Share on Facebook

Main News Page

ਖਾਲਸਾਈ ਰੰਗ ਤੋਂ ਬਿਨ੍ਹਾਂ ਨਹੀਂ ਉਭਰਨਾ ਤੀਜਾ ਬਦਲ
-: ਗੁਰਜਤਿੰਦਰ ਸਿੰਘ ਰੰਧਾਵਾ ਸੈਕਰਾਮੈਂਟੋ, ਕੈਲੀਫੋਰਨੀਆ 916-320-9444

ਪੰਜਾਬ ਦੀ ਸਿਆਸਤ ਵਿੱਚ ਅਨੇਕਾਂ ਵਾਰ ਤੀਜਾ ਬਦਲ ਉਭਾਰਨ ਦੇ ਯਤਨ ਹੋਏ ਹਨ। ਲੋਕ ਅਕਾਲੀ, ਕਾਂਗਰਸ ਤੋਂ ਬਦਜਨ ਹੋ ਕੇ ਕਿਸੇ ਤੀਸਰੀ ਧਿਰ ਵੱਲ ਦੇਖਦੇ ਰਹੇ ਹਨ। ਸਭ ਤੋਂ ਪਹਿਲਾਂ ਕਾਮਰੇਡਾਂ ਵਲੋਂ ਤੀਜੀ ਧਿਰ ਖੜ੍ਹੀ ਕਰਨ ਦੇ ਯਤਨ ਕੀਤੇ ਗਏ। ਪਰ ਕਾਮਰੇਡਾਂ ਦਾ ਪ੍ਰਚਾਰ ਅਤੇ ਸਿਆਸਤ ਹੀ ਐਸੀ ਸੀ ਕਿ ਸਿੱਖਾਂ ਨੂੰ ਪ੍ਰਭਾਵਿਤ ਕਰਨ ਦੀ ਥਾਂ, ਸਗੋਂ ਦੂਰ ਕਰਨ ਦਾ ਕਾਰਨ ਬਣ ਗਈ। ਇਹੀ ਕਾਰਨ ਹੈ ਕਿ ਮਜ਼ਦੂਰਾਂ, ਕਿਸਾਨਾਂ ਦੇ ਮਸਲਿਆਂ ਉਪਰ ਸੰਘਰਸ਼ ਕਰਨ ਵਾਲੇ ਇਹ ਲੋਕ ਪੰਜਾਬ ਦੀ ਸਿਆਸਤ ਅੰਦਰ ਕੋਈ ਬਹੁਤਾ ਦਖਲ ਨਹੀਂ ਬਣਾ ਸਕੇ।

1994-95 ਵਿੱਚ ਜਗਮੀਤ ਸਿੰਘ ਬਰਾੜ ਅਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਪੰਜਾਬ ਬਚਾਓ ਮੋਰਚਾ ਬਣਾ ਕੇ ਤੀਜੀ ਧਿਰ ਬਣਨ ਦਾ ਯਤਨ ਕੀਤਾ, ਪਰ ਉਹ ਵੀ ਲੋਕਾਂ ਨੂੰ ਆਪਣੇ ਵੱਲ ਨਹੀਂ ਖਿੱਚ ਸਕੇ। 2010 ਵਿੱਚ ਸ. ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਪੀਪਲਜ਼ ਪਾਰਟੀ ਆਫ ਪੰਜਾਬ ਦਾ ਗਠਨ ਕਰਕੇ ਤੀਜੀ ਧਿਰ ਲਈ ਹੰਭਲਾ ਮਾਰਿਆ। ਉਨ੍ਹਾਂ ਨੇ ਕਾਨਫਰੰਸਾਂ ਅਤੇ ਮੀਟਿੰਗਾਂ ਵਿੱਚ ਲੋਕਾਂ ਨੇ ਵੱਡੇ ਇਕੱਠ ਕੀਤੇ। ਮਾਰਚ 2011 ਵਿੱਚ ਖਟਕੜ ਕਲਾ ਵਿਖੇ ਹੋਏ ਵਿਸ਼ਾਲ ਇਕੱਠ ਨੇ ਰਵਾਇਤੀ ਸਿਆਸੀ ਪਾਰਟੀਆਂ ਦੇ ਕਾਂਗਰਸ ਤੇ ਅਕਾਲੀਆਂ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਕੱਢ ਦਿੱਤੀ ਸੀ। ਪਰ ਮਨਪ੍ਰੀਤ ਸਿੰਘ ਬਾਦਲ ਵੀ ਆਪਣੀ ਪਾਰਟੀ ਤੇ ਸਿਆਸਤ ਦਾ ਧੁਰ੍ਹਾ ਸਿੱਖ ਵਿਰਾਸਤ ਅਤੇ ਫਲਸਫੇ ਨੂੰ ਬਣਾਉਣ ਦੀ ਥਾਂ ਬਸੰਤੀ ਰੰਗ ਵੱਲ ਵਧੇਰੇ ਉਲਾਰ ਹੋ ਗਏ। ਬਸ ਇਥੋਂ ਹੀ ਉਨ੍ਹਾਂ ਦਾ ਪਤਨ ਸ਼ੁਰੂ ਹੋ ਗਿਆ। 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੀਪਲਜ਼ ਪਾਰਟੀ ਆਫ ਪੰਜਾਬ, ਪੰਜਾਬ ਦੇ ਸਿਆਸੀ ਮੰਚ ਤੋਂ ਲਹਿ ਚੁੱਕੀ ਸੀ। ਇਸ ਤੋਂ ਬਾਅਦ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਖਿਲਾਫ ਦੇਸ਼ ਭਰ ਅੰਦਰ ਇਕ ਬਣੀ ਲਹਿਰ ਉਭਰੀ। ਇਸ ਲਹਿਰ ਦਾ ਪ੍ਰਭਾਵ ਪੰਜਾਬ ਉਪਰ ਵੀ ਪਿਆ। ਹਜ਼ਾਰਾਂ ਨੌਜਵਾਨ ਅਤੇ ਹੋਰ ਲੋਕ ਇਸ ਲਹਿਰ ਤੋਂ ਪ੍ਰਭਾਵਿਤ ਹੋ ਕੇ ਅੰਨਾ ਹਜ਼ਾਰੇ ਦੀ ਮੁਹਿੰਮ ਵਿੱਚ ਕੁੱਦ ਪਏ।

ਫਿਰ ਜਦ ਇਸ ਮੁਹਿੰਮ ਵਿਚੋਂ ਆਮ ਆਦਮੀ ਪਾਰਟੀ ਦਾ ਅਗਾਜ਼ ਹੋਇਆ ਤਾਂ ਪੂਰੇ ਪੰਜਾਬ ਅੰਦਰ ਇਕਦਮ ਆਮ ਆਦਮੀ ਪਾਰਟੀ ਨਾਲ ਲੋਕ ਜੁੜਨੇ ਸ਼ੁਰੂ ਹੋ ਗਏ।

ਆਮ ਆਦਮੀ ਪਾਰਟੀ ਦਾ ਪੰਜਾਬ ਦੇ ਲੋਕਾਂ ਵਿੱਚ ਕਿੰਨੀ ਤੇਜ਼ੀ ਨਾਲ ਪ੍ਰਭਾਵ ਬਣਿਆ, ਇਸ ਗੱਲ ਦਾ ਪਤਾ ਇਸੇ ਸਾਲ ਲੋਕ ਸਭਾ ਦੀ ਹੋਈ ਚੋਣ ਦੇ ਨਤੀਜਿਆਂ ਤੋਂ ਸਾਹਮਣੇ ਆਇਆ। ਇਸ ਚੋਣ ਵਿੱਚ ‘ਆਪ’ ਦੇ ਚਾਰ ਪਾਰਲੀਮੈਂਟ ਮੈਂਬਰ ਬਣੇ।

ਪੰਜਾਬ ਅੰਦਰ ਆਪ ਦੀ ਇਹ ਸਭ ਤੋਂ ਵੱਡੀ ਕਾਮਯਾਬੀ ਸੀ। ਸਿਰਫ਼ ਪੰਜਾਬ ਦੇ ਲੋਕਾਂ ਨੇ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੇ ਵੀ ਆਪ ਨਾਲ ਜੁੜਨ ਨੂੰ ਮਾਣ ਸਮਝਿਆ। ਲੋਕ ਸਭਾ ਚੋਣਾਂ ਦੌਰਾਨ ਵੀ ਆਪ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਨੇ ਫੋਨ ਜਾਂ ਹੋਰ ਸੋਸ਼ਲ ਮੀਡੀਆ ਰਾਹੀਂ ਪ੍ਰੇਰਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਮਿਲੀ ਵੱਡੀ ਕਾਮਯਾਬੀ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਵਸੇ ਪੰਜਾਬੀਆਂ ਅੰਦਰ ਇਹ ਵਿਸ਼ਵਾਸ਼ ਬਣ ਗਿਆ ਸੀ ਕਿ ਪੰਜਾਬ ਅੰਦਰ ਤੀਜੀ ਧਿਰ ਉਭਰ ਕੇ ਸਾਹਮਣੇ ਆ ਗਈ ਹੈ। ਪੰਜਾਬ ਦੀਆਂ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਆਪ ਦੇ ਉਭਾਰ ਦੇ ਡਰ ਤੋਂ ਕੰਬਣ ਲੱਗ ਪਈਆਂ ਸਨ। ਇਨ੍ਹਾਂ ਪਾਰਟੀਆਂ ਦੇ ਆਗੂ ਆਪ ਦੇ ਉਭਾਰ ਨੂੰ ਪ੍ਰਵਾਨ ਤਾਂ ਕਰਦੇ ਸਨ, ਪਰ ਨਾਲ ਹੀ ਇਹ ਕਹਿ ਕੇ ਖਾਰਿਜ ਕਰ ਦਿੰਦੇ ਸਨ ਕਿ ਇਹ ਤਾਂ ਚੰਦ ਦਿਨਾਂ ਦੀ ਖੇਡ ਹੈ। ਲੋਕਾਂ ਨੇ ਮਹਿਜ ਜਜਬਾਤੀ ਹੋ ਕੇ ਉਨ੍ਹਾਂ ਵੱਲ ਮੂੰਹ ਕੀਤਾ ਹੈ ਤੇ ਜਲਦੀ ਹੀ ਲੋਕ ਉਨ੍ਹਾਂ ਕੋਲ ਵਾਪਸ ਆ ਜਾਣਗੇ। ਹੁਣੇ ਹੋਈਆਂ ਦੋ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਖਾਸ ਕਰ ਪਟਿਆਲਾ ਹਲਕੇ ਵਿੱਚ ਆਮ ਆਦਮੀ ਪਾਰਟੀ ਬਹੁਤ ਪਸਰ ਗਈ ਹੈ। ਤਲਵੰਡੀ ਸਾਬੋ ਹਲਕੇ ਵਿੱਚ ਉਸ ਨੂੰ ਕਰੀਬ ਦੁਗਣੀਆਂ ਵੋਟਾਂ ਪਈਆਂ ਹਨ। ਪਰ ਪਟਿਆਲਾ ਹਲਕੇ ਵਿੱਚ ਲੋਕ ਸਭਾ ਚੋਣਾਂ ਦੌਰਾਨ 35 ਹਜ਼ਾਰ ਦੇ ਕਰੀਬ ਵੋਟਾਂ ਲਿਜਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਹੁਣ ਸਿਰਫ਼ 57 ਕੁ ਸੋ ਵੋਟ ਹੀ ਮਿਲੀ ਹੈ। ਆਮ ਆਦਮੀ ਪਾਰਟੀ ਦੇ ਪ੍ਰਭਾਵ ਬਾਰੇ ਉਪ ਚੋਣਾਂ ਦੇ ਨਤੀਜਿਆਂ ਦੇ ਅਧਾਰ ‘ਤੇ ਇਹ ਸਿੱਟਾ ਕੱਢਣਾ ਜਿਆਦਤੀ ਹੋਵੇਗੀ ਕਿ ਆਮ ਆਦਮੀ ਪਾਰਟੀ ਦੇ ਦਿਨ ਪੁਗ ਗਏ ਹਨ।

ਪਹਿਲੀ ਗੱਲ ਤਾਂ ਇਹ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਲੀਡਰਸ਼ਿਪ ਨੇ ਇਹ ਚੋਣਾਂ ਚੁੱਪ ਸਹਿਮਤੀ ਨਾਲ ਹੀ ਲੜੀਆਂ ਸਨ। ਇਸ ਗੱਲ ਦੇ ਸੰਕੇਤ ਇਥੋਂ ਮਿਲਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਤਕੜੇ ਅਧਾਰ ਵਾਲੇ ਤਲਵੰਡੀ ਸਾਬੋ ਹਲਕੇ ਵਿੱਚ ਇਕ ਵਾਰ ਵੀ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਨਹੀਂ ਗਿਆ। ਦੂਜੇ ਪਾਸੇ ਪਟਿਆਲਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਦੇ ਖਿਲਾਫ ਅਕਾਲੀ ਦਲ ਵਲੋਂ ਇਕ ਨਾਵਾਕਫ ਵਿਅਕਤੀ ਨੂੰ ਟਿਕਟ ਦਿੱਤੀ ਗਈ। ਅਕਾਲੀ ਉਮੀਦਵਾਰ ਭਗਵਾਨ ਦਾਸ ਜੁਨੇਜਾ ਟਿਕਟ ਦਾ ਐਲਾਨ ਹੋਣ ਤੱਕ ਅਕਾਲੀ ਦਲ ਦਾ ਉਮੀਦਵਾਰ ਵੀ ਨਹੀਂ ਸੀ। ਚੋਣ ਮੁਹਿੰਮ ਦੌਰਾਨ ਵੀ ਆਮ ਪ੍ਰਭਾਵ ਇਹੀ ਰਿਹਾ ਕਿ ਅਕਾਲੀ ਲੀਡਰਸ਼ਿਪ ਨੇ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਖੁਭ ਕੇ ਹਿੱਸਾ ਨਹੀਂ ਲਿਆ। ਅਜਿਹੇ ਸੰਕੇਤ ਇਸ ਗੱਲ ਦਾ ਪ੍ਰਗਟਾਵਾ ਕਰਦੇ ਹਨ ਕਿ ਆਪ ਦੇ ਉਭਾਰ ਤੋਂ ਡਰੇ ਹੋਏ ਅਕਾਲੀ ਤੇ ਕਾਂਗਰਸੀਆਂ ਨੇ ਇਸ ਚੋਣ ਵਿੱਚ ਮੁੱਖ ਨਿਸ਼ਾਨਾ ਆਪ ਨੂੰ ਬਣਾਇਆ ਗਿਆ। ਦੋਵੇਂ ਪਾਰਟੀਆਂ ਦੇ ਨੇਤਾਵਾਂ ਦੀ ਸੁਰ ਵੀ ਹਮੇਸ਼ਾ ਆਪ ਨੂੰ ਭੰਡਣ ਉਪਰ ਹੀ ਲੱਗੀ ਰਹੀ। ਦੋਵਾਂ ਪਾਰਟੀਆਂ ਨੂੰ ਇਸ ਗੱਲ ਦਾ ਪਤਾ ਸੀ ਕਿ ਜੇਕਰ ਉਪ ਚੋਣਾਂ ਵਿੱਚ ਵੀ ਆਪ ਦੀ ਚੰਗੀ ਕਾਰਗੁਜਾਰੀ ਰਹਿ ਜਾਂਦੀ ਹੈ ਤਾਂ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਉਨ੍ਹਾਂ ਲਈ ਵੱਡੀ ਚੁਣੌਤੀ ਬਣ ਸਕਦੀ ਹੈ।

ਦੂਜੀ ਗੱਲ ਇਹ ਕਿ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਮਿਲੇ ਵੱਡੇ ਹੁੰਗਾਰੇ ਤੋਂ ਬਾਅਦ ਆਪਣੀ ਕਾਰਗੁਜਾਰੀ ਦਿਖਾਉਣ ਦਾ ਮੌਕਾ ਸਾਹਮਣੇ ਆਇਆ ਸੀ, ਪਰ ਲੱਗਦਾ ਹੈ ਕਿ ਆਪ ਲੀਡਰਸ਼ਿਪ ਵੀ ਪੰਜਾਬ ਦੀ ਨਬਜ਼ ਨੂੰ ਸਮਝ ਨਹੀਂ ਸਕੀ। ਪੰਜਾਬ ਅੰਦਰ ਕਿਸੇ ਵੀ ਪਾਰਟੀ ਨੇ ਜੇਕਰ ਆਪਣੀਆਂ ਜੜਾਂ ਜਮਾਉਣੀਆਂ ਹਨ ਅਤੇ ਆਪਣਾ ਪ੍ਰਭਾਵ ਕਾਇਮ ਕਰਨਾ ਹੈ ਤਾਂ ਉਸ ਨੂੰ ਸਿੱਖ ਵਿਰਾਸਤ ਅਤੇ ਸਿੱਖ ਫਲਸਫ਼ੇ ਉਪਰ ਅਧਾਰਿਤ ਹੋਣਾ ਹੀ ਪਵੇਗਾ। ਸਿੱਖ ਵਿਰਾਸਤ ਦਾ ਪੰਜਾਬ ਉਪਰ ਇੰਨਾ ਗੂੜਾ ਪ੍ਰਭਾਵ ਹੈ ਕਿ ਉਥੇ ਸਿਰਫ਼ ਸਿੱਖ ਭਾਈਚਾਰਾ ਹੀ ਨਹੀਂ, ਸਗੋਂ ਪੰਜਾਬ ਅੰਦਰ ਵੱਸਦੇ ਹੋਰ ਵਰਗ ਵੀ ਸਿੱਖ ਵਿਰਾਸਤ ਅਤੇ ਫਲਸਫ਼ੇ ਤੋਂ ਡੂੰਘੀ ਤਰ੍ਹਾਂ ਪ੍ਰਭਾਵਿਤ ਹਨ। ਆਮ ਆਦਮੀ ਪਾਰਟੀ ਨੇ ਵੀ ਸਿੱਖ ਵਿਰਾਸਤ ਨੂੰ ਅਪਣਾਉਣ ਦੀ ਥਾਂ ਸਗੋਂ ਬਸੰਤੀ ਰੰਗ ਵੱਲ ਵਧੇਰੇ ਧਿਆਨ ਦਿੱਤਾ।

ਕਾਮਰੇਡੀ ਤਰਜ਼ ਉਪਰ ਤੀਜਾ ਬਦਲ ਦੇ ਯਤਨ ਵਾਰ-ਵਾਰ ਅਸਫ਼ਲ ਹੋਏ ਹਨ। ਪੰਜਾਬ ਅੰਦਰ ਬਸੰਤੀ ਨਹੀਂ, ਸਗੋਂ ਕੇਸਰੀ ਰੰਗ ਦਾ ਗੂੜਾ ਪ੍ਰਭਾਵ ਹੈ ਤੇ ਲੋਕ ਵੀ ਚਾਹੁੰਦੇ ਹਨ ਕਿ ਕੋਈ ਅਜਿਹੀ ਲੀਡਰਸ਼ਿਪ ਸਾਹਮਣੇ ਆਵੇ ਜਿਹੜੀ ਸਿੱਖ ਵਿਰਾਸਤ ਅਤੇ ਫਲਸਫ਼ੇ ਨੂੰ ਵੀ ਆਪਣਾ ਅਧਾਰ ਬਣਾਵੇ ਅਤੇ ਨਵੇਂ ਸਮੇਂ ਦੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰੇ। ਪੰਜਾਬ ਦੇ ਲੋਕ ਅਜਿਹੀ ਲੀਡਰਸ਼ਿਪ ਨੂੰ ਤੀਜੇ ਬਦਲ ਵਜੋਂ ਪ੍ਰਵਾਨ ਕਰਨ ਲਈ ਉਤਾਵਲੇ ਹੋਣਗੇ। ਵਿਦੇਸ਼ਾਂ ਅੰਦਰ ਵੱਸਦੇ ਸਿੱਖ ਵੀ ਹਮੇਸ਼ਾ ਇਸ ਗੱਲ ਵੱਲ ਹੀ ਤਵੱਜੋਂ ਦਿੰਦੇ ਹਨ ਕਿ ਸਿੱਖੀ ਵਿੱਚ ਆਏ ਨਿਘਾਰ ਨੂੰ ਖਤਮ ਕਰਨ ਲਈ ਕੋਈ ਲੀਡਰਸ਼ਿਪ ਅੱਗੇ ਆਵੇ। ਪੰਜਾਬ ਦੀ ਸਿੱਖ ਲੀਡਰਸ਼ਿਪ ਇਸ ਨਿਘਾਰ ਵਿਚੋਂ ਸਿੱਖ ਸਮਾਜ ਨੂੰ ਨਹੀਂ ਕੱਢ ਸਕਦੀ। ਅਸਲ ਵਿੱਚ ਸਿੱਖੀ ਵਿੱਚ ਆਏ ਨਿਘਾਰ ਦਾ ਕਾਰਨ ਹੀ ਮੌਜੂਦਾ ਸਿੱਖ ਲੀਡਰਸ਼ਿਪ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਆਪ ਦੀ ਲੀਡਰਸ਼ਿਪ ਨੇ ਸਿੱਖੀ ਵਿਰਾਸਤ ਅਤੇ ਫਲਸਫ਼ੇ ਤੋਂ ਮੂੰਹ ਤੋੜ ਕੇ ਕਾਮਰੇਡੀ ਕਿਸਮ ਦੇ ਬਸੰਤੀ ਰੰਗ ਨੂੰ ਵਧੇਰੇ ਪਿਆਰ ਕਰਨ ਨੂੰ ਤਵੱਜੋਂ ਦਿੱਤੀ ਹੈ ਤੇ ਇਹ ਤਵੱਜੋਂ ਹੀ ਆਪ ਵਲੋਂ ਲੋਕਾਂ ਦਾ ਮੂੰਹ ਮੁੜਨ ਦਾ ਕਾਰਨ ਬਣੀ ਹੈ। ਆਪ ਲੀਡਰਸ਼ਿਪ ਨੂੰ ਅਜੇ ਵੀ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਅਤੇ ਪੰਜਾਬ ਅੰਦਰ ਪੈਰ ਜਮਾਉਣ ਲਈ ਇਥੋਂ ਦੀ ਵਿਰਾਸਤ ਅਤੇ ਫਲਸਫ਼ੇ ਨੂੰ ਆਪਣਾ ਅਧਾਰ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਆਪ ਲੀਡਰਸ਼ਿਪ ਅਜਿਹਾ ਵਤੀਰਾ ਧਾਰਨ ਕਰ ਲਵੇ ਤਾਂ ਪੰਜਾਬ ਅੰਦਰ ਉਸ ਦੀ ਚੜ੍ਹਤ ਨੂੰ ਕੋਈ ਨਹੀਂ ਰੋਕ ਸਕੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top