Share on Facebook

Main News Page

ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਨੇ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕੀਤੇ

ਅੰਮ੍ਰਿਤਸਰ 17 ਸਤੰਬਰ (ਜਸਬੀਰ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀਆਂ ਧਮਕੀਆਂ ਪਿਛਲੇ ਕੁੱਝ ਸਮੇਂ ਤੋ ਲਗਾਤਾਰ ਆ ਰਹੀਆਂ ਹਨ ਅਤੇ ਇਸ ਵਾਰੀ ਤਾਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੂੰ ਸਿੱਧੇ ਰੂਪ ਵਿੱਚ ਟੈਲੀਫੂਨ ਕਾਲ ਆਇਆ, ਜਿਸ ਵਿੱਚ ਧਮਕੀ ਦੇਣ ਵਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਵਾਰੀ ਉਹਨਾਂ ਨੂੰ ਫਿਰੌਤੀ ਨਾ ਦਿੱਤੀ ਗਈ, ਤਾਂ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ, ਜਿਹੜੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ।

ਚਹੁੰ ਵਰਨਾ ਦੀ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਰੋਜ ਲੱਖਾਂ ਦੀ ਤਦਾਦ ਵਿੱਚ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਪੁੱਜਦੇ ਹਨ, ਜਿਹਨਾਂ ਵਿੱਚ ਹਰ ਧਰਮ, ਜਾਤ, ਫਿਰਕੇ ਤੇ ਕਬੀਲੇ ਨਾਲ ਸਬੰਧਿਤ ਲੋਕ ਹੁੰਦੇ ਹਨ। ਸਤੰਬਰ ਅਕਤੂਬਰ ਵਿੱਚ ਪ੍ਰਵਾਸੀ ਸ਼ਰਧਾਲੂਆਂ ਦੀ ਗਿਣਤੀ ਵਿੱਚ ਵੈਸੇ ਵੀ ਵਾਧਾ ਹੋ ਜਾਂਦਾ ਹੈ, ਜੋ ਦੀਵਾਲੀ ਤੱਕ ਜਾਰੀ ਰਹਿੰਦਾ ਹੈ। ਕਰੀਬ ਦੋ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ. ਪ੍ਰਤਾਪ ਸਿੰਘ ਨੂੰ ਕਿਸੇ ਅਗਿਆਤ ਵਿਅਕਤੀ ਦਾ ਧਮਕੀ ਭਰੀ ਕਾਲ ਆਈ ਕਿ ਜੇਕਰ ਉਹਨਾਂ ਨੇ ਫਿਰੌਤੀ ਨਾ ਦਿੱਤੀ, ਤਾਂ ਸ੍ਰੀ ਦਰਬਾਰ ਸਾਹਿਬ ਨੂੰ ਉ¤ਡਾ ਦਿੱਤਾ ਜਾਵੇਗਾ, ਜਦ ਕਿ ਇਹ ਧਮਕੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ, ਕਿਉਂਕਿ ਅਜਿਹੀਆਂ ਧਮਕੀਆਂ ਪਹਿਲਾਂ ਵੀ ਕਈ ਵਾਰ ਆ ਚੁੱਕੀਆਂ ਹਨ।

ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਕਰੀਬ ਛੇ ਸਾਲ ਪਹਿਲਾਂ ਵੀ ਆਈ ਸੀ, ਜਦੋਂ ਸ੍ਰ. ਹਰਭਜਨ ਸਿੰਘ ਮੈਨੇਜਰ ਦਰਬਾਰ ਸਾਹਿਬ ਸਨ। ਉਸ ਸਮੇਂ ਵੀ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਕੜੇ ਸੁਰੱਖਿਆ ਪ੍ਰਬੰਧ ਕੀਤੇ ਸਨ, ਪਰ ਕੁਝ ਸਮੇਂ ਬਾਅਦ ਫ੍ਰਿਰ ਪਹਿਲਾਂ ਦੀ ਤਰ੍ਹਾਂ ਹੀ ਚੱਲਣ ਲੱਗ ਪਿਆ ਸੀ। ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿੱਚ ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਉਸ ਸਮੇਂ ਵੀ ਮੈਨੇਜਰ ਲੱਗਣ ਦੇ ਹੋਰ ਦਾਅਵੇਦਾਰ ਸ਼ਰਾਰਤ ਵਿੱਚ ਸ਼ਾਮਲ ਸਨ ਤੇ ਅੱਜ ਵੀ ਅਜਿਹੇ ਹੀ ਵਿਅਕਤੀ ਦੀ ਸ਼ਰਾਰਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਭਾਰਤ ਵਰਸ਼ ਵਿੱਚ ਇਸ ਵੇਲੇ ਸਾਰੇ ਧਰਮਾਂ ਦੇ ਧਾਰਮਿਕ ਅਸਥਾਨ ਹਨ, ਜਿਹਨਾਂ ਦੇ ਬਾਹਰ ਸੁਰੱਖਿਆ ਮੁਲਾਜਮ ਭਾਰੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ ਅਤੇ ਬਹੁਤ ਸਾਰੇ ਹਿੰਦੂ ਧਾਰਮਿਕ ਅਸਥਾਨਾਂ ਦੇ ਬਾਹਰ ਮੈਂਟਲ ਡੀਟੈਕਟਿਵ ਵੀ ਲੱਗੇ ਹੋਏ ਹਨ, ਜਦ ਕਿ ਕਈ ਹਿੰਦੂ ਮੰਦਰਾਂ ਦੇ ਬਾਹਰ ਤਾਂ ਇਹ ਵੀ ਲਿਖਿਆ ਹੋਇਆ ਹੈ ਕਿ ਕੇਵਲ ਹਿੰਦੂ ਹੀ ਮੱਥਾ ਟੇਕਣ ਅੰਦਰ ਜਾ ਸਕਦੇ ਹਨ। ਸ੍ਰੀ ਦਰਬਾਰ ਸਾਹਿਬ ਹੀ ਦੁਨੀਆ ਵਿੱਚ ਇੱਕ ਅਜਿਹਾ ਧਾਰਮਿਕ ਅਸਥਾਨ ਹੈ, ਜਿਥੇ ਮੱਥਾ ਟੇਕਣ ਦੀ ਕਿਸੇ ਵੀ ਪ੍ਰਕਾਰ ਦੀ ਮਨਾਹੀ ਨਹੀਂ ਹੈ। ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਜਿਹੇ ਪ੍ਰਧਾਨ ਸਨ ਜਿਹਨਾਂ ਦੀ ਸ਼੍ਰੋਮਣੀ ਕਮੇਟੀ ਤੇ ਮਜਬੂਤ ਪਕੜ ਸੀ ਅਤੇ ਹਾਲਾਤ ਖਰਾਬ ਹੋਣ ਦੇ ਬਾਵਜੂਦ ਵੀ ਉਸ ਸਮੇਂ ਅਜਿਹੀਆਂ ਧਮਕੀਆਂ ਕਦੇ ਵੀ ਨਹੀਂ ਆਈਆਂ ਸਨ।

ਸ਼੍ਰੋਮਣੀ ਕਮੇਟੀ ਦੇ ਕੁਝ ਸਾਬਕਾ ਜਥੇਦਾਰਾਂ ਤੇ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੁਨੀਆ ਭਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੀ ਅਜਿਹਾ ਪਵਿੱਤਰ ਧਾਰਮਿਕ ਅਸਥਾਨ ਹੈ, ਜਿਥੇ ਕਿਸੇ ਨੂੰ ਵੀ ਮੱਥਾ ਟੇਕਣ ਤੋਂ ਰੋਕਿਆ ਨਹੀਂ ਜਾ ਸਕਦਾ, ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਵਿਰੁੱਧ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਿਛਲੇ ਕਰੀਬ ਡੇਢ ਦਹਾਕੇ ਤੋਂ ਸ਼੍ਰੋਮਣੀ ਕਮੇਟੀ ਇੱਕ ਪ੍ਰਬੰਧਕ ਕਮੇਟੀ ਘੱਟ ਤੇ ਇੱਕ ਸਿਆਸੀ ਤੇ ਤਜਾਰਤੀ ਅਖਾੜਾ ਵਧੇਰੇ ਬਣ ਕੇ ਰਹਿ ਗਈ ਹੈ ਅਤੇ ਹਰ ਕੋਈ ਉ¤ਚਾ ਆਹੁਦਾ ਪਾਉਣ ਲਈ ਯਤਨਸ਼ੀਲ ਹੈ। ਉਹਨਾਂ ਕਿਹਾ ਕਿ ਜਿਹੜੇ ਲਾਵਾਰਿਸ਼ ਮੁਲਾਜ਼ਮ ਕਿਸੇ ਨਾ ਕਿਸੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਤਾਂ ਹੋ ਗਏ ਸਨ, ਪਰ ਉਹਨਾਂ ਦੀ ਤਰੱਕੀ ਕੋਈ ਨਹੀਂ ਹੋਈ, ਪਰ ਜਿਹੜੇ ਸ਼ਿਫਾਰਸ਼ੀ ਲੋਕ ਭਰਤੀ ਹੋਏ ਹਨ, ਉਹਨਾਂ ਦੀਆ ਤਰੱਕੀਆਂ ਦਿਨ ਰਾਤ ਕੀਤੀਆਂ ਜਾ ਰਹੀਆਂ ਹਨ, ਜੋ ਨਿਯਮਾਂ ਤੇ ਪਰੰਪਰਾ ਦੇ ਪੂਰੀ ਤਰ੍ਹਾਂ ਖਿਲਾਫ ਹੈ।

ਉਹਨਾਂ ਕਿਹਾ ਕਿ ਕੋਈ ਸਮਾਂ ਜਦੋਂ ਮਨਜੀਤ ਸਿੰਘ ਕਲਕੱਤਾ ਵਰਗੇ ਸਕੱਤਰ ਹੁੰਦੇ ਸਨ ਤੇ ਕੇਂਦਰ ਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਮਿਲਣਾ ਤੇ ਉਹਨਾਂ ਕੋਲੋ ਕੰਮ ਕਰਾਉਣਾ ਉਹਨਾਂ ਦੇ ਖੱਬੇ ਹੱਥ ਦਾ ਕੰਮ ਹੁੰਦਾ ਸੀ ਤੇ ਅੱਜ ਨਾ ਤਾਂ ਉਸ ਕਿਰਦਾਰ ਦਾ ਕੋਈ ਸਕੱਤਰ ਰਿਹਾ ਹੈ ਅਤੇ ਨਾ ਹੀ ਕਿਸੇ ਦੀ ਹਿੰਮਤ ਹੈ ਕਿ ਉਹ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਕਿਸੇ ਮੰਗ ਲਈ ਮਜਬੂਰ ਕਰ ਸਕਣ। ਉਹਨਾਂ ਕਿਹਾ ਕਿ ਅੱਜ ਤਾਂ ਸਿਰਫ ਚਮਚਾਗਿਰੀ ਦਾ ਜ਼ਮਾਨਾ ਹੈ ਤੇ ਪੰਜਾਬ ਸਰਕਾਰ ਹੀ ਸ਼੍ਰੋਮਣੀ ਕਮੇਟੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਜਿਹੜੀ ਧੜੇਬੰਦੀ ਦੀ ਸਫਬੰਦੀ ਸ਼ੁਰੂ ਹੋਈ ਹੈ ਉਹ ਵੀ ਪ੍ਰਬੰਧਕ ਖਾਮੀਆਂ ਪੈਦਾ ਕਰਦੀ ਹੈ। ਇਹ ਧੜੇਬੰਦੀ ਬੀਬੀ ਜਗੀਰ ਕੌਰ ਦੇ ਪ੍ਰਧਾਨ ਬਣਨ ਸਮੇਂ ਤੋਂ ਆਰੰਭ ਹੋਈ ਸੀ, ਜੋ ਅੱਜ ਵੀ ਲਗਾਤਾਰ ਜਾਰੀ ਹੈ ਅਤੇ ਇਸ ਵੇਲੇ ਬੀਬੀ ਜਗੀਰ ਕੌਰ, ਬਡੂੰਗਰ, ਤਲਵੰਡੀ, ਵਿਰਕ, ਬਾਦਲ, ਭੌਰ, ਬ੍ਰਹਮਪੁਰਾ, ਲੰਗਾਹ, ਸੇਖਵਾਂ, ਮਜੀਠੀਆ ਟੌਹੜਾ ਆਦਿ ਧੜੇ ਸਰਗਰਮ ਹਨ, ਜਿਹੜੇ ਕੰਮ ਕਰਨ ਦੀ ਬਜਾਏ ਸਿਆਸਤ ਕਰਕੇ ਪ੍ਰਬੰਧ ਦਾ ਬੇੜਾ ਗਰਕ ਕਰ ਰਹੇ ਹਨ।

ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਦਿੱਤੀ ਗਈ ਧਮਕੀ ਦੀ ਪੜਤਾਲ ਹੋਣੀ ਚਾਹੀਦੀ ਹੈ ਤੇ ਇਹ ਸ਼ਰਾਰਤ ਅਵੱਸ਼ ਕਿਸੇ ਉਸ ਵਿਅਕਤੀ ਦੀ ਹੀ ਨਿਕਲੇਗੀ ਜਿਹੜਾ ਮੈਨੇਜਰ ਦੀ ਕੁਰਸੀ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੋਵੇਗਾ। ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆ ਨੂੰ ਵੀ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਲੱਠਮਾਰ ਸ਼ਰਧਾਲੂਆਂ ਨਾਲ ਪਹਿਲਾਂ ਵੀ ਤਾਨਾਸ਼ਾਹਾਂ ਵਾਲਾ ਵਰਤਾਉ ਕਰਦੇ ਸਨ ਤੇ ਹੁਣ ਤਾਂ ਆਵਾ ਹੀ ਊਤ ਗਿਆ ਹੈ, ਹਰ ਇੱਕ ਸ਼ਰਧਾਲੂ ਨੂੰ ਆਪਣਾ ਬੈਗ ਬਾਹਰ ਹੀ ਰੱਖਣ ਲਈ ਕਿਹਾ ਜਾ ਰਿਹਾ ਹੈ। ਜਿਹਨਾਂ ਸ਼ਰਧਾਲੂਆ ਨੂੰ ਸਰਾਂ ਵਿੱਚ ਕਮਰਾ ਨਹੀਂ ਮਿਲਦਾ ਉਹਨਾਂ ਨੂੰ ਵੀ ਪਰਕਰਮਾ ਵਿੱਚ ਸਮਾਨ ਸਮੇਤ ਜਾਣ ਤੋਂ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਸ਼ਰਧਾਲੂਆਂ ਵਿੱਚ ਕਾਫੀ ਪਰੇਸ਼ਾਨੀ ਪਾਈ ਜਾ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪਰਧਾਨ ਸ੍ਰ. ਬਲਦੇਵ ਸਿੰਘ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ. ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਦੀ ਲਿਖਤੀ ਤੌਰ 'ਤੇ ਤੁਰੰਤ ਸੂਚਨਾ ਪੁਲੀਸ ਦੇ ਕੇ ਸਾਈਬਰ ਕਰਾਇਮ ਰਾਹੀਂ ਇਸ ਦੀ ਪੜਤਾਲ ਕਰਾਈ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੂੰ ਨੈਤਿਕਤਾ ਦੇ ਆਧਾਰ 'ਤੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਉਹ ਪ੍ਰਬੰਧ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ।

ਥਾਣਾ ਗਲਿਆਰਾ ਦੇ ਥਾਣਾ ਮੁੱਖੀ ਸ੍ਰ. ਭਗਵਾਨ ਸਿੰਘ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਧਮਕੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੈਨੇਜਰ ਪ੍ਰਤਾਪ ਸਿੰਘ ਦੇ ਮੋਬਾਇਲ 'ਤੇ ਕਿਸੇ ਅਗਿਆਤ ਵਿਅਕਤੀ ਨੇ ਧਮਕੀ ਦਿੱਤੀ ਹੈ, ਜਿਸ ਦੀ ਜੰਗੀ ਪੱਧਰ ਤੇ ਸਾਈਬਰ ਕਰਾਇਮ ਰਾਹੀਂ ਪੜਾਤਲ ਜਾਰੀ ਹੈ, ਪਰ ਹਾਲੇ ਤੱਕ ਕਿਸੇ ਵੀ ਮੰਜਿਲ 'ਤੇ ਪਹੁੰਚਣ ਵਿੱਚ ਕਾਮਯਾਬੀ ਹਾਸਲ ਨਹੀਂ ਹੋਈ। ਉਹਨਾਂ ਕਿਹਾ ਕਿ ਉਹਨਾਂ ਨੇ ਵੀ ਸੁਰੱਖਿਆ ਵਧਾ ਦਿੱਤੀ ਹੈ ਤੇ ਸਿਵਲ ਵਰਦੀ ਵਿੱਚ ਪੁਲੀਸ ਵਾਲੇ ਕੜੀ ਨਿਗਾਹ ਰੱਖ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top