Share on Facebook

Main News Page

ਮੱਕੜ ਸਾਬ ਸਬਕ ਤਾਂ ਬਹੁਤ ਲੋਕਾਂ ਨੂੰ ਸਿੱਖਣ ਦੀ ਲੋੜ ਐ
-: ਜਗਪਾਲ ਸਿੰਘ ਸਰੀ

ਕੁੱਝ ਦਿਨ ਪਹਿਲਾਂ ਇਕ ਨੌਜੁਆਨ ਨੇ ਬਾਬੇ ਬਾਦਲ 'ਤੇ ਜੁਤੀ ਕੀ ਸੁਟ ਦਿੱਤੀ, ਬੱਸ ਪੰਜਾਬ ਦੀ ਸਿਆਸਤ ਵਿੱਚ ਇਕ ਭੂਚਾਲ ਆ ਗਿਆ । ਕੋਈ ਕਹਿੰਦਾ ਇਹ ਜੁੱਤੀ ਆਪ ਪਾਰਟੀ ਦੇ ਲੋਕਾਂ ਨੇ ਸੁਟਵਾਈ, ਕੋਈ ਕਹਿੰਦਾ ਇਹ ਜੁੱਤੀ ਮਾਰਨਾ ਬਹੁਤ ਹੀ ਮੰਦਭਾਗਾ ਹੈ । ਅੱਜ ਪੰਜਾਬ ਦੇ ਕੁਝ ਵੱਡੇ ਵੱਡੇ ਲੀਡਰਾਂ, ਜਿਵੇਂ ਕੈਪਟਨ ਸਾਬ, ਬਾਜਵਾ ਸਾਬ ਤੇ ਹੋਰ ਕਈ ਲੋਕਾਂ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ । ਬਾਬੇ ਬਾਦਲ ਤੇ ਇਕ ਬੇਰੋਜਗਾਰੀ ਤੋਂ ਤੰਗ ਨੌਜੁਆਨ ਨੇ ਜੁੱਤੀ ਸੁੱਟ ਕੇ ਕੋਈ ਜੁਰਮ ਨਹੀਂ ਕੀਤਾ, ਸਗੋਂ ਬਾਬੇ ਬਾਦਲ ਨੂੰ ਆਪਣਾ ਰੋਣਾ ਰੋਇਆ ਐ, ਅਸੀਂ ਭੁੱਖ, ਨਸ਼ਿਆਂ ਤੇ ਕੈਂਸਰ ਨਾਲ ਮਰ ਰਹੇ ਹਾਂ । ਬਾਬਾ ਜੀ ਜਾਗੋ, ਅੱਜ ਤੱਕ ਤੁਸੀਂ ਝੂਠ ਬੋਲ ਕੇ ਸਾਡੇ ਤੋਂ ਬਹੁਤ ਵੋਟਾਂ ਲਈਆਂ ਹਨ । ਕਿਰਪਾ ਕਰਕੇ ਸਾਡੇ 'ਤੇ ਤਰਸ ਕਰੋ, ਸਾਡੀ ਵੀ ਸਾਰ ਲਵੋ। ਉਸ ਵੀਰ ਨੂੰ ਜੋ ਮਾਧਿਅਮ ਮਿਲਿਆ ਬਾਬੇ ਬਾਦਲ ਤੱਕ ਸੁਨੇਹਾਂ ਪਹੁਚਾਉਣ ਦਾ, ਉਸ ਨੇ ਵਰਤ ਲਿਆ ।

ਜੋ ਲੋਕ ਇਸ ਘਟਨਾਂ ਨੂੰ ਮੰਦਭਾਗਾ ਦੱਸ ਰਹੇ ਹਨ, ਉਸ ਵੇਲੇ ਉਹਨਾਂ ਦੀ ਜ਼ੁਬਾਨ ਨੂੰ ਕੀ ਹੋ ਜਾਂਦਾ ਹੈ, ਜੋ ਅਧਿਆਪਕ ਆਪਣੇ ਹੱਕਾਂ ਲਈ ਰੋਸ ਕਰਦੇ ਹਨ, ਤੇ ਉਹਨਾਂ ਤੇ ਅੰਨਵਾਹ ਡਾਂਗਾਂ ਦਾ ਮੀਂਹ ਵਰ੍ਹਾਇਆ ਜਾਂਦਾ ਹੈ । ਉਸ ਵਕਤ ਕੋਈ ਕਿਉਂ ਨਹੀਂ ਕਹਿੰਦਾ ਕਿ ਇਹ ਮੰਦਭਾਗਾ ਹੈ । ਬਾਬੇ ਬਾਦਲ ਦੇ ਕਿੰਨੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਰੋਸ ਕਰਨ ਵਾਲਿਆਂ ਅਧਿਆਪਕਾਂ 'ਤੇ ਡਾਂਗਾਂ ਦਾ ਮੀਂਹ ਵਰਿਆ । ਬਾਬੇ ਬਾਦਲ ਦੇ ਇਕ ਸਰਪੰਚ ਨੇ ਇਕ ਬੀਬੀ ਦੇ ਸ਼ਰੇਆਮ ਥੱਪੜ ਮਾਰੇ, ਉਸ ਵਕਤ ਇਹ ਮੰਦਭਾਗਾ ਦੱਸਣ ਵਾਲੇ ਕਿਸ ਖੁੱਡ ਵਿੱਚ ਲੁਕੇ ਹੋਏ ਸਨ । ਮਗਰ ਮੈਨੂੰ ਸਭ ਤੋਂ ਵੱਧ ਹੈਰਾਨੀ ਉਸ ਵਕਤ ਹੋਈ ਜਦੋ ਬਾਬੇ ਬਾਦਲ ਦੇ ਵਫ਼ਾਦਾਰ, ਇਮਾਨਦਾਰ, ਅਣਥੱਕ ਯੋਧੇ, ਤੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਤੇ ਬਾਬੇ ਬਾਦਲ ਦੇ ਲਿਫਾਏ ਵਿਚੋਂ ਨਿਕਲੇ ਪ੍ਰਧਾਨ ਸਾਬ ਅਵਤਾਰ ਸਿੰਹੁ ਮੱਕੜ ਜੀ ਨੇ ਬਿਆਨ ਦਿੱਤਾ ਕਿ ਬਾਬਾ ਬਾਦਲ ਬੇਸ਼ੱਕ ਉਸ ਨੌਜੁਆਨ ਨੂੰ ਮੁਆਫ ਕਰ ਦੇਵੇ, ਪਰ ਉਸ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ

ਪ੍ਰਧਾਨ ਸਾਬ ਬਿਆਨ ਦੇਣ ਤੋਂ ਪਹਿਲਾਂ ਜੇ ਤੁਸੀਂ ਬਾਬੇ ਬਾਦਲ ਦਾ ਇਤਿਹਾਸਕ ਪਿਛੋਕੜ ਦੇਖ ਲੈਣਾ ਸੀ । ਮੱਕੜ ਸਾਬ ਬਾਬੇ ਬਾਦਲ ਦੇ ਤਾਂ ਚੱਟੇ ਰੁੱਖ ਕਈ ਸਦੀਆਂ ਨਹੀਂ, ਯੁਗਾਂ ਤੱਕ ਨਹੀਂ ਹਰੇ ਹੋਣੇ ਤੇ ਫਿਰ ਇਸ ਇਕ ਆਮ ਨੌਜੁਆਨ ਨੂੰ ਬਾਬੇ ਬਾਦਲ ਨੇ ਕਿਥੇ ਬਖਸ਼ਣਾ । ਮੱਕੜ ਸਾਬ ਮੈਨੂੰ ਲਗਦਾ ਤੁਸੀਂ ਬਿਆਨ ਕੁਝ ਜਲਦਬਾਜ਼ੀ ਵਿੱਚ ਦੇ ਦਿੱਤਾ । ਚਲੋ ਆ ਜਾਵੋ ਮੱਕੜ ਸਾਬ, ਆਪਾਂ ਬਾਬੇ ਬਾਦਲ ਦੇ ਇਤਿਹਾਸ 'ਤੇ ਨਿਗ੍ਹਾ ਮਾਰੀਏ, ਫਿਰ ਦੱਸਣਾ ਸਬਕ ਕਿਸ ਨੂੰ ਤੇ ਕੀ ਨੂੰ ਸਿਖਾਉਣਾ ਦੀ ਲੋੜ ਐ ।

ਮੱਕੜ ਸਾਬ ਸਭ ਤੋਂ ਪਹਿਲਾਂ ਆਪਾਂ ਬਾਬੇ ਬਾਦਲ ਦੇ ਰਿਸ਼ਤੇਦਾਰ ਬਲਦੇਵ ਸਿੰਘ ਤੋਂ ਗੱਲ ਸੁਰੂ ਕਰਦੇ ਹਾਂ । ਅੰਗਰੇਜ, ਬਲਦੇਵ ਸਿੰਘ ਨੂੰ ਕਹਿੰਦੇ ਰਹੇ ਅਸੀਂ ਤੁਹਾਡਾ ਰਾਜ ਦਰਬਾਰੇ ਖਾਲਸਾ ਆਪਣੇ ਅਧੀਨ ਤੇਜਾ ਸਿੰਹੁ, ਲਾਲ ਸਿੰਹੁ ਆਦਿ ਦੀ ਗੱਦਾਰੀ ਨਾਲ ਜਿੱਤਿਆ ਸੀ । ਤੁਸੀਂ ਸਾਨੂੰ ਇੱਕ ਵਾਰ ਲਿਖ ਕੇ ਦੇਵੋ ਅਸੀਂ ਤੁਹਾਡਾ ਰਾਜ ਭਾਗ ਦਰਬਾਰੇ ਖਾਲਸਾ ਵਾਪਸ ਕਰਨ ਨੂੰ ਤਿਆਰ ਹਾਂ । ਮਗਰ ਤੁਸੀਂ ਇਸ ਗੱਲ ਦੀ ਭਾਫ ਕਿਸੇ ਕੋਲ ਨਹੀਂ ਕੱਢਣੀ, ਅੰਗਰੇਜ ਬਲਦੇਵ ਸਿੰਘ ਨੂੰ ਕਹਿੰਦੇ ਵੀ ਰਹੇ, ਤੁਸੀਂ ਪੰਡਿਤ ਨਹਿਰੂ 'ਤੇ ਭਰੋਸਾ ਕਰਕੇ ਅੰਤ ਨੂੰ ਰੋਵੋਗੇ । ਮਗਰ ਬਲਦੇਵ ਸਿੰਘ ਜੀ ਨੂੰ ਤਾਂ ਆਪਣੀਆਂ ਬਿਹਾਰ ਵਾਲੀਆਂ ਫੈਕਟਰੀਆਂ ਤੋਂ ਵੱਧ ਕੁੱਝ ਪਿਆਰਾ ਨਹੀਂ ਸੀ, ਬਲਦੇਵ ਸਿੰਘ ਨੇ ਜਦੋਂ ਸਾਰੀ ਗੱਲ ਬਾਤ ਪੰਡਿਤ ਨਹਿਰੂ ਨੂੰ ਦੱਸੀ, ਤਾਂ ਅਗੋਂ ਪੰਡਿਤ ਜੀ ਬਲਦੇਵ ਸਿੰਘ ਨੂੰ ਜੱਫੀ ਪਾ ਕੇ ਕਹਿਣ ਲੱਗੇ अरे बलदेव सिंह जी हम लोग तों भाई भाई हें इहं अंग्रेजो की बातो मै मत आना । ਬਲਦੇਵ ਸਿੰਘ ਅੰਗਰੇਜਾਂ ਦੀਆਂ ਗੱਲਾਂ ਵਿੱਚ ਤਾਂ ਨਹੀਂ ਆਇਆ, ਮਗਰ ਪੰਡਿਤ ਨਹਿਰੂ ਦੀਆਂ ਗੱਲਾਂ ਵਿੱਚ ਆ ਗਿਆ । ਆਪਣੇ ਅੰਤ ਵੇਲੇ ਬਲਦੇਵ ਸਿੰਘ ਇਕ ਹੀ ਕਹਿੰਦਾ ਮਰ ਗਿਆ ਜੋ ਮੈਂ ਧੋਖਾ ਸਿੱਖ ਕੌਮ ਨਾਲ ਕੀਤਾ, ਮੌਨੂੰ ਕੀਤੇ ਵੀ ਢੋਈ ਨਹੀਂ ਮਿਲਣੀ । ਮੱਕੜ ਸਾਬ ਤੁਹਾਨੂੰ ਪਤਾ ਹੀ ਹੋਣਾ ਬਲਦੇਵ ਸਿੰਘ ਬਾਬੇ ਬਾਦਲ ਦਾ ਰਿਸਤੇ ਵਿੱਚ ਫੁਫੜ ਲਗਦਾ । ਇਸ ਘਟਨਾ ਨੂੰ ਮੁੱਖ ਰੱਖ ਕੇ ਤੁਸੀਂ ਕਦੇ ਨਹੀਂ ਕਹਿਆ ਕਿ ਬਾਬੇ ਬਾਦਲ ਦੇ ਵੱਡਿਆਂ ਨੇ ਸਿੱਖ ਕੌਮ ਨਾਲ ਗੱਦਾਰੀ ਕੀਤੀ, ਇਸ ਕਰਕੇ ਸਿੱਖ ਕੌਮ ਨੂੰ ਬਾਬੇ ਬਾਦਲ ਨੂੰ ਸਬਕ ਸਿਖਾਉਣਾ ਚਾਹੀਦਾ ਹੈ ।

ਮੱਕੜ ਸਾਬ ਆਜੋ ਹੁਣ ਨਿਰੰਕਾਰੀ ਕਾਂਡ ਦੀ ਗੱਲ ਕਰੀਏ ।।

੧੯੭੮ ਵਿੱਚ ਬਾਬੇ ਬਾਦਲ ਦੀ ਹੀ ਸਰਕਾਰ ਸੀ, ਜਦੋ ਅੰਮ੍ਰਿਤਸਰ ਦੀ ਧਰਤੀ 'ਤੇ ਬਾਬੇ ਬਾਦਲ ਦੀ ਸ਼ਹਿ ਪ੍ਰਪਾਤ ਨਿਰੰਕਾਰੀ ਕਾਂਡ ਹੋਇਆ । ਖਾਲਸੇ ਦੇ ਜਨਮ ਦਿਨ ਤੇ ੧੩ ਬੇਕਸੂਰ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰ ਰਹੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਗਈ । ਬਾਬੇ ਬਾਦਲ ਨੇ ਸਰਕਾਰੀ ਗੱਡੀ ਦੀ ਵਰਤੋਂ ਕਰਕੇ ਇਸ ਕਾਂਡ ਦੇ ਮੁੱਖ ਦੋਸ਼ੀ ਨੂੰ ਰਾਤੋਂ ਰਾਤ ਦਿੱਲੀ ਪਹੁੰਚਾਉਣ ਦਾ ਵੱਡਾ ਪੁੰਨ ਕਰਮ ਕੀਤਾ । ਪੰਜਾਬ ਦੀ ਅਦਾਲਤ ਤੋਂ ਆਪਣਾ ਕੇਸ ਕਰਨਾਲ ਦੀ ਅਦਾਲਤ ਵਿੱਚ ਲੈ ਗਏ, ਨਾਲੇ ਤਾਂ ਉਹਨਾਂ ਖੂਨ ਦੀ ਹੋਲੀ ਖੇਡੀ, ਨਾਲੇ ਕਹਿੰਦੇ ਸਾਨੂੰ ਪੰਜਾਬ ਅੰਦਰ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ, ਸਾਡਾ ਕੇਸ ਪੰਜਾਬ ਤੋਂ ਬਾਹਰ ਕਿਸੇ ਅਦਾਲਤ ਵਿੱਚ ਬਦਲ ਦਿੱਤਾ ਜਾਵੇ । ਹੁਣ ਭਾਈ ਬਾਬੇ ਬਾਦਲ ਦਾ ਪੂਰਾ ਮੇਹਰ ਭਰਿਆ ਹੱਥ ਨਿਰੰਕਾਰੀਆਂ 'ਤੇ ਸੀ, ਕੌਣ ਮਾਈ ਦਾ ਲਾਲ ਰੋਕੇ, ਜੋ ਇਸ ਕੇਸ ਨੂੰ ਪੰਜਾਬ ਤੋਂ ਬਾਹਰ ਬਦਲਣ ਤੋਂ ਰੋਕ ਸਕਦਾ । ਕੇਸ ਕਰਨਾਲ ਦੀ ਅਦਾਲਤ ਵਿੱਚ ਗਿਆ, ਹੁਣ ਬਾਬੇ ਬਾਦਲ ਦੀ ਮੇਹਰ ਸਦਕਾ, ਨਿਰੰਕਾਰੀ ੧੯੮੨ ਨੂੰ ਬਾਇੱਜ਼ਤ ਬਰੀ ਹੋਏ ਤੇ ਬਾਹਰ ਆ ਗਏ । ਹੁਣ ਬਾਬੇ ਬਾਦਲ ਦਾ ਫਰਜ ਬਣਦਾ ਸੀ, ਇਸ ਕੇਸ ਦੇ ਸੰਬਧ ਵਿੱਚ ਸੁਪ੍ਰੀਮ ਕੋਰਟ ਵਿੱਚ ਅਪੀਲ ਕਰਦਾ, ਇੱਕ ਮਹੀਨੇ ਦੇ ਅੰਦਰ ਅੰਦਰ ਇਹ ਅਪੀਲ ਕਰਨੀ ਸੀ । ਹੁਣ ਜਿੰਨਾ 'ਤੇ ਬਾਬੇ ਬਾਦਲ ਨੇ ਆਪ ਮੇਹਰ ਭਰਿਆ ਹੱਥ ਰਖਿਆ ਹੋਵੇ, ਹੁਣ ਉਹਨਾਂ ਦੇ ਖਿਲਾਫ਼ ਕਿਵੇਂ ਅਪੀਲ ਹੋ ਸਕਦੀ, ਮਗਰ ਬਾਬੇ ਬਾਦਲ ਦੀ ਮਹਾਨ ਕੁਰਬਾਨੀ ਇਸ ਫਾਇਲ ਦਾ ਇਕ ਮਹੀਨਾ ਧੁਆਂ ਹੀ ਨਹੀਂ ਨਿਕਲਣ ਦਿੱਤਾ । ਬੱਸ ਫਿਰ ਕੀ ਸੀ ਮਿਲ ਗਿਆ ਸਿੱਖਾਂ ਨੂੰ ਇਨਸਾਫ਼, ਮੱਕੜ ਸਾਬ ਇਸ ਬਾਰੇ ਤੁਸੀਂ ਕਦੇ ਨਹੀਂ ਕਹਿਆ ਕਿ ਬਾਬੇ ਬਾਦਲ ਨੂੰ ਸਬਕ ਸਿਖਾਉਣਾ ਚਾਹੀਦਾ ।

ਮੱਕੜ ਸਾਬ ਆਪ ਜੀ ਨੂੰ ਪਤਾ ਹੀ ਹੋਣਾ ਜਦੋਂ ੧੯੮੪ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਉਸ ਵਕਤ ਅੰਮ੍ਰਿਤਸਰ ਦੇ ਪੁਲਿਸ ਮੁਖੀ ਨੇ ਇਸ ਹਮਲੇ ਦੀ ਆਗਿਆ ਦੇਣ ਤੋ ਮਨ੍ਹਾ ਕਰ ਦਿੱਤਾ ਸੀ । ਬੱਸ ਫਿਰ ਕੀ ਸੀ ਬਾਬੇ ਬਾਦਲ ਦੀ ਵਫਾਦਾਰੀ ਤੇ ਅਗਲਿਆਂ ਨੂੰ ਕਹਿੜਾ ਕੋਈ ਸ਼ੱਕ ਸੀ, ਲਭ ਲਿਆਂਦਾ ਬਾਬੇ ਬਾਦਲ ਦਾ ਰਿਸਤੇਦਾਰ ਲਗਾਤਾ ਰਾਤੋ ਰਾਤ ਅਮ੍ਰਿਤਸਰ ਦਾ ਪੁਲਿਸ ਮੁਖੀ ਬੱਸ ਫਿਰ ਕੀ ਸੀ ਹਮਲੇ ਦੀ ਆਗਿਆ ਵਿੱਚ ਸਿਰਫ ਇਕ ਮਿੰਟ ਲੱਗਾ । ਇਸ ਬਾਰੇ ਤੁਸੀਂ ਕਦੇ ਨਹੀ ਕਹਿਆ ਸਬਕ ਸਿਖਾਉਣਾ ਚਾਹੀਦਾ ।

ਅਨੇਕਾਂ ਨਿਰਦੋਸ਼ ਸਿੱਖ ਨੌਜੁਆਨਾਂ ਦਾ ਕਾਤਲ ਸੁਮੇਧ ਸੈਣੀ ਪੁਲਿਸ ਮੁਖੀ ਲਗਾ ਦਿੱਤਾ, ਹੁਣ ਹਰਿਆਣੇ ਦੇ ਸਿੱਖਾਂ ਨੂੰ ਤੁਹਾਡੇ ਵਲੋਂ ਕੀਤੇ ਕੰਮਾਂ ਤੋਂ ਨਾ ਖੁਸ਼ ਹੋ ਕੇ ਸਿੱਖੀ ਦੀ ਵਖਰੀ ਹਸਤੀ ਲਈ ਆਪਣੀ ਵਖਰੀ ਕਮੇਟੀ ਦਾ ਐਲਾਨ ਕੀ ਕੀਤਾ, ਬਾਬੇ ਬਾਦਲ ਨੂੰ ਤਾਂ ਦਿਲ ਦਾ ਦੌਰਾ ਹੀ ਪੈ ਗਿਆ । ਤੁਸੀਂ ਇਕ ਵਫਦਾਰ ਸਿਪਾਹੀ ਵਾਂਗ ਬਾਬੇ ਬਾਦਲ ਦੀ ਹਾਂ ਵਿੱਚ ਹਾਂ ਮਿਲਾ ਕੇ, ਆਪਣੀ ਗੁੰਡਾ ਬਰਗੇਡ ਜਿਸ ਦੇ ਤੁਸੀਂ ਸੇਨਾਪਤੀ ਹੋ, ਉਹ ਗੁਰਦਵਾਰਿਆਂ 'ਤੇ ਕਬਜ਼ੇ ਕਰਨ ਲਈ ਹਰਿਆਣੇ ਭੇਜ ਦਿੱਤੀ । ਅਗੋ ਨਾ ਪਿਛੋ ਆਪਣੇ ਆਪ ਨੂੰ ਗੁਰੂ ਕੀ ਲਾਡਲੀ ਫੌਜ ਅਖਵਾਉਣ ਵਾਲੇ ਜਿੰਨਾ ਦਾ ਕੰਮ ਸਿਰਫ ਭੰਗ ਪੀਣਾ ਧੱਕੇ ਨਾਲ ਮੁਫਤ ਬੱਸਾਂ ਵਿੱਚ ਸਫਰ ਕਰਨਾਂ, ਭਾਵ ਨੀਲੇ ਬਾਣੇ ਨੂੰ ਲਾਜ ਲਾਉਣ ਵਾਲੇ ਨਿਹੰਗ ਸਿੰਘ ਭੇਜ ਦਿੱਤੇ । ਕਿਸ ਲਈ ਸਿਰਫ ਭਰਾ ਮਾਰੂ ਜੰਗ ਲਈ । ਇਸ ਬਾਰੇ ਤੁਸੀਂ ਕਦੇ ਨਹੀਂ ਕਹਿਆ ਸਾਨੂੰ ਸਬਕ ਸਿਖਾਉਣ ਸਿੱਖ ।

ਮੱਕੜ ਸਾਬ ਤੁਸੀਂ ਗੁਰੂ ਘਰ ਦੀ ਗੋਲਕ ਦਾ ੩ ਕਰੋੜ ਰੁਪਇਆ ਆਪਣੀਆਂ ਕਾਰਾਂ ਵਿੱਚ ਫੂਕ ਦਿੱਤਾ, ਕੋਈ ਤੁਹਾਡੇ ਵਲੋ ਕੰਮ ਕੀਤਾ, ਤਾਂ ਨਜਰ ਨਹੀਂ ਆਇਆ । ਤੁਸੀਂ ਇਕ ਬਿਆਨ ਵਿੱਚ ਕਿਸੇ ਨੂੰ ਗਾਲਾਂ ਕਢ ਰਹੇ ਹੋ, ਤੇ ਕਹਿ ਰਹੇ ਹੋ ਮੈਂ ਤਾਂ ਪ੍ਰਧਾਨ ਹਾਂ, ਮੈਂ ਤਾਂ ਕੋਈ ਸਿੱਖੀ ਲਈ ਕੰਮ ਕੀਤਾ ਹੋਣਾ । ਜੇਕਰ ਤੁਸੀਂ ਕੋਈ ਸਿੱਖੀ ਲਈ ਕੰਮ ਕੀਤਾ ਹੁੰਦਾ, ਤਾਂ ਤੁਹਾਡਾ ਆਪਣਾ ਪੁਤਰ ਸ਼ਰਾਬ ਪੀਣ ਕਰਕੇ ਅਕਾਲ ਚਲਾਨਾ ਕਰ ਗਿਆ । ਮੱਕੜ ਸਾਬ ਜੇ ਤੁਸੀਂ ਕੋਈ ਸਿੱਖੀ ਲਈ ਕੰਮ ਕੀਤਾ ਹੁੰਦਾ, ਤਾਂ ਜਿਆਦਾ ਨਹੀਂ ਤਾਂ ਥੋੜਾ, ਤੁਹਾਡੇ ਆਪਣੇ ਪੁਤਰ 'ਤੇ ਅਸਰ ਹੁੰਦਾ, ਉਸ ਨੂੰ ਨਸ਼ੇ ਕਰਕੇ ਇਹ ਆਪਣੀ ਜਾਨ ਨਾਂ ਗੁਆਉਣੀ ਪੈਂਦੀ । ਤੁਸੀਂ ਤਾਂ ਇਕ ਪਿਤਾ ਦਾ ਫਰਜ ਵੀ ਨਹੀਂ ਪੂਰਾ ਕਰ ਸਕੇ, ਕੀ ਆਪਣੇ ਪੁੱਤਰ ਨੂੰ ਨਸ਼ੇ ਕਰਨ ਤੋਂ ਰੋਕ ਲੇਂਦੇ । ਹੁਣ ਬਾਬੇ ਬਾਦਲ ਨੇ ਪੰਜਾਬ ਅੰਦਰ ੯ ਸ਼ਰਾਬ ਦੀਆਂ ਫੈਕਟਰੀਆਂ ਲਗਾ ਰਹਿਆ । ਇਸ ਬਾਰੇ ਤੁਸੀਂ ਕਦੇ ਨਹੀਂ ਕਹਿਆ ਕਿ ਬਾਬੇ ਬਾਦਲ ਨੂੰ ਸਬਕ ਸਿਖਾਉਣਾ ਚਾਹੀਦਾ ।

ਮੱਕੜ ਸਾਬ ਬਾਬੇ ਬਾਦਲ ਦੇ ਲਾਡਲੇ ਪੁਤਰ ਸੁਖਬੀਰ ਬਾਦਲ ਦੇ ਲਾਡਲੇ ਸਾਲਾ ਸਾਬ 'ਤੇ ਨਸ਼ਿਆਂ ਬਾਰੇ ਕਈ ਇਲਜ਼ਾਮ ਲੱਗੇ । ਗੁਰਦਾਸਪੁਰ ਵਿੱਚ ਸ਼ਹੀਦ ਹੋਏ ਭਾਈ ਜਸਪਾਲ ਸਿੰਘ ਦੇ ਦੋਸ਼ੀ ਪੁਲਿਸ ਅਫਸਰ ਨੂੰ ਕੋਈ ਸਜਾ ਨਹੀਂ ਮਿਲੀ । ਪੰਜਾਬ ਦੇ ਨੌਜੁਆਨ ਨਸ਼ੇ ਨਾਲ ਮਰ ਰਹੇ ਹਨ, ਸਾਧ ਦਿਨ ਰਾਤ ਸਿੱਖੀ ਦਾ ਤੇ ਸਿੱਖੀ ਵਿਚਾਰਧਾਰਾ ਦਾ ਬਲਾਤਕਾਰ ਕਰ ਰਹੇ ਨੇ, ਸੌਦੇ ਸਾਧ ਨੇ ਅਨੇਕਾਂ ਨੌਜੁਆਨ ਕਤਲ ਕਰਵਾ ਦਿੱਤੇ । ਬਾਬੇ ਬਾਦਲ ਦੇ ਦੂਜੇ ਇਮਾਨਦਾਰ ਤੇ ਵਫ਼ਾਦਾਰ ਸਿਪਾਹੀ ਗਰਬਚਨ ਸਿੰਹੁ ਨੇ ਕਹਿਆ ਸੀ, ਜੇ ਕੋਈ ਸੋਧੇ ਸਾਧ ਦੇ ਡੇਰੇ ਗਿਆ ਕਾਲੀ ਲੀਡਰ, ਉਸ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਵੇਗੀ । ਮਗਰ ਕਾਰਵਾਈ ਤਾਂ ਕੋਈ ਹੋਈ ਨਹੀਂ ਸਗੋਂ, ਸੌਦਾ ਸਾਧ ਬਾਇਜੱਤ ਬਰੀ ਹੋਗਿਆ । ਇਸ ਬਾਰੇ ਤੁਸੀਂ ਕਦੇ ਨਹੀਂ ਕਹਿਆ ਬਾਬੇ ਬਾਦਲ ਤੇ ਉਸ ਦੇ ਦੂਜੇ ਵਫ਼ਾਦਾਰ ਸੇਨਾਪਤੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ ।

ਪ੍ਰਧਾਨ ਸਾਬ ਲੋਕਾਂ ਨੂੰ ਸਬਕ ਸਿਖਾਉਣ ਤੋਂ ਪਹਿਲਾਂ ਖੁਦ ਉਸ ਸਬਕ ਨੂੰ ਸਿੱਖੋ ।

ਮੱਕੜ ਸਾਬ ਜੇ ਤੁਸੀਂ ਗਲਤੀ ਨਾਲ ਮੇਰਾ ਇਹ ਲੇਖ ਪੜ ਲਿਆ, ਤੇ ਪੜਨ ਤੋਂ ਮਗਰੋਂ ਮਿਰਚਾਂ ਲੱਗਣ, ਤਾਂ ਮੈਂ ਉਸ ਦੀ ਖਿਮਾਂ ਜਾਚਨਾਂ ਕਰਦਾ ਹਾਂ ।

ਗੁਰੂ ਨਾਨਕ ਦੇ ਘਰ ਦਾ ਇਕ ਮਾਮੂਲੀ ਜਿਹਾ ਦਾਸ:

ਜਗਪਾਲ ਸਿੰਘ
ਮਿਤੀ : ੧੮ ਅਗਸਤ ੨੦੧੪


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top