Share on Facebook

Main News Page

ਭਾਜਪਾ ਦੀਆਂ ਆਏ ਦਿਨ ਦੀਆਂ ਚਪੇੜਾਂ, ਕਦੋਂ ਤੱਕ…?
-: ਜਸਪਾਲ ਸਿੰਘ ਹੇਰਾਂ

ਅਸੀਂ ਪਹਿਲਾ ਵੀ ਲਿਖਿਆ ਹੈ ਅਤੇ ਬਾਦਲਾਂ ਦੇ ਅੱਖਾਂ ਤੇ ਬੱਝੀ ਭਗਵਾਂ ਪ੍ਰੇਮ ਦੀ ਪੱਟੀ ਨੂੰ ਲਾਹੁੰਣ ਦੀ ਕੋਸ਼ਿਸ਼ ‘ਚ ਵਾਰ-ਵਾਰ ਲਿਖਦੇ ਵੀ ਰਹਾਂਗੇ। ਹੁਣ ਜਦੋਂ ਭਗਵਾਂ ਬ੍ਰਿਗੇਡ ਦੇਸ਼ ਦੀ ਹੋਣੀ ਦੀ ਮਜ਼ਬੂਤ ਮਾਲਕ ਬਣ ਗਈ ਹੈ ਅਤੇ ਉਸ ਨੇ ਸਿੱਖਾਂ ਵੱਲੋਂ ਨਿਕਾਰੇ ਬਾਦਲ ਨੂੰ ਗਲੋਂ ਲਾਹੁੰਣ ਲਈ ਆਏ ਦਿਨ ਉਸਨੂੰ ਕਰਾਰੀਆਂ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਉਸਦੇ ਬਾਵਜੂਦ ਜੇ ਬਾਦਲਕੇ, ਭਗਵਾਂ ਬ੍ਰਿਗੇਡ ਦੀ ਗੁਲਾਮੀ ਦਾ ਜੂਲਾ ਗਲੋਂ ਲਾਹੁਣ ਨਹੀਂ ਚਾਹੁੰਦੇ ਤਾਂ ਅਜਿਹਾ ਕਰਕੇ, ਉਹ ਆਪਣੇ ਰਾਜਸੀ ਮੌਤ ਦੇ ਵਾਰੰਟਾਂ ਤੇ ਦਸਤਖ਼ਤ ਕਰ ਰਹੇ ਹਨ, ਇਹ ਹਰ ਮਾੜੀ-ਮੋਟੀ ਸਿਆਸੀ ਸੂਝ ਰੱਖਣ ਵਾਲਾ ਵੀ ਮਹਿਸੂਸ ਕਰਨ ਲੱਗ ਪਿਆ ਹੈ। ਕੇਂਦਰ ਸਰਕਾਰ ਨੇ ਪੰਜਾਬ ਲਈ ਬਾਦਲਾਂ ਵੱਲੋਂ ਮੰਗਿਆ ਗਿਆ ਵਿਸ਼ੇਸ਼ ਆਰਥਿਕ ਪੈਕਜ ਠੁਕਰਾ ਦਿੱਤਾ, ਉਲਟਾ ਬਾਦਲਾਂ ਨੂੰ ਆਪਣੇ ਪੈਰੀ ਆਪ ਖੜ੍ਹਾ ਹੋਣ ਦੀ ਨਸੀਹਤ ਦੇ ਦਿੱਤੀ। ਬਿਜਲੀ ਆਦਿ ਸਬਸਿਡੀਆਂ ਹਟਾਉਣ ਦੀ ਸਲਾਹ ਦੇ ਮਾਰੀ। ਪ੍ਰੰਤੂ ਜਵਾਬ ‘ਚ ਬਾਦਲ ਸਾਬ੍ਹ ਮੋਦੀ ਸਰਕਾਰ ਤੇ ਦੋਸ਼ ਲਾਉਣ ਦੀ ਥਾਂ, ਪੁਰਾਣੀ ਕੇਂਦਰੀ ਸਰਕਾਰ ਤੇ ਖਜ਼ਾਨਾ ਖ਼ਾਲੀ ਕਰਕੇ ਜਾਣ ਦਾ ਦੋਸ਼ ਲਾ ਕੇ, ਬੇਸ਼ਰਮੀ ਲੁਕਾਉਣ ਦਾ ਯਤਨ ਕਰਦੇ ਹਨ।

ਅੱਜ ਤੱਕ ਦੇਸ਼ ਦੇ ਵਿੱਤ ਮੰਤਰੀ ਸਮੇਤ ਕਿਸੇ ਭਾਜਪਾ ਆਗੂ ਨੇ ਬਾਦਲ ਸਾਬ੍ਹ ਵਾਲਾ ਦੋਸ਼ ਮਨਮੋਹਣ ਸਿੰਘ ਦੀ ਸਰਕਾਰ ਤੇ ਨਹੀਂ ਲਾਇਆ, ਪ੍ਰੰਤੂ ਬਾਦਲ ਸਾਬ੍ਹ ਨੇ ਪੰਜਾਬ ਨੂੰ ਆਰਥਿਕ ਸਹਾਇਤਾ ਦੇਣ ਤੋਂ ਮੋਦੀ ਸਰਕਾਰ ਦੇ ਵਿੱਤ ਮੰਤਰੀ ਜੇਤਲੀ ਵੱਲੋਂ ਵਿਖਾਏ ਅੰਗੂਠੇ ਦਾ ਭਾਂਡਾ ਜਾ ਚੁੱਕੀ ਕਾਂਗਰਸ ਸਰਕਾਰ ਸਿਰ ਭੰਨ ਦਿੱਤਾ। ਸੂਬੇ ਦੀ ਵਿਧਾਨ ਸਭਾ ਨੇ ਆਪਣੇ ਪਿਛਲੇ ਸ਼ੈਸਨ ‘ਚ ਦੇਸ਼ ਦੀ ਫੌਜ ‘ਚ ਪੰਜਾਬ ਨੂੰ ਵਿਸ਼ੇਸ਼ ਕੋਟਾ ਦੇਣ ਲਈ ਮਤਾ ਪਾਸ ਕੀਤਾ ਸੀ ਅਤੇ ਇਸ ਮਤੇ ਨੂੰ ਆਪਣੀ ਸਿਫਾਰਸ਼ੀ ਚਿੱਠੀ ਨਾਲ ਮੁੱਖ ਮੰਤਰੀ ਬਾਦਲ ਨੇ ਦੇਸ਼ ਦੇ ਰੱਖਿਆ ਮੰਤਰੀ ਜੇਤਲੀ ਨੂੰ ਜਿਹੜਾ ਕਿ ਵਿੱਤ ਮੰਤਰੀ ਵੀ ਹੈ, ਭੇਜਿਆ ਅਤੇ ਜੇਤਲੀ ਨੇ ਆਰਥਿਕ ਸਹਾਇਤਾ ਦੀ ਮੰਗ ਵਾਗੂੰ ਇਸ ਮਤੇ ਨੂੰ ਵੀ ਰੱਦੀ ਦੀ ਟੋਕਰੀ ‘ਚ ਸੁੱਟ ਦਿੱਤਾ ਅਤੇ ਟਿੱਪਣੀ ਕੀਤੀ ਕਿ ਫੌਜ ‘ਚ ਭਰਤੀ ਨਿਯਮਾਂ ਅਨੁਸਾਰ ਵੀ ਹੋਵੇਗੀ ਕਿਸੇ ਸੂਬੇ ਲਈ ਕੋਟਾ ਵਧਾਇਆ ਨਹੀਂ ਜਾ ਸਕਦਾ। ਇਸ ਸਮੇਂ ਸੂਬੇ ਦੇ ਫੌਜ ‘ਚ ਭਰਤੀ ਹੋਣ ਯੋਗ ਸੰਖਿਆ ਦਾ ਦਸਵਾਂ ਹਿੱਸਾ ਭਰਤੀ ਕਰਨ ਦਾ ਨਿਯਮ ਹੈ।

ਸਾਨੂੰ ਭਰੋਸਾ ਹੈ ਕਿ ਜਿਸ ਤਰ੍ਹਾਂ ਜੇਤਲੀ ਵੱਲੋਂ ਵਿੱਤੀ ਸਹਇਤਾ ਲਈ ਵਿਸ਼ੇਸ਼ ਪੈਕਜ ਦੇਣ ਤੋਂ ਹੱਥ ਖੜ੍ਹੇ ਕੀਤੇ ਜਾਣ ਤੇ ਬਾਦਲ ਸਾਬ੍ਹ ਨੇ ‘ਖਜ਼ਾਨਾ ਖ਼ਾਲੀ ਹੈ’ ਆਖ਼ ਕੇ ਉਨ੍ਹਾਂ ਦੀ ਨਾਂਹ ਦੇ ਹੱਕ ‘ਚ ਦਲੀਲ ਦੇ ਮਾਰੀ ਸੀ, ਉਸੇ ਤਰ੍ਹਾਂ ਫੌਜੀ ਭਰਤੀ ਮਾਮਲੇ ‘ਚ ਪੰਜਾਬ ਦੇ ਜੁਆਨ ਤਾਂ ਨਸ਼ੇੜੀ ਹੋ ਗਏ ਹਨ, ਉਹ ਫੌਜੀ ਭਰਤੀ ਦੇ ਯੋਗ ਹੀ ਨਹੀਂ ਰਹੇ, ਵਰਗੀ ਦਲੀਲ ਇਕ-ਅੱਧ ਦਿਨ ‘ਚ ਜ਼ਰੂਰ ਦੇਣਗੇ। ਬਾਦਲਾਂ ਦੀ ਭਾਜਪਾ-ਭਗਤੀ ਰੋਜ਼ਾਨਾ ਚਪੇੜਾਂ ਵੱਜਣ ਦੇ ਬਾਵਜੂਦ ਹੋਰ ਗੂੜ੍ਹੀ ਹੁੰਦੀ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੂਬੇ ਦੇ ਉਪ ਮੁੱਖ ਮੰਤਰੀ, ਕਸ਼ਮੀਰ ‘ਚ ਫਸੇ ਹਜ਼ਾਰਾਂ ਸਿੱਖਾਂ ਦੀ ਚਿੰਤਾ ਅਤੇ ਸਹਾਇਤਾ ਕਰਨ ਦੀ ਥਾਂ, ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨੂੰ ਵਿਦੇਸ਼ ‘ਚ ਬੈਠੇ ਸਿੱਖਾਂ ਦੇ ਮੁੱਦਿਆਂ, ਸਮੱਸਿਆਵਾਂ ਬਾਰੇ ਮੰਗ-ਪੱਤਰ ਦਿੰਦੇ ਫਿਰ ਰਹੇ ਹਨ।

ਵਿਦੇਸ਼ਾਂ ‘ਚ ਬੈਠੇ ਸਿੱਖਾਂ ਦੀਆਂ ਔਕੜਾਂ ਜ਼ਰੂਰ ਹੱਲ ਹੋਣੀਆਂ ਚਾਹੀਦੀਆਂ ਹਨ, ਪ੍ਰੰਤੂ ਸਭ ਤੋਂ ਪਹਿਲਾ ਸਾਨੂੰ ਉਨ੍ਹਾਂ ਸਿੱਖਾਂ ਦੀ ਸਾਰ ਤਾਂ ਲੈ ਲੈਣੀ ਚਾਹੀਦੀ ਹੈ, ਜਿਹੜੇ ਇਸ ਸਮੇਂ ਸਾਡੇ ਗੁਆਂਢੀ ਸੂਬੇ ‘ਚ ਹੀ ਬਿਪਤਾ ਵਿੱਚ ਫਸੇ ਹੋਏ ਹਨ। ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਜਾ ਰਹੀ ਸਹਾਇਤਾ ਨੂੰ ਸਿੱਖਾਂ ਦੀ ਮਹਾਨ ਧਾਰਮਿਕ ਪ੍ਰੰਪਰਾ ਮੰਨਿਆ ਜਾਣਾ ਚਾਹੀਦਾ ਹੈ, ਉਸ ਸਹਾਇਤਾ ਨੂੰ ਪੰਜਾਬ ਸਰਕਾਰ ਦੇ ਖਾਤੇ ਨਹੀਂ ਪਾਇਆ ਜਾ ਸਕਦਾ। ਭਗਵਾਂ ਬ੍ਰਿਗੇਡ ਨੇ ਦੇਸ਼ ਦੇ ਹਿੰਦੂ ਕਰਨ ਦੀ ਆਪਣੀ ਸੋਚ ਨੂੰ ਸਿਰੇ ਚਾੜ੍ਹਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਅੱਜ ਗਊ ਹੱਤਿਆ ਦੇ ਬਹਾਨੇ ਪੰਜਾਬ ‘ਚ ਵੀ ਭਗਵਾਂ ਬ੍ਰਿਗੇਡ ਵੱਲੋਂ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਧੱਕੇ ਨਾਲ ਬਜ਼ਾਰ ਬੰਦ ਕਰਵਾਏ ਜਾ ਰਹੇ ਹਨ, ਪ੍ਰੰਤੂ ਸਰਕਾਰ ਮੂਕ ਦਰਸ਼ਕ ਹੈ। ਹਰ ਸੂਬੇ ‘ਚ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਕਿ ਭਗਵਾਂ ਬ੍ਰਿਗੇਡ ਦੀ ਦਹਿਸ਼ਤ ਸਮੁੱਚੇ ਦੇਸ਼ ‘ਚ ਬਣ ਸਕੇ।

ਇਸ ਲਈ ਅਸੀਂ ਚਹਾਂਗੇ ਕਿ ਬਾਦਲ ਸੰਘ ਪਰਿਵਾਰ ਤੇ ਭਾਜਪਾ ਦੀ ਸੋਚ ਤੇ ਨਿਸ਼ਾਨੇ ਨੂੰ ਸਮਾਂ ਰਹਿੰਦੇ ਹੀ ਭਾਂਪ ਲੈਣ ਅਤੇ ਮੰਨ ਲੈਣ ਕਿ ਮੋਦੀ ਸਰਕਾਰ ਕਦੇ ਵੀ ਸਿੱਖ ਹਿਤੈਸ਼ੀ ਨਹੀਂ ਹੋ ਸਕਦੀ, ਜਿਹੜੀ ਸਰਕਾਰ ਸਿੱਖ ਹਿਤੈਸ਼ੀ ਨਹੀਂ ਹੋਵੇਗੀ, ਫਿਰ ਉਹ ਪੰਜਾਬ ਦਾ ਵੀ ਕੁਝ ਸੁਆਰਨ ਨਹੀਂ ਲੱਗੀ। ਇਸ ਲਈ ਬਗਾਨੇ ਬੂਹੇ ਦੀ ਆਸ ਛੱਡ ਕੇ ਆਪਣੀ ਕੌਮ ਦੇ ਵਿਹੜੇ ਵਾਪਸੀ ਕਰਨ ਦੀ ਕੋਸ਼ਿਸ਼ ਕਰੇ। ਸਿੱਖ ਦੀ ਚੜ੍ਹਦੀ ਕਲਾਂ ਅਤੇ ਖਾਲਸਾ ਜੀ ਦੇ ਬੋਲ-ਬਾਲੇ ਨਾਲ ਹੀ ਸਿੱਖਾਂ ਦਾ ਮਾਣ-ਸਨਮਾਨ ਕਾਇਮ ਰਹਿਣਾ ਹੈ, ਨਹੀਂ ਤਾਂ ਫਿਰ ਇਸ ਤਰ੍ਹਾਂ ਦੀ ਜਲਾਲਤ ਹਰ ਚੜ੍ਹਦੇ ਸੂਰਜ ਤੁਹਾਡੀ ਝੋਲੀ ਪੈਦੀ ਰਹੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top