਵੀ ਜਾਲਮ ਨੂੰ ਵੰਗਾਰਦੇ ਰਹੇ ਹਾਂ।

- ਸਾਡੇ ਫਲਸਫੇ ਵਿਚ ਮਨੁੱਖ ਬਰਾਬਰ ਹਨ, ਪਰ ਤੁਸੀਂ ਮਨੂੰਵਾਦੀ ਬਿਰਤੀ ਨਾਲ ਮਨੁੱਖ ਨੂੰ ਚਾਰ ਵਰਨਾਂ ਵਿਚ ਵੰਡਕੇ ਵੇਖਦੇ ਹੋ, ਸਾਡਾ ਗੁਰੂ ਦਲਿਤ ਮਰਦਾਨੇ ਮਰਾਸੀ ਨੂੰ ਗਲ ਨਾਲ ਲਾਕੇ ਤੁਰਦਾ ਹੈ।

- ਤੁਹਾਡੇ ਪੁਰਖੇ ਸਿੱਕਾ ਢਾਲਕੇ ਦਲਿਤਾਂ ਦੇ ਕੰਨਾਂ ਵਿਚ ਪਾਉਂਦੇ ਰਹੇ ਹਨ, ਗੱਲ ਵਿਚ ਕੂੱਜੇ, ਤੁਰਨ ਵੇਲੇ ਪਿਛੇ ਮੋਹੜੀ ਬੰਨ੍ਹਕੇ ਰੱਖਣੀ ਅਤੇ ਧੁੱਪ ਦੇ ਹਿਸਾਬ ਨਾਲ ਲੰਘਣਾ ਕਿ ਦਲਿਤ ਦਾ ਪਰਛਾਵਾਂ ਉੱਚ ਜਾਤੀ ਤੇ ਨਾ ਪਵੇ, ਦਲਿਤ ਨੂੰ ਮੰਜੇ ਤੇ ਨਾ ਬੈਠਣ ਦੇਣਾ, ਮੰਦਰ ਜਾਣ ਦੀ, ਧਰਮ ਕ੍ਰਮ ਦੀ ਮਨਾਹੀ ਕਰਨੀ, ਪਰ ਮੇਰਾ ਦਸ਼ਮੇਸ਼ ਮਜ਼੍ਹਬੀ ਭਾਈ ਜੈਤੇ ਨੂੰ ਛਾਤੀ ਨਾਲ ਲਾਕੇ ਆਖਦਾ ਹੈ "ਰੰਘਰੇਟੇ ਗੁਰੂ ਕੇ ਬੇਟੇ"।

- ਤੁਹਾਡੇ ਬਾਪੂ ਗਾਂਧੀ, ਵੱਲਭ ਭਾਈ ਪਟੇਲ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੂਬੇ ਗੁਜਰਾਤ ਵਿਚ ਅੱਜ ਵੀ ਪੁਲਿਸ ਮੁਲਾਜਮਾਂ ਦੀ ਵਰਦੀ ਤੇ ਲੱਗੀ ਨਾਮ ਪਲੇਟ ਤੇ ਜਾਤੀ ਪਹਿਲੋਂ ਲਿਖੀ ਹੁੰਦੀ ਹੈ "ਜਿਵੇਂ ਸ੍ਰੀ ਲੁਹਾਰ ਰਾਮ ਚੰਦ, ਸ੍ਰੀ ਪ੍ਰਜਾਪਤੀ ਕਿਸ਼ੋਰੀ ਲਾਲ, ਸ੍ਰੀ ਹਰੀਜਨ ਫਲਾਨਾ ਰਾਮ, ਫਿਰ ਸਾਡਾ ਤੁਹਾਡਾ ਰਿਸ਼ਤਾ ਕਿਵੇ ਹੋ ਸਕਦਾ ਹੈ?" ਸਾਡਾ ਗੁਰੂ ਤਾਂ ਆਖਦਾ ਹੈ "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥"

ਅਸੀਂ ਕਿਵੇ ਗੁਰੂ ਨਾਨਕ ਦੀ ਸਰਬਸਾਂਝੀ ਵਿਚਾਰਧਾਰਾ ਨੂੰ ਛੱਡਕੇ ਅਜਿਹੀ ਮਨੁੱਖ ਨੂੰ ਵੰਡਣ ਵਾਲੀ ਵਿਚਾਰਧਾਰਾ ਨੂੰ ਆਪਣਾ ਸਕਦੇ ਹਾਂ ? ਸਾਡੇ ਰਹਿਬਰ ਨੇ ਸਾਨੂੰ ਦ੍ਰਿੜ ਕਰਵਾਇਆ ਹੈ ਕਿ "ਨਾ ਹਮ ਹਿੰਦੂ ਨਾ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥", "ਏਕ ਗੁਸਾਈ ਅਲਹੁ ਮੇਰਾ॥ ਹਿੰਦੂ ਤੁਰਕ ਦੁਹਾਂ ਨੇਬੇਰਾ॥" ਅਤੇ "ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥"

ਭਾਗਵਤ ਜੀ ਇਹ ਸਾਡੀ ਬਦਕਿਸਮਤੀ ਹੈ ਅਸੀਂ ਵਾਰ ਵਾਰ ਤੁਹਾਡੇ 'ਤੇ ਭਰੋਸਾ ਕਰਦੇ ਰਹੇ? ਪਰ ਤੁਸੀਂ ਕਦੇ ਚੰਦੁ, ਕਦੇ ਗੰਗੂ, ਕਦੇ ਲਖਪੱਤ, ਕਦੇ ਜਸਪੱਤ, ਕਦੇ ਸੁੱਚਾ ਨੰਦ ਅਤੇ ਵੀਹਵੀਂ ਸਦੀ ਵਿਚ ਗਾਂਧੀ, ਨਹਿਰੂ, ਪਟੇਲ ਅਤੇ ਹੁਣ ਇੱਕੀਵੀਂ ਸਦੀ ਵਿਚ ਨਰਿੰਦਰ ਮੋਦੀ, ਮੋਹਨ ਭਗਵਤ ਬਣਕੇ ਹਮੇਸ਼ਾਂ ਹੀ ਸਾਡੇ ਨਾਲ ਗੱਦਾਰੀ ਕਰਦੇ ਰਹੇ ਅਤੇ ਧੋਖੇ ਦਿੰਦੇ ਰਹੇ?

ਕੋਈ ਸ਼ੱਕ ਨਹੀਂ ਕਿ ਹੁਣ ਤੁਸੀਂ ਸਾਡੇ ਵੇਹੜੇ ਅੰਦਰ ਆ ਚੁਕੇ ਹੋ, ਕਿਉਂਕਿ ਅੱਜ ਸ. ਪ੍ਰਕਾਸ਼ ਸਿੰਘ ਬਾਦਲ, ਬਾਬਾ ਹਰਨਾਮ ਸਿੰਘ ਧੁੰਮਾਂ, (ਸੰਤ) ਹਰੀ ਸਿੰਘ ਰੰਧਾਵੇ ਸਮੇਤ ਬਹੁਤ ਸਾਰੇ ਸਿੱਖ ਅਖਵਾਉਣ ਵਾਲੇ ਅਤੇ ਅਖੌਤੀ ਸੰਤ ਮੰਡਲੀ ਤੁਹਾਡੀ ਸੋਚ ਨੂੰ ਪ੍ਰਫੁੱਲਤ ਕਰਨ ਵਿਚ ਤੁਹਾਡਾ ਸਾਥ ਦੇ ਰਹੀ ਹੈ।

ਲੇਕਿਨ ਇਹ ਤੁਹਾਡਾ ਭੁਲੇਖਾ ਹੈ, ਜਿਸ ਸਿੱਖੀ ਨੂੰ ਦੁਨੀਆ ਦੇ ਦੋ ਵੱਡੇ ਧਰਮ ਅਤੇ ਵੱਡੀਆਂ ਕੌਮਾਂ, ਜਿਹਨਾਂ ਦੀ ਮਦਦ ਤੁਹਾਡੇ ਪੁਰਖੇ ਵੀ ਕਰਦੇ ਰਹੇ ਹਨ, ਨੇ ਮਿਟਾਉਣ ਵਾਸਤੇ ਬੜੇ ਜ਼ੁਲਮ ਜਬਰ ਕਰਕੇ ਵੇਖ ਲਏ ਹੈ, ਪਰ ਅੱਜ ਸਿੱਖੀ ਸੰਸਾਰ ਦੇ ਹਰ ਕੋਨੇ ਵਿਚ ਅਮਰਵੇਲ ਵਾਂਗੂੰ ਫੈਲ ਚੁੱਕੀ ਹੈ। ਹੁਣ ਇਸ ਨੂੰ ਮਿਟਾਉਣਾ ਤਾਂ ਤੁਹਾਡੇ ਵੱਸ ਦੀ ਗੱਲ ਨਹੀਂ ਰਹੀ। ਇਹ ਜਰੁਰ ਹੈ ਕਿ ਅੱਜ ਸਿੱਖ ਤੁਹਾਡਾ ਗੁਲਾਮ ਹੈ, ਤੁਸੀਂ ਜਬਰ ਕਰ ਸਕਦੇ ਹੋ? ਸਰਕਾਰ ਤੋਂ ਕਰਵਾ ਸਕਦੇ ਹੋ? ਜਿਵੇ ਜੂਨ 1984 ਦਾ ਦਰਬਾਰ ਸਾਹਿਬ ਤੇ ਫੌਜੀ ਹਮਲਾ, ਫਿਰ ਦਿੱਲੀ ਸਮੇਤ ਸਾਰੇ ਭਾਰਤ ਵਿਚ ਨਵੰਬਰ 1984 ਦਾ ਸਿੱਖ ਕਤਲੇਆਮ ਤੇ ਡੇਢ ਦਹਾਕਾ ਪੰਜਾਬ ਵਿਚ ਸਾਡੇ ਹਜ਼ਾਰਾਂ ਬੇਗੁਨਾਹ ਬੱਚਿਆਂ ਨੂੰ ਅੱਤਵਾਦੀ ਆਖ ਆਖ ਕੇ ਅਨਿਆਈ ਮੌਤੇ ਮਾਰਕੇ, ਸਾਡਾ ਕਰੜਾ ਇਮਤਿਹਾਨ ਲਿਆ ਹੈ। ਲੇਕਿਨ ਸਿੱਖ ਦਾ ਜਬਰ ਨਾਲ ਪੁਰਾਣਾ ਰਿਸ਼ਤਾ ਹੈ, ਤਾਹੀਓ ਸਿੱਖ ਮੀਰ ਮੰਨੂੰ ਦੇ ਜਬਰ ਬਾਰੇ ਆਖਦੇ ਸਨ "ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਉਂ ਜਿਉਂ ਮੰਨੂੰ ਵੱਢਦਾ ਅਸੀਂ ਦੂਣ ਸਿਵਾਏ ਹੋਏ" ਅੱਜ ਤੁਸੀਂ ਜਿਸ ਪੈਗੰਬਰ ਨੇ ਤੁਹਾਡਾ ਧਰਮ ਬਚਾਉਣ ਵਾਸਤੇ ਦਿੱਲੀ ਸੀਸ ਦਿੱਤਾ, ਉਸਦੇ ਪੈਰੋਕਾਰਾਂ ਦੇ ਧਰਮ ਨੂੰ ਖਤਮ ਕਰਨਾ ਚਾਹੁੰਦੇ ਹੋ ?

ਸਾਨੂੰ ਆਉਣ ਵਾਲੇ ਦਿਨਾਂ ਵਿਚ ਜੋ ਉਮੀਦ ਤੁਹਾਡੇ ਤੋਂ ਹੈ ਜਾਂ ਜੋ ਅਕੀਦੇ ਗੁਰੂ ਨਾਨਕ ਦੀ ਸਿੱਖੀ ਬਾਰੇ ਤੁਹਡੇ ਹਿਰਦੇ ਵਿਚ ਹਨ, ਉਸਦਾ ਇਲਮ ਸਾਨੂੰ ਵੀ ਹੈ? ਪਰ ਸਿੱਖ ਧਰਮ ਨੂੰ ਨਿਗਲਨਾਂ, ਹੁਣ ਤੁਹਾਡੇ ਵੱਸੋਂ ਬਾਹਰਾ ਹੋ ਚੁੱਕਾ ਹੈ? ਫਿਰ ਜੇ ਤੁਸੀਂ ਸਿੱਖਾਂ ਨੂੰ ਨਫਰਤ ਕਰਦੇ ਹੋ ਤਾਂ ਸਿੱਖਾਂ ਨੂੰ ਆਪਣਾ ਵੱਖਰਾ ਦੇਸ਼ ਬਣਾਉਣ ਦਾ ਹੱਕ ਵੀ ਹੈ? ਲੇਕਿਨ ਜੇ ਅਜਿਹਾ ਹੁੰਦਾ ਹੈ ਤਾਂ ਸਿੱਖ ਇੱਕ ਮਿਸਾਲ ਪੇਸ਼ ਕਰ ਦੇਣਗੇ ਕਿ ਉਸ ਰਾਜ਼ ਵਿਚ ਕਿਵੇ ਲੋਕ ਬਿਨਾ ਜਾਤੀ ਜਾਂ ਜਮਾਤੀ ਵਿਤਕਰਿਆਂ ਤੋਂ ਮਨੁੱਖਾਂ ਵਾਲਾ ਜੀਵਨ ਬਸਰ ਕਰਦੇ ਹਨ?

ਮੇਰੀ ਕੌਮ ਨੂੰ ਵੀ ਹੁਣ ਨੀਂਦ ਤੋਂ ਜਾਗਣਾ ਹੋਵੇਗਾ ਅੱਜ ਚੋਰ ਸੁੰਨ੍ਹ ਨਹੀਂ ਲਾਉਂਦਾ, ਸਗੋਂ ਧਾੜਵੀ ਬਣਕੇ ਸਾਡੇ ਵੇਹੜੇ ਖੜਾ ਸਾਨੂੰ ਵੰਗਾਰ ਰਿਹਾ ਹੈ ਕਿ ਜੇ ਇਥੇ ਰਹਿਣਾਂ ਹੈ ਤਾਂ ਮੇਰੇ ਬਨਾਏ ਵਰਨਵਾਦੀ ਢਾਂਚੇ ਨੂੰ ਮੰਨਣਾ ਪਵੇਗਾ ਨਹੀਂ ਤਾਂ ਫਿਰ ਆਪਣੇ ਮਾੜੇ ਚੰਗੇ ਦੀ ਜਿੰਮੇਵਾਰੀ ਖੁਦ ਚੁਕਣੀ ਪਵੇਗੀ? ਅੱਜ ਲੋਕਰਾਜ ਹੈ, ਸਾਰੀ ਕੌਮ ਇੱਕ ਜੁੱਟ ਹੋਵੇ ਅਤੇ ਖਾਸ ਕਰਕੇ ਅਦਾਰਾ ਪਹਿਰੇਦਾਰ ਨੂੰ ਅਪੀਲ ਹੈ ਕਿ ਜਿਵੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿਚ ਇੱਕ ਕਰੋੜ ਦਸਤਖਤੀ ਮੁਹਿੰਮ ਆਰੰਭ ਕੀਤੀ ਅਤੇ ਸਫਲਤਾ ਪ੍ਰਾਪਤ ਕੀਤੀ ਸੀ, ਅੱਜ ਵੀ ਇੱਕ ਦੋ ਕਰੋੜੀ ਦਸਤਖਤੀ ਮੁਹਿੰਮ ਆਰੰਭ ਕਰਕੇ ਪੰਥ ਦੀ ਪਹਿਰੇਦਾਰੀ ਦਾ ਬੀੜਾ ਚੁੱਕਣਾ ਚਾਹੀਦਾ ਹੈ। ਭਾਰਤ ਦੀ ਪਾਰਲੀਮੈਂਟ, ਰਾਸ਼ਟਰਪਤੀ, ਹੋਰ ਮਨੁਖੀ ਹੱਕਾਂ ਦੀ ਤਰਫਦਾਰੀ ਵਾਸਤੇ ਤੱਤਪਰ ਦੇਸ਼ਾਂ ਦੀਆਂ ਸਰਕਾਰਾਂ ਨੂੰ ਇੱਕ ਐਲਾਨਨਾਮਾਂ ਦੋ ਕਰੋੜ ਦਸਤਖਤਾਂ ਨਾਲ ਭੇਜਣਾਂ ਚਾਹੀਦਾ ਕਿ ਜਦੋਂ ਸਾਡੇ ਗੁਰੂ ਸਹਿਬਾਨ ਸਾਡੀ ਵੱਖਰੀ ਪਹਿਚਾਨ ਅਤੇ ਨਿਰਾਲਾ ਪੰਥ ਸਾਜ ਗਏ ਹਨ ਤਾਂ ਆਰ.ਐਸ.ਐਸ. ਵਰਗੀ ਕੱਟੜਵਾਦੀ ਜਮਾਤ ਨੂੰ ਰੋਕਿਆ ਜਾਵੇ, ਜਿਹੜੀ ਬਿਨਾਂ ਕਿਸੇ ਕਾਰਨ ਸਿੱਖਾਂ ਦੀ ਵੱਖਰੀ ਪਹਿਚਾਨ ਨੂੰ ਰੋਜ਼ ਰੋਜ਼ ਚੈਲਿੰਜ ਕਰਦੀ ਹੈ। ਉਸ ਵੱਲੋਂ ਅਜਿਹਾ ਕਰਨਾਂ ਸਾਡੇ ਧਰਮ ਵਿਚ ਸਿੱਧੀ ਦਖਲ ਅੰਦਾਜੀ ਅਤੇ ਦੋ ਫਿਰਕਿਆਂ ਵਿੱਚ ਪਾੜਾ ਪਾ ਕੇ ਅਮਨ ਨੂੰ ਲਾਂਬੂ ਲਾਉਣ ਦੇ ਤੁਲ ਹੈ।

ਅਜਿਹਾ ਕੁੱਝ ਦਹਾਕੇ ਪਹਿਲਾਂ ਵੀ ਹੋਇਆ ਸੀ ਉਸ ਸਮੇਂ ਵੀ ਮਹਾਨ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਜੀ ਨੇ "ਹਮ ਹਿੰਦੂ ਨਹੀਂ" ਕਿਤਾਬ ਲਿਖਕੇ ਜਿੱਥੇ ਸਿੱਖਾਂ ਨੂੰ ਜਾਗ੍ਰਿਤ ਕੀਤਾ ਸੀ ਉਥੇ ਉਸ ਵੇਲੇ ਆਰ.ਐਸ.ਐਸ. ਵਰਗੀਆਂ ਫਿਰਕੂ ਜਮਾਤਾਂ ਨੇ ਇਸ ਨੂੰ ਰਾਜ ਦਰਬਾਰ ਅਤੇ ਸਰਕਾਰ ਕੋਲ ਸ਼ਿਕਾਇਤ ਦੇ ਰੂਪ ਵਿਚ ਵੀ ਪੇਸ਼ ਕੀਤਾ ਸੀ ਕਿ ਇਹ ਕਿਤਾਬ ਲਿਖਕੇ ਭਾਈ ਕਾਹਨ ਸਿੰਘ ਨਾਭਾ ਨੇ ਦੋ ਫਿਰਕਿਆਂ ਵਿਚ ਪਾੜਾ ਪਾਉਣ ਦਾ ਯਤਨ ਕੀਤਾ ਹੈ, ਪਰ ਸਭ ਪਾਸਿਓਂ ਸਿੱਖ ਸੰਸਥਾਵਾਂ, ਤਖਤ ਸਹਿਬਾਨਾ ਅਤੇ ਸਰਕਾਰੀ ਪੱਖ ਨੇ ਭਾਈ ਸਾਹਿਬ ਦੀ ਦਲੀਲ ਨਾਲ ਸੌ ਪ੍ਰਤਿਸ਼ਤ ਸਹਿਮਤ ਹੁੰਦੇ ਮੰਨਿਆ ਸੀ, ਕਿ ਸਿੱਖ ਵੱਖਰੀ ਕੌਮ ਹੈ ਅਤੇ ਭਾਈ ਸਾਹਿਬ ਨੇ ਜੋ ਲਿਖਿਆ ਬਹੁਤ ਵਧੀਆ ਲਿਖਿਆ ਹੈ। ਫਿਰ ਆਰ.ਐਸ.ਐਸ, ਮੋਹਨ ਭਗਵਤ ਜਾਂ ਕੋਈ ਤੋਗੜੀਆ ਸਿੱਖਾਂ ਦੀ ਪਹਿਚਾਨ ਦੇ ਮਸਲੇ ਨੂੰ ਦੁਬਾਰਾ ਕਿਉਂ ਛੇੜਣਾਂ ਚਾਹੁੰਦਾ ਹੈ। ਜੇ ਕੋਈ ਸ਼ੱਕ ਹੈ ਤਾਂ ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ ਪੜਕੇ ਤਸੱਲੀ ਕਰ ਲੈਣ? ਇੰਜ ਹਰ ਰੋਜ਼ ਸਿੱਖ ਜਜਬਾਤਾਂ ਨੂੰ ਛੇੜਣਾ ਲਾਹੇਵੰਦਾ ਨਹੀਂ ਹੈ, ਸਾਡਾ ਅਕੀਦਾ ਸਰਬਤ ਦਾ ਭਲਾ ਜ਼ੁਲਮ ਦੇ ਖਿਲਾਫ਼ ਲੜਨਾ ਹੈ, ਜੀਓ ਤੇ ਜਿਉਣ ਦਿਓ ਦਾ ਸਿਧਾਂਤ ਸਾਡਾ ਫਲਸਫਾ ਹੈ, ਸਾਨੂੰ ਕਿਸੇ ਹਿੰਦੂ, ਮੁਸਲਿਮ, ਇਸਾਈ, ਦਲਿਤ, ਬੋਧੀ, ਜੈਨੀ, ਯਹੂਦੀ ਨਾਲ ਨਫਰਤ ਨਹੀਂ, ਪਰ ਅਸੀਂ ਵੱਖਰੀ ਨਿਆਰੀ ਤੇ ਨਿਰਾਲੀ ਕੌਮ ਹਾਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top