Share on Facebook

Main News Page

ਗੁਰੂ ਨਾਨਕ ਸਾਹਿਬ ਜੀ ਨੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਦੇਸ਼ ਦਾ ਪ੍ਰਚਲਿਤ ਨਾਂ (ਹਿੰਦੁਸਤਾਨ) ਲਿਆ ਹੈ, ਜਿਹੜਾ ਕਿ ਸਦੀਆਂ ਪਹਿਲਾਂ ਤੁਰਕ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਈ ਰੱਖਣ ਲਈ ਦਿੱਤਾ ਗਿਆ ਸੀ
-: ਗਿਆਨੀ ਜਗਤਾਰ ਸਿੰਘ ਜਾਚਕ

ਮਾਨਵ-ਦਰਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅੰਕਿਤ ਦੋ ਸ਼ਬਦਾਂ ਵਿੱਚ ਬਾਬਰ ਦੇ ਜ਼ੁਲਮੀ ਹਮਲੇ ਦਾ ਜ਼ਿਕਰ ਹੈ। ਹਜ਼ੂਰ ਨੇ ਦੇਸ਼ ਵਾਸੀਆਂ ਦੀ ਡਰਪੋਕ ਤੇ ਭੈ-ਭੀਤ ਮਾਨਸਿਕ ਦਿਸ਼ਾ ਪ੍ਰਗਟਾਉਣ ਅਤੇ ਹਮਲੇ ਨੂੰ ਨਾ ਭੁੱਲਣ ਵਾਲੀ ਘਟਨਾ ਦਰਸਾਉਣ ਹਿੱਤ ‘ਹਿੰਦੁਸਤਾਨੁ ਡਰਾਇਆ’ ਤੇ ‘ਹਿਦੁਸਤਾਨੁ ਸਮਾਲਸੀ ਬੋਲਾ’ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਗੁਰਵਾਕ ਹਨ :

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ (ਆਸਾ ਮਃ 1, ਅੰਕ 360)
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ (ਤਿਲੰਗ ਮਃ 1, ਅੰਕ 723)

ਪਰ, ਇਸ ਦਾ ਕਦਾਚਿੱਤ ਵੀ ਇਹ ਮਤਲਬ ਨਹੀਂ ਕੱਢਿਆ ਜਾ ਸਕਦਾ ਕਿ ਸਮੇਂ ਦੇ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਕਹੇ ਹੋਏ ਵਾਕਾਂ ਦੀ ਰੌਸ਼ਨੀ ਵਿੱਚ ਸਿੱਖ ਹੁਣ ਵੀ ਦੇਸ਼ ਨੂੰ ‘ਹਿੰਦੁਸਤਾਨ ਕਹੀ ਜਾਣ । ਜਿਵੇਂ ਕਿ ਆਰ.ਐਸ.ਐਸ. ਵੱਲੋਂ ਸਿੱਖ ਜਗਤ ਨੂੰ ਗੁੰਮਰਾਹ ਕਰਨ ਲਈ ਬਣਾਈ ਗਈ ‘ਰਾਸ਼ਟਰੀ ਸਿੱਖ ਸੰਗਤ’ ਦੇ ਪ੍ਰਚਾਰਕ ਉਪਰੋਕਤ ਗੁਰਵਾਕਾਂ ਦਾ ਹਵਾਲਾ ਦਿੰਦੇ ਪ੍ਰਚਾਰ ਕਰ ਰਹੇ ਹਨ ਕਿ ਸਿੱਖਾਂ ਨੂੰ ਤਾਂ ਆਪਣੇ ਆਪ ਨੂੰ ਹਿੰਦੂ-ਸਿੱਖ ਮਾਣ ਨਾਲ ਕਹਿਣਾ ਚਾਹੀਦਾ ਹੈ । ਕਿਉਂਕਿ, ਗੁਰੂ ਨਾਨਕ ਸਾਹਿਬ ਜੀ ਨੇ ਦੇਸ਼ ਦਾ ਨਾਂ ‘ਹਿੰਦੁਸਤਾਨ’ ਪ੍ਰਵਾਨ ਕੀਤਾ ਤੇ ਪ੍ਰਚਾਰਿਆ ਹੈ, ਜਿਸ ਦਾ ਇੱਕੋ-ਇੱਕ ਅਰਥ ਹੈ : ਹਿੰਦੂਆਂ ਦੇ ਰਹਿਣ ਦਾ ਸਥਾਨ ।

ਸਿੱਖ ਜਗਤ ਨੂੰ ਅਜਿਹੇ ਭਰਮ-ਜਾਲ ਵਿੱਚ ਫਸਣ ਦੀ ਲੋੜ ਨਹੀਂ । ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੇਂ ਨਾਲ ਦੇਸ਼ ਦੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਅਵਸਥਾ ਬਦਲ ਚੁੱਕੀ ਹੈ । ਹੁਣ ਇਹ ਇੱਕ ਬਹੁ-ਧਰਮੀ ਤੇ ਬਹੁ-ਭਾਸ਼ਾਈ ਦੇਸ਼ ਬਣ ਚੁੱਕਾ ਹੈ । ਇਥੇ ਹਿੰਦੂਆਂ ਤੋਂ ਇਲਾਵਾ ਮੁਸਲਮਾਨ, ਜੈਨੀ, ਬੋਧੀ, ਸਿੱਖ, ਇਸਾਈ ਤੇ ਪਾਰਸੀਆਂ ਦੇ ਰੂਪ ਵਿੱਚ ਕਈ ਧਰਮਾਂ ਦੇ ਲੋਕ ਵਸਦੇ ਹਨ, ਜਿਹੜੇ ਵੱਖਰੇ ਵੱਖਰੇ ਇਲਾਕਿਆਂ ਵਿੱਚ 222 ਦੇ ਲਗਭਗ ਭਾਸ਼ਾਵਾਂ ਬੋਲਦੇ ਹਨ । ਇਸ ਕਰਕੇ ਦੇਸ਼ ਦਾ ਸਰਬ ਸਾਂਝਾ ਤੇ ਸੰਵਿਧਾਨਕ ਤੌਰ ਤੇ ਪ੍ਰਵਾਨ ਕੀਤਾ ਅੰਗਰੇਜ਼ੀ ਵਿੱਚ ਨਾਂ ਹੈ ਇੰਡੀਆ ਅਤੇ ਹਿੰਦੀ ਵਿੱਚ : ‘ਭਾਰਤ’ । ਇਸ ਦਾ ਅਰਥ ਹੈ : ਗਿਆਨ (ਭਾ=ਪ੍ਰਕਾਸ਼) ਨੂੰ ਪਿਆਰ (ਰਤ) ਕਰਨ ਵਾਲਾ ਦੇਸ਼ ਇਸ ਲਈ ਕੇਵਲ ਸਿੱਖਾਂ ਨੂੰ ਹੀ ਨਹੀਂ, ਸਗੋਂ ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਦਾ ਨਾਂ ‘ਭਾਰਤ’ ਹੀ ਸੱਦਣਾ ਚਾਹੀਦਾ ਹੈ । ਕਿਉਂਕਿ, ਗੁਰੂ ਨਾਨਕ ਸਾਹਿਬ ਜੀ ਨੇ ਉਪਰੋਕਤ ਗੁਰਵਾਕਾਂ ਵਿੱਚ ਆਪਣੇ ਵੇਲੇ ਦੇ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਦੇਸ਼ ਦਾ ਪ੍ਰਚਲਿਤ ਨਾਂ (ਹਿੰਦੁਸਤਾਨ) ਲਿਆ ਹੈ, ਜਿਹੜਾ ਕਿ ਸਦੀਆਂ ਪਹਿਲਾਂ ਤੁਰਕ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਈ ਰੱਖਣ ਲਈ ਦਿੱਤਾ ਗਿਆ ਸੀ । ਇਸ ਲਈ ਭਾਰਤੀ (ਇੰਡੀਆਨ) ਸਿੱਖ, ਭਾਰਤੀ ਮੁਸਲਮਾਨ ਤੇ ਇਸਾਈ ਆਦਿਕ ਕਹਿਣ ਕਹਾਉਣ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ । ਪਰ, ਜਦੋਂ ਮੋਹਨ ਭਾਗਵਤ ਵਰਗੇ ਲੋਕ ਇਸ ਲੋਕਤੰਤਰੀ ਦੇਸ਼ ਨੂੰ ਹਿੰਦੁਸਤਾਨ ਕਹਿੰਦੇ ਹੋਏ ਹਿੰਦੂ ਸਿੱਖ, ਹਿੰਦੂ ਮੁਸਲਮਾਨ, ਹਿੰਦੂ ਇਸਾਈ ਆਖਦੇ ਹਨ ਤਾਂ ਉਨ੍ਹਾਂ ਦੀ ਡਕਟੇਟਰੀ ਸੋਚ ਦਾ ਨਿਸ਼ਾਨਾ ਸਾਰੇ ਧਰਮਾਂ ਦੇ ਲੋਕਾਂ ਨੂੰ ਹਿੰਦੂ ਬਣਾ ਕੇ ਦੇਸ਼ ਨੂੰ ਇੱਕ ਹਿੰਦੂ-ਰਾਸ਼ਟਰ ਵਜੋਂ ਉਸਾਰਨਾ ਹੈ । ਬਿਲਕੁਲ ਓਵੇਂ ਹੀ ਜਿਵੇਂ ਔਰੰਗਜ਼ੇਬ ਸਾਰਿਆਂ ਨੂੰ ਜ਼ੋਰ ਨਾਲ ਮੁਸਲਮਾਣ ਬਣਾ ਕੇ ਇੱਕ ਇਸਲਾਮਿਕ ਸਟੇਟ ਕਾਇਮ ਕਰਨਾ ਚਹੁੰਦਾ ਸੀ ।

ਦੇਸ਼ ਵਾਸੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਮੇਂ ਨਾਲ ਦੇਸ਼ ਦੀ ਰਾਜੀਨਤਕ ਤੇ ਸਮਾਜਿਕ ਅਵਸਥਾ ਬਦਲਣ ਨਾਲ ਇਸ ਦੇ ਨਾਂ ਵੀ ਬਦਲਦੇ ਰਹੇ ਹਨ । ਜਦੋਂ ਆਰੀਆ ਲੋਕ ਮੱਧ ਏਸ਼ੀਆ ਵਿੱਚੋਂ ਉੱਠ ਕੇ ਇਸ ਦੇਸ਼ ਵਿੱਚ ਆ ਕੇ ਕਾਬਜ਼ ਹੋਏ, ਜਿਹੜੇ ਆਪਣੇ ਆਪ ਨੂੰ ਇਥੋਂ ਦੇ ਮੂਲ ਵਾਸੀ ਦ੍ਰਾਵੜ ਆਦਿਕਾਂ ਨਾਲੋਂ ਸ੍ਰੇਸ਼ਟ ਸਮਝਦੇ ਸਨ ਤਾਂ ਉਨ੍ਹਾਂ ਨੇ ਆਪਣੇ ਰਚਿਤ ਪ੍ਰਚੀਨ ਸੰਸਕ੍ਰਿਤ ਸਹਿਤ ਵਿੱਚ ਰਿਸ਼ੀ ਮਨੂੰ ਮੁਤਾਬਿਕ ਮੁੱਢਲਾ ਨਾਂ ਦਿੱਤਾ ‘ਆਰੀਆਵਰਤ’; ਜਿਸ ਦਾ ਅਰਥ ਹੈ ਸ੍ਰੇਸ਼ਟ ਪੁਰਸ਼ਾਂ ਦਾ ਦੇਸ਼ । ਕਿਉਂਕਿ, ਆਰੀਆ ਦਾ ਅਰਥ ਹੈ : ਸ੍ਰੇਸ਼ਟ, ਉੱਤਮ ।

ਆਰੀਆ ਲੋਕ ਪਹਿਲਾਂ ਦਰਿਆ ਸਿੰਧ ਦੇ ਕੰਢੇ ਆ ਕੇ ਠਹਿਰੇ ਤੇ ਫਿਰ ਪੰਜਾਬ ਵੱਲ ਵਧੇ । ਇਥੋਂ ਚੱਲ ਕੇ ਅੱਗੇ ਗੰਗਾ ਜਮਨਾ ਦੇ ਵਿਚਕਾਰਲੇ ਇਲਾਕੇ ਵਿੱਚ ਜਾ ਵੱਸੇ । ਸਹਿਜੇ ਸਹਿਜੇ ਇਨ੍ਹਾਂ ਨੇ ਖੁਲ੍ਹੇ ਤੇ ਉਪਜਾਊ ਮੈਦਾਨਾਂ ਵਾਲੇ ਸਾਰੇ ਉੱਤਰੀ ਇਲਾਕੇ ਤੇ ਕਬਜ਼ਾ ਕਰਕੇ ਮੂਲ-ਵਾਸੀ ਦ੍ਰਾਵੜਾਂ ਨੂੰ ਦੱਖਣ ਵੱਲ ਧੱਕ ਦਿੱਤਾ ਤੇ ਫਿਰ ਆਪ ਨਿਚਿੰਤ ਹੋ ਕੇ ਆਪਣਾ ਸਰਬ-ਪੱਖੀ ਵਿਕਾਸ ਕਰਨ ਲੱਗ ਪਏ। ਇਸ ਪ੍ਰਕਾਰ ਜਦੋਂ ਇਨ੍ਹਾਂ ਲੋਕਾਂ ਨੇ ਵੇਦਾਂ, ਸ਼ਾਸਤਰਾਂ, ਸਿਮ੍ਰਤੀਆਂ ਤੇ ਪੁਰਾਣਾਂ ਦੇ ਰੂਪ ਸੰਸਕ੍ਰਿਤ ਸਾਹਿਤ ਦੀ ਰਚਨਾ ਕਰਕੇ ਧਾਰਮਿਕ ਗਿਆਨ, ਫ਼ਿਲਾਸਫ਼ੀ ਤੇ ਰਾਜਨੀਤੀ ਵਿੱਚ ਉੱਨਤੀ ਕੀਤੀ, ਉਸ ਵਕਤ ਇਸ ਦੇਸ਼ ਦਾ ਨਾਂ ‘ਭਾਰਤ’ ਪਿਆ । ਸੰਸਕ੍ਰਿਤ ਵਿੱਚ ਗਿਆਨ ਦੇ ਪ੍ਰਤੀਕ ਪ੍ਰਕਾਸ਼ ਨੂੰ ਕਹਿੰਦੇ ਹਨ ‘ਭਾ’ ਅਤੇ ਪ੍ਰੇਮ ਨੂੰ ‘ਰਤ’ । ਇਸ ਤਰ੍ਹਾਂ ‘ਭਾਰਤ’ ਦਾ ਅਰਥ ਬਣਦਾ ਹੈ : ਗਿਆਨ ਨੂੰ ਪਿਆਰ ਕਰਨ ਵਾਲਾ ਦੇਸ਼ । ਕਈ ਇਤਿਹਾਸਕਾਰਾਂ ਦੀ ਇਹ ਵੀ ਰਾਇ ਹੈ ਕਿ ਰਾਜਾ ਭਰਤ ਨੇ ਇਸ ਇਲਾਕੇ ਤੇ ਰਾਜ ਕੀਤਾ, ਇਸ ਲਈ ਭਰਤ ਤੋਂ ਭਾਰਤ ਨਾਂ ਪ੍ਰਚਲਿਤ ਹੋਇਆ ।

ਜਦੋਂ ਇਥੇ ਇਸਲਾਮਿਕ ਹਕੂਮਤ ਕਾਇਮ ਹੋਈ ਤਾਂ ਮੁਸਲਮਾਨ ਹਾਕਮਾਂ ਨੇ ਇਥੋਂ ਦੇ ਲੋਕਾਂ ਨੂੰ ‘ਹਿੰਦੂ’ ਕਹਿਣਾ ਸ਼ੁਰੂ ਕੀਤਾ । ਕਿਉਂਕਿ, ਉਨ੍ਹਾਂ ਦੀ ਭਾਸ਼ਾ (ਅਰਬੀ ਤੇ ਫ਼ਾਰਸੀ) ਵਿੱਚ ਕਾਲੇ ਰੰਗ ਅਤੇ ਗ਼ੁਲਾਮ ਨੂੰ ਹਿੰਦੂ ਆਖਦੇ ਹਨ । ਇਸ ਤਰ੍ਹਾਂ ਸਦੀਆਂ ਦੀ ਗ਼ੁਲਾਮੀ ਨੇ ਭਾਰਤ ਨੂੰ ਹਿੰਦੁਸਤਾਨ (ਗ਼ੁਲਾਮਾਂ ਦਾ ਦੇਸ਼) ਬਣਾ ਦਿੱਤਾ । ਇਹ ਤਾਂ ਬ੍ਰਾਹਮਣ ਦੀ ਬੇਸ਼ਰਮੀ ਤੇ ਚਲਾਕੀ ਦਾ ਸ਼ਿਖਰ ਹੈ ਕਿ ਉਹ ਆਪਣੀਆਂ ਕਮਜ਼ੋਰੀਆਂ ਨੂੰ ਢੱਕਣ ਲਈ ਲੋਹੇ ਦੇ ਜ਼ੰਜੀਰਾਂ ਨੂੰ ਵੀ ਗਹਿਣਿਆਂ ਦੇ ਰੂਪ ਵਿੱਚ ਪੇਸ਼ ਕਰ ਦਿੰਦਾ ਹੈ । ਜਿਵੇਂ ਕਸ਼ਤਰੀ (ਖਤਰੀ) ਰਾਜੇ ਰਾਮਚੰਦਰ ਵੱਲੋਂ ਪਰਸ਼ੁਰਾਮ ਬ੍ਰਾਹਮਣ ਦੇ ਸਜ਼ਾ ਵਜੋਂ ਕੀਤੇ ਮੁੰਡਨ ਨੂੰ ਇੱਕ ਧਾਰਮਿਕ ਸੰਸਕਾਰ ਬਣਾ ਦਿੱਤਾ । ਤਿਵੇਂ ਹੀ ਮੁਸਲਮਾਨ ਹਾਕਮਾਂ ਵੱਲੋਂ ਦੇਸ਼ ਵਾਸੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾਉਣ ਲਈ ਦਿੱਤੇ ਗਏ ਨਾਂ ‘ਹਿੰਦੂ’ ਨੂੰ ਆਪਣੀ ਮਜ਼ਹਬੀ ਪਹਿਚਾਣ ਮੰਨ ਕੇ ‘ਵੈਦਿਕ ਧਰਮ’ ਨੂੰ ‘ਹਿੰਦੂ ਧਰਮ’ ਦੇ ਨਾਂ ਹੇਠ ਪ੍ਰਸਿੱਧ ਕਰ ਦਿੱਤਾ । ਵੈਸੇ ਇਨ੍ਹਾਂ ਦੇ ਪ੍ਰਾਚੀਨ ਧਾਰਮਿਕ ਗ੍ਰੰਥਾਂ ਵਿੱਚ ਕਿਧਰੇ ਵੀ ‘ਹਿੰਦੂ’ ਜਾਂ ‘ਹਿੰਦੁਸਤਾਨ’ ਲਫ਼ਜ਼ ਨਹੀਂ ਮਿਲਦਾ ।

ਜੌਨ ਡੋਸਨ ਦੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਇੱਕ ਪ੍ਰਸਿੱਧ ਪੁਸਤਕ ਹੈ ‘ਹਿੰਦੂ ਕਲਾਸੀਕਲ ਡਿਕਸ਼ਨਰੀ’ । ਭਾਸ਼ਾ ਵਿਭਾਗ ਪੰਜਾਬ ਨੇ ਰਾਜਿੰਦਰ ਸਿੰਘ ਸ਼ਾਸਤਰੀ ਪਾਸੋਂ ਇਸ ਦਾ ਪੰਜਾਬੀ ਅਨੁਵਾਦ ਕਰਵਾਇਆ ਤੇ ਸੰਨ 1963 ਵਿੱਚ ਪਹਿਲੀ ਵਾਰ ਪ੍ਰਕਾਸ਼ਤ ਕੀਤਾ । ਇਹ ਪੁਸਤਕ ਸੰਸਕ੍ਰਿਤ ਵੈਦਿਕ ਸਾਹਿਤ, ਰਾਮਾਇਣ, ਮਹਾਂਭਾਰਤ ਤੇ ਲੌਕਿਕ ਸਾਹਿਤ ਦੀ ਜਾਣਕਾਰੀ ਦਾ ਇੱਕ ਵੱਡਮੁੱਲਾ ਖਜ਼ਾਨਾ ਹੈ । ਇਸ ਕੋਸ਼ ਵਿੱਚ ‘ਆਰੀਆਵਰਤ’, ‘ਆਰੀਆ ਸਿਧਾਂਤ’, ‘ਭਾਰਤ’ ਤੇ ‘ਭਾਰਤੀ’ ਨਾਵਾਂ ਦੀ ਵਿਆਖਿਆ ਤਾਂ ਮਿਲਦੀ ਹੈ । ਪਰ, ਹਿੰਦੂ ਤੇ ਹਿੰਦੁਸਤਾਨ ਨਾਂਵਾਂ ਨੂੰ ਕੋਈ ਥਾਂ ਪ੍ਰਾਪਤ ਨਹੀਂ । ਕਿਉਂਕਿ, ਇਹ ਲਫ਼ਜ਼ ਪ੍ਰਾਚੀਨ ਸੰਸਕ੍ਰਿਤ ਸਾਹਿਤ ਵਿੱਚ ਨਹੀਂ ਸਨ । ਇਹ ਤਾਂ ਬਿਦੇਸ਼ੀ ਹਾਕਮਾਂ ਦਾ ਦਿੱਤਾ ਹੋਇਆ ਨਾਂ ਹੈ ।

ਯੂਰਪੀਨ ਲੋਕ ਭਾਸ਼ਾਈ ਮਜ਼ਬੂਰੀ ਕਾਰਨ ਸਿੰਧ ਦਰਿਆ ਨੂੰ ਇੰਡਸ ਆਖਦੇ ਸਨ । ਇਸ ਲਈ ਜਦੋਂ ਉਹ ਦੇਸ਼ ਤੇ ਕਾਬਜ਼ ਹੋਏ ਤਾਂ ਉਨ੍ਹਾਂ ਨੇ ‘ਇੰਡੀਆ’ ਨਾਂ ਦਿੱਤਾ । ਦੂਜੇ ਵਿਸ਼ਵ ਜੁੱਧ ਕਾਰਨ ਕਈ ਪੱਖਾਂ ਤੋਂ ਕਮਜ਼ੋਰ ਹੋਏ ਅੰਗਰੇਜ਼ ਨੇ ਅਗਸਤ 1947 ਵਿੱਚ ਜਦੋਂ ਮਜ਼ਬੂਰੀ ਵੱਸ ਦੇਸ਼ ਨੂੰ ਆਜ਼ਾਦ ਕੀਤਾ ਤਾਂ ‘ਭਾਰਤ’ (ਇੰਡੀਆ) ਤੇ ‘ਪਾਕਿਸਤਾਨ’ ਨਾਂਵਾਂ ਹੇਠ ਦੋ ਟੁੱਕੜੇ ਕਰ ਦਿੱਤੇ ।

ਅੰਗਰੇਜ਼ੀ ਦੇ ‘ਇੰਡੀਆ’ ਅਤੇ ਹਿੰਦੀ ਦੇ ‘ਭਾਰਤ’ ਨਾਂਵਾਂ ’ਤੇ ਕਿਸੇ ਨੇ ਇਤਰਾਜ਼ ਨਾ ਕੀਤਾ । ਕਿਉਂਕਿ, ਇਹ ਨਾਂ ਨਸਲੀ ਤੇ ਮਜ਼ਹਬੀ ਪਿਛੋਕੜ ਤੋਂ ਮੁਕਤ ਸਨ । ‘ਆਰੀਆਵਰਤ’ ਨਾਂ ਦੱਖਣ ਵਿੱਚ ਵਸਦੇ ਦ੍ਰਾਵੜ ਨਸਲ (ਮਾਲਾਬਾਰੀ ਤੇ ਮਦਰਾਸੀ) ਦੇ ਲੋਕਾਂ ਨੂੰ ਪ੍ਰਵਾਨ ਨਹੀਂ ਸੀ । ਕਿਉਂਕਿ, ਇਸ ਦਾ ਪਿਛੋਕੜ ਆਰੀਆ ਨਸਲ ਨਾਲ ਜੁੜਿਆ ਹੈ । ‘ਹਿੰਦੁਸਤਾਨ’ ਨਾਂ ਵੀ ਮੁਸਲਮਾਨਾਂ, ਸਿੱਖਾਂ ਤੇ ਇਸਾਈਆਂ ਨੂੰ ਪ੍ਰਵਾਨ ਨਹੀਂ ਸੀ । ਕਿਉਂਕਿ, ਇੱਕ ਤਾਂ ਇਹ ਗ਼ੁਲਾਮੀ ਦੇ ਅਰਥ ਰੱਖਦਾ ਸੀ ਤੇ ਦੂਜੇ ਇਸ ਨੂੰ ਬ੍ਰਾਹਮਣ ਵੱਲੋਂ ਮਜ਼ਹਬੀ ਰੰਗ ਚਾੜ੍ਹਿਆ ਜਾ ਚੁੱਕਾ ਸੀ ।

ਅੰਤ ਵਿੱਚ ਫਿਰ ਸਪਸ਼ਟ ਕਰਨਾ ਚਹੁੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ‘ਹਿੰਦੁਸਤਾਨ’ ਲਫ਼ਜ਼ ਦੇਸ਼ ਦੇ ਪ੍ਰਚਲਿਤ ਨਾਂ ਵੱਜੋਂ ਇੰਝ ਹੀ ਵਰਤਿਆ ਸੀ, ਜਿਵੇਂ ਅੱਜ ਕੱਲ ਦੇ ਸਾਹਿਤਕਾਰ ਤੇ ਕਵੀ ‘ਇੰਡੀਆ’ ਤੇ ‘ਭਾਰਤ’ ਨਾਂ ਦੀ ਵਰਤੋਂ ਕਰਦੇ ਹਨ । ਜਿਹੜਾ ਸ਼ੇਰ ਮਰਦ ਸਤਿਗੁਰੂ, ਗ਼ੁਲਾਮੀ ਦੇ ਪ੍ਰਭਾਵ ਹੇਠ ਆਪਣੀ ਮਾਤ-ਭਾਸ਼ਾ ਛੱਡ ਚੁੱਕੇ ਦੇਸ਼ ਵਾਸੀਆਂ ਅੰਦਰ ਅਜ਼ਾਦੀ ਦੀ ਤਾਂਘ ਪੈਦਾ ਕਰਨ ਲਈ “ਘਰਿ ਘਰਿ ਮੀਆ ਸਭਨਾਂ ਜੀਆਂ, ਬੋਲੀ ਅਵਰ ਤੁਮਾਰੀ ॥” (ਗੁਰੂ ਗ੍ਰੰਥ ਸਾਹਿਬ - ਅੰਕ 1191) ਕਹਿ ਕੇ ਜਾਗਰੂਕ ਕਰਨ ਦਾ ਯਤਨ ਕਰਦਾ ਹੈ । ਉਸ ਵੱਲੋਂ ਅਜਿਹੇ ਕਿਸੇ ਨਾਂ ਨੂੰ ਪ੍ਰਵਾਨ ਕਰਨ ਦਾ ਸੁਆਲ ਹੀ ਖੜ੍ਹਾ ਨਹੀਂ ਹੁੰਦਾ, ਜਿਹੜਾ ਦੇਸ਼ ਦੇ ਲੋਕਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾ ਕੇ ਹਾਕਮ ਸ਼੍ਰੇਣੀ ਦਾ ਦੁਬੇਲ ਬਣਾਈ ਰੱਖਣ ਦਾ ਕਾਰਨ ਬਣੇ।

ਮੋਹਨ ਭਾਗਵਤ ਦੇ ਬਿਆਨ ਸਬੰਧੀ ਪ੍ਰਤੀਕਰਮ ਦਿੰਦਿਆਂ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਕਿ ਜਿਵੇਂ ਅੰਗਰੇਜ਼ੀ ਵਿੱਚ ਇੰਡੀਆ ਦੇ ਰਹਿਣ ਵਾਲੇ ਨੂੰ ‘ਇੰਡੀਅਨ’ ਕਹਿਆ ਜਾਂਦਾ ਹੈ, ਤਿਵੇਂ ਹਿੰਦੋਸਤਾਨ ਦੇ ਵਾਸੀਆਂ ਨੂੰ ਹਿੰਦੀ ਵਿੱਚ ਹਿੰਦੋਸਤਾਨੀ ਕਹਿਆ ਜਾ ਸਕਦਾ ਹੈ । ਮੇਰਾ ਖ਼ਿਆਲ ਹੈ ਕਿ ਬਾਦਲ ਸਮੇਤ ਕਿਸੇ ਵੀ ਭਾਰਤੀ ਆਗੂ ਵੱਲੋਂ ਅਜਿਹਾ ਬਿਆਨ ਦਿੱਤੇ ਜਾਣਾ, ਮੋਹਨ ਭਾਗਵਤ ਦੀ ਸੁਰ ਵਿੱਚ ਸੁਰ ਮਿਲਾਉਣ ਵਾਲੀ ਮਾਨਸਕਿਤਾ ਦੀ ਉੱਪਜ ਹੈ ।

ਹਿੰਦੂਤਵ ਦੇ ਮੁਦੱਈ ਆਰੀਆ ਸਮਾਜ, ਵਿਸ਼ਵ ਹਿੰਦੂ ਪ੍ਰੀਸ਼ਦ ਤੇ ਰਾਸ਼ਟਰੀ ਸਵੈਮ ਸੰਘ (ਆਰ.ਐਸ.ਐਸ) ਵਰਗੀਆਂ ਕੱਟੜ ਹਿੰਦੂ ਸੰਸਥਾਵਾਂ ਰੂਪੀ ਅਜਗਰ ਵੱਲੋਂ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਨੂੰ ਨਿਗਲਣ ਵਾਲੀ ਨੀਤੀ ਕੋਈ ਨਵੀਂ। ਇਹ ਆਪਣੇ ਮੁੱਢਲੇ ਕਾਲ ਤੋਂ ਹੀ ਯਤਨਸ਼ੀਲ ਹਨ । ਇਹੀ ਕਾਰਣ ਸੀ ਕਿ ਸਿੱਖ ਬੁਧੀ-ਜੀਵੀ ਵਰਗ ਦੇ ਮਹਾਨ ਆਗੂ ਭਾਈ ਕਾਨ੍ਹ ਸਿੰਘ ਨਾਭਾ ਨੂੰ ਵਿਸ਼ੇਸ਼ ਕਿਤਾਬ ਲਿਖਣੀ ਪਈ ‘ਹਮ ਹਿੰਦੂ ਨਹੀਂ’। ਪਰ, ਮੋਦੀ ਸਰਕਾਰ ਬਣਨ ਉਪਰੰਤ ਇਨ੍ਹਾਂ ਦਾ ਡੰਗ ਤਿੱਖਾ ਹੋ ਗਿਆ ਹੈ ਅਤੇ ਹੁਣ ਉਹ ਨੰਗੇ ਹੋ ਕੇ ਨੱਚਣ ਲੱਗ ਪਏ ਹਨ। ਹਿੰਦੀ ਨੂੰ ਦੇਸ਼ ਦੀ ਰਾਸ਼ਟਰੀ ਭਾਸ਼ਾ ਵੱਜੋਂ ਸਾਰੇ ਸੂਬਿਆਂ’ਤੇ ਜ਼ਬਰਦਸਤੀ ਥੋਪ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਦੇ ਮੁਦੱਈ ਬਣ ਕੇ ਪੰਜਾਬੀ ਸੂਬੇ ਦੀ ਲੜਾਈ ਲੜਣ ਵਾਲਾ ਅਕਾਲੀ ਦਲ ਭਾਜਪਾ ਨਾਲ ਆਪਣੀ ਰਾਜਨੀਤਕ ਭਿਆਲੀ ਕਾਰਨ ਇੱਸ ਧੱਕੇ ਵਿਰੁਧ ਵੀ ਚੁੱਪ ਰਿਹਾ। ਇਸ ਦੇ ਵਿਰੋਧ ਵਿੱਚ ਜੇ ਅਵਾਜ਼ ਉੱਠੀ ਤਾਂ ਤਾਮਿਲ, ਤੇਲਗੂ ਤੇ ਮਲਿਆਲਮ ਆਦਿਕ ਦ੍ਰਾਵੜੀ ਬੋਲੀਆਂ ਬੋਲਣ ਵਾਲੇ ਦੱਖਣੀ ਸੂਬਿਆਂ ਚੋਂ, ਜਿਸ ਕਰਕੇ ਕੇਂਦਰ ਸਰਕਾਰ ਨੂੰ ਇਸ ਪੱਖੋਂ ਤਾਂ ਨੀਤੀ ਤਹਿਤ ਦੜ ਵੱਟਣੀ ਪਈ। ਪਰ, ਭੁੱਲਣਾ ਨਹੀਂ ਚਾਹੀਦਾ ਕਿ ਸਾਰੇ ਦੇਸ਼ ਅੰਦਰ ਸੰਸਕ੍ਰਿਤ ਹਫਤਾ ਮਨਾਉਣ ਦਾ ਆਦੇਸ਼ ਦੇਣਾ ਵੀ ਇਸੇ ਨੀਤੀ ਦਾ ਬਦਲਿਆ ਰੂਪ ਹੈ ।

ਵੱਡੇ ਅਨਿਆਂ ਦੀ ਗੱਲ ਇਹ ਹੈ ਕਿ ਮੋਹਨ ਭਾਗਵਤ ਤੇ ਤੋਗੜੀਆ ਵਰਗੇ ਜਿਹੜੇ ਲੋਕ ਭਾਰਤੀ ਸੰਵਿਧਾਨ ਦੇ ਉਲ਼ੱਟ ਹਿੰਦੀ, ਹਿੰਦੂ, ‘ਹਿੰਦੋਸਤਾਨ’ ਦੇ ਦਿਨ ਰਾਤ ਨਾਹਰੇ ਲਗਾਉਂਦੇ ਹੋਏ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਨਾਉਣ ਲਈ ਯਤਨਸ਼ੀਲ ਹਨ, ਉਹ ਦੇਸ਼ ਭਗਤ। ਪਰ, ਜੇ ਅਜਿਹੀ ਸੰਕੀਰਨ ਸੋਚ ਤੋਂ ਦੁੱਖੀ ਹੋਏ ਅਜ਼ਾਦੀ ਪਸੰਦ ਸਿੱਖ ਨੌਜਵਾਨ ਆਪਣੇ ਹੋਮਲੈਂਡ ਪੰਜਾਬ ਨੂੰ ‘ਖ਼ਾਲਿਸਤਾਨ’ ਕਹਿਣ ਤਾਂ ਉਹ ਦੇਸ਼ ਧ੍ਰੋਹੀ। ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਨਾਹਰੇ ਲਾਉਣ ਵਾਲੇ ਦਿੱਲੀ ਦੇ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਇਹੀ ਨੀਤੀ ਅਪਨਾਈ ਰੱਖੀ ਅਤੇ ਇਸ ਪੱਖੋਂ ਨਾ ਸੰਭਲੇ ਤਾਂ ਦੇਸ਼ ਨੂੰ ਟੋਟੇ ਟੋਟੇ ਹੋਣ ਤੋਂ ਕੋਈ ਨਹੀਂ ਬਚਾ ਸਕੇਗਾ। ਖ਼ਾਲਸਿਤਾਨ ਵਰਗੇ ਕਈ ਹੋਰ ਵੀ ਨਾਹਰੇ ਲੱਗਣੇ ਸ਼ੁਰੂ ਹੋ ਜਾਣਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਤੋਂ ਪ੍ਰੇਰਨਾ ਲੈਂਦਿਆਂ ਸਿੱਖ ਭਾਈਚਾਰੇ ਨੂੰ ਬਾਕੀ ਘੱਟ ਗਿਣਤੀ ਕੌਮਾਂ ਦੇ ਸਹਿਯੋਗ ਨਾਲ ਆਰ.ਐਸ.ਐਸ ਦੀ ਅਗਵਾਈ ਵਿੱਚ ਕਾਇਮ ਹੋਈ ਮੋਦੀ ਸਰਕਾਰ ਦੀ ਉਪਰੋਕਤ ਧੱਕੇਸ਼ਾਹੀ ਵਿਰੁਧ ਜ਼ੋਰਦਾਰ ਸ਼ਾਂਤਮਈ ਸਘੰਰਸ਼ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਕਿ ਅਜਿਹੇ ਬਗਾਵਤੀ ਮਹੌਲ ਵਿੱਚ ਸਿੱਖਾਂ ਨੂੰ 1947 ਵਾਂਗ ਫਿਰ ਇੱਕ ਸੁਨਹਿਰੀ ਮੌਕਾ ਮਿਲੇ ਕਿ ਉਹ ਆਪਣੀ ਇੱਕ ਵੱਖਰੀ ਸਿੱਖ ਸਟੇਟ ਸਥਾਪਿਤ ਕਰ ਸਕਣ। ਭੁੱਲ-ਚੁੱਕ ਮੁਆਫ਼।

ਗੁਰੂ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ,
ਨਿਊਯਾਰਕ ਮਿਤੀ 19 ਅਗਸਤ 2014
ਫੋਨ: 1-631-592-4335


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top