ਕਈ ਗੁਰਸਿੱਖ ‘ਵਾਹਿਗੁਰੂ’ ਲਫਜ਼ ਨੂੰ ਹੀ
ਨਾਮੁ ਸਮਝਦੇ ਹਨ, ਪਰ ਗੁਰਬਾਣੀ ਮੁਤਾਬਿਕ ਇਹ ਬਿਲਕੁਲ
ਵੀ ਨਾਮੁ ਨਹੀਂ ਹੈ।
ਸਵਾਲ ਉਠੇਗਾ ਕਿ ਫਿਰ ਨਾਮੁ ਕੀ ਹੈ? ਨਾਮੁ ਹੈ ਸਮੁੱਚੀ
ਗੁਰਬਾਣੀ ਦਾ ਉਪਦੇਸ਼, ਗੁਰਬਾਣੀ ਦੀ ਸਿਖਿਆ, ਗੁਰਬਾਣੀ ਦਾ ਗਿਆਨ, ਜੋ ਸਿੱਖ ਨੇ ਹਮੇਸ਼ਾ (ਸਵਾਸ
ਸਵਾਸ) ਜਪਣਾ ਹੈ, ਭਾਵ- ਯਾਦ ਰਖਣਾ ਹੈ, (ਸਚਾਈ ਦੇ ਮਾਰਗ ਤੇ ਚੱਲ ਪੈਣਾ ਹੀ ਨਾਮੁ ਜਪਣਾ
ਹੈ)।
‘ਵਾਹਿਗੁਰੂ’
ਲਫਜ਼ ਗੁਰਬਾਣੀ ਵਿੱਚ ਪਹਿਲੀ ਤੇ ਆਖਰੀ ਬਾਰ ਭੱਟਾਂ ਦੇ ਸਵੱਯਾਂ
ਵਿੱਚ ਹੀ 16 ਬਾਰ ਆਇਆ ਹੈ, 13 ਬਾਰ ‘ਵਾਹਿਗੁਰੂ’ ਤੇ 3 ਬਾਰ ‘ਵਾਹ ਗੁਰੂ’ ਦੇ
ਭੇਦ ਨਾਲ ਆਇਆ ਹੈ, ਲੱਗਭੱਗ ਕੋਈ 12 ਕੁ ਵਾਰੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਇਆ
ਹੈ, ਅਤੇ ਦੋ ਬਾਰ ਖਾਲਸੇ ਦੀ ਫ਼ਤਹਿ ਵਿੱਚ ਆਇਆ ਹੈ, ਭਾਈ ਨੰਦ ਲਾਲ ਜੀ ਨੇ ਵੀ ਆਪਣੀਆਂ
ਲਿਖਤਾਂ ਵਿੱਚ ‘ਵਾਹਿਗੁਰੂ’ ਲਫਜ ਦੀ ਵਰਤੋਂ ਕੀਤੀ ਹੋਈ ਹੈ।
ਕਿਸੇ ਵੀ ਗੁਰੂ ਨੇ ਆਪਣੀ ਬਾਣੀ ਵਿੱਚ ‘ਵਾਹਿਗੁਰੂ’ ਲਫਜ਼ ਨਹੀਂ
ਵੱਰਤਿਆ, ਨਾਹੀਂ ਭਗਤਾਂ ਜੀ ਨੇ ਆਪਣੀ ਬਾਣੀ ਵਿੱਚ ਵੱਰਤਿਆ ਹੈ, ਪਰ ਨਾਮੁ ਜਪਣ
ਦੀ ਗੱਲ ਸਾਰਿਆਂ ਨੇ ਹੀ ਕੀਤੀ ਹੈ ਅਤੇ ਬਹੁਤ ਜੋਰ ਦੇਕੇ ਕੀਤੀ ਹੈ, ਜੇ ‘ਵਾਹਿਗੁਰੂ’ ਲਫਜ਼
ਨਾਮੁ ਹੁੰਦਾ ਫਿਰ ਸਾਰੇ ਗੁਰੂਆਂ ਨੇ ਸਾਰੇ ਭਗਤਾਂ ਨੇ ਸੱਭ ਤੋ ਪਹਿਲਾਂ ਆਪਣੀ ਬਾਣੀ ਵਿੱਚ
‘ਵਾਹਿਗੁਰੂ’ ਲਫਜ਼ ਦੀ ਵੱਰਤੋਂ ਕਰਨੀ ਸੀ, ੴ ਸਤਿਨਾਮੁ’ ਦੀ ਜ੍ਹਗਾ ੴ ਵਾਹਿਗੁਰੂ ਨਾਮੁ’
ਹੋਣਾ ਸੀ।
ਫਿਰ ‘ਵਾਹਿਗੁਰੂ’ ਲਫਜ਼ ਦੇ ਕੀ
ਅਰਥ ਹਨ? ਆਉ ਵਿਚਾਰ ਦੇ ਹਾਂ:
‘ਵਾਹਿਗੁਰੂ’ ਲਫਜ਼ ਦੋ ਲਫਜ਼ਾਂ ਦਾ ਸੁਮੇਲ ਹੈ ‘ਵਾਹਿ
ਗੁਰੂ’ ‘ਵਾਹਿਗੁਰੂ’ ਲਫਜ਼ ਭਾਵੇ ਗੁਰਬਾਣੀ ਵਿੱਚ
ਵੱਰਤਿਆ ਗਿਆ ਹੈ, ਭਾਵੇ ਭਾਈ ਗੁਰਦਾਸ ਜੀ ਨੇ ਵੱਰਤਿਆ ਹੈ, ਭਾਵੇ ਗੁਰ ਫ਼ਤਹਿ
ਵਿੱਚ ਵੱਰਤਿਆ ਹੋਇਆ ਹੈ, ਅਤੇ ਭਾਵੇ ਭਾਈ ਨੰਦ ਲਾਲ ਜੀ ਨੇ ਵੱਰਤਿਆ ਹੈ, ਇਸ ਦੇ ਅਰਥ ਇੱਕੋ
ਹੀ ਹਨ “ਅਚੱਰਜ ਗੁਰੂ”- ਭਾਵ-
ਬਲਿਹਾਰ ਗੁਰੂ (ਨੋਟ-
‘ਵਾਹ’ ਲਫਜ਼ ਉਥੇ ਵੱਰਤਿਆ ਜਾਂਦਾ ਹੈ ਜਿਥੇ ਕਿਸੇ ਦੀ ਪ੍ਰਸੰਸਾ ਦੇ ਲਈ ਬਾਕੀ ਲਫਜ਼ ਮੁੱਕ
ਜਾਣ, ਭਾਵ- ਲਫਜ਼ਾਂ ਤੋਂ ਪਰੇ ਦੀ ਗੱਲ ਹੋਵੇ)।
‘ਵਾਹਿਗੁਰੂ’ ਲਫਜ਼ ਭੱਟਾਂ ਨੇ ਵੀ ਗੁਰੂ ਦੀ ਪ੍ਰਸੰਸਾ ਲਈ ਵੱਰਇਆ ਹੈ, ਭਾਈ ਗੁਰਦਾਸ ਜੀ ਨੇ
ਵੀ ਗੁਰੂ ਦੀ ਪ੍ਰਸੰਸਾ ਲਈ ਵੱਰਤਿਆ ਹੈ, ਗੁਰ ਫ਼ਤਹਿ ਵਿੱਚ ਵੀ ਗੁਰੂ ਦੀ ਹੀ ਪ੍ਰਸੰਸਾ ਹੈ,
ਅਤੇ ਭਾਈ ਨੰਦ ਲਾਲ ਜੀ ਨੇ ਵੀ ਗੁਰੂ ਦੀ ਪ੍ਰਸੰਸਾ ਲਈ ਹੀ ਵੱਰਤਿਆ ਹੈ।
ਫਿਰ ਸਵਾਲ ਉਠੇਗਾ ਕੇ ਕੀ ਸਿੱਖਾਂ ਨੂੰ ਵਾਹਿਗੁਰੂ ਨਹੀਂ
ਕਹਿੰਣਾ ਚਾਹੀਦਾ? ਬਿਲਕੁਲ ਕਹਿਣਾ ਚਾਹੀਦਾ ਹੈ, ਜਰੂਰ ਕਹਿਣਾ ਚਾਹੀਦਾ ਹੈ, ਪਰ ਕਦੋਂ
ਕਹਿਣਾਂ ਚਾਹੀਦਾ ਹੈ? ਆਓ ਵਿਚਾਰਦੇ ਹਾਂ।
ਜਦੋਂ ਗੁਰੂ ਦਾ ਸਿੱਖ ਗੁਰਬਾਣੀ ਵਿੱਚੋ ਪੜੇ ਕਿ {ਪਰ ਕਾ ਬੁਰਾ
ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀਂ ਭਾਈ ਮੀਤ ॥3॥ਪੰਨਾ 386॥} ਇਸ ਨੂੰ ਵਿਚਾਰੇ
ਫਿਰ ਆਪਣੀ ਰੋਜ ਦੀ ਜਿੰਦਗੀ ਵਿੱਚ ਢਾਲਕੇ ਆਪਣੀ ਸੋਚ ਵਿੱਚੋਂ ਪਰਾਏ ਮਨੁੱਖਾਂ ਦਾ ਬੁਰਾ
ਤੱਕਣਾ ਛੱਡ ਦੇਵੇ, ਫਿਰ ਆਖੇ ‘ਵਾਹਿਗੁਰੂ’ ਉਸ ਦਾ ਭਾਵ ਹੈ, ਹੇ ਅਚੱਰਜ ਗੁਰੂ ਮੈ ਤੁਹਾਥੋ
ਬਲਿਹਾਰ ਜਾਂਦਾ ਹਾਂ, ਤੁਸੀਂ ਮੈਨੂੰ ਆਪਣੀ ਚੰਗੀ ਸਿਖਿਆ ਦੇਕੇ ਦੂਸਰੇ ਦਾ ਬੁਰਾ ਤੱਕਣ
ਵਾਲੀ ਸੋਚ ਮੇਰੇ ਅੰਦਰੋਂ ਖਤਮ ਕਰ ਦਿੱਤੀ ਹੈ।
ਸਿੱਖ ਗੁਰਬਾਣੀ ਵਿੱਚੋ ਪੜੇ ਕਿ {ਹਕੁ ਪਰਾਇਆ ਨਾਨਕਾ, ਉਸ
ਸੂਅਰੁ ਉਸ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ ॥ਪੰਨਾ
141॥} ਇਸ ਨੂੰ ਵਿਚਾਰੇ ਫਿਰ ਆਪਣੀ ਰੋਜ ਦੀ ਜਿੰਦਗੀ ਵਿੱਚ ਢਾਲੇ’ ਫਿਰ ਆਖੇ ‘ਵਾਹਿਗੁਰੂ’
ਭਾਵ- ਕਿ ਗੁਰੂ ਨੇ ਕ੍ਰਿਪਾ ਕਰਕੇ ਆਪਣੀ ਚੰਗੀ ਸਿਖਿਆ ਦੇ ਨਾਲ ਮੇਰੇ ਅੰਦਰੋਂ ਪਰਾਇਆ ਹੱਕ
ਖਾਣ ਵਾਲੀ ਬਿਮਾਰੀ (ਬੁਰੀ ਸੋਚ) ਖਤਮ ਕਰ ਦਿੱਤੀ, ਮੈ ਬਲਿਹਾਰ ਜਾਂਦਾ ਹਾਂ ਐਸੇ ਗੁਰੂ
ਤੋਂ।
ਜਦੋਂ ਸਿੱਖ ਗੁਰਬਾਣੀ ਵਿੱਚੋਂ ਪੜ੍ਹੇ ਕਿ {ਸਭੇ ਸਾਝੀਵਾਲ
ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ਪੰਨਾ 97॥} ਇਸ ਨੂੰ ਵਿਚਾਰਕੇ ਆਪਣੀ
ਜਿੰਦਗੀ ਵਿੱਚ ਕਮਾਵੇ, ਜਦੋਂ ਦੂਸਰੇ ਦੀ ਮਾਂ ਆਪਣੀ ਮਾਂ ਨਜ਼ਰ ਆਣ ਲਾਗ ਪਵੇ, ਦੂਸਰੇ ਦੀ
ਭੈਣ ਆਪਣੀ ਭੈਣ ਨਜ਼ਰ ਆਣ ਲੱਗ ਪਵੇ, ਦੂਸਰੇ ਦੇ ਬੱਚਿਆ ਵਿੱਚੋਂ ਵੀ ਆਪਣੇ ਬੱਚਿਆਂ ਵਾਲਾ
ਪਿਆਰ ਨਜ਼ਰ ਆਣ ਲੱਗ ਜਾਵੇ, ਦੂਜੇ ਦੀ ਖੁਸ਼ੀ ਆਪਣੀ ਖੁਸ਼ੀ ਤੇ ਦੂਸਰੇ ਦਾ ਦੁੱਖ ਆਪਣਾ ਦੁਖ
ਮਹਿਸੂਸ ਹੋਣ ਲੱਗ ਜਾਵੇ, ਜਦੋਂ ਸਾਰਾ ਸੰਸਾਰ ਹੀ ਆਪਣਾ ਨਜ਼ਰ ਆਣ ਲਾਗ ਜਾਵੇ, ਫਿਰ ਆਖੇ
‘ਵਾਹਿਗੁਰੂ’ ਭਾਵ- ਕਿ ਬਲਿਹਾਰ ਐਸੇ ਗੁਰੂ ਤੋਂ ਜਿਸ ਨੇ ਆਪਣੇ ਨਾਮੁ (ਉਪਦੇਸ਼) ਦੇ ਨਾਲ
ਮੇਰੀਆਂ ਸਾਰੀਆਂ ਬੁਰਾਈਆਂ ਨੂੰ ਹੀ ਖਤਮ ਕਰ ਦਿੱਤਾ ਹੈ।
ਫਿਰ ਜਦੋਂ ਕੋਈ ਸਿੱਖ ਗੁਰੂ ਤੋਂ ਸੱਚ ਦਾ ਉਪਦੇਸ਼ ਧਾਰਨ ਕਰਕੇ ਸੱਚ ਦੇ ਮਾਰਗ ਤੇ ਚੱਲ
ਪਵੇਗਾ, ਫਿਰ ਦੁਨੀਆਂ ਨੂੰ ਬਿਣਾ ਬੋਲਿਆਂ ਹੀ ਪਤਾ ਲੱਗ ਜਾਵੇਗਾ ਕਿ ਇਹ ਗੁਰੂ ਦਾ ਸਿੱਖ
ਨਾਮੁ ਜੱਪ ਰਿਹਾ ਹੈ, ਨਹੀਂ ਤਾਂ ਦੋ ਦੋ ਘੰਟੇ ਸਿਰ ਹਿਲਾਕੇ ਵਾਹਿਗੁਰੂ ਵਾਹਿਗੁਰੂ ਕਰਨਾ
ਵੀ, ਸਿਰਫ ਤੇ ਸਿਰਫ ਸੁੰਞੈ ਘਰ ਦੇ ਬਨੇਰੇ ਬੈਠੇ ਕਾਉ ਵਾਂਗੂ ਕਾਂ ਕਾਂ ਕਰਨ ਦੇ ਹੀ
ਬਰਾਬਰ ਹੈ, { ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ
॥1॥ {ਪੰਨਾ 522}
ਪਰ ਇਥੇ ਪੂਰੀ ਕੌਮ ਨਿਗਲਦੀ ਜਾ ਰਹੀ ਹੈ, ਸਿੱਖ ਸਿੱਖ ਦਾ ਵੈਰੀ ਬਣਿਆਂ ਬੈਠਾ ਹੈ,
ਗੁਰਦਵਾਰਿਆਂ ਵਿੱਚ ਹੀ ਵਿਭਚਾਰ ਹੋ ਰਹੇ ਹਨ, ਸਕਾ ਭਰਾ ਸਕੇ ਭਰਾ ਦੀ ਤਰੱਕੀ ਦੇਖ ਕੇ ਸੜ
ਰਿਹਾ ਹੈ, ਗੱਲਾਂ ਹੋ ਰਹੀਆਂ ਹਨ, ਰੋਮ ਰੋਮ ਨਾਮੁ ਜਪਣ ਦੀਆਂ, ਕੰਧਾਂ ਵਿੱਚੋਂ ਵਾਹਿਗੁਰੂ
ਦੀਆਂ ਅਵਾਜਾਂ ਆਉਂਣ ਦੀਆਂ, ਪਾਥੀਆਂ ਵਿੱਚੋ ਨਾਮੁ ਸੁਣਨ ਦੀਆਂ।
ਮੱਨ ਲਉ, ਜੇ ਰੋਮਾਂ ਵਿੱਚੋ ਕੰਧਾਂ ਵਿੱਚੋਂ ਪਾਥੀਆਂ ਵਿੱਚੋਂ ਵਾਹਿਗੁਰੂ ਦੀਆਂ ਅਵਾਜਾਂ ਆ
ਵੀ ਜਾਣ ਉਸ ਦਾ ਮਨੁੱਖਤਾ ਨੂੰ ਫਾਇਦਾ ਵੀ ਕੀ ਹੈ?
ਬੇਨਤੀ ਹੈ ਸਿੱਖੋ ਸਾਰੀ ਗੁਰਬਾਣੀ ਹੀ ਨਾਮ ਹੈ, ਇਸ
ਨੂੰ ਵਿਚਾਰੋ ਗੁਰੂ ਤੋਂ ਚੰਗੇ ਬਣਨ ਦਾ ਉਪਦੇਸ਼ ਲਵੋ, ਆਪ ਚੰਗੇ ਬਣੋ ਆਪਣੇ ਬੱਚਿਆਂ ਨੂੰ
ਚੰਗੇ ਗੁਣਾਂ ਦੀ ਸਿਖਿਆ ਦੇਵੋ, ਲੋਕ ਭਲਾਈ ਦੇ ਕੰਮ ਕਰੋ, ਤਾਂ ਜੋ ਦੁਨੀਆਂ ਦੇ ਲੋਕ
ਤੁਹਾਡੇ ਵੱਲ ਦੇਖਕੇ, ਤੁਹਾਡੇ ਵਾਲਾ ਨਾਮੁ (ਜੀਵਨ ਉਪਦੇਸ਼) ਲੱਭ ਦੇ ਫਿਰਨ।