Share on Facebook

Main News Page

ਵਖਤੁ ਵੀਚਾਰੇ ਸੁ ਬੰਦਾ ਹੋਇ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਨਾ 84)
-: ਨਿਰਮਲ ਸਿੰਘ ਕੰਧਾਲਵੀ

ਟਿਪੱਣੀ: ਸ. ਨਿਰਮਲ ਸਿੰਘ ਕੰਧਾਲਵੀ ਜੀ ਨੇ ਹਿਰਦੇ ਦੀ ਪੀੜ੍ਹ ਲਿਖੀ ਹੈ, ਪਰ ਸਿੱਖ ਅਖਵਾਉਣ ਵਾਲਾ ਐਨਾ ਅਵੇਸਲਾ ਹੈ ਕਿ ਉਸ ਕੋਲ਼ ਪੜ੍ਹਨ ਦਾ ਵੀ ਸਮਾਂ ਨਹੀਂ... ਰੱਬਾ ਖੈਰ ਕਰੀਂ... ਸੰਪਾਦਕ ਖ਼ਾਲਸਾ ਨਿਊਜ਼

ਆਰ. ਐਸ. ਐਸ. ਨੇਤਾ ਮੋਹਨ ਭਾਗਵਤ ਵਲੋਂ ਦਿਤੇ ਗਏ ਬਿਆਨ, ਜਿਸ ਵਿਚ ਉਸ ਨੇ ਕਿਹਾ ਹੈ ਕਿ ਬ੍ਰਾਹਮਣਵਾਦ ਵਿਚ ਦੂਜੇ ਧਰਮਾਂ ਨੂੰ ਹਜ਼ਮ ਕਰਨ ਦੀ ਬੜੀ ਤਾਕਤ ਹੈ, ਨੂੰ ਪੜ੍ਹ ਸੁਣ ਕੇ ਕਈ ਸਿੱਖਾਂ ਵਲੋਂ ਬੜੇ ਹਾਸੋਹੀਣੇ ਜਿਹੇ ਬਿਆਨ ਦਿਤੇ ਗਏ ਹਨ। ਕਈਆਂ ਨੇ ਉਸ ਨੂੰ ਸਲਾਹ ਦਿਤੀ ਹੈ ਕਿ ਉਹ ਸਿੱਖ ਇਤਿਹਾਸ ਪੜ੍ਹੇ।

ਸ਼ਾਇਦ ਇਹਨਾਂ ਸਿੱਖਾਂ ਨੂੰ ਪਤਾ ਨਹੀਂ ਕਿ ਇਹਨਾਂ ਨਾਲੋਂ ਆਰ. ਐਸ. ਐਸ. ਵਾਲ਼ੇ ਸਿੱਖ ਧਰਮ ਨੂੰ ਜ਼ਿਆਦਾ ਜਾਣਦੇ ਹਨ। ਇਸੇ ਦੇ ਆਸਰੇ ਤਾਂ ਉਹਨਾਂ ਨੇ ਹੁਣ ਤਾਈਂ ਸਿੱਖ ਸਿਧਾਂਤ ਦੀਆਂ ਜੜ੍ਹਾਂ ਪੋਲੀਆਂ ਕੀਤੀਆਂ ਹਨ। ਮੋਹਨ ਭਾਗਵਤ ਸੱਚ ਕਹਿ ਰਿਹਾ ਹੈ। ਸਿੱਖਾਂ ਨੂੰ ਚਾਹੀਦਾ ਕਿ ਉਹ ਬ੍ਰਾਹਮਣ ਦਾ ਇਤਿਹਾਸ ਪੜ੍ਹਨ ਕਿ ਬਾਕੀ ਧਰਮਾਂ ਨੂੰ ਨਿਗਲਣ ਲਈ ਉਹ ਕੀ ਕੀ ਹੱਥਕੰਡੇ ਅਪਣਾਉਂਦਾ ਹੈ। ਸਿਮਰਨਜੀਤ ਸਿੰਘ ਮਾਨ ਹੋਰਾਂ ਬਿਆਨ ਆਇਆ ਹੈ ਜਿਸ ਵਿਚ ਉਹਨਾਂ ਨੇ ਮੰਨਿਆ ਹੈ ਕਿ ਬ੍ਰਾਹਮਣਵਾਦ ਸਿੱਖਾਂ ਦੀਆਂ ਜੜ੍ਹਾਂ ‘ਚ ਬੈਠ ਚੁੱਕਾ ਹੈ। ਬਾਕੀਆਂ ਦਾ ਤਾਂ ਉਹ ਹਾਲ ਹੈ ਕਿ ‘ਪਿਤਰਨ ਸੁਲਤਾਨ ਬੂਦ’ (ਭਾਵ: ਮੇਰਾ ਪਿਓ ਸੁਲਤਾਨ ਸੀ, My father was a King)।

ਠੀਕ ਐ ਪੁਰਖਿਆਂ ਦੀਆਂ ਕੁਰਬਾਨੀਆਂ ‘ਤੇ ਮਾਣ ਕਰਨਾ ਚਾਹੀਦਾ ਹੈ, ਪਰ ਕੀ ਇਤਨੇ ਨਾਲ ਮਸਲਾ ਹੱਲ ਹੋ ਜਾਵੇਗਾ? ਕੀ ਤੁਹਾਡੇ ਪਾਸ ਉਸ ਤਰ੍ਹ੍ਹਾਂ ਦੀਆਂ ਕੁਰਬਾਨੀਆਂ ਵਾਲ਼ੇ ਲੀਡਰ ਹੈਨ? ਕੀ ਕਪੂਰ ਸਿੰਘ ਵਰਗੇ ਨਵਾਬੀਆਂ ਨੂੰ ਜੁੱਤੀ ਦੀ ਠੋਕਰ ‘ਤੇ ਰੱਖਣ ਵਾਲ਼ੇ ਕਿਰਦਾਰ ਹੈਨ? ਹੁਣ ਤਾਂ ਹਾਲਤ ਇਹ ਹੈ ਕਿ ਗੋਲਕਾਂ ਲਈ ਸਭ ਕੁਝ ਦਾਅ ‘ਤੇ ਲਗਾਇਆ ਜਾ ਰਿਹਾ ਹੈ। ਕੀ ਸਿੱਖ ਸੰਸਥਾਵਾਂ, ਕੀ ਗੁਰਦੁਆਰੇ ਸਭ ਥਾਈਂ ਚੌਧਰਾਂ ਲਈ ਸਿਰ ਪਾਟਦੇ ਹਨ, ਸ੍ਰੀ ਸਾਹਿਬਾਂ ਲਿਸ਼ਕਦੀਆਂ ਹਨ, ਗੋਲ਼ੀਆਂ ਚਲਦੀਆਂ ਹਨ, ਅਦਾਲਤਾਂ ਵਿਚ ਕੌਮ ਦਾ ਸਰਮਾਇਆ ਉਜਾੜਿਆ ਜਾਂਦਾ ਹੈ।

ਸਾਡੇ ਇਹ ਆਗੂ ਭੁੱਲ ਗਏ ਕਿ ਬ੍ਰਾਹਮਣ ਨੇ ਬੁੱਧ ਧਰਮ ਭਾਰਤ ‘ਚੋਂ ਕਿਵੇਂ ਖ਼ਤਮ ਕੀਤਾ। ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਪ੍ਰਚਾਰ ਕੇ ਸਿੱਧੇ ਸਾਦੇ ਬੋਧੀਆਂ ਨੂੰ ਵਰਗਲ਼ਾ ਲਿਆ ਗਿਆ। ਬਿਹਾਰ ਵਿਚ ਮੁੱਖ ਬੋਧੀ ਮੱਠ ਦੀ ਕਮੇਟੀ ‘ਤੇ ਹੁਣ ਬ੍ਰਾਹਮਣਾਂ ਦਾ ਕਬਜ਼ਾ ਹੈ। ਜੈਨੀਆਂ ਵਿਚਾਰਿਆਂ ਨੂੰ ਤਾਂ ਇਹਨਾਂ ਨੇ ਆਪਣੇ ਦੇਵੀ ਦੇਵਤਿਆਂ ਨੂੰ ਪੂਜਣ ਲਗਾ ਲਿਆ। ਦਰਬਾਰ ਸਾਹਿਬ ਵਿਚ ਵੀ ਅੱਠ ਨੌਂ ਦਹਾਕੇ ਪਹਿਲਾਂ ਨਿੱਕੇ ਨਿੱਕੇ ਮੰਦਰ ਹੁੰਦੇ ਸਨ ਤੇ ਮੂਰਤੀਆਂ ਰੱਖੀਆਂ ਹੁੰਦੀਆਂ ਸਨ। ਹੁਣ ਵੀ ਸਿੱਖਾਂ ਦੇ ਅਖੌਤੀ ਆਗੂ ਜਿਹੜੀ ਹਵਾ ਵਗਾ ਰਹੇ ਹਨ, ਜੇ ਇਹੋ ਹੀ ਵਗਦੀ ਰਹੀ ਤਾਂ ਉਹੀ ਸਮਾਂ ਮੁੜ ਕੇ ਆਉਣ ਨੂੰ ਬਹੁਤਾ ਸਮਾਂ ਨਹੀਂ ਲੱਗਣਾ।

ਇਤਿਹਾਸਕ ਗੁਰਦੁਆਰਿਆਂ ਵਿਚ ਅਨਮੱਤਾਂ ਹੁੰਦੀਆਂ ਹਨ ਕਿਸੇ ਧਾਰਮਿਕ ਲੀਡਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ। ਡੇਰਿਆਂ ਵਾਲ਼ੇ ਇਹਨਾਂ ਨੂੰ ਦੋ ਉਂਗਲਾਂ ਦਿਖਾਉਂਦੇ ਹਨ। ਪਰ ਇਹ ਆਪਣੇ ਲਿਫ਼ਾਫ਼ੇ ਤੇ ਸੋਨੇ ਦੇ ਖੰਡੇ ਲੈਣ ਦੇ ਮਾਰੇ ਉਹਨਾਂ ਨੂੰ ਸਿੱਖੀ ਦੇ ਥੰਮ੍ਹ ਦੱਸਦੇ ਹਨ। ਮੈਨੂੰ ਹਾਸਾ ਆਉਂਦਾ ਹੈ ਜਦੋਂ ਇਹ ਭੋਲ਼ੇ ਸਿੱਖ ਹਰੇਕ ਕੰਮ ਲਈ ਅਖੌਤੀ ਜਥੇਦਾਰਾਂ ਕੋਲ਼ ਦੌੜਦੇ ਹਨ। ਕੁਝ ਇਕ ਨੇ ਤਾਂ ਧੁੰਮੇ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਕੁਝ ਕਰੇ। ਹੱਦ ਹੋ ਗਈ ਭੋਲ਼ੇਪਣ ਦੀ ਵੀ। ਜਿਹੜਾ ਬੰਦਾ ਆਪ ਅਸੰਬਲੀ ਸੀਟਾਂ ਲਈ ਬਾਦਲ ਦੇ ਪੈਰਾਂ ‘ਚ ਬੈਠ ਕੇ ਲੇਲੜ੍ਹੀਆਂ ਕੱਢਦਾ ਹੋਵੇ ਉਹ ਕੌਮ ਦਾ ਕੀ ਸਵਾਰੂ? ਇਹਨਾਂ ਕੋਲ ਭੱਜਣੇ ਵਾਲ਼ੇ ਸਿੱਖਾਂ ਨੂੰ ਕੋਈ ਪੁੱਛੇ ਪਈ ਉਹ ਤਾਂ ਆਪ ਹੁਕਮ ਦੇ ਗ਼ੁਲਾਮ ਨੇ। ਉਹਨਾਂ ਨੂੰ ਜੋ ਹੁਕਮ ਉੱਪਰੋਂ ਆਉਣਾ ਹੈ ਉਹਨਾਂ ਉਹੀ ਵਜਾਉਣਾ ਹੈ। ਹਰਿਆਣਾ ਕਮੇਟੀ ਵਾਲ਼ੇ ਮਸਲੇ ‘ਤੇ ਸਭ ਨੇ ਡਰਾਮਾ ਦੇਖਿਆ ਹੀ ਹੈ। ਇਕੱਲੇ ਇਕਬਾਲ ਸਿੰਘ ਨੂੰ ਨਾ ਦੇਖੋ ਕਿ ਉਹ ਆਰ.ਐਸ.ਐਸ. ਦੇ ਜਸ਼ਨਾਂ ‘ਚ ਮੋਹਨ ਭਾਗਵਤ ਤੇ ਤੋਗੜੀਏ ਨਾਲ਼ ਬੈਠਾ ਹੈ, ਇਸ ਸਾਰਾ ਲਾਣਾ ਹੀ ਆਰ.ਐਸ. ਐਸ. ਨੇ ਖ਼ਰੀਦਿਆ ਹੋਇਆ ਹੈ।

ਆਉ, ਹੁਣ ਕੁਝ ਉਹਨਾਂ ਕੰਮਾਂ ‘ਤੇ ਨਿਗਾਹ ਮਾਰ ਲਈਏ ਜਿਹੜੇ ਪ੍ਰਗਟ ਕਰਦੇ ਹਨ ਕਿ ਸਿੱਖ ਬ੍ਰਾਹਮਣਵਾਦ ਵਲੋਂ ਕਿਵੇਂ ਨਿਗਲ਼ਿਆ ਜਾ ਰਿਹਾ ਹੈ।

ਸਰਦਾਰ ਕੁਲਬੀਰ ਸਿੰਘ ਕੌੜਾ ਨੇ ਅੱਜ ਤੋਂ ਕਈ ਸਾਲ ਪਹਿਲਾਂ ਅਜਿਹੀ ਕਿਤਾਬ "ਸਿੱਖ ਵੀ ਨਿਗਲ਼ਿਆ ਗਿਆ" ਲਿਖ ਕੇ ਸਿੱਖਾਂ ਨੂੰ ਖ਼ਬਰਦਾਰ ਕੀਤਾ ਸੀ, ਪਰ ਉਹ ਸਿੱਖ ਕੀ ਹੋਇਆ ਜਿਹੜਾ ਕੁਝ ਪੜ੍ਹਨ ਲਿਖਣ ਦੀ ਖੇਚਲ ਕਰੇ। ਸਾਨੂੰ ਤਾਂ ਧਰਮ ਵਿਚ ਵੀ ਮਣਕੇ ‘ਤੇ ਮਣਕਾ ਮਾਰਨ ਵਲ ਸਾਡੇ ਦੋਖੀਆਂ ਨੇ ਰੁਚਿਤ ਕਰ ਦਿਤਾ ਹੈ। ਨਾਮ ਸਿਮਰਨ, ਜਿਹੜਾ ਕਿ ਬਿਲਕੁਲ ਹੀ ਵਿਅਕਤੀ ਦਾ ਨਿਜੀ ਮਾਮਲਾ ਹੈ, ਉਸ ਨੂੰ ਢੋਲਕੀਆਂ ਚਿਮਟਿਆਂ ਨਾਲ਼ ਕਿਧਰੇ ਇਕਤਾਲ਼ੀ ਦਿਨ ਤੇ ਕਿਧਰੇ ਇਕਵੰਜਾ ਦਿਨ ਦਾ ਮੇਲਾ ਬਣਾ ਦਿਤਾ ਹੈ, ਕਿਉਂਕਿ ਸਾਡਾ ਦੋਖੀ ਨਹੀਂ ਚਾਹੁੰਦਾ ਕਿ ਸਿੱਖ ਗੁਰਬਾਣੀ ਦੀ ਵੀਚਾਰ ਕਰਨ। ਇਸੇ ਵੀਚਾਰ ਤੋਂ ਹੀ ਤਾਂ ਸਿੱਖੀ ਦਾ ਦੋਖੀ ਡਰਦਾ ਹੈ। ਹੋਰ ਬ੍ਰਾਹਮਣਵਾਦ ਦਾ ਤੇ ਸਿੱਖ ਸਿਧਾਂਤ ਦਾ ਝਗੜਾ ਕੀ ਹੈ? ਜਦੋਂ ਹਜ਼ਾਰਾਂ ਸਿੱਖ ਗੁਰਦੁਆਰੇ ‘ਚ ਇਕੱਠੇ ਹੁੰਦੇ ਹਨ, ਤਾਂ ਗੁਰੂ ਦੇ ਸ਼ਬਦ ਦੀ ਵਿਚਾਰ ਕਿਉਂ ਨਹੀਂ ਕੀਤੀ ਜਾਂਦੀ? ਕਿਉਂਕਿ ਸਾਡਾ ਦੋਖੀ ਨਹੀਂ ਚਾਹੁੰਦਾ ਕਿ ਸਿੱਖ ਨੂੰ ਸ਼ਬਦ ਦੀ ਸੋਝੀ ਪਵੇ।

ਸਾਡਾ ਦੋਖੀ ਕੂੜ ਕਿਤਾਬਾਂ ਛਪਵਾ ਕੇ ਸਾਡੇ ਸਿੱਖ ਸਿਧਾਂਤ ਨੂੰ ਗੰਧਲਾ ਕਰ ਰਿਹਾ ਹੈ। ਸਾਡੇ ਪਿਉ ਨੂੰ ਸਾਡੇ ਕੋਲੋਂ ਖੋਹ ਕੇ ਇਕ ਨਕਲੀ ਪਿਉ ਸਾਨੂੰ ਦੇ ਰਿਹਾ ਹੈ। ਇਹ ਕੂੜ ਕਬਾੜਾ ਛਪਾਉਣ ਦਾ ਖਰਚਾ ਵੀ ਉਹ ਉਸੇ ਪੰਜਾਹ ਕਰੋੜ ਵਿਚੋਂ ਕਰ ਰਿਹਾ ਹੈ, ਜਿਹੜਾ ਵਾਜਪਾਈ ਦੀ ਸਰਕਾਰ ਨੇ ਤਿੰਨ ਸੌ ਸਾਲਾ ‘ਤੇ ਸਿੱਖਾਂ ਨੂੰ ਸੌ ਕਰੋੜ ਦੇਣਾ ਕਹਿ ਕੇ ਸਿਰਫ਼ ਪੰਜਾਹ ਕਰੋੜ ਹੀ ਦਿਤਾ ਸੀ ਤੇ ਬਾਕੀ ਪੰਜਾਹ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਆਰ.ਐਸ.ਐਸ. ਨੂੰ ਦੇ ਦਿਤਾ ਸੀ।

ਕੱਚੇ ਪਿੱਲੇ ਸਿੱਖਾਂ ਨੂੰ ਖ਼ਰੀਦ ਕੇ ਆਰ. ਐਸ. ਐਸ. ਵਲੋਂ ਰਾਸ਼ਟਰੀਆ ਸਿੱਖ ਸੰਗਤ ਨਾਮ ਦੀ ਜਥੇਬੰਦੀ ਖੜ੍ਹੀ ਕੀਤੀ ਗਈ ਤਾਂ ਕਿ ਸਿੱਖਾਂ ਨੂੰ ਵਰਗਲਾਇਆ ਜਾ ਸਕੇ। ਪਿੰਡਾਂ ਵਿਚ, ਜਿੱਥੇ ਕਿ ਅਕਾਲੀ ਦਲ ਦਾ ਆਧਾਰ ਹੁੰਦਾ ਸੀ, ਹਿੰਦੂ ਕੱਟੜਵਾਦੀ ਜਥੇਬੰਦੀਆਂ ਦਾ ਜਾਲ਼ ਵਿਛਾਇਆ ਜਾ ਰਿਹਾ ਹੈ। ਇਹਨਾਂ ਜਥੇਬੰਦੀਆਂ ਵਿਚ ਪਿੰਡਾਂ ਦੇ ਦਾਹੜੀ ਕੇਸਾਂ ਵਾਲ਼ੇ ਨੌਜੁਆਨ ਲੜਕੇ ਅਹੁੱਦੇਦਾਰ ਬਣਾਏ ਜਾ ਰਹੇ ਹਨ। ਇਹ ਉਹੋ ਹੀ ਪਾਲਿਸੀ ਹੈ ਜਿਵੇਂ ਤਿੱਤਰ ਫੜਨੇ ਵਾਲ਼ੇ ਇਕ ਤਿੱਤਰ ਨੂੰ ਸਿਖਾ ਕੇ ਭੋਲੇ-ਭਾਲੇ ਤਿੱਤਰਾਂ ‘ਚ ਛੱਡ ਦਿੰਦੇ ਹਨ ਤੇ ਵਿਚਾਰੇ ਭੋਲੇ ਤਿੱਤਰ ਫੜੇ ਜਾਂਦੇ ਹਨ। ਇਹਨਾਂ ਨੌਜੁਆਨ ਮੁੰਡਿਆਂ ਦੀਆਂ ਨਿੱਕੀਆਂ ਨਿੱਕੀਆਂ ਫੋਟੋਆਂ ਵੱਡੇ ਲੀਡਰਾਂ ਨਾਲ਼ ਹੋਰਡਿਗਾਂ ‘ਤੇ ਛਾਪ ਕੇ ਉਹਨਾਂ ਦੇ ਦੁਆਲੇ ਭਰਮ-ਜਾਲ਼ ਬੁਣਿਆ ਜਾਂਦਾ ਹੈ ਕਿ ਉਹ ਬੜੇ ਵੱਡੇ ਲੀਡਰ ਹਨ। ਪੰਜਾਬ ਦੇ ਸਕੂਲਾਂ ਵਿਚ ਸਿੱਖ ਧਰਮ ਨਾਲ਼ ਸੰਬੰਧਤ ਦਿਨ ਤਿਉਹਾਰ ਮਨਾਉਣੇ ਹੌਲੀ ਹੌਲੀ ਘਟਾਏ ਜਾ ਰਹੇ ਹਨ।

ਆਹ ਹੁਣ ਦਸੰਬਰ ਆਉਣ ਵਾਲ਼ਾ ਹੈ ਦੇਖਿਉ ਤਾਂ ਕਿੰਨੇ ਕੁ ਸਕੂਲਾਂ ਵਿਚ ਗੁਰੂ ਸਾਹਿਬ ਦੇ ਖ਼ੂਨੀ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ? ਕਿੰਨੇ ਕੁ ਸਕੂਲਾਂ ਵਿਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਗੱਲ ਕੀਤੀ ਜਾਂਦੀ ਹੈ? ਚਾਰੇ ਪਾਸੇ ਸਾਂਟਾ ਕਲਾਜ਼ ਦਾ ਹੀ ਬੋਲ-ਬਾਲਾ ਹੋਵੇਗਾ। ਪੰਜਾਬੀ ਬੋਲੀ ਨਾਲ ਪੰਜਾਬ ਵਿਚ ਹੀ ਵਿਤਕਰਾ? ਲਚਰ ਗਾਇਕੀ ਤੇ ਹੈ ਕੋਈ ਪਾਬੰਦੀ?

ਸਿੱਖ ਕੌਮ ਦੀ ਆਜ਼ਾਦ ਹਸਤੀ ਨੂੰ ਦਰਸਾਉਂਦੇ ਅਸਲੀ ਨਾਨਕਸ਼ਾਹੀ ਕੈਲੰਡਰ ਦਾ ਕਿਹਦੇ ਕਹਿਣ ‘ਤੇ ਬਿਕਰਮੀਕਰਣ ਕੀਤਾ ਗਿਆ? ਸਿੱਖਾਂ ਨੇ ਕਿੰਨਾ ਕੁ ਅੰਦੋਲਨ ਕੀਤਾ? ਸਿੱਖੀ ਸਰੂਪ ਵਿਚ ਆਰ.ਐਸ.ਐਸ. ਦੇ ਹੱਥ ਠੋਕਿਆਂ ਨੇ ਗੁਰੂ ਕੀ ਗੋਲਕ ਦੀ ਮਾਇਆ ਨੂੰ ਰਿਸ਼ਵਤ ਦੇ ਤੌਰ ‘ਤੇ ਵਰਤ ਕੇ ਗੁਰਦੁਆਰਿਆਂ ਵਿਚ ਇਹ ਕੈਲੰਡਰ ਲਾਗੂ ਕਰਵਾਇਆ। ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਕੀਹਨੇ ਵਗਾਇਆ ਅਤੇ ਕਿਹਦੇ ਰਾਹੀਂ ਵਗਾਇਆ? ਕਿਉਂਕਿ ਜਿਸ ਕੌਮ ਦੇ ਨੌਜੁਆਨ ਨਸ਼ਿਆਂ ਦੇ ਆਦੀ ਹੋ ਗਏ ਉਸ ਨੂੰ ਜਦੋਂ ਮਰਜ਼ੀ ਖ਼ਤਮ ਕਰ ਦਿਉ ਜਿਵੇ ਖੂੰਖ਼ਾਰ ਜੰਗਲੀ ਜਾਨਵਰ ਨੂੰ ਬੰਦੂਕ ਰਾਹੀਂ ਨਸ਼ੀਲਾ ਟੀਕਾ ਲਾ ਕੇ ਬੇਹੋਸ਼ ਕਰ ਕੇ ਹੀ ਫੜਿਆ ਜਾਂਦਾ ਹੈ। ਪੈਰ ਪੈਰ ‘ਤੇ ਠੇਕਾ ਕਿਹਦੀ ਪਾਲਿਸੀ ਹੈ? ਪੰਜਾਬ ‘ਚ ਦੁੱਧ ਦੀਆਂ ਫੈਕਟਰੀਆਂ ਬੰਦ ਕਰ ਕੇ ਸ਼ਰਾਬ ਦੀਆਂ ਫੈਕਟਰੀਆਂ ਖੋਲ੍ਹਣੀਆਂ ਕਿਹੜੇ ਵਿਕਾਸ ਦਾ ਹਿੱਸਾ ਹੈ? ਇਹ ‘ਚਿੱਟਾ’ ਜਿਸ ਦਾ ਪੰਜਾਬ ਵਿਚ ਏਨਾ ਰੌਲ਼ਾ ਹੈ ਇਹ ਹੋਰ ਸੂਬਿਆਂ ‘ਚ ਕਿਉਂ ਨਹੀਂ ਮਿਲਦਾ?

ਨਿੱਕੇ ਮੋਟੇ ਨਸ਼ੇੜੀ ਫੜ ਕੇ ਕੀ ਲੋਕਾਂ ਦੀਆਂ ਅੱਖਾਂ ‘ਚ ਘੱਟਾ ਨਹੀਂ ਪਾਇਆ ਜਾ ਰਿਹਾ? ਜਦ ਕਿ ਨਸ਼ਿਆਂ ਦੇ ਵੱਡੇ ਵਪਾਰੀ ਹਰਲ ਹਰਲ ਕਰਦੇ ਫਿਰਦੇ ਹਨ। ਪਹਿਲਾਂ ਪੰਜਾਬ ਸਰਕਾਰ ਮੰਨਦੀ ਹੀ ਨਹੀਂ ਸੀ ਕਿ ਪੰਜਾਬ ‘ਚ ਨਸ਼ਿਆਂ ਦੀ ਪ੍ਰਾਬਲਮ ਸੀ, ਫਿਰ ਇਕ ਦਮ ਹੀ ਰਾਤੋ ਰਾਤ ਨਸ਼ਾ ਛੁਡਾਉ ਕੇਂਦਰ ਖੁੱਲ੍ਹ ਗਏ ਤੇ ਉੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਇਹ ਡਰਾਮੇ ਕਾਹਦੇ ਲਈ ਕੀਤੇ ਜਾ ਰਹੇ ਹਨ?

ਹੋਰ ਬਹੁਤ ਕੁਝ ਹੈ ਕਹਿਣ ਨੂੰ। ਜਾਗਰੂਕ ਪਾਠਕ ਜਾਣਦੇ ਹਨ। ਸਿੱਖੋ ਐਨੀ ਗੂੜ੍ਹੀ ਨੀਂਦ ਨਾ ਸੌਂਵੋਂ। ਉੱਠੋ ਵਕਤ ਸੰਭਾਲੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top