Share on Facebook

Main News Page

ਨਾਮਧਾਰੀਆਂ ਦੇ ਦੋ ਗੁੱਟਾਂ 'ਚ ਪਿੰਡ ਭੈਣੀ ਵਿਖੇ ਹੋਈ ਆਪਸੀ ਲੜਾਈ

26 Aug 2014 ਮਾਛੀਵਾੜਾ ਸਾਹਿਬ (ਟੱਕਰ/ਸਚਦੇਵਾ)- ਨਾਮਧਾਰੀ ਸੰਪਰਦਾ ਦੇ ਮੁੱਖ ਕੇਂਦਰ ਪਿੰਡ ਭੈਣੀ ਵਿਖੇ ਬੀਤੀ ਸ਼ਾਮ ਮਾਹੌਲ ਉਸ ਸਮੇਂ ਤਣਾਅ ਪੂਰਨ ਬਣ ਗਿਆ ਜਦੋਂ ਨਾਮਧਾਰੀ ਮੁਖੀ ਜਗਜੀਤ ਸਿੰਘ ਦੇ ਪੁੱਤਰ ਅਤੇ ਗੱਦੀਨਸ਼ੀਨ ਠਾਕੁਰ ਉਦੈ ਸਿੰਘ ਅਤੇ ਵਿਰੋਧੀ ਧਿਰ ਠਾਕੁਰ ਦਲੀਪ ਸਿੰਘ ਦੇ ਪੈਰੋਕਾਰ ਆਪਸ ਵਿਚ ਭਿੜ ਪਏ। ਦੋਹਾਂ ਹੀ ਧਿਰਾਂ ਨੇ ਇਕ-ਦੂਜੇ 'ਤੇ ਪਥਰਾਬਾਜ਼ੀ ਅਤੇ ਹਮਲਾ ਕਰਨ ਦਾ ਦੋਸ਼ ਲਗਾਇਆ।

ਠਾਕੁਰ ਉਦੈ ਸਿੰਘ ਅਤੇ ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਵਿਚਕਾਰ ਗੱਦੀ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਟਕਰਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਕੁਝ ਦਿਨ ਪਹਿਲਾਂ ਹੀ ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਵਲੋਂ ਲੁਧਿਆਣਾ ਵਿਖੇ ਨਾਮਧਾਰੀ ਏਕਤਾ ਦੇ ਨਾਂ 'ਤੇ ਭੁੱਖ ਹੜਤਾਲ ਵੀ ਕੀਤੀ ਗਈ, ਪਰ ਮੰਗਲਵਾਰ ਨੂੰ ਇਹ ਪਹਿਲੀ ਵਾਰ ਹੋਇਆ ਕਿ ਸ੍ਰੀ ਭੈਣੀ ਸਾਹਿਬ ਵਿਖੇ ਦੋਹਾਂ ਦੇ ਪੈਰੋਕਾਰ ਆਪਸ ਵਿਚ ਆਹਮੋ-ਸਾਹਮਣੇ ਹੋਏ ਹੋ ਗਏ।

ਜਾਣਕਾਰੀ ਅਨੁਸਾਰ ਪਿੰਡ ਭੈਣੀ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ ਸੀ ਅਤੇ ਪਿੰਡ ਭੈਣੀ ਦੇ ਮੁੱਖ ਕੇਂਦਰ ਵਿਚ ਮੌਜੂਦ ਸੂਬਾ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰ ਤੋਂ ਹੀ ਪਿੰਡ ਭੈਣੀ ਦੇ ਇਕ ਘਰ ਵਿਚ ਠਾਕੁਰ ਦਲੀਪ ਸਿੰਘ ਧੜੇ ਦੇ ਕੁਝ ਲੋਕ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ, ਜਿਸ ਦੀ ਉਨ੍ਹਾਂ ਸੂਚਨਾ ਥਾਣਾ ਕੂੰਮਕਲਾਂ ਪੁਲਸ ਨੂੰ ਦਿੱਤੀ ਤਾਂ ਜੋ ਮਾਹੌਲ ਖਰਾਬ ਨਾ ਹੋਵੇ ਪਰ ਸ਼ਾਮ 6 ਵਜੇ ਤੋਂ ਬਾਅਦ ਠਾਕੁਰ ਦਲੀਪ ਸਿੰਘ ਧੜੇ ਦੇ ਕੁਝ ਲੋਕ ਇਕ ਗੱਡੀ 'ਚ ਸਵਾਰ ਹੋ ਕੇ ਆਏ ਤੇ ਉਨ੍ਹਾਂ ਸ੍ਰੀ ਭੈਣੀ ਸਾਹਿਬ ਦਰਬਾਰ ਦੇ ਮੁੱਖ ਗੇਟ ਅੱਗੇ ਖੜ੍ਹੇ ਪੈਰੋਕਾਰਾਂ 'ਤੇ ਗੱਡੀ ਚੜ੍ਹਾ ਦਿੱਤੀ ਤੇ ਮੌਕੇ 'ਤੇ ਥਾਣਾ ਕੂੰਮਕਲਾਂ ਦੇ ਮੁਖੀ ਵੀ ਮੌਜੂਦ ਸਨ। ਸੂਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਚੜ੍ਹਾਉਣ ਕਾਰਨ ਉਨ੍ਹਾਂ ਦੇ ਧੜੇ ਦੇ 4 ਵਿਅਕਤੀ ਜ਼ਖਮੀ ਹੋ ਗਏ, ਜਿਸ ਵਿਚ ਮਹਾ ਸਿੰਘ, ਗੁਰਪ੍ਰੀਤ ਸਿੰਘ ਤੇ 2 ਹੋਰ ਵਿਅਕਤੀ ਸਨ।

ਸੂਬਾ ਬਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਦਲੀਪ ਸਿੰਘ ਧੜੇ ਨੇ ਭੁੱਖ ਹੜਤਾਲ ਕੀਤੀ ਸੀ ਤਾਂ ਉਨ੍ਹਾਂ ਵਲੋਂ ਠਾਕੁਰ ਉਦੈ ਸਿੰਘ ਦੇ ਨਿਰਦੇਸ਼ਾਂ ਨੂੰ ਮੰਨਦੇ ਹੋਏ ਇਸ ਵਿਚ ਕੋਈ ਵਿਘਨ ਨਹੀਂ ਪਾਇਆ ਦੇ ਭੁੱਖ ਹੜਤਾਲ ਦੇ ਅੰਤਿਮ ਦਿਨ ਠਾਕੁਰ ਦਲੀਪ ਸਿੰਘ ਨੇ ਲੁਧਿਆਣਾ ਵਿਖੇ ਬਹੁਤ ਹੀ ਭੜਕਾਊ ਭਾਸ਼ਣ ਦਿੱਤਾ ਤੇ ਪਿੰਡ ਭੈਣੀ ਦਾ ਮਾਹੌਲ ਖਰਾਬ ਕਰਨ ਦੇ ਵੀ ਆਪਣੇ ਪੈਰੋਕਾਰਾਂ ਨੂੰ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਭੈਣੀ ਸਾਹਿਬ ਡੇਰੇ ਅੰਦਰ ਮਾਹੌਲ ਬਿਲਕੁਲ ਸ਼ਾਂਤੀਪੂਰਵਕ ਹੈ।

ਦੂਸਰੇ ਪਾਸੇ ਠਾਕੁਰ ਦਲੀਪ ਸਿੰਘ ਧੜੇ ਨਾਲ ਸੰਬੰਧਿਤ ਨਵਤੇਜ ਸਿੰਘ ਨਾਮਧਾਰੀ, ਜਸਵਿੰਦਰ ਸਿੰਘ, ਦਯਾ ਸਿੰਘ, ਹਰਵਿੰਦਰ ਸਿੰਘ, ਬੇਅੰਤ ਸਿੰਘ ਤੇ ਨਿਸ਼ਾਨ ਸਿੰਘ ਨੇ ਦੋਸ਼ ਲਗਾਇਆ ਕਿ ਅੱਜ ਭੈਣੀ ਵਿਖੇ ਹੀ ਨਿਰੰਜਣ ਸਿੰਘ ਘਰ ਵਿਚ ਆ ਕੇ ਠਾਕੁਰ ਉਦੈ ਸਿੰਘ ਦੇ ਧੜੇ ਨਾਲ ਸੰਬੰਧਿਤ ਕੁਝ ਵਿਅਕਤੀਆਂ ਨੇ ਭੰਨਤੋੜ ਕੀਤੀ ਅਤੇ ਕੰਪਿਊਟਰ ਚੁੱਕ ਕੇ ਲੈ ਗਏ। ਹੋਰ ਤਾਂ ਹੋਰ ਘਰ ਵਾਲਿਆਂ ਦੇ ਦਰਵਾਜ਼ੇ ਵੀ ਭੰਨ ਦਿੱਤੇ ਤੇ ਪਥਰਾਬਾਜ਼ੀ ਵੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੇ ਧੜੇ ਨਾਲ ਸੰਬੰਧਿਤ ਕੁਝ ਲੋਕ ਡੇਰੇ ਦੇ ਮੁੱਖ ਗੇਟ ਅੱਗੇ ਗੱਡੀ 'ਤੇ ਜਾ ਰਹੇ ਸਨ, ਉਨ੍ਹਾਂ ਉਪਰ ਵੀ ਹਮਲਾ ਕੀਤੀ ਜਿਸ 'ਤੇ ਉਨ੍ਹਾਂ ਭੱਜ ਕੇ ਜਾਨ ਬਚਾਈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਕੁਝ ਠਾਕੁਰ ਉਦੈ ਸਿੰਘ ਤੇ ਸੰਤ ਜਗਤਾਰ ਸਿੰਘ ਦੇ ਨਿਰਦੇਸ਼ਾਂ 'ਤੇ ਹੋ ਰਿਹਾ ਹੈ ਕਿਉਂਕਿ ਨਾਮਧਾਰੀ ਸੰਗਤ ਅਤੇ ਭੈਣੀ ਦੇ 80 ਫੀਸਦੀ ਲੋਕ ਠਾਕੁਰ ਉਦੈ ਸਿੰਘ ਨੂੰ ਆਪਣਾ ਗੁਰੂ ਨਹੀਂ ਮੰਨਦੇ ਤੇ ਉਨ੍ਹਾਂ ਦੇ ਕੁਝ ਵਿਅਕਤੀਆਂ ਨੇ ਧੱਕੇ ਨਾਲ ਡੇਰੇ 'ਤੇ ਕਬਜ਼ਾ ਕੀਤਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਇਸ ਝਗੜੇ ਵਿਚ ਉਨ੍ਹਾਂ ਦਾ ਇਕ ਵਿਅਕਤੀ ਜ਼ਖਮੀ ਹੋਇਆ, ਜਿਸ ਨੂੰ ਹਸਪਤਾਲ ਭੇਜਿਆ ਗਿਆ ਹੈ। ਮੌਕੇ ਦੀ ਸਥਿਤੀ ਨੂੰ ਨਜਿੱਠਣ ਲਈ ਲੁਧਿਆਣਾ ਤੋਂ ਏ. ਸੀ. ਪੀ. ਸਤਵੀਰ ਸਿੰਘ ਅਟਵਾਲ, ਡੀ. ਐੱਸ. ਪੀ. ਸਾਹਨੇਵਾਲ ਤੇ ਥਾਣਾ ਕੂੰਮਕਲਾਂ ਦੀ ਭਾਰੀ ਪੁਲਸ ਫੋਰਸ ਪੁੱਜੀ ਹੋਈ ਸੀ ਤੇ ਉਨ੍ਹਾਂ ਦੋਵਾਂ ਧੜਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top