ਸਰਕਾਰਾਂ ਨੇ ਜਿਥੇ ਆਪਣੇ ਲੋਕਾਂ ਦੀ ਜਾਨ-ਮਾਲ ਦੀ ਰਾਖ਼ੀ ਕਰਨੀ
ਹੁੰਦੀ ਹੈ, ਉਨ੍ਹਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨੀ ਹੁੰਦੀ ਹੈ, ਮੁੱਢਲੇ
ਅਧਿਕਾਰਾਂ ਦੀ ਰਾਖ਼ੀ ਕਰਨੀ ਹੁੰਦੀ ਹੈ ਅਤੇ ਦੇਸ਼ ਜਾਂ ਸੂਬੇ ਦਾ ਪੂਰਨ ਵਿਕਾਸ ਕਰਨਾ ਹੁੰਦਾ
ਹੈ, ਉਥੇ ਲੋਕਾਂ ਦੀ ਹਰ ਤਰ੍ਹਾਂ ਦੀ ਲੁੱਟ-ਖਸੁੱਟ ਵੀ ਰੋਕਣੀ ਹੁੰਦੀ ਹੈ। ਵਹਿਮਾਂ-ਭਰਮਾਂ
ਰਾਂਹੀ ਹੁੰਦੇ ਮਾਨਸਿਕ ਸ਼ੋਸਣ ਵਿਰੁੱਧ ਦੇਸ਼ ‘ਚ ਕਾਨੂੰਨ ਵੀ, ਪ੍ਰੰਤੂ ਉਸਦੇ ਬਾਵਜੂਦ ਇਸ
ਦੇਸ਼ ‘ਚ ਸ਼ਰੇਆਮ ਅਖ਼ਬਾਰਾਂ, ਟੀ. ਵੀ. ਚੈਨਲਾਂ ਤੇ ਹੋਰ ਸੰਚਾਰ ਸਾਧਨਾਂ ਰਾਹੀਂ ਧੜੱਲੇ ਨਾਲ
ਪਾਖੰਡ ਤੇ ਆਡੰਬਰ ਦਾ ਕੂੜ ਪ੍ਰਚਾਰ ਕਰਕੇ, ਦੇਸ਼ ਦੀ ਮਾਨਸਿਕ ਰੋਗੀ ਹੋ ਚੁੱਕੀ ਜਨਤਾ ਨੂੰ
ਦੋਹੀਂ-ਹੱਥੀਂ ਲੁੱਟਿਆ ਜਾਂਦਾ ਹੈ, ਪ੍ਰੰਤੂ ਕਿਉਂਕਿ ਲੁੱਟ ਕਰਨ ਵਾਲੇ ਧਰਮ ਦੇ ਨਾਮ
ਪਾਖੰਡ ਤੇ ਆਡੰਬਰ ਕਰਕੇ ਲੁੱਟਦੇ ਹਨ, ਇਸ ਲਈ ਵੋਟ ਮੰਗਤਿਆਂ ਦੀ ਅਗਵਾਈ ‘ਚ ਚੱਲਦੀਆਂ
ਸਰਕਾਰਾਂ, ਇਸ ਅੰਨ੍ਹੀ ਲੁੱਟ ਵਿਰੁੱਧ ਅੱਖਾਂ ਬੰਦ ਕਰ ਛੱਡਦੀਆਂ ਹਨ।
ਪੰਜਾਬ
‘ਚ ਕਹਿਣ ਨੂੰ ਅਕਾਲੀ ਦਲ ਦੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਅਤੇ ਅਕਾਲੀ,
ਉਸਨੂੰ ਆਖਿਆ ਜਾਂਦਾ ਹੈ, ਜਿਹੜਾ ਸਿਰਫ਼ ਤੇ ਸਿਰਫ਼ ਇੱਕੋ ‘ਅਕਾਲ’ ਦਾ ਪੁਜਾਰੀ ਹੋਵੇ, ਹਰ
ਤਰ੍ਹਾਂ ਵਹਿਮ, ਪਾਖੰਡ, ਝੂਠ, ਮਕਾਰ, ਫਰੇਬ ਤੋਂ ਰਹਿਤ ਹੋਏ।
ਪ੍ਰੰਤੂ ਇਸਦੇ ਐਨ ਉਲਟ ਅੱਜ ਦੇ ਇਹ ਆਧੁਨਿਕ ਅਕਾਲੀ ਸਭ ਤੋਂ
ਵੱਧ ਵਹਿਮੀ, ਪਾਖੰਡੀ, ਆਡੰਬਰੀ, ਝੂਠੇ, ਮਕਾਰ, ਲੋਭੀ-ਲਾਲਸੀ ਹੋ ਚੁੱਕੇ ਹਨ ਅਤੇ ਇਹੋ
ਕਾਰਣ ਹੈ ਕਿ ਇਨ੍ਹਾਂ ਦੇ ਅਜਿਹੀਆਂ ਝੂਠੀ-ਪਾਖੰਡੀ ਸ਼ਕਤੀਆਂ ਨਾਲ ਯਰਾਨੇ ਹਨ। ਪੰਜਾਬ ‘ਚ
ਡੇਰੇਵਾਦ ਦਿਨੋ-ਦਿਨ ਫੈਲ ਰਿਹਾ ਹੈ, ਜੇ ਨਸ਼ੇ ਸਰੀਰਾਂ ਨੂੰ ਖਾ ਰਹੇ ਹਨ ਤਾਂ ਇਹ ਮਾਨਸਿਕ
ਰੂਪ ‘ਚ ਖ਼ਤਮ ਕਰ ਰਹੇ ਹਨ। ਸ਼ਾਇਦ ਇਹੋ ਕਾਰਣ ਹੀ ਸੀ ਕਿ ਜਿਹੜਾ ਧਰਮ, ਮਨੁੱਖ ਨੂੰ ਸੱਚ ਦਾ
ਪਾਂਧੀ ਬਣਾਉਂਦਾ ਸੀ, ਹੁਣ ਧਰਮ ਦੇ ਨਾਮ ਤੇ ਹੁੰਦੇ ਪਾਖੰਡ ਤੇ ਆਡੰਬਰ, ਮਨੁੱਖ ਨੂੰ
ਕੁਰਾਹੇ ਪਾ ਰਹੇ ਹਨ।
ਜਿਵੇਂ ਅਸੀਂ ਉਪਰ
ਲਿਖਿਆ ਹੈ ਕਿ ਪੰਜਾਬ ‘ਚ ਡੇਰੇਵਾਦ ਨੂੰ ਸ਼ਕਤੀਸ਼ਾਲੀ ਬਣਾਉਣ ਪਿੱਛੇ ਬਾਦਲਾਂ ਦਾ ਸਭ ਤੋਂ
ਵੱਡਾ ਹੱਥ ਹੈ। ਸੌਦਾ ਸਾਧ ਨਾਲ ਅੰਦਰੂਨੀ ਸਮਝੌਤਾ, ਰਾਧਾ ਸੁਆਮੀਆਂ ਨਾਲ ਗੱਠਜੋੜ,
ਨਾਮਧਾਰੀਆਂ ‘ਚ ਪਾਇਆ ਦੁਫੇੜ ਅਤੇ ਨੂਰਮਹਿਲੀਏ ਸਾਧ ਦੀ ਲਾਸ਼ ਦੀ ਸੇਵਾ-ਸੰਭਾਲ ‘ਚ
ਜੀਅ-ਜਾਨ ਨਾਲ ਜੁੱਟੇ ਰਹਿਣਾ, ਹਰ ਛੋਟੇ-ਵੱਡੇ ਡੇਰੇ ਤੇ ਫੇਰੀਆਂ ਪਾਉਂਦੇ ਰਹਿਣਾ, ਬਾਦਲਾਂ
ਦੇ ਡੇਰੇਵਾਦ ਨੂੰ ਮਿਲ ਰਹੇ ਨਿਰੰਤਰ ਥਾਪੜੇ ਦੇ ਪ੍ਰਤੀਕ ਹਨ।
ਨੂਰਮਹਿਲੀਆ ਸਾਧ, ਪਿਛਲੀ 28 ਜਨਵਰੀ ਨੂੰ ਆਪਣਾ ਸਰੀਰ ਛੱਡ ਗਿਆ
ਸੀ, ਡਾਕਟਰਾਂ ਦੀ ਟੀਮ ਨੇ ਤਸਦੀਕ ਕਰ ਦਿੱਤਾ ਸੀ ਕਿ ਨੂਰਮਹਿਲੀਆ ਸਰੀਰਕ ਰੂਪ ‘ਚ ਮਰ
ਚੁੱਕਾ ਹੈ। ਪ੍ਰੰਤੂ ਡੇਰੇਵਾਦ ਦੇ ਪਾਖੰਡ ਨੂੰ ਚਮਕਾਉਣ ਲਈ, ਡੇਰੇ ਦੀ ਅਰਬਾਂ ਦੀ ਜਾਇਦਾਦ
ਦੇ ਬਟਵਾਰੇ ਕਾਰਣ, ਡੇਰਾ ਪ੍ਰਬੰਧਕਾਂ ਨੇ ਉਸਦੇ ‘ਸਮਾਧੀ ‘ਚ ਲੀਨ’ ਹੋਣ ਦਾ ਆਡੰਬਰ ਖੜ੍ਹਾ
ਕਰ ਦਿੱਤਾ। ਜਦੋਂ ਦੇਸ਼ ‘ਚ ਕਾਨੂੰਨ ਵਹਿਮ-ਭਰਮ ਕਾਨੂੰਨ ਪਾਖੰਡ ਤੇ ਆਡੰਬਰ ਫੈਲਾਉਣ ਦੀ
ਆਗਿਆ ਨਹੀਂ ਦਿੰਦਾ। ਮ੍ਰਿਤਕ ਸਰੀਰ ਨੂੰ ਸੰਭਾਲ ਕੇ ਰੱਖਣ ਦੀ ਵੀ ਆਗਿਆ ਨਹੀਂ, ਫ਼ਿਰ ਬਾਦਲ
ਸਰਕਾਰ ਨੂੰ ਨੂਰਮਹਿਲੀਏ ਦੀ ਲਾਸ਼ ਦਾ ਆਖ਼ਰ ਕਿਹੜਾ ਹੇਜ ਹੈ? ਜਿਸਦੀ ਰਾਖ਼ੀ ਲਈ ਕਰੋੜਾਂ
ਰੁਪਏ ਖ਼ਰਚੇ ਜਾ ਰਹੇ ਹਨ। ਇੱਕ ਪਾਸੇ ਆਏ ਦਿਨ ਵੱਧਦੇ ਕਤਲ, ਡਾਕੇ, ਲੁੱਟਾਂ-ਖੋਹਾਂ ਦੇ
ਵਾਧੇ ਬਾਰੇ ਇਹ ਬਿਆਨ ਦਾਗਿਆ ਜਾਂਦਾ ਹੈ ਕਿ ਸੁਰੱਖਿਆ ਮੁਲਾਜ਼ਮਾਂ ਦੀ ਘਾਟ ਕਾਰਣ,
ਸੁਰੱਖਿਆ ‘ਚ ਊਣਤਾਈਆਂ ਰਹਿ ਜਾਂਦੀਆਂ ਹਨ, ਪ੍ਰੰਤੂ ਦੂਜੇ ਪਾਸੇ
ਇਕ ਪਾਖੰਡੀ ਸਾਧ ਦੀ ਲਾਸ਼ ਦੀ ਰਾਖ਼ੀ ਲਈ ਕਰੋੜਾਂ ਰੁਪਿਆ ਤੇ ਸੈਂਕੜੇ ਸੁਰੱਖਿਆ ਮੁਲਾਜ਼ਮਾਂ
ਲਾਏ ਹੋਏ ਹਨ। ਡੇਰਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਕੂੜ ਪ੍ਰਚਾਰ ਲਈ ਸਰਕਾਰ ਦੀ
ਸੁਰੱਖਿਆ ਛੱਤਰੀ ਦਿੱਤੀ ਜਾਂਦੀ ਹੈ।
ਆਖ਼ਰ ਜਿਸ ਸਰਕਾਰ ਨੇ ਵਹਿਮਾਂ-ਭਰਮਾਂ, ਪਾਖੰਡ ਰਾਂਹੀ ਹੁੰਦੀ ਆਰਥਿਕ
ਲੁੱਟ-ਖਸੁੱਟ ਤੇ ਮਾਨਸਿਕ ਸ਼ੋਸਣ ਨੂੰ ਰੋਕਣਾ ਹੈ। ਉਹ ਖ਼ੁਦ ਇਸ ਦੀ ਹਿੱਸੇਦਾਰ ਬਣਦੀ ਹੈ।
ਇਸ ਦੇਸ਼ ਦੀ ਗਰੀਬੀ ਅਤੇ ਪਿਛੜੇਪਣ ਦੇ ਪਿੱਛੇ ਪਾਖੰਡੀ-ਆਡੰਬਰੀ ਲੁੱਟ ਸਭ ਤੋਂ ਵੱਡਾ ਕਾਰਣ
ਹੈ। 21ਵੀਂ ਸਦੀ ‘ਚ ਵੀ ਇਕ ਲਾਸ਼ ਦੇ ਨਾਮ ਤੇ ਪਾਖੰਡ ਤੇ ਆਡੰਬਰ ਹੋ ਰਿਹਾ ਹੈ, ਸਰਕਾਰ
ਧਿਰ ਬਣ ਕੇ ਨਾਲ ਖੜ੍ਹੀ ਹੈ। ਆਖ਼ਰ ਫ਼ਿਰ ਇਸ ਮਾਨਸਿਕ ਗੁਲਾਮੀ ਤੋਂ ਕਦੋਂ ਅਤੇ ਕਿਵੇਂ
ਛੁਟਕਾਰਾ ਮਿਲੇਗਾ। ਗੁਰੂ ਸਾਹਿਬਾਨ ਨੇ ਧਰਮ ਦੇ ਨਾਮ ਤੇ ਹੁੰਦੀ ਲੁੱਟ ਵਿਰੁੱਧ ਇਨਕਲਾਬੀ
ਅਵਾਜ਼ ਬੁਲੰਦ ਕੀਤੀ ਸੀ, ਗੁਰਬਾਣੀ ਇਸ ਵਿਰੁੱਧ ਹਰ ਅੰਨ੍ਹੇ ਮਨੁੱਖ ਦੀਆਂ ਅੱਖਾਂ ਖੋਲ੍ਹਦੀ
ਹੈ, ਦੁੱਖ ਦੀ ਗੱਲ ਇਹੋ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲੇ,
ਇਕ ਪਾਖੰਡੀ ਸਾਧ ਦੀ ਲਾਸ਼ ਦੇ ਪਾਖੰਡ ‘ਚ ਹਿੱਸੇਦਾਰ ਬਣੇ ਹੋਏ ਹਨ, ਪਾਖੰਡ, ਝੂਠ, ਫਰੇਬ
ਤੇ ਆਡੰਬਰ ਤੋਂ ਪਰਦਾ ਚੁੱਕਣੋਂ ਡਰਦੇ ਹਨ। ਇਹ ਵੀ ਚੰਗਾ ਹੋਇਆ ਕਿ ਅਦਾਲਤ ਨੇ ਇਸ ਪਾਖੰਡ
ਦਾ ਨੋਟਿਸ ਲਿਆ ਹੈ ਅਤੇ ਸੰਭਾਵਨਾ ਪੈਦਾ ਹੋ ਚੁੱਕੀ ਹੈ ਕਿ ਅਦਾਲਤ ਦੇ ਡੰਡੇ ਨਾਲ ਹੁਣ ਇਹ
ਪਾਖੰਡ ਖ਼ਤਮ ਹੋ ਜਾਵੇਗਾ। ਪ੍ਰੰਤੂ ਪੰਥਕ ਮਖੌਟੇ ਵਾਲੀ ਸਰਕਾਰ
ਦਾ ਇਸ ਪਾਖੰਡ- ਆਡੰਬਰ ‘ਚ ਨਿਭਾਇਆ ਰੋਲ ਬੇਹੱਦ ਮੰਦਭਾਗਾ ਤੇ ਨਿੰਦਣਯੋਗ ਹੈ।