Share on Facebook

Main News Page

ਕੰਧ ਕੁੱਟ ਇਨਕਲਾਬ
-: ਸੁਰਜੀਤ ਕੁਮਾਰ ਹਰਕਿਸ਼ਨ

ਆਉਣ ਵਾਲੇ ਸਮੇਂ 'ਚ ਪੰਜਾਬ 'ਚ ਛੁੱਟੀਆਂ ਹੀ ਛੁੱਟੀਆਂ ਹੋਇਆ ਕਰਨਗੀਆਂ, ਨਿਆਣਿਆਂ ਨੇ ਬੜੇ ਹੁੱਬ ਹੁੱਬ ਕੇ ਦੱਸਿਆ ਕਰਨਾ ਕਿ

...ਕੰਧਾਂ 'ਚ ਜੁੱਤੀਆਂ ਮਾਰ ਮਾਰ ਕੇ ਪੰਜਾਬ 'ਚ ਇਨਕਲਾਬ ਮੇਰੇ ਮਾਮੇ ਨੇ ਲਿਆਂਦਾ ਸੀ...

...ਕਿਸੇ ਨੇ ਕਿਹਾ ਕਰਨਾ ਕਿ ਮੇਰੇ ਬਾਬੇ ਨੇ ਤਾਂ ਆਪਣਾ ਲੈਪਟੋਪ ਹੀ ਭੰਨ ਲਿਆ ਸੀ। ਇਸ ਕਰਕੇ ਓਹਦੇ ਨਾਮ ਦੀ ਵੱਖਰੀ ਛੁੱਟੀ ਹੋਣੀ ਚਾਹੀਦੀ ਹੈ।

...ਕਿਸੇ ਨੇ ਕਿਹਾ ਕਰਨਾ ਕਿ ਮੈਂ ਉਦੋਂ 3-4 ਸਾਲ ਦਾ ਸੀ ਜਦੋਂ ਮੈਂ ਆਪਣੇ ਭਾਪੇ ਦੇ iPad 'ਚ ਜੁੱਤੀ ਮਾਰੀ ਸੀ, ਇਸ ਕਰਕੇ ਮੈਨੂੰ “ਆਜ਼ਾਦੀ ਘੁਲਾਟੀਆ” ਸਮਝ ਕੇ “ਸਰਕਾਰੀ ਨੌਕਰੀ ” 'ਚ ਪਹਿਲ ਦਿੱਤੀ ਜਾਵੇ, ਕਈ “ਕੰਧ ਕੁੱਟ ਇਨਕਲਾਬੀ”, “ਸਰਕਾਰੀ ਪੈਨਸ਼ਨਾਂ” ਲਈ ਲੇਲੜੀਆਂ ਕਢਣਗੇ।

ਸਭ ਤੋਂ ਵਧ ਦਿੱਕਤ ਵਿਦਿਆਰਥੀਆਂ ਲਈ ਖੜੀ ਹੋ ਜਾਣੀ ਹੈ, ਕਿ ਉਨ੍ਹਾਂ ਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਨਾਲ ਨਾਲ ਹੁਣ 5-7 ਸੌ “ਕੰਧ ਕੁੱਟ ਇਨਕਲਾਬੀਆਂ” ਦੀ ਹਿਸਟਰੀ ਵੀ ਯਾਦ ਕਰਨੀ ਪਿਆ ਕਰੇਗੀ, ਪ੍ਰਸ਼ਨ ਪੱਤਰ 'ਚ ਇਹੋ ਜਿਹੇ ਸਵਾਲ ਆਇਆ ਕਰਨਗੇ -

ਪ੍ਰਸ਼ਨ : ਕੰਧ ਕੁੱਟ ਇਨਕਲਾਬ ਕਦੋਂ ਸ਼ੁਰੂ ਹੋਇਆ ?

ਉੱਤਰ : ਕੰਧ ਕੁੱਟ ਇਨਕਲਾਬ ਦੀ ਨੀਂਹ ਧਨੌਲੇ ਆਲੇ ਬਿਕਰਮ ਨੇ ਅਗਸਤ 2014 'ਚ ਓਦੋਂ ਰੱਖ ਦਿੱਤੀ ਸੀ, ਜਦੋਂ ਓਸ ਸਮੇਂ ਦੇ ਮੁੱਖ ਮੰਤਰੀ ਆਪਣਾ ਭਾਸ਼ਣ ਦੇ ਰਹੇ ਸਨ, ਤਾਂ ਓਸਨੇ ਆਪਣੀ ਜੁੱਤੀ ਓਹਨਾਂ ਵੱਲ ਸਿੱਟ ਕੇ ਪ੍ਰਦਰ੍ਸ਼ਨ ਕੀਤਾ। ਉਸ ਤੋਂ ਬਾਅਦ ਓਹਦੇ ਉੱਪਰ ਨਜ਼ਾਇਜ਼ ਕੇਸ ਪਾਕੇ ਅੰਦਰ ਕਰਨ ਤੋਂ ਬਾਅਦ ਪੰਜਾਬ ਦੇ ਸਾਰੇ “ਗਰਮ ਖੂਨ” ਵਾਲੇ ਨੌਜਵਾਨਾਂ ਦਾ ਖੂਨ ਉਬਾਲੇ ਮਾਰਨ ਲੱਗ ਪਿਆ ਅਤੇ ਫਿਰ ਬਿਕਰਮ ਦੀ ਹਮਾਇਤ ਵਿੱਚ “ਅਣਖੀ ਨੌਜਵਾਨਾਂ” ਵਲੋਂ “ਕੰਧ ਕੁੱਟ ਇਨਕਲਾਬ” ਦੀ ਸ਼ੁਰੂਆਤ ਕੀਤੀ ਗਈ, ਜੋ ਓਸ ਸਮੇਂ ਦੇ “Ice Bucket Challenge” ਵਾਂਗ ਸੀ, ਜਿਸ ਵਿੱਚ ਇੱਕ ਬਿਮਾਰੀ ਨਾਲ ਪੀੜਤ ਲੋਕਾਂ ਲਈ ਮਿਲਿਅਨਾਂ ਡਾਲਰ ਇਕੱਠੇ ਗਏ ਸਨ, ਪਰ ਇਸਦੇ ਬਿਲਕੁਲ ਉਲਟ ਪੂਰੇ “ਅਣਖੀ ਪੰਜਾਬੀ ਫੇਸਬੁੱਕ ਘੁਲਾਟੀਏ ” ਬਿਕਰਮ ਦੇ ਪਰਿਵਾਰ ਨੂੰ 10 ਰੁਪੈ ਵੀ ਨਹੀਂ ਸਨ ਦੇ ਸਕੇ।

ਪ੍ਰਸ਼ਨ : ਕੰਧ ਕੁੱਟ ਇਨਕਲਾਬ ਕਿੱਥੋਂ ਸ਼ੁਰੂ ਹੋਇਆ ?

ਉੱਤਰ : ਗਦਰੀ ਬਾਬਿਆਂ ਵਲੋਂ ਅਰੰਭੇ ਗਦਰੀ ਇਨਕਲਾਬ ਦੀ ਤਰਾਂ ਇਹ ਸੰਘਰਸ਼ ਵੀ ਵਿਦੇਸ਼ੀ ਧਰਤੀ ਤੋਂ ਹੀ ਸ਼ੁਰੂ ਹੋਇਆ ਸੀ ।

ਪ੍ਰਸ਼ਨ : ਕੰਧ ਕੁੱਟ ਇਨਕਲਾਬ ਦੇ ਕੀ ਕੀ ਫਾਇਦੇ ਸਨ ?

ਉੱਤਰ : ਵੈਸੇ ਤਾਂ “ਕੰਧ ਕੁੱਟ ਇਨਕਲਾਬ” ਦੇ ਬਹੁਤ ਸਾਰੇ ਫਾਇਦੇ ਸਨ, ਪਰ ਸਭ ਤੋਂ ਵੱਡਾ ਫਾਇਦਾ ਇਹ ਸੀ ਕੇ ਇਸ ਨਾਲ ਇਨਕਲਾਬੀ ਬਣਨ ਲਈ ਫਾਂਸੀ ਚੜ੍ਹਨ ਅਤੇ ਘਰ ਬਾਰ ਬਰਬਾਦ ਕਰਾਉਣ ਦੀ ਕੋਈ ਲੋੜ ਨਹੀਂ ਸੀ। ਪੀਜ਼ੇ ਦੀ ਹੋਮ ਡਲਿਵਰੀ ਵਾਂਗ, ਘਰੇ ਬਹਿ ਕੇ ਇੱਕ ਜੁੱਤੀ ਅਤੇ ਕੰਪਯੁਟਰ ਦੀ ਮਦਦ ਨਾਲ “ਕੰਧ ਕੁੱਟ ਇਨਕਲਾਬ” ਲਿਆਂਦਾ ਜਾ ਸਕਦਾ ਸੀ।

ਦੂਜਾ ਫਾਇਦਾ ਇਹ ਸੀ ਕਿ ਏ.ਸੀ. ਦੀ ਠੰਡ ਵਿੱਚ ਸਾਰਾ ਪਰਿਵਾਰ ਇਕੱਠਾ ਬੈਠ ਕੇ ਇਨਕਲਾਬ ਲਿਆ ਸਕਦਾ ਸੀ, ਜਿਸ ਵਿੱਚ 3-4 ਸਾਲ ਦੀ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ, ਕਿਉਂਕਿ ਇਸ ਨਾਲ ਬੱਚਿਆਂ ਦੀ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਸੀ।

ਤੀਜਾ ਸਭ ਤੋਂ ਅਹਿਮ ਫਾਇਦਾ ਇਹ ਸੀ ਕੇ ਕੰਧਾਂ 'ਚ ਜੁੱਤੀਆਂ ਮਾਰ ਮਾਰ ਕੇ ਆਪਣੇ ਆਪ ਨੂੰ ਭਗਤ ਸਿੰਘ ਦੀ ਟੱਕਰ ਦਾ ਇਨਕਲਾਬੀ ਹੋਣ ਦੀ ਫੀਲਿੰਗ ਲਈ ਜਾ ਸਕਦੀ ਸੀ ਅਤੇ ਬਿਨਾਂ ਆਪਣੇ ਆਪ ਜਾਂ ਆਪਣੇ ਪਰਿਵਾਰ ਨੂੰ ਨੁਕਸਾਨ ਪਹੁੰਚਾਇਆਂ ਇਨਕਲਾਬੀ ਬਣਿਆਂ ਜਾ ਸਕਦਾ ਸੀ।

ਚੌਥਾ ਅਤੇ ਸਭ ਤੋਂ ਅਹਿਮ ਫਾਇਦਾ ਇਹ ਸੀ ਕਿ ਇਸ ਨਾਲ “ਕੰਧ ਕੁੱਟ ਇਨਕਲਾਬ” ਵਿੱਚ ਸ਼ਾਮਿਲ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਰਸਤੇ ਉੱਪਰ ਚੱਲਣ ਦੀ ਲੋੜ ਨਹੀਂ ਸੀ, ਕੰਪਯੁਟਰ 'ਤੇ ਸਿਰਫ ਇੱਕ ਜੁੱਤੀ ਮਾਰਕੇ, ਸਮੇਂ ਦੀਆਂ ਹਕੂਮਤਾਂ ਦੇ ਜ਼ੁਲਮਾਂ ਦਾ ਬਦਲਾ ਲੈਣ ਦੀ “ਫੀਲਿੰਗ” ਲਈ ਜਾ ਸਕਦੀ ਸੀ।


ਟਿੱਪਣੀ: ਅਸੀਂ ਜੁੱਤੀ ਚੈਲੰਜ ਦੇ ਖਿਲਾਫ ਨਹੀਂ, ਪਰ ਇਸ ਜੁੱਤੀ ਚੈਲੰਜ ਦਾ ਫਾਇਦਾ ਤਾਂ ਹੁੰਦਾ, ਜੇਕਰ ਹੁਣੇ ਪਈਆਂ ਵੋਟਾਂ 'ਚ (ਅ)ਕਾਲੀਆਂ ਨੂੰ ਹਰਾ ਕੇ ਛਿਤਰ ਮਾਰੇ ਜਾਂਦੇ, ਪਰ ਹੋਇਆ ਬਿਲਕੁਲ ਉਹੀ, ਕਿ ਪੈਸੇ ਅਤੇ ਸ਼ਰਾਬ ਦੇ ਲਾਲਚ ਵਿੱਚ ਸਭ ਕੁੱਝ ਛਿੱਕੇ ਟੰਗ ਕੇ ਜਿਤਾਇਆ ਫਿਰ ਉਨ੍ਹਾਂ ਲੋਕਾਂ ਨੂੰ ਗਿਆ, ਜਿਨ੍ਹਾਂ ਨੇ ਵਿਕਰਮ ਨੂੰ ਜੇਲ 'ਚ ਡੱਕਿਆ ਹੋਇਆ ਹੈ। ਹਾਲੇ ਵੀ ਵਿਧਾਨਸਭਾ ਦੀਆਂ ਚੋਣਾਂ ਆਉਣੀਆਂ, ਬਾਦਲ ਦੇ ਛਿੱਤਰ ਮਾਰਣ ਦਾ ਮੌਕਾ ਆਉਣਾ ਹੈ, ਪਰ ਕੀ ਪੰਜਾਬੀ ਪੈਸੈ ਅਤੇ ਸ਼ਰਾਬ, ਭੁੱਕੀ ਅਤੇ ਹੋਰ ਨਸ਼ਿਆਂ ਨੂੰ ਛੱਡ ਕੇ ਕੋਈ ਅਕਲ ਵਾਲਾ ਕੰਮ ਕਰਣਗੇ, ਉਮੀਦ ਘੱਟ ਹੈ, ਪਰ ਚਲੋ ਸਮਾਂ ਦੱਸੇਗਾ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top