Share on Facebook

Main News Page

ਸ਼ਹੀਦ ਸ੍ਰ. ਜਸਵੰਤ ਸਿੰਘ ਖਾਲੜਾ ਦੀ ਬੇਟੀ ਬੀਬੀ ਨਵਕਿਰਨ ਕੌਰ ਖਾਲੜਾ ਨੂੰ ਗੁਰਦੁਆਰਾ ਹੇਵਰਡ ਵਿਖੇ ਦਾਸ ਨੇ ਸਤਿਕਾਰ ਸਹਿਤ ਪੁਸਤਕ ਭੇਟ ਕੀਤੀ ਅਤੇ 1984 ਦੇ ਭਾਰਤੀ ਫੌਜ ਦੇ ਵਰਤਾਏ ਕਹਿਰ ਬਾਰੇ ਇੰਟ੍ਰਵਿਊ ਦਿੱਤੀ
-: ਅਵਤਾਰ ਸਿੰਘ ਮਿਸ਼ਨਰੀ

17 ਅਗੱਸਤ 2014 ਦਿਨ ਐਤਵਾਰ ਨੂੰ ਅਸੀਂ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ” ਵੱਲੋਂ ਗੁਰਮਤਿ ਲਿਟ੍ਰੇਚਰ ਦੀ ਸਟਾਲ ਲਗਾਈ ਹੋਈ ਸੀ। ਇੱਥੇ ਹੀ ਸੁਭਾਵਕ 1984LIVINGHISTORY.ORG ਵੱਲੋਂ ਵੀ ਸਟਾਲ ਲਗਾ ਕੇ 1984 ਵੇਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜਾਂ ਵੱਲੋਂ ਕੀਤੇ ਤਬਾਹਕੁੰਨ ਹਮਲੇ ਬਾਰੇ ਚਸ਼ਮਦੀਦ, ਉਸ ਵੇਲੇ ਮਜੂਦ ਲੋਕਾਂ ਜਾਂ ਜਿਨ੍ਹਾਂ ਨਾਲ ਇਹ ਕਹਿਰ ਖੁਦ ਵੀ ਵਾਪਰਿਆ, ਜੋ ਕੁਝ ਵੀ ਕਿਸੇ ਨੇ ਹੰਡਾਇਆ, ਸੁਣਿਆਂ ਜਾਂ ਵੇਖਿਆ ਜਾਂ ਕਿਸੇ ਵੀ ਹੀਲੇ ਵਸੀਲੇ ਤੋਂ ਜਾਣਕਾਰੀ ਪ੍ਰਾਪਤ ਕੀਤੀ ਸਭ ਦੇ ਵਿਊ ਰੀਕਾਰਡ ਕਰ ਰਹੇ ਸਨ। ਬੀਬੀ ਨਵਕਿਰਨ ਕੌਰ ਖਾਲੜਾ ਸਪੁੱਤਰੀ ਸ਼ਹੀਦ ਸ੍ਰ. ਜਸਵੰਤ ਸਿੰਘ ਖਾਲੜਾ ਨੇ ਵੀ ਗੁਰਦੁਆਰਾ ਹੇਵਰਡ ਦੀ ਸਟੇਜ ਤੋਂ ਇਸ ਬਾਰੇ ਸੰਗਤ ਨੂੰ ਸੰਬੋਧਨ ਕਰਦੇ ਲੋਕਾਂ ਨੂੰ ਉਸ ਵੇਲੇ ਦੇ ਹਲਾਤਾਂ ਬਾਰੇ ਬਿਆਨ ਰਿਕਾਰਡ ਕਰਾਉਣ ਲਈ ਬੇਨਤੀ ਕੀਤੀ। ਗੁਰਬਾਣੀ ਦੀ ਕਥਾ ਕਰਨ ਤੋਂ ਬਾਅਦ ਹੋਰਨਾਂ ਸਿੱਖ ਸੰਗਤਾਂ ਸਮੇਤ ਦਾਸ ਅਤੇ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸ੍ਰ. ਸੁਖਵਿੰਦਰ ਸਿੰਘ ਵੜੈਚ ਨੇ ਵੀ ਆਪਣੇ ਬਿਆਨ ਰੀਕਾਰਡ ਕਰਵਾਏ। ਭਾ. ਪ੍ਰਵੀਨ ਸਿੰਘ ਜੀ ਇਸ ਗੁਰਦੁਆਰੇ ਵਿਖੇ ਹੈੱਡ ਗ੍ਰਥੀ ਦੀ ਸੇਵਾ ਨਿਭਾ ਰਹੇ ਹਨ ਜੋ ਗੁਰਮਤਿ ਵਿਦਵਾਨਾਂ ਨੂੰ ਗੁਰਮਤਿ ਪ੍ਰਚਾਰ ਦਾ ਮੌਕਾ ਦਿੰਦੇ ਰਹਿੰਦੇ ਹਨ।

ਦਾਸ ਨੇ ਵੀ ਆਪਣੇ ਨਾਲ ਹੱਡਬੀਤੀ ਦੱਸੀ ਕਿ ਉਸ ਵੇਲੇ 1983-1985 ਤੱਕ ਦਾਸ ਸਾਹਿਬਜਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ (ਪੰਜਾਬ) ਵਿਖੇ ਪੜ੍ਹਦਾ ਸੀ। ਓਥੇ ਹੀ ਰੇਡੀਓ BBC ਲੰਡਨ, ਅੱਗੇ ਲੋਕਾਂ ਅਤੇ ਮੀਡੀਏ ਰਾਹੀਂ ਪਤਾ ਲੱਗਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜਾਂ ਵੱਲੋਂ ਹਮਲਾ ਕਰ ਦਿੱਤਾ ਹੈ ਜਿਸ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਇਕੱਤਰ ਹੋਈ ਸੰਗਤ, ਬਾਬਾ ਜਰਨੈਲ ਸਿੰਘ ਖਾਲਸਾ, ਜਨਰਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ, ਬੱਬਰ ਖਾਲਸਾ, ਸਿੱਖ ਫੈਡਰੇਸ਼ਨ ਅਤੇ ਹੋਰ ਵੀ ਪੰਥਕ ਜਥੇਬੰਦੀਆਂ ਦੇ ਸਿੰਘ ਸਿੰਘਣੀਆਂ ਅਤੇ ਬੱਚੇ ਬੁੱਢੇ ਬੇਰਦਦੀ ਨਾਲ ਸ਼ਹੀਦ ਕੀਤੇ ਗਏ। ਇਸ ਵਿੱਚ ਭਾਰਤੀ ਫੌਜ ਦੇ ਜਵਾਨ ਵੀ ਭਾਰੀ ਗਿਣਤੀ ਵਿੱਚ ਮਾਰੇ ਗਏ।

ਇਸੇ ਸਮੇਂ ਦੌਰਾਨ ਹੀ ਸਾਡੇ ਰੋਪੜ ਵਾਲੇ ਮਿਸ਼ਨਰੀ ਕਾਲਜ ਨੂੰ ਵੀ ਫੌਜ ਦਾ ਘੇਰਾ ਪੈ ਗਿਆ ਤੇ ਸੰਗੀਨਾਂ ਦੀ ਨੋਕ ਥੱਲੇ ਸਾਨੂੰ ਸਭ ਗੁਰਮਤਿ ਦੇ ਵਿਦਿਆਰਥੀਆਂ ਨੂੰ ਇੱਕ ਲਾਈਨ ਵਿੱਚ ਖੜਾ ਕਰ ਦਿੱਤਾ ਗਿਆ। ਉਨ੍ਹਾਂ ਦੇ ਮੁੱਖੀ ਨੇ ਕਾਲਜ ਦੇ ਫਾਊਂਡਰ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਨਾਲ ਗੱਲਬਾਤ ਕਰਦੇ ਆਖਿਆ ਕਿ ਇੱਥੇ ਅਤਵਾਦੀਆਂ ਨੂੰ ਟ੍ਰੇਂਨਿਗ ਦਿੱਤੀ ਜਾਂਦੀ ਹੈ ਅਤੇ ਇਹ ਟ੍ਰੇਂਨਿੰਗ ਤੁਸੀਂ ਕਿਵੇਂ ਦਿੰਦੇ ਹੋ? ਤਾਂ ਪ੍ਰਿੰਸੀਪਲ ਸਾਹਿਬ ਨੇ ਉੱਤਰ ਦਿੱਤਾ ਕਿ ਅਸੀਂ ਇੱਥੇ ਗੁਰਮਤਿ ਸਟੱਡੀ ਦੇ ਨਾਲ ਨਾਲ ਹੋਰ ਧਰਮਾਂ ਦੀ ਵੀ ਕੰਪੈਰੇਟਿਵ ਸਟੱਡੀ ਕਰਵਾਉਂਦੇ ਹਾਂ। ਜਦ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਜੀ ਨੇ ਕਾਲਜ ਦੀ ਲਾਇਬ੍ਰੇਰੀ ਵਿੱਚੋਂ ਗੀਤਾ, ਮਹਾਂਭਾਰਤ, ਕੁਰਾਨ ਸ਼ਰੀਫ, ਬਾਈਬਲ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਫੌਜ ਦੇ ਕਮਾਂਡਰ ਨੂੰ ਦਿਖਾਈਆਂ ਤਾਂ ਉਹ ਹੱਕਾ ਬੱਕਾ ਹੋ ਕਹਿਣ ਲੱਗਾ ਕਿ ਸਾਨੂੰ ਗਲਤ ਸੂਚਨਾ ਦਿੱਤੀ ਗਈ ਸੀ ਤੇ ਅਸੀਂ ਤਾਂ ਬਹੁੱਤ ਵੱਡਾ ਪਾਪ ਕਰਨ ਲੱਗੇ ਸੀ ਤੇ ਅੱਗੇ ਤੋਂ ਜੇ ਕੋਈ ਤੰਗ ਕਰਦਾ ਹੈ ਤਾਂ ਸਾਡੇ ਨਾਲ ਸੰਪ੍ਰਕ ਕਰਨਾ ਤੇ ਉਹ ਫਿਰ ਚਲੇ ਗਏ। ਕਮਾਡਰ ਮੁਸਲਮਾਨ ਸੀ ਨਹੀਂ ਤਾਂ ਸ਼ਾਇਦ ਕੋਈ ਮਾੜੀ ਘਟਨਾਂ ਵੀ ਵਾਪਰ ਜਾਂਦੀ। ਪਰ ਫਿਰ ਵੀ ਜਦ ਸਿੰਘ ਕਾਲਜ ਚੋਂ ਪੜ੍ਹ ਕੇ ਫੀਲਡ ਵਿਖੇ ਪ੍ਰਚਾਰ ਕਰਦੇ ਸੀ ਤਾਂ ਪੁਲੀਸ ਬੇਵਜਾ ਤੰਗ ਕਰਦੀ ਰਹਿੰਦੀ ਸੀ ਤੇ ਕਈਆਂ ਨੂੰ ਤਾਂ ਪੁਲੀਸ ਦੇ ਅੱਤਿਆਚਾਰਾਂ ਦਾ ਵੀ ਸ਼ਿਕਾਰ ਹੋਣਾਂ ਪਿਆ, ਜਿਨ੍ਹਾਂ ਚੋਂ ਸ੍ਰ. ਸੋਹਨ ਸਿੰਘ ਮਿਸ਼ਨਰੀ ਸਿੰਬਲ ਝੱਲੀਆਂ, ਭਾਈ ਜਰਨੈਲ ਸਿੰਘ ਮਿਸ਼ਨਰੀ ਕਨੇਡਾ ਤੇ ਭਾ. ਜਰਨੈਲ ਸਿੰਘ ਮੋਹਾਲੀ ਦੇ ਨਾਂ ਵਰਨਣਯੋਗ ਹਨ, ਦਾਸ ਵੀ ਇਨ੍ਹਾਂ ਚੋਂ ਇੱਕ ਹੈ।

ਦਾਸ ਉਸ ਵੇਲੇ ਚੰਡੀਗੜ੍ਹ ਮੁਹਾਲੀ ਦੇ ਇਲਾਕੇ ਵਿੱਚ ਗੁਰਮਤਿ ਪ੍ਰਚਾਰ ਗੁਰਬਾਣੀ ਦੀ ਕਥਾ ਕਰਦਾ ਸੀ। ਦਾਸ ਨੂੰ ਵੀ ਸੰਨ 1987-88 ਦੇ ਕਰੀਬ ਚੰਡੀਗੜ੍ਹ ਦੇ 27 ਸੈਕਟਰ ਦੇ ਗੁਰਦੁਆਰੇ ਚੋਂ ਰਾਤ ਦੇ ਕਰੀਬ 11 ਵਜੇ ਪੁਲਿਸ ਨੇ ਤਲਾਸ਼ੀ ਲੈਣ ਦੇ ਬਹਾਨੇ ਫੜ ਲਿਆ ਅਤੇ ਚੰਡੀਮੰਦਰ ਦੇ ਬੁਛੜਖਾਨੇ ਲੈ ਜਾ ਕੇ ਬੇਸਹਾਬਾ ਤਸ਼ੱਦਦ (ਟਾਰਚਰ) ਕੀਤਾ ਜਿਸ ਵਿੱਚ ਉਨ੍ਹਾਂ ਨੇ ਦਾਸ ਨੂੰ ਅਤਵਾਦੀਆਂ ਦੇ ਟਿਕਾਣੇ ਦੱਸਣ ਅਤੇ ਫੜਾਉਣ ਲਈ ਕਿਹਾ ਪਰ ਦਾਸ ਤਾਂ ਇੱਕ ਪ੍ਰਚਾਰਕ ਸੀ ਜੋ ਉਨ੍ਹਾਂ ਬਾਰੇ ਨਹੀਂ ਸੀ ਜਾਣਦਾ। ਜਦ ਉਨ੍ਹਾਂ ਨੂੰ ਮੇਰੇ ਕੋਲੋਂ ਕੁਝ ਨਾਂ ਮਿਲਿਆ ਤਾਂ ਮੈਨੂੰ ਪਹਿਲਾਂ ਡੰਡਿਆਂ ਨਾਲ ਮਾਰਨਾ ਸ਼ੁਰੂ ਕਰਕੇ, ਦਾੜੀ ਤੇ ਸਿਰ ਦੇ ਕੇਸ ਪੁੱਟੇ, ਲੰਮਾ ਪਾ ਕੇ ਪੱਟਾਂ ਤੇ ਘੋਟਨੇ ਫੇਰੇ, ਚੱਡੇ ਪਾੜੇ ਅਤੇ ਸ਼ਤੀਰ ਨਾਲ ਪੁੱਠਾ ਟੰਗਿਆ। ਉਸ ਤੋਂ ਬਾਅਦ ਮੈਨੂੰ ਬੇਹੋਸ਼ ਹੋਏ ਨੂੰ ਪਤਾ ਨਹੀਂ ਖੇਤਾਂ ਵਿੱਚ ਕਿੱਥੇ ਕਿੱਥੇ ਲੈ ਕੇ ਗਏ? ਅੰਬਾਲੇ ਤੇ ਜਗਾਧਰੀ ਦੇ ਬੁਚੜਖਾਨਿਆਂ ਵਿੱਚ ਵੀ ਰੱਖਿਆ, ਜਿੱਥੋਂ ਕਈ ਸਿੰਘਾਂ ਨੂੰ ਬਾਹਰ ਮੁਕਾਲਬਾ ਬਣਾ ਕੇ ਮਾਰ ਵੀ ਦਿੱਤਾ। ਇੱਕ ਦਿਨ ਇੱਕ ਸਰਦਾਰ ਡੀ ਐਸ ਪੀ ਕਹਿਣ ਲੱਗਾ ਕਿ ਜਿਹੜੇ ਸ਼ੱਕੀ ਫੜੇ ਗਏ ਹਨ ਜੇ ਉਨ੍ਹਾਂ ਦੇ ਵਾਰਸ ਪੰਚਾਇਤ ਸਮੇਤ ਆ ਜਾਣ ਤਾਂ ਛੱਡ ਦਿੱਤੇ ਜਾਣਗੇ। ਇਉਂ ਕੁਝ ਦੇ ਵਾਰਸ ਪਤਾ ਕਰਕੇ ਆ ਵੀ ਗਏ ਤਾਂ ਕੁਝ ਛੱਡ ਦਿੱਤੇ ਗਏ।

ਪਰ ਮੇਰੇ ਬਾਰੇ ਨਾਂ ਮੇਰੇ ਮਾਂ ਬਾਪ ਅਤੇ ਨਾਂ ਹੀ ਕਿਸੇ ਦੋਸਤ ਮਿਤਰ ਨੂੰ ਪਤਾ ਸੀ ਮੈਂ ਕਿੱਥੇ ਹਾਂ। ਇੱਕ ਦਿਨ ਮੈਨੂੰ ਕਿਹਾ ਗਿਆ ਕਿ ਤੇਰੇ ਮਗਰ ਕੋਈ ਨਹੀਂ ਆਇਆ ਤੂੰ ਗਲਤ ਬੰਦਾ ਹੈਂ ਤਾਂ ਮੈਂ ਕਿਹਾ ਸਾਹਬ ਮੈਂਨੂੰ ਵੀ ਕੋਈ ਚਿੱਠੀ ਪੱਤਰ ਪਾ ਲੈਣ ਦਿਉ ਤਾਂ ਕਿਸੇ ਤਰੀਕੇ ਦਾਸ ਦੀਆਂ ਦੋ ਚਿੱਠੀਆਂ ਇੱਕ ਬਾਬਾ ਚਰਨ ਸਿੰਘ ਸੇਵਾਦਾਰ ਅਤੇ ਇੱਕ ਮੇਰੇ ਉਸ ਵੇਲੇ ਯੂਪੀ ਵਿੱਚ ਰਹਿੰਦੇ ਮਾਂ ਬਾਪ ਨੂੰ ਮਿਲੀਆਂ ਤਾਂ ਮੇਰੇ ਬਾਰੇ ਉਸ ਵੇਲੇ ਦੇ ਮਾਨ ਅਕਾਲੀ ਦਲ ਦੇ ਚੰਡੀਗੜ੍ਹ ਯੂਨਿਟ ਤੇ ਆਗੂ ਅਤੇ ਕਿਤੇ ਵਜੋਂ ਵਕੀਲ ਸ੍ਰ. ਭੂਪਿੰਦਰ ਸਿੰਘ ਨੇ ਬਾਬਾ ਚਰਨ ਸਿੰਘ ਸੇਵਾਦਰਾ ਜੋ ਹੁਣ ਨਹੀਂ ਰਹੇ, ਦੀ ਗਵਾਹੀ ਦੇ ਅਧਾਰ ਤੇ ਕਿ ਅਵਤਾਰ ਸਿੰਘ ਨੂੰ ਮੇਰੇ ਸਾਹਮਣੇ ਫੜ ਕੇ ਲਗਏ ਹਨ ਕੋਟ ਵਿੱਚ ਕੇਸ ਕਰਕੇ ਅੰਬਾਲਾ ਪੁਲੀਸ ਦੇ ਵਰੰਟ ਕਡਾ ਦਿੱਤੇ ਪਰ ਵਰੰਟ ਅਫਸਰ ਨੂੰ ਪੈਸਾ ਨਾਂ ਮਿਲਣ ਕਰਕੇ ਮੌਕੇ ਤੇ ਕਾਰਵਾਈ ਨਾਂ ਹੋ ਸੱਕੀ ਤੇ ਫਿਰ ਤਾਂ ਪਤਾ ਨਹੀਂ ਕਿੱਥੇ ਕਿਥੇ ਖੇਤਾਂ ਵਿੱਚ ਲੈ ਜਾ ਕੇ ਤਸੀਹੇ ਦਿੰਦੇ ਤੇ ਮਾਨਸਕ ਟਾਰਚਰ ਕਰਦੇ ਰਹੇ?

ਦੇਵਨੇਤ ਨਾਲ ਉਨ੍ਹਾਂ ਦਿਨਾਂ ਵਿੱਚ ਮਨਸਾ ਦੇਵੀ ਦਾ ਮੇਲਾ ਆ ਗਿਆ ਤੇ ਮੈਨੂੰ ਵੀ ਮੇਲੇ ਦੇ ਲਾਗੇ ਉਪਰਲੀ ਪਹਾੜੀ ਤੇ ਲਿਜਾ ਕੇ ਬੇੜੀਆਂ ਵਿੱਚ ਜਕੜ ਦਿੱਤਾ ਗਿਆ। ਕੁਦਰਤੀ ਸੀ ਡੀ ਆਈ ਅਫਸਰ ਜੋ ਸਰਦਾਰ ਸੀ ਇੱਕ ਦਿਨ ਉਸ ਨੇ ਮੈਂਨੂੰ ਓਥੇ ਦੇਖ ਲਿਆ ਜਿਸ ਦੇ ਘਰ ਚੰਡੀਗੜ੍ਹ ਮੈ ਗੁਰਬਾਣੀ ਦਾ ਪਾਠ ਸਿਖਾਉਣ ਜਾਇਆ ਕਰਦਾ ਸੀ ਫਿਰ ਮੈਨੂੰ ਵੀ ਥੱਲੇ ਲਏ ਗਏ ਅਤੇ ਜਿਹੜਾ ਵੀ ਬੁਚੜ ਆਉਂਦਾ ਮੈਨੂੰ ਨੰਗਾ ਕਰਕੇ ਕੁੱਟਦਾ,ਮੇਰੇ ਗਿੱਟੇ, ਗੋਡੇ ਅਤੇ ਮੱਥੇ ਤੇ ਮਾਰਦਾ। ਉਸ ਸਰਦਾਰ ਅਫਸਰ ਨੇ ਕਿਵੇਂ ਨਾਂ ਕਿਵੇਂ ਮੈਨੂੰ ਓਥੋਂ ਜਗਾਧਰੀ ਭੇਜ ਦਿੱਤਾ ਜਿੱਥੇ 15 ਕੁ ਦਿਨ ਬੁਚੜਖਾਨੇ ਵਿੱਚ ਰੱਖਿਆ। ਜਦ ਤਬਦੀਸ਼ ਹੋਈ ਕਿ ਤੈਨੂੰ ਚਿੱਠੀਆਂ ਕਿਸ ਨੇ ਦਿੱਤੀਆਂ ਸਨ ਤਾਂ ਮੈਂ ਸਾਫ ਸਾਫ ਅੰਬਾਲੇ ਦੇ ਸਰਾਦਰ ਡੀ ਐਸ ਪੀ ਦਾ ਨਾਂ ਲੈ ਦਿੱਤਾ ਇਸ ਤੇ ਜਦ ਉਹ ਉਸ ਨਾਲ ਔਖੇ ਭਾਰੇ ਹੋਏ ਤਾਂ ਉਸ ਸਰਦਾਰ ਡੀ ਐਸ ਪੀ ਨੇ ਉਨ੍ਹਾਂ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਗੁਰਸਿੱਖ ਪ੍ਰਚਾਰਕ ਨੂੰ ਨਾਜਾਇਜ ਸ਼ੱਕ ਦੇ ਅਧਾਰ ਤੇ ਚੁੱਕ ਲਿਆਏ ਸੀ ਇਹ ਬੇਕਸੂਰ ਹੈ ਨੂੰ ਛੱਡ ਦਿੱਤਾ ਜਾਵੇ ਤਾਂ ਕਿੱਤੇ ਜਾ ਕੇ ਦਾਸ ਨੂੰ ਚੰਡੀਗੜ੍ਹ ਵਾਪਸ ਛੱਡ ਕੇ ਆਏ। ਪਰ ਉਸ ਵੇਲੇ ਦਾਸ ਦੀ ਹਾਲਤ ਖਰਾਬ ਹੋ ਚੁੱਕੀ ਸੀ ਕਿਉਂਕ ਸਰੀਕ ਜਖਮਾਂ ਦਾ ਇਲਾਜ ਨਹੀਂ ਸੀ ਹੋਇਆ ਅਤੇ ਨਾਂ ਹੀ ਕੋਈ ਡਾਕਟਰ ਡਰਦਾ ਕਰਦਾ ਸੀ। ਫਿਰ ਮੈਨੂੰ ਕਿਸੇ ਸਿਆਣੇ ਬਜੁਰਗ ਨੇ ਕਿਹਾ ਕਾਕਾ ਤੇਰੇ ਅੰਦਰੂੰਨੀ ਸੱਟਾਂ ਹਨ ਤੂੰ ਦੁੱਧ ਵਿੱਚ ਹਲਦੀ ਪਾ ਕੇ ਪੀ, ਠੀਕ ਹੋ ਜਾਂਵੇਗਾ, ਦਾਸ ਨੇ ਐਸਾ ਹੀ ਕੀਤਾ ਤਾਂ ਕਾਫੀ ਅਰਾਮ ਆ ਗਿਆ। ਚੰਡੀਗੜ੍ਹ ਪੁਲੀਸ ਫਿਰ ਵੀ ਤੰਗ ਕਰਦੀ ਰਹਿੰਦੀ ਸੀ ਇਸ ਲਈ ਫਿਰ ਦਾਸ ਚੰਡੀਗੜ ਛੱਡ ਕੇ ਲੁਧਿਆਣੇ ਅਤੇ ਫਿਰ ਬਾਜਪੁਰ (ਯੂ ਪੀ) ਵਿਖੇ ਆਪਣੀ ਭੈਣ ਕੋਲ ਚਲਾ ਗਿਆ ਓਥੇ ਕਾਫੀ ਦੇਰ ਰਿਹਾ ਜਦ ਪੰਜਾਬ ਵਿੱਚ ਕੁਝ ਸੁਖਸ਼ਾਂਤੀ ਹੋਈ ਤਾਂ ਮੋਹਾਲੀ ਆ ਗਿਆ। ਇੱਥੋਂ ਹੀ ਪ੍ਰਚਾਰਕ ਦੇ ਤੌਰ ਤੇ ਦਾਸ ਦਾ ਬਾਹਰ ਦਾ ਵੀਜਾ ਲੱਗ ਗਿਆ ਤਦ 1994 ਤੋਂ ਹੀ ਦਾਸ ਬਾਹਰ ਹੈ ਅਤੇ ਹੁਣ ਅਮਰੀਕਾ ਦਾ ਸਿਟੀਜਨ ਹੈ ਅਤੇ ਭਾਰਤ ਵੀ ਆਪਣੇ ਬਿਰਦ ਮਾਂ ਬਾਪ ਅਤੇ ਭੈਣ ਰਾਵਾਂ ਨੂੰ ਮਿਲਣ ਆਂਦਾ ਜਾਂਦਾ ਰਹਿੰਦਾ ਹੈ।

ਦਾਸ ਦਾ ਅਮਰੀਕਾ ਵਿਖੇ ਹੀ ਨਵੰਬਰ 1997 ਵਿੱਚ ਭਿਆਨਕ ਐਕਸੀਡੈਂਟ ਹੋ ਗਿਆ ਜਿਸ ਤੇ ਕੁਝ ਸਮਾਂ ਕੋਮੇ ਵਿੱਚ ਰਹਿਣ ਤੋਂ ਬਾਅਦ ਲੰਬਾ ਸਮਾਂ ਯੂ ਸੀ ਡੇਵਡ ਹਸਪਤਾਲ ਵਿਖੇ ਜੇਰੇ ਇਲਾਜ ਰਿਹਣਾ ਪਿਆ। ਪੂਰੇ ਦੋ ਸਾਲ ਲੱਤਾਂ ਨਹੀਂ ਚੱਲੀਆਂ, ਚੂਲੇ ਟੁੱਟ ਗਏ ਸੀ, ਇਸ ਲਈ ਪਿਸ਼ਾਪ ਤੇ ਟੱਟੀ ਵਾਲੀ ਥੈਲੀ ਬਲੈਡਰ ਲੰਬਾ ਸਮਾਂ ਲੱਗਾ ਰਿਹਾ। ਐਕਸੀਡੈਂਟ ਸਮੇਂ ਦਾਸ ਗੁਰਦੁਆਰਾ ਬਰਾਡਸ਼ਾਹ ਸੈਕਰਾਮੈਂਟੋ ਵਿਖੇ ਬਤੌਰ ਹੈੱਡ ਗ੍ਰੰਥੀ ਸੇਵਾ ਕਰਦਾ ਸੀ ਪਰ ਲੰਬਾ ਸਮਾਂ ਹਸਪਤਾਲ ਅਤੇ ਵੱਖ ਵੱਖ ਨਰਸਿੰਗਹੋਮਾਂ ਵਿੱਚ ਰਹਿਣਾ ਪਿਆ ਤੇ ਮੇਰੇ ਤੋਂ ਬਾਅਦ ਮੁਖਤਿਆਰ ਸਿੰਘ ਮੁੱਖੀ ਸੰਪ੍ਰਦਾਈ ਨੂੰ ਪ੍ਰਬੰਧਕਾਂ ਨੂੰ ਅਕਾਲ ਤਖਤ ਦੀ ਮਰਯਾਦਾ ਦੀ ਪਾਲਣਾ ਦਾ ਪ੍ਰਣ ਦੇਣ ਕਰਕੇ ਗ੍ਰੰਥੀ ਰੱਖ ਲਿਆ ਜੋ ਬਾਅਦ ਵਿੱਚ ਕਮੇਟੀ ਵਿੱਚ ਫੁੱਟ ਪਾ ਕੇ ਚਲਦਾ ਬਣਿਆਂ।

ਕਾਊਂਟੀ ਦਾਸ ਨੂੰ ਦੋ ਸਾਲ ਐਸ ਐਸ ਆਈ ਡਿਸਬਿਲਟੀ ਤੇ ਮੈਡੀਕਲ ਵੀ ਦਿੰਦੀ ਰਹੀ ਪਰ ਜਦ ਦਾਸ ਲੰਬੇ ਇਲਾਜ ਤੋਂ ਬਾਅਦ ਕੁਝ ਠੀਕ ਹੋ ਗਿਆ ਤਾਂ ਪਾਰਟ ਟਾਈਮ ਸਕਿਉਰਟੀ ਦੀ ਜਾਬ ਤੇ ਲੱਗ ਗਿਆ ਤੇ ਡਿਸਬਿਲਟੀ ਬੰਦ ਕਰਵਾ ਦਿੱਤੀ ਤਾਂ ਸਕਿਉਰਟੀ ਜਾਬ ਨਾਲ ਕਰਾਇਆ ਤੇ ਖਰਚਾ ਵੀ ਪੂਰਾ ਨਹੀਂ ਸੀ ਹੁੰਦਾ ਇਸ ਲਈ ਦਾਸ ਦੇ ਉਸ ਵੇਲੇ ਦੇ ਮਿੱਤਰ ਭਾਈ ਰਾਜਿੰਦਰ ਸਿੰਘ ਨੇ ਟੈਕਸੀ ਦੀ ਜਾਬ ਦਿਵਾ ਦਿੱਤੀ ਤੇ ਦਾਸ ਹੁਣ ਆਪਣੀ ਪੀਪਲ ਕੈਬ ਚਲਾ ਕੇ ਗੁਜਾਰਾ ਕਰ ਰਿਹਾ ਹੈ ਤੇ ਨਾਲ ਨਾਲ ਐਤਵਾਰ ਨੂੰ ਗੁਰਦੁਆਰਿਆਂ ਵਿੱਚ ਗੁਰਮਤਿ ਲਿਟ੍ਰੇਚਰ ਦੀ ਸਟਾਲ ਵੀ ਲਾਉਂਦਾ ਹੈ, ਕਦੇ ਕਦੇ ਕਥਾ ਵੀ ਕਰਦਾ ਅਤੇ ਰੇਡੀਓ ਚੜ੍ਹਦੀ ਕਲ੍ਹਾ ਅਤੇ ਹਮਸਫਰ ਤੇ ਟਾਕਸ਼ੋਅ ਵਿੱਚ ਹਿੱਸਾ ਵੀ ਲੈਂਦਾ ਹੈ। ਲਿਖਣ ਦਾ ਵੀ ਸ਼ੌੰਕ ਹੈ ਇਸ ਲਈ ਹਰ ਵੀਕ ਗੁਰਮਿਤ ਦੇ ਕਿਸੇ ਨਾਂ ਕਿਸੇ ਵਿਸ਼ੇ ਤੇ ਲੇਖ ਲਿਖਦਾ ਆ ਰਿਹਾ ਹੈ।

ਪਾਠਕਾਂ ਦੀ ਮੰਗ ਤੇ ਦਾਸ ਨੇ ਤਿੰਨ ਸਾਲ ਪਹਿਲੇ ਇੱਕ ਪੁਸਤਕ “ਕਰਮਕਾਂਡਾਂ ਦੀ ਸ਼ਾਤੀ ਵਿੱਚ ਗੁਰਮਿਤ ਦੇ ਤਿੱਖੇ ਤੀਰ” ਵੀ ਛਪਵਾਈ ਹੈ ਅਤੇ ਇੱਕ ਹੋਰ ਛਪਣ ਲਈ ਤਿਆਰ ਹੈ। ਇਹ ਹੀ ਪੁਸਤਕ ਦਾਸ ਅਤੇ ਦਾਸ ਦੀ ਸਿੰਘਣੀ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਸ਼ਹੀਦ ਸ੍ਰ. ਖਾਲੜਾ ਪ੍ਰਵਾਰ ਦੀ ਬੇਟੀ, ਬੀਬੀ ਨਵਕਿਰਨ ਕੌਰ ਖਾਲੜਾ ਨੂੰ ਗੁਰਦੁਆਰਾ ਹੇਵਰਡ ਵਿਖੇ ਸਤਿਕਾਰ ਸਹਿਤ ਭੇਟ ਕੀਤੀ ਅਤੇ ਆਪਣੇ 1984 ਵੇਲੇ ਦੇ ਵਾਪਰੇ ਤੇ ਹੰਡਾਏ ਦੁੱਖਦਾਈ ਪਲ ਵੀ ਇੱਕ ਇੰਟ੍ਰਵਿਊ ਵਿੱਚ ਰੀਕਾਰਡ ਕਰਵਾਏ। ਖਾਲੜਾ ਪ੍ਰਵਾਰ ਦੀ ਹਿਉਮਨ ਰਾਈਟਸ ਲਈ ਬਹੁਤ ਵੱਡੀ ਕੁਰਬਾਨੀ ਹੈ ਜਿਸ ਦਾ ਸਿੱਖ ਪੰਥ ਦਸਾ ਹੀ ਰਿਣੀ ਰਹੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top