Share on Facebook

Main News Page

ਭਾਈ ਹਰਮਨਪ੍ਰੀਤ ਸਿੰਘ ਕਥਾਵਚਕ ਗੁਰਮਤਿ ਦਾ ਸਿਧਾਂਤਕ ਪ੍ਰਚਾਰਕ
-: ਅਵਤਾਰ ਸਿੰਘ ਮਿਸ਼ਨਰੀ 510 432 5827

ਇਸ ਨਿਧੜਕ ਅਤੇ ਗੁਰਮਤਿ ਦੇ ਸਿਧਾਂਤਕ ਪ੍ਰਚਾਰਕ ਨੂੰ ਯੂ ਟਿਊਬ ਅਤੇ ਫੇਸ ਬੁੱਕ 'ਤੇ ਸੁਣਦੇ ਸੀ, ਜੋ ਪਹਿਲੇ ਸਿਆਟਲ ਐੱਲ ਏ ਅਤੇ ਕਰੀਬ ਪਿਛਲੇ ਦੋ ਹਫਤੇ ਤੋਂ ਗੁਰਦੁਆਰਾ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਕੈਲੇਫੋਰਨੀਆਂ ਵਿਖੇ ਇੱਕ ਐਤਵਾਰ ਨੂੰ ਕਥਾ ਕਰਕੇ ਸਿੱਧੇ ਹੇਵਰਡ ਗੁਰਦੁਆਰੇ ਪਹੁੰਚ ਗਏ ਤੇ ਐਤਵਾਰ ਸ਼ਾਮ ਨੂੰ “ਚ੍ੜ੍ਹਦੀ ਕਲ੍ਹਾ ਰੇਡੀਓ” ਤੇ ਦਾਸ ਸਮੇਤ ਪ੍ਰਮੁੱਖ ਰੇਡੀਓ ਸੰਚਾਲਕ ਸ੍ਰ. ਲਖਬੀਰ ਸਿੰਘ ਪਟਵਾਰੀ ਨਾਲ ਹਫਤਾਵਾਰੀ ਟਾਕਸ਼ੋਅ ਵਿੱਚ ਸ਼ਾਮਲ ਹੋਏ। ਜਿਸ ਵਿੱਚ ਓਨ੍ਹਾਂ ਨੇ ਆਪਣੀ ਬੈਗਰਾਉਂਡ ਦਸਦੇ ਹੋਏ ਕਿਹਾ ਕਿ ਉਹ ਪ੍ਰਸਿੱਧ ਕਥਾਵਾਚਕ ਗਿ. ਸ਼ਮਸ਼ੇਰ ਸਿੰਘ ਕਪੂਰਥਲਾ ਦੇ ਸਪੁੱਤਰ ਹਨ, ਇਸ ਲਈ ਗੁਰਮਤਿ ਦੀ ਦਾਤ ਦਾਸ ਨੂੰ ਵਿਰਸੇ ਵਿੱਚ ਮਿਲੀ ਹੈ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਤੋਂ ਵੀ ਗੁਰਮਤਿ ਦਾ ਕੋਰਸ ਕੀਤਾ ਹੈ। ਉਨ੍ਹਾਂ ਨੇ ਰੇਡੀਓ ਹੋਸਟ ਦੇ ਸਵਾਲਾਂ ਦੇ ਜਵਾਬ ਦਿੰਦਿਆਂ, ਮਿਸ਼ਨਰੀ ਕਾਲਜਾਂ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜੁਗਾਰੀ 'ਤੇ ਵੀ ਚਾਨਣਾ ਪਾਇਆ। ਇਸ ਵਿੱਚ ਉਨ੍ਹਾਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਖੇ ਵੱਡੀ ਪੱਧਰ ਤੇ ਗੁਰਮਤਿ ਕੈਂਪਾਂ ਅਤੇ ਕਲਾਸਾਂ ਦਾ ਵਰਨਣ ਕੀਤਾ ਕਿ ਪੰਜਾਬ ਦੇ ਕਰੀਬ ੬੦੦ ਪਿੰਡਾਂ ਵਿੱਚ ਗੁਰਮਤਿ ਸਿਖਲਾਈ ਸਰਕਲ ਚੱਲ ਰਹੇ ਹਨ, ਜਿੰਨ੍ਹਾਂ ਵਿੱਚ ਟ੍ਰੇਂਡ ਪ੍ਰਚਾਰਕ ੧੦ ਪਿੰਡਾਂ ਦੇ ਇੱਕ ਸਰਕਲ ਵਿੱਚ ਪੰਜਾਬੀ, ਗੁਰਬਾਣੀ ਵਿਚਾਰ ਸਿਖਾਉਂਦਾ ਅਤੇ ਕਥਾ ਪ੍ਰਚਾਰ ਕਰਦਾ ਹੈ।  

ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਵਿੱਚ ਏਨੇ ਡੇਰੇ, ਟਕਸਾਲਾਂ, ਸ਼੍ਰੋਮਣੀ ਕਮੇਟੀ ਅਤੇ ਕਥਾਵਾਚਕ ਪ੍ਰਚਾਰਕ ਹਨ, ਫਿਰ ਵੀ ਸਿੱਖੀ ਦਾ ਪ੍ਰਚਾਰ ਕਿਉਂ ਨਹੀਂ ਹੋ ਰਿਹਾ, ਤਾਂ ਉਨ੍ਹਾਂ ਨੇ ਦਰਸਾਇਆ ਕਿ ਇਹ ਸਭ ਅਦਾਰੇ ਆਪਸ ਵਿੱਚ ਰਲ ਕੇ ਵੋਟ ਅਤੇ ਨੋਟ ਕਮਾਉਣ ਵਿੱਚ ਲੱਗੇ ਹੋਏ ਹਨ। ਡੇਰੇ ਤੇ ਟਕਸਾਲਾਂ ਬ੍ਰਾਹਮਣੀ ਕਰਮਕਾਂਡਾਂ, ਮਿਥਿਹਾਸਕ ਕਥਾ ਕਹਾਣੀਆਂ ਅਤੇ ਅਣਹੋਣੀਆਂ ਕਰਾਮਾਤਾਂ ਦਾ ਹੀ ਵੱਧ ਪ੍ਰਚਾਰ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਜੋ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਸੀ, ਜਿਸ ਨੇ ਅਯਾਸ਼ੀ ਮਹੰਤਾਂ ਨੂੰ ਕੱਢ ਕੇ ਗੁਰਦੁਆਰਿਆਂ ਨੂੰ ਅਜਾਦ ਕਰਵਾਇਆ ਅਤੇ ਪੰਥਕ ਜਥੇਬੰਦੀਆਂ ਨਾਲ ਮਿਲ ਕੇ “ਸਿੱਖ ਰਹਿਤ ਮਰਯਾਦਾ” ਤਿਆਰ ਕੀਤੀ ਸੀ, ਵੀ ਅੱਜ ਡੇਰੇਦਾਰਾਂ ਦਾ ਰੂਪ ਧਰਾਨ ਕਰ ਚੁੱਕੀ ਹੈ, ਜੋ ਪੈਸੇ ਤੇ ਵੋਟਾਂ ਨੂੰ ਮੁੱਖ ਰੱਖ ਕੇ ਬ੍ਰਾਹਮਣੀ ਕਰਮਕਾਂਡਾਂ ਵਾਂਗ ਅਖੰਡ ਪਾਠਾਂ ਦੀਆਂ ਲੜੀਆਂ ਚਲਾ ਰਹੀ ਹੈ। ਆਉਂਦੇ ਕਈ ਸਾਲਾਂ ਤੱਕ ਪਾਠ ਕਰਾਉਣ ਵਾਲਿਆਂ ਦੀ ਅਡਵਾਂਸ ਲਾਇਨ ਲੱਗੀ ਹੋਈ ਹੈ ਅਤੇ ਕੀਤੇ ਕਰਾਏ ਪਾਠਾਂ ਦੇ ਹੁਕਮਨਾਮੇ ਡਾਕ ਰਾਹੀਂ ਹੀ ਭੇਜ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਟਕਸਾਲ ਦੇ ਕੁਝ ਚੰਗੇ ਕੰਮਾਂ ਬਾਰੇ ਦਸਦੇ ਕਿਹਾ ਕਿ ਟਕਾਸਲ ਗੁਰਬਾਣੀ ਪਾਠ ਦੀ ਸੰਥਿਆ ਦੇਣ ਦਾ ਵਧੀਆ ਕਾਰਜ ਕਰ ਰਹੀ ਹੈ, ਪਰ ਕਥਾ ਵੇਲੇ ਉਸ ਦੇ ਅਜੋਕੇ ਪੈਰੋਕਾਰ ਵੀ ਮਿਥਿਹਾਸਕ ਕਹਾਣੀਆਂ ਹੀ ਸੁਣਾਈ ਜਾਂਦੇ ਹਨ। ਉਨ੍ਹਾਂ ਨੇ ਨਾਮ ਸਿਮਰਨ ਬਾਰੇ ਵੀ ਦੱਸਿਆ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਨਾਮ ਸਿਮਰਨ ਵਿਅਕਤੀਗਤ ਕਿਰਿਆ ਹੈ ਨਾਂ ਕਿ ਸੰਗਤੀ, ਸੰਗਤ ਵਿੱਚ ਕੇਵਲ ਬੁਰਬਾਣੀ ਦਾ ਪਾਠ, ਕੀਰਤਨ, ਕਥਾ ਵਿਚਾਰ ਅਤੇ ਢਾਡੀ ਵਾਰਾਂ ਗਾਉਣ ਦਾ ਹੀ ਵਿਧਾਨ ਹੈ ਪਰ ਗੁਰਦੁਆਰਿਆਂ ਵਿੱਚ ਵੀ ਜਗਰਾਤਿਆਂ ਵਾਂਗ ਉੱਚੀ ਉੱਚੀ ਸਿਮਰਨ ਕੀਤਾ ਜਾਂਦਾ ਹੈ, ਜਦ ਕਿ ਸਿਮਰਨ ਇੱਕ ਰੱਬੀ ਸਿਧਾਂਤ ਦਾ ਨਾਮ ਹੈ, ਜੋ ਸਾਰੀ ਦੁਨੀਆਂ ਵਿੱਚ ਵਰਤ ਰਿਹਾ ਹੈ, ਨਾ ਕਿ ਗਿਣਤੀ ਮਿਣਤੀ ਦਾ ਅੱਖਾਂ ਮੀਟੀ ਜਾਪ- ਗਾਏ ਸੁਨੇ ਆਂਖੇਂ ਮੀਚੈ ਪਾਈਐ ਨ ਪਰਮਪਦੁ ਗੁਰ ਉਪਦੇਸੁ ਗਹਿ ਜਉ ਲਉ ਨਾ ਕਮਾਈਐ॥ (439 ਭਾ. ਗੁ.)

ਜਦ ਉਨ੍ਹਾਂ ਨੂੰ ਪ੍ਰਚਾਰਕਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅੱਜ ਪ੍ਰਚਾਰਕ ਅਜਾਦ ਨਹੀਂ ਸਗੋਂ ਪ੍ਰਬੰਧਕਾਂ ਦਾ ਮੁਥਾਜ ਹੈ, ਅਜੋਕੇ ਬਹੁਤੇ ਪ੍ਰਬੰਧਕਾਂ ਨੂੰ ਜੀਅ ਹਜੂਰੀ ਕਰਨ ਵਾਲੇ ਚਾਪਲੂਸ ਪ੍ਰਚਾਰਕ ਅਤੇ ਗ੍ਰੰਥੀ ਹੀ ਪ੍ਰਵਾਨ ਹਨ। ਸੱਚ ਬੋਲਣ ਵਾਲੇ ਗ੍ਰੰਥੀ ਪ੍ਰਚਾਰਕ ਨੂੰ ਗੁਰਦੁਆਰੇ ਟਿਕਣ ਹੀ ਨਹੀਂ ਦਿੱਤਾ ਜਾਂਦਾ। ਇਸ ਲਈ ਸਭ ਤੋਂ ਪਹਿਲਾਂ ਪ੍ਰਬੰਧਕਾਂ ਦੀ ਗੁਰਮਤਿ ਸਿਖਲਾਈ ਹੋਣੀ ਚਾਹੀਦੀ ਹੈ ਤਾਂ ਕਿ ਉਹ ਚੰਗੇ ਪ੍ਰਚਾਰਕ ਮੰਗਵਾਉਣ ਅਤੇ ਉਨ੍ਹਾਂ ਦਾ ਬਣਦਾ ਮਾਨ ਤਾਨ ਵੀ ਕਰਨ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅੱਜ ਅਕਾਲ ਤਖਤ ਜੋ ਇੱਕ ਰੱਬੀ ਸਿਧਾਂਤ ਸੀ ਤੇ ਸਰਬ ਪ੍ਰਵਾਣਤ ਜਥੇਦਾਰ ਓਥੋਂ ਕੌਮ ਤੇ ਨਾਂ ਸਰਬਸੰਪਤੀ ਨਾਲ ਪਾਸ ਹੋਇਆ ਸੰਦੇਸ਼ ਜਾਰੀ ਕਰਦਾ ਸੀ ਨੂੰ ਸ਼੍ਰੋਮਣੀ ਕਮੇਟੀ ਨੇ ਚੌਥੇ ਦਰਜੇ ਦਾ ਨੌਕਰ ਬਣਾ ਦਿੱਤਾ ਹੈ ਤੇ ਉਸ ਤੋਂ ਆਪਣੇ ਵਿਰੋਧੀਆਂ ਨੂੰ ਜਲੀਲ ਕਰਨ ਵਾਸਤੇ ਪੰਥ ਵਿਰੋਧੀ ਹੁਕਮਨਾਮੇ ਜਾਰੀ ਕਰਵਾਏ ਜਾਂਦੇ ਹਨ। ਐਸ ਵੇਲੇ ਆਰ. ਐਸ. ਐਸ. ਦੇ ਵਿੰਗ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਬਾਦਲ ਦਾ ਸ਼੍ਰੋਮਣੀ ਕਮੇਟੀ ਤੇ ਕਬਜਾ ਹੈ ਇਸ ਕਰਕੇ ਜਥੇਦਾਰ ਵੀ ਉਹ ਆਪਣੀ ਮਰਜੀ ਦਾ ਥਾਪਦੇ ਹਨ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਅੱਜ ਸਾਨੂੰ ਗੁਰਦੁਆਰਿਆਂ ਵਿੱਚ ਰਵਾਇਤੀ ਕਥਾ ਕੀਰਤਨ ਦਾ ਤਰੀਕਾ ਬਦਲਣਾ ਪਵੇਗਾ ਨਹੀਂ ਤਾਂ ਸੁਧਾਰ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਗੁਰਬਾਣੀ ਕੀਰਤਨ ਕਥਾ ਕਰਦੇ ਸੰਗਤ ਦੇ ਸ਼ੰਕੇ ਵੀ ਉਸੇ ਵੇਲੇ ਹੀ ਦੂਰ ਕਰਦੇ ਸਨ ਪਰ ਅੱਜ ਕਥਾਵਾਚਕ ਜਾਂ ਪ੍ਰਚਾਰਕ ਸੰਗਤ ਨੂੰ ਜੋ ਮਰਜੀ ਘੰਟਿਆਂਬੱਧੀ ਸੁਣਾਈ ਜਾਂਦਾ ਹੈ, ਸੰਗਤ ਨੂੰ ਸ਼ੰਕਾ ਨਵਿਰਤੀ ਲਈ ਸਵਾਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਸਿੱਖ ਧਰਮ ਤਾਂ ਸੰਗਤੀ ਧਰਮ ਹੈ ਨਾਂ ਕਿ ਇੱਕ ਵਕਤਾ ਪੁਜਾਰੀ ਧਰਮ। ਬੱਚਿਆਂ ਨੂੰ ਵੀ ਮਿਥਿਹਾਸਕ-ਅਣਹੋਣੀਆਂ ਕਰਾਮਾਤੀ ਸਾਖੀਆਂ ਹੀ ਸੁਣਾਈਆਂ ਜਾਂਦੀ ਹਨ ਜਾਂ ਐਸੀ ਗੂੜ ਗਿਆਨ ਵਾਲੀ ਸ਼ਬਦਾਵਲੀ ਵਰਤੀ ਜਾਂਦੀ ਹੈ, ਜੋ ਬੱਚੇ ਸਮਝ ਹੀ ਨਹੀਂ ਸਕਦੇ। ਗੁਰਦੁਆਰਿਆਂ ਵਿਖੇ ਪੰਜਾਬੀ ਸਿਖਾਉਣ ਵਾਲੇ ਬਹੁਤੇ ਅਧਿਆਪਕ ਵੀ ਅੰਗ੍ਰੇਜੀ ਵਿੱਚ ਗੱਲਾਂ ਕਰਦੇ ਹਨ। ਦਾਸ ਨੇ ਵੀ ਸਮੂੰਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਮਿਸ਼ਨਰੀ ਕਾਲਜਾਂ ਤੋਂ ਭਾਈ ਹਰਮਨਪ੍ਰੀਤ ਸਿੰਘ ਵਰਗੇ ਸਿਖਲਾਈ ਪ੍ਰਾਪਤ ਪ੍ਰਚਾਰਕ ਹੀ ਮੰਗਵਾਉਣ ਦੀ ਅਪੀਲ ਕੀਤੀ।

ਅਖੀਰ ਤੇ ਭਾਈ ਸਾਹਿਬ ਨੇ ਰੇਡੀਓ ਚੜ੍ਹਦੀ ਕਲ੍ਹਾ ਅਤੇ ਸਮੂੰਹ ਉਸ ਮੀਡੀਏ ਦਾ ਤਹਿ ਦਿਲੋਂ ਧੰਨਵਾਦ ਕਰਦੇ ਕਿਹਾ ਕਿ ਅਜੋਕੇ ਇਲੈਕਟ੍ਰੌਕ ਮੀਡੀਏ ਜਰੀਏ ਗੁਰਬਾਣੀ ਦਾ ਵਧੀਆ ਪ੍ਰਚਾਰ ਹੋ ਰਿਹਾ ਹੈ। ਸੰਗਤਾਂ ਘਰ ਬੈਠੇ ਅਤੇ ਡਰਾਈਵਰ ਚਲਦੇ ਫਿਰਦੇ ਵੀ ਗੁਰਬਾਣੀ ਪਾਠ, ਵਿਚਾਰ, ਇਤਿਹਾਸ ਅਤੇ ਫਿਲਾਸਫੀ ਬਾਰੇ ਬਹੁਤ ਕੁਝ ਸਿੱਖ ਸਕਦੇ ਹਨ ਅਤੇ ਨੌਜਵਾਨ ਸਿੱਖ ਵੀ ਰਹੇ ਹਨ। ਇਸ ਦੇ ਨਾਲ ਹੀ ਰੇਡੀਓ ਹੋਸਟ ਸ੍ਰ. ਲਖਬੀਰ ਸਿੰਘ ਪਟਵਾਰੀ ਨੇ ਵੀ ਭਾਈ ਹਰਮਨਪ੍ਰੀਤ ਸਿੰਘ ਜੀ ਦਾ ਆਪਣੇ ਰੁਝੇਵਿਆਂ ਚੋਂ ਕੀਮਤੀ ਸਮਾਂ ਕੱਢ ਕੇ “ਰੇਡੀਓ ਚੜ੍ਹਦੀ ਕਲਾ” ਦੇ ਸਟੇਸ਼ਨ 'ਤੇ ਆਉਣ ਲਈ ਧੰਨਵਾਦ ਕਰਦੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਸਿਧਾਂਤਕ ਪ੍ਰਚਾਰਕਾਂ ਤੋਂ ਵੱਧ ਤੋਂ ਵੱਧ ਲਾਹਾ ਲੈਣ।

ਇਸ ਤੋਂ ਬਾਅਦ ਦਾਸ ਭਾਈ ਸਾਹਿਬ ਨੂੰ ਗੁਰਦੁਆਰਾ ਹੇਵਰਡ ਛੱਡ ਆਇਆ ਜਿੱਥੇ ਉਨ੍ਹਾਂ ਨੇ ਕਰੀਬ ਇੱਕ ਹਫਤਾ ਸੁਭਾ ਸ਼ਾਮ ਗੁਰਬਾਣੀ ਕਥਾ ਵਿਚਾਰ ਕੀਤੀ ਅਤੇ ਸੰਗਤ ਦੇ ਸਵਾਲਾਂ ਦੇ ਜਵਾਬ ਵੀ ਬੜੇ ਪਿਆਰ ਨਾਲ ਦਿੱਤੇ। ਇੱਥੋਂ ਹੀ ਪਛਲੇ ਸ਼ਨੀਵਾਰ ਸ੍ਰ. ਅਵਤਾਰ ਸਿੰਘ ਰੰਧਾਵਾ ਸਾਬਕਾ ਪ੍ਰਧਾਨ ਗੁਰਦੁਆਰਾ ਲੋਡਾਈ ਦੇ ਗ੍ਰਿਹੇ ਵਿਖੇ ਗੁਰਬਾਣੀ ਸਿਖਲਾਈ ਵਾਸਤੇ ਸੱਦੀ ਮੀਟਿੰਗ ਵਿੱਚ ਭਾਈ ਸਾਹਿਬ ਨੇ ਡਾ. ਗੁਰਮੀਤ ਸਿੰਘ ਬਰਾਸਾਲ, ਸ੍ਰ. ਨਗਿੰਦਰ ਸਿੰਘ ਬਰਸਾਲ, ਪ੍ਰੋ. ਮੱਖਨ ਸਿੰਘ ਅਤੇ ਸ੍ਰ. ਹਾਕਮ ਸਿੰਘ ਸੈਕਰਾਮੈਂਟੋ, ਸ੍ਰ. ਅਵਤਾਰ ਸਿੰਘ ਰੰਧਾਵਾ, ਸ੍ਰ. ਗੁਰਿੰਦਰ ਸਿੰਘ ਮੈਡਸਟੋ, ਸ੍ਰ. ਚਮਕੌਰ ਸਿੰਘ ਫਰਿਜਨੋ ਅਤੇ ਦਾਸ ਸਮੇਤ ਹਾਜਰੀ ਭਰੀ ਜਿੱਥੇ ਕਰੀਬ ੪ਘੰਟੇ ਗੁਰਮਿਤ ਸਿਖਲਾਈ ਬਾਰੇ ਵਿਚਾਰਾਂ ਹੋਈਆਂ।

ਵਿਦਾਇਗੀ ਸਮੇਂ ਹੇਵਰਡ ਗੁਰਦੁਆਰੇ ਦੇ ਪ੍ਰਮੁੱਖ ਗ੍ਰੰਥੀ ਭਾਈ ਪ੍ਰਵੀਨ ਸਿੰਘ ਅਤੇ ਜਨਰਲ ਸਕੱਤਰ ਸ੍ਰ. ਜਸਵਿੰਦਰ ਸਿੰਘ ਜੀ ਨੇ ਸਮੂੰਹ ਕਮੇਟੀ ਵੱਲੋਂ ਭਾਈ ਸਾਹਿਬ ਨੂੰ ਸਿਰੋਪਾ ਅਤੇ ਭੇਟਾ ਦੇ ਕੇ ਸਨਮਾਣਿਤ ਕਰਦੇ ਹੋਏ ਅੱਗੇ ਤੋਂ ਵੀ ਆਉਣ ਦਾ ਸੱਦਾ ਦਿੱਤਾ। ਹੁਣ ੧੧ ਅਗਸਤ ੨੦੧੪ ਤੋਂ ਇੱਕ ਹਫਤੇ ਲਈ ਭਾਈ ਸਾਹਿਬ ਗੁਰਦੁਆਰਾ ਸਿੰਘ ਸਭਾ ਮਲਪੀਟਸ ਵਿਖੇ ਕਥਾ ਕਰ ਕਰੇ ਹਨ। ਇਥੇ ਇਨ੍ਹਾਂ ਦਾ ਪ੍ਰੋਗ੍ਰਾਮ ਵਰਲਡ ਸਿੱਖ ਫੈਡਰੇਸ਼ਨ ਦੇ ਉਦਮ ਨਾਲ ਸ੍ਰ. ਜਸਵੰਤ ਸਿੰਘ ਹੋਠੀ, ਡਾ. ਪ੍ਰਿਤਪਾਲ ਸਿੰਘ ਅਤੇ ਇੱਥੋਂ ਦੀ ਸਮੂੰਹ ਕਮੇਟੀ ਦੇ ਸਹਿਯੋਗ ਚੱਲ ਰਿਹਾ ਹੈ ਇਸੇ ਦੌਰਾਨ ਭਾਈ ਸਾਹਿਬ ਫਰੀਮਾਂਟ ਗੁਰਦੁਆਰੇ ਵੀ ਹਾਜਰੀਆਂ ਭਰਨਗੇ, ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰਨ, ਵਧੇਰੇ ਜਾਣਕਾਰੀ ਲਈ ਸ੍ਰ. ਜਸਵੰਤ ਸਿੰਘ ਹੋਠੀ (4088987056) ਅਤੇ ਡਾ. ਗੁਰਮੀਤ ਸਿੰਘ ਬਰਸਾਲ (4082097072) ਨਾਲ ਸੰਪ੍ਰਕ ਕੀਤਾ ਜਾ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top