Share on Facebook

Main News Page

ਅਕਾਲੀ ਦਲ ਦੇ ‘ਜੱਥੇਦਾਰ’ ਯੁੱਗ ਦਾ ਅੰਤ – ਜੱਥੇਦਾਰ ਜਗਦੇਵ ਸਿੰਘ ਤਲਵੰਡੀ ਆਪਣਿਆਂ ਦੀ ਬੇਰੁੱਖੀ ਦਾ ਸ਼ਿਕਾਰ ਹੋ ਕੇ ਫ਼ਾਨੀ ਸੰਸਾਰ ਤੋਂ ਰੁਖ਼ਸਤ

ਰਾਏਕੋਟ, 19 ਸਤੰਬਰ : ਹੱਥ ‘ਚ ਤਿੰਨ ਫੁੱਟੀ ਕਿਰਪਾਨ ਵਾਲੇ ਜੱਥੇਦਾਰ ਦੇ ਯੁੱਗ ਦਾ ਅੱਜ ਅਕਾਲੀ ਦਲ ‘ਚੋਂ ਉਸ ਸਮੇਂ ਅੰਤ ਹੋ ਗਿਆ, ਜਦੋਂ ਟਕਸਾਲੀ ਜੱਥੇਦਾਰ ਦੇ ਪ੍ਰਤੀਕ ਵਜੋਂ ਬਾਕੀ ਬਚੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਵੀ ਮਹੀਨਾ ਕੁ ਭਰ ਸਥਾਨ ਦਿਆਨੰਦ ਹਸਪਤਾਲ ‘ਚ ਜ਼ਿੰਦਗੀ ਮੌਤ ਦੀ ਲੜਾਈ ਲੜਨ ਤੋਂ ਬਾਅਦ ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਏ।

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪ੍ਰਸਤ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਥ-ਪ੍ਰਸਤ ਬਜ਼ੁਰਗ ਟਕਸਾਲੀ ਆਗੂਆਂ ਦਾ ਅੰਤਮ ਚਿਹਰਾ ਵੀ ਅੱਜ ਅਲੋਪ ਹੋ ਗਿਆ, ਜਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਸਵਾਸ ਤਿਆਗ ਦਿਤੇ। ਮਗਰੋਂ ਦਾ 'ਸੈਕੁਲਰ' ਅਕਾਲੀ ਦਲ ਕਾਂਗਰਸ ਅਤੇ ਭਾਜਪਾ ਵਰਗਾ ਹੀ ਹੈ ਤੇ ਜਥੇਦਾਰ ਤਲਵੰਡੀ ਇਸ ਤਬਦੀਲੀ ਵਲ ਵੇਖ ਕੇ ਝੂਰਦੇ ਰਹਿੰਦੇ ਸਨ ਪਰ ਟੌਹੜਾ ਮਗਰੋਂ ਇਕੱਲੇ ਕਰ ਕੁੱਝ ਨਹੀਂ ਸਨ ਸਕਦੇ। 

ਦਿਆਨੰਦ ਹਸਪਤਾਲ ਦੇ ਡਾਕਟਰਾਂ ਅਨੁਸਾਰ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਅੱਜ ਸਵੇਰੇ 11 ਵੱਜ ਕੇ 10 ਮਿੰਟ ‘ਤੇ ਆਪਣਾ ਆਖ਼ਰੀ ਸਾਹ ਲਿਆ। ਭਾਵੇਂ ਕਿ ਇੰਨ੍ਹਾਂ ਦੇ ਅਕਾਲ ਚਲਾਣੇ ਬਾਰੇ ਸਵੇਰੇ 7 ਵਜੇ ਤੋਂ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਸੁਨੇਹੇ ਭੁਜਣੇ ਸ਼ੁਰੂ ਹੋ ਗਏ ਸਨ। ਜਿਵੇਂ ਜਿਵੇਂ ਜੱਥੇਦਾਰ ਤਲਵੰਡੀ ਦੇ ਤੁਰ ਜਾਣ ਦੀ ਖਬਰ ਅਕਾਲੀ ਹਲਕਿਆਂ ‘ਚ ਪੁੱਜਦੀ ਗਈ, ਉਵੇਂ ਹੀ ਸੋਗ ਅਤੇ ਡੂੰਘੇ ਦੁੱਖ ਦੀ ਲਹਿਰ ਫੈਲਦੀ ਗਈ।

ਅਕਾਲੀ ਹਲਕਿਆਂ ‘ਚ ਜਿੱਥੇ ਜੱਥੇਦਾਰ ਤਲਵੰਡੀ ਦੇ ਦ੍ਰਿੜਤਾ ਨਾਲ ਖੜਕਵੇਂ ਲਹਿਜ਼ੇ ‘ਚ ਸਟੈਂਡ ਲੈਣ ਦੀ, ਸਖ਼ਤ ਭਾਸ਼ਾ ਦੀ ਵਰਤੋਂ ਕਰਨ ਅਤੇ ਜੱਥੇਦਾਰੀ ਦੀ ਪ੍ਰਤੀਕ ਤਿੰਨ ਫੁੱਟੀ ਕਿਰਪਾਨ ਦੇ ਦਬਦਬੇ ਨੂੰ ਬਣਾ ਕੇ ਰੱਖਣ ਦੀ ਚਰਚਾ ਹੁੰਦੀ ਰਹੀ, ਉਥੇਂ ਹੀ ਜੱਥੇਦਾਰ ਤਲਵੰਡੀ ਨੂੰ ਉਸਦੇ ਆਖ਼ਰੀ ਦਿਨਾਂ ‘ਚ ਪਾਰਟੀ ਦੇ ਕਰਤੇ ਧਰਤਿਆਂ ਵੱਲੋਂ ਅਣਗੌਲਿਆ ਕਰਨ ਅਤੇ ਖਾਸ ਕਰਕੇ ਪਾਰਟੀ ਪ੍ਰਧਾਨ ਵੱਲੋਂ ਹਸਪਤਾਲ ‘ਚ ਉਨ੍ਹਾਂ ਦੀ ਮਿਜਾਜਪੁਰਸ਼ੀ ਤਖ਼ਤ ਲਈ ਨਾ ਆਉਣ ਦੀ ਵੀ ਚਰਚਾ ਜ਼ੋਰਾਂ ‘ਤੇ ਰਹੀ। ਇਹ ਚਰਚਾ ਵੀ ਸੁਣਨ ਨੂੰ ਮਿਲੀ ਕਿ ਗੰਭੀਰ ਬੀਮਾਰੀ ਨਾਲ ਲੜਦਿਆਂ ਜੱਥੇਦਾਰ ਤਲਵੰਡੀ ਇੱਕ ਵਾਰ ਮੁੜ ਤੰਦਰੁਸਤੀ ਵੱਲ ਪਰਤ ਰਹੇ ਸੀ, ਪ੍ਰੰਤੂ ਆਪਣਿਆਂ ਵੱਲੋਂ ਵਿਖਾਈ ਗਈ ਬੇਰੁਖੀ ਕਾਰਨ ਉਨ੍ਹਾਂ ਆਖ਼ਰ ਮੌਤ ਅੱਗੇ ਹਥਿਆਰ ਸੁੱਟ ਦਿੱਤੇ। ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਅੰਤਿਮ ਸੰਸਕਾਰ 20 ਸਤੰਬਰ ਦਿਨ ਸਨੀਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਰਾਏ (ਲੁਧਿਆਣਾ) ਦੇ ਸਮਸਾਨਘਾਟ ਵਿਖੇ ਸਵੇਰ 11 ਵਜੇ ਹੋਵੇਗਾ।

ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਦੇਸ ਭਗਤੀ ਅਤੇ ਸਿੱਖ ਪੰਥ ਦੀ ਸੇਵਾ ਆਪਣੇ ਪਿਤਾ ਜਥੇਦਾਰ ਛਾਂਗਾ ਸਿੰਘ ਤੋ ਪਰਿਵਾਰਕ ਵਿਰਾਸਤ ‘ਚ ਮਿਲੀ, ਜਥੇਦਾਰ ਛਾਂਗਾ ਸਿੰਘ ਨੇ ਦੇਸ ਦੀ ਅਜਾਦੀ ਲਈ ਅੰਗਰੇਜ ਸਰਕਾਰ ਖਿਲਾਫ ਕਈ ਮੋਰਚਿਆ ਦੀ ਅਗਵਾਈ ਕੀਤੀ ਅਤੇ ਸਿੱਖ ਦੇ ਗੁਰ ਧਾਮਾਂ ਨੂੰ ਮਹੰਤਾ ਦੇ ਕਬਜਿਆਂ ਤੋ ਅਜਾਦ ਕਰਵਾਉਣ ਲਈ ਕਈ ਲੜਾਈਆ ਲੜੀਆਂ ਆਪਣੇ ਪਿਤਾ ਦੇ ਦੇਸ ਭਗਤੀ ਅਤੇ ਸਿੱਖੀ ਪ੍ਰਤੀ ਜਜਬੇ ਦਾ ਅਸਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਪਿਆ, ਜਿਨ੍ਹਾਂ ਨੂੰ ਆਪਣੇ ਜੀਵਨ ਦੌਰਾਨ ਪੰਜਾਬੀ ਸੂਬਾ ਮੋਰਚੇ ਦੌਰਾਨ ਵੱਡਮੁੱਲਾ ਯੋਗਦਾਨ ਪਾਇਆ ਆਪਣੇ ਰਾਜਨੀਤੀਕ ਜੀਵਨ ਦੌਰਾਨ ਉਨ੍ਹਾਂ ਪਿੰਡ ਤਲਵੰਡੀ ਰਾਏ ਦੀ ਸਰਪੰਚੀ ਤੋ ਆਪਣੇ ਰਾਜਨੀਤੀਕ ਜੀਵਨ ਦੀ ਸੁਰੂਆਤ ਕੀਤੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ, ਪ੍ਰਧਾਨ, ਅਤੇ ਅਨੁਸਾਸਨੀ ਕਮੇਟੀ ਦੇ ਚੇਅਰਮੈਨ, ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੈਂਬਰ ਐਗਜੈਕਟਿਵ ਕਮੇਟੀ, ਮੈਬਰ ਪਾਰਲੀਮੈਂਟ, ਮੈਬਰ ਰਾਜ ਸਭਾ, ਕੈਬਨੈਟ ਮੰਤਰੀ ਪੰਜਾਬ ਰਹੇ।

ਉਨ੍ਹਾਂ ਦੇ ਸਪੁੱਤਰਾਂ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਅਤੇ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਥੇਦਾਰ ਤਲਵੰਡੀ ਦਾ ਜਨਮ ਸਾਲ 1929 ਨੂੰ ਚੱਕ ਨੰਬਰ 52, ਲਾਇਲਪੁਰ (ਹੁਣ ਪਾਕਿਸਤਾਨ) ਵਿਚ ਪਿਤਾ ਜਥੇਦਾਰ ਛਾਂਗਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦੀ ਪਤਨੀ ਦਾ ਨਾਮ ਸਰਦਾਰਨੀ ਮਹਿੰਦਰ ਕੌਰ ਸੀ। 

ਜਥੇਦਾਰ ਤਲਵੰਡੀ ਨੇ ਪੰਜਾਬੀ ਸੂਬਾ ਅੰਦੋਲਨ, ਐਮਰਜੰਸੀ ਅਤੇ ਧਰਮ ਯੁੱਧ ਮੋਰਚੇ ਸਮੇਤ ਔਖੇ ਤੋਂ ਔਖੇ ਸਮੇਂ ਵਿੱਚ ਵੀ ਖਾਲਸਾ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲ੍ਹਾ ਲਈ ਡਟ ਕੇ ਪਹਿਰਾ ਦਿਤਾ। ਜਥੇਦਾਰ ਤਲਵੰਡੀ ਆਪਣੇ ਪਿੱਛੇ 2 ਪੁੱਤਰ ਅਤੇ 2 ਪੁੱਤਰੀਆਂ ਛੱਡ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇਹ ਮਹਾਨ ਆਗੂ ਜਿੱਥੇ 2 ਵਾਰ ਮੰਤਰੀ ਰਿਹਾ ਉਥੇ ਉਹ 1967 ਤੇ 1972 'ਚ ਵਿਧਾਇਕ ਅਤੇ 1977 'ਚ ਲੋਕ ਸਭਾ ਮੈਂਬਰ ਚੁਣੇ ਗਏ।ਜਥੇਦਾਰ ਤਲਵੰਡੀਨੇ ਕਾਂਗਰਸ ਦੀ ਅਗਵਾਈ ਵਾਲੀਆਂ ਕੇ'ਦਰ ਸਰਕਾਰਾਂ ਵਲੋ' ਪੰਜਾਬ ਨਾਲ ਸਮੇ' ਸਮੇ' 'ਤੇ ਕੀਤੇ ਗਏ ਪੱਖ-ਪਾਤ ਵਿਰੁੱਧ ਅਕਾਲੀ ਦਲ ਦੇ ਸੰਘਰਸ਼ ਵਿਚ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਈ। 

ਸ. ਪਰਕਾਸ਼ ਸਿੰਘ ਬਾਦਲ ਨੇ ਜਥੇਦਾਰ ਤਲਵੰਡੀ ਨੂੰ ਆਧੁਨਿਕ ਸਮੇਂ ਦਾ ਕੱਦਾਵਾਰ ਨੇਤਾ ਕਰਾਰ ਦਿੰਦਿਆਂ ਆਖਿਆ ਉਹ ਸ਼੍ਰੋਮਣੀ ਅਕਾਲੀ ਦਲ, ਪੰਥ, ਪੰਜਾਬ ਅਤੇ ਉਨ੍ਹਾਂ ਲਈ ਨਿੱਜੀ ਤੌਰ 'ਤੇ ਮਜ਼ਬੂਤੀ ਦਾ ਸਰੋਤ ਸਨ। ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅਪਣੇ ਸ਼ੋਕ ਸੰਦੇਸ਼ ਵਿਚ ਜਥੇਦਾਰ ਤਲਵੰਡੀ ਦੇ ਅਕਾਲ ਚਲਾਣੇ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਲਈ ਵੱਡਾ ਘਾਟਾ ਐਲਾਨਦਿਆਂ ਕਿਹਾ ਕਿ ਉਹ ਜੀਵਨ ਭਰ ਹਰ ਮੁਹਾਜ਼ 'ਤੇ ਪਾਰਟੀ ਦੀ ਅਗਵਾਈ ਕਰਦੇ ਰਹੇ। ਜਥੇਦਾਰ ਤਲਵੰਡੀ ਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਤ ਸੇਵਾਵਾਂ ਨੂੰ ਯਾਦ ਕਰਦਿਆਂ ਸ. ਬਾਦਲ ਨੇ ਪਾਰਟੀ ਦੀ ਹਰ ਮੁਹਿੰਮ ਦੌਰਾਨ ਉਨ੍ਹਾਂ ਵਲੋਂ ਦਿਖਾਈ ਗਈ ਸਿਆਸੀ ਸੂਝਬੂਝ ਨੂੰ ਕਦੇ ਕੋਈ ਚੁਨੌਤੀ ਨਹੀਂ ਦੇ ਸਕਦਾ। ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਜਗਦੇਵ ਸਿੰਘ ਤਲਵੰਡੀ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਕ ਸ਼ੋਕ ਸੰਦੇਸ਼ ਵਿਚ ਸ. ਮਜੀਠੀਆ ਨੇ ਕਿਹਾ ਹੈ ਕਿ ਜਥੇਦਾਰ ਤਲਵੰਡੀ ਨੇ ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਵਲੋਂ ਪੰਜਾਬ ਨਾਲ ਸਮੇਂ-ਸਮੇਂ 'ਤੇ ਕੀਤੇ ਗਏ ਪੱਖ-ਪਾਤ ਵਿਰੁਧ ਅਕਾਲੀ ਦਲ ਦੇ ਸੰਘਰਸ਼ ਵਿਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਹਮੇਸ਼ਾ ਪਾਰਟੀ ਵਰਕਰਾਂ ਦੇ ਹਿੱਤਾਂ ਨੂੰ ਤਰਜੀਹ ਦਿੰਦਿਆਂ ਪਾਰਟੀ ਦੀ ਮਜ਼ਬੂਤੀ ਵਿਚ ਵੀ ਪ੍ਰਮੁੱਖ ਯੋਗਦਾਨ ਪਾਇਆ।

ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸ. ਜਗਦੇਵ ਸਿੰਘ ਤਲਵੰਡੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸ. ਤਲਵੰਡੀ ਉਨ੍ਹਾਂ ਸ਼ਖ਼ਸੀਅਤਾਂ ਵਿਚ ਸ਼ੁਮਾਰ ਸਨ ਜਿਹੜੀਆਂ ਸਾਰੀ ਉਮਰ ਅਪਣੇ ਸਿਧਾਂਤਾਂ ਨੂੰ ਸਮਰਪਿਤ ਰਹੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਸਵਾਰਥ-ਰਹਿਤ ਸੰਘਰਸ਼ ਦੀ ਗਾਥਾ ਹੈ ਅਤੇ ਉਨ੍ਹਾਂ ਅਪਣੇ ਸਿਆਸੀ ਜੀਵਨ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਸੱਭ ਤੋਂ ਉਪਰ ਰਖਿਆ। 

ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਮੁਖ ਮੰਤਰੀ ਪ੍ਰਕਾਸ ਸਿੰਘ ਬਾਦਲ, ਪ੍ਰਧਾਨ ਸ੍ਰੌਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ, ਅਵਤਾਰ ਸਿੰਘ ਮੱਕੜ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਿਕਰਮ ਸਿੰਘ ਮਜੀਠੀਆ, ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਿਕੰਦਰ ਸਿੰਘ ਮਲੂਕਾ, ਡਾ.ਦਲਜੀਤ ਸਿੰਘ ਚੀਮਾ ਅਤੇ ਸਮੂਚੇ ਅਕਾਲੀ ਦਲ ਅਤੇ ਹੋਰਨਾ ਰਾਜਨੀਤੀਕ ਆਗੂਆਂ ਨੇ ਤਲਵੰਡੀ ਪਰਿਵਾਰ ਨਾਲ ਡੂਘੇ ਦੁਖ ਦਾ ਪ੍ਰਗਟਾਵਾ ਕੀਤਾ। ਤਲਵੰਡੀ ਦੇ ਸਪੁੱਤਰਾਂ ਜੱਥੇਦਾਰ ਰਣਜੀਤ ਸਿੰਘ ਤਲਵੰਡੀ ਅਤੇ ਜਗਜੀਤ ਸਿੰਘ ਤਲਵੰਡੀ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਥਾਨਕ ਅਕਾਲੀ ਲੀਡਰਸ਼ਿਪ, ਉਨ੍ਹਾਂ ਦੀ ਸਰਾਭਾ ਨਗਰ ਕੋਠੀ ਪੁੱਜਣੀ ਸ਼ੁਰੂ ਹੋ ਗਈ। ਵੱਖ-ਵੱਖ ਸਿੱਖ ਆਗੂਆਂ, ਸਿੱਖ ਸੰਸਥਾਵਾਂ ਵੱਲੋਂ ਜੱਥੇਦਾਰ ਤਲਵੰਡੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ, ਜਨਰਲ ਸਕੱਤਰ ਬੂਟਾ ਸਿੰਘ ਰਣਸੀਂਹ, ਜੱਥੇਦਾਰ ਤਲਵੰਡੀ ਦੇ ਨਜ਼ਦੀਕੀ ਸਾਥੀ ਰਹੇ ਜੱਥੇ. ਦਰਸ਼ਨ ਸਿੰਘ ਈਸਾਪੁਰ, ਰਘਬੀਰ ਸਿੰਘ ਰਾਜਾਸਾਂਸੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਅਕਾਲੀ ਦਲ ‘ਚ ਇਸਨੂੰ ਇੱਕ ਯੁੱਗ ਦਾ ਅੰਤ ਆਖਿਆ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਨਵਤੇਜ ਸਿੰਘ ਹਨੀ ਨੇ ਜੱਥੇਦਾਰ ਤਲਵੰਡੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਆਖਿਆ ਕਿ ਪਾਰਟੀ ‘ਚ ਵਰਕਰਾਂ ਦੇ ਨਾਲ ਖੜ੍ਹਨ ਵਾਲੇ ਅਤੇ ਸੱਚ ਦੀ ਹਮਾਇਤ ਕਰਨ ਵਾਲੇ ਇੱਕ ਆਗੂ ਦੀ ਮੌਤ ਨਾਲ ਪਾਰਟੀ ‘ਚ ਟਕਸਾਲੀ ਸ਼ਬਦ ਦਾ ਭੋਗ ਪੈ ਗਿਆ ਹੈ। ਇਸੇ ਤਰ੍ਹਾਂ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੇ ਆਖਿਆ ਕਿ ਤਿੰਨ ਫੁੱਟੀ ਕਿਰਪਾਨ ਵਾਲੇ ਜੱਥੇਦਾਰ ਦੇ ਚਲੇ ਜਾਣ ਨਾਲ ਅਕਾਲੀ ਦਲ ਦੇ ਇਤਿਹਾਸ ਦਾ ਇਕ ਅਧਿਆਏ ਸਮਾਪਤ ਹੋ ਗਿਆ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ, ਵਿਧਾਇਕ ਐਸ.ਆਰ.ਕਲੇਰ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਹਰਸੁਰਿੰਦਰ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਚੱਕ ਕਲਾਂ, ਸ਼੍ਰੋਮਣੀ ਕਮੇਟੀ ਮੈਂਬਰ ਕੰਵਲਇੰਦਰ ਸਿੰਘ ਠੇਕੇਦਾਰ, ਮੇਅਰ ਹਰਚਰਨ ਸਿੰਘ ਗੋਹਲਵੜੀਆ, ਯੂਥ ਆਗੂ ਪ੍ਰਭਜੋਤ ਸਿੰਘ ਧਾਲੀਵਾਲ, ਹਰਚੀਨ ਸਿੰਘ ਰੱਤੋਵਾਲ, ਲਖਵਿੰਦਰ ਸਿੰਘ ਲੱਖਾ ਮੁੱਲਾਂਪੁਰ, ਆੜ੍ਹਤੀ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ, ਜਸਵੀਰ ਸਿੰਘ ਦਾਖਾ, ਪ੍ਰਿਥੀਪਾਲ ਸਿੰਘ ਬਟਾਲਾ ਆਦਿ ਨੇ ਜੱਥੇਦਾਰ ਤਲਵੰਡੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਤਲਵੰਡੀ ਭਰਾਵਾਂ ਨਾਲ ਦੁੱਖ ਸਾਂਝਾ ਕੀਤਾ। ਰਣਜੀਤ ਸਿੰਘ ਤਲਵੰਡੀ ਨੇ ਇਸ ਸਮੇਂ ਦੱਸਿਆ ਕਿ 20 ਸਤੰਬਰ ਨੂੰ ਸਵੇਰੇ 8 ਵਜੇ ਜੱਥੇਦਾਰ ਤਲਵੰਡੀ ਦੀ ਮ੍ਰਿਤਕ ਦੇਹ ਨੂੰ ਸਰਾਭਾ ਨਗਰ ਕੋਠੀ ਤੋਂ ਉਨ੍ਹਾਂ ਦੇ ਜ਼ੱਦੀ ਪਿੰਡ ਤਲਵੰਡੀ ਰਾਏ ਲੈ ਕੇ ਜਾਇਆ ਜਾਵੇਗਾ। ਜਿੱਥੇ ਪਹਿਲਾ ਇੱਕ ਘੰਟਾ ਉਨ੍ਹਾਂ ਦੇ ਜ਼ੱਦੀ ਘਰ ਵਿਖੇ ਮ੍ਰਿਤਕ ਦੇਹ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ ਅਤੇ ਫਿਰ ਇੱਕ ਘੰਟਾ ਸਰਕਾਰੀ ਸਕੂਲ ਵਿਖੇ ਰੱਖਿਆ ਜਾਵੇਗਾ, ਉਸ ਉਪਰੰਤ ਅੰਤਿਮ ਸੰਸਕਾਰ ਕੀਤਾ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top