ਅੱਜ
ਦੇ ਦਿਨ 19 ਸਤੰਬਰ 1689 ਈਸਵੀਂ ਨੂੰ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਨੇ ਉਨ੍ਹਾਂ ਮਸੰਦਾਂ ਨੂੰ ਜਿੰਨ੍ਹਾਂ ਨੇ ਸਿੱਖ ਧਰਮ ਦੇ ਨਿਆਰੇਪਣ ਨੂੰ ਖੋਰਾ ਲਾ ਕੇ ਮੁੜ
ਤੋਂ ਪਾਖੰਡਵਾਦ ਤੇ ਆਡੰਬਰਵਾਦ ਦੇ ਨਾਮ ‘ਤੇ ਲੁੱਟ-ਖਸੁੱਟ ਸ਼ੁਰੂ ਕਰ ਲਈ ਸੀ, ਉਨ੍ਹਾਂ ਨੂੰ
ਸਜ਼ਾ ਦਿੱਤੀ ਸੀ, ਸੋਧਿਆ ਸੀ ਅਤੇ ਇਹ ਸੰਦੇਸ਼ ਦਿੱਤਾ ਕਿ ਸਿੱਖੀ ਦੇ ਨਿਆਰੇਪਣ ਨੂੰ ਖੋਰਾ
ਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾ ਸਕਦਾ।
ਪ੍ਰੰਤੂ ਅੱਜ ਜਦੋਂ ਸਿੱਖੀ ‘ਚ ਮੁੜ ਤੋਂ ਉਹ ਜਿਹੇ ਮਹੰਤਾਂ ਦਾ
ਬੋਲ-ਬਾਲਾ ਹੋ ਗਿਆ ਹੈ, ਸਿੱਖੀ ‘ਚ ਪਾਖੰਡਵਾਦ ਤੇ ਆਡੰਬਰਵਾਦ ਦਾ ਦੌਰ ਸ਼ੁਰੂ ਹੋ ਗਿਆ ਹੈ
ਤਾਂ ਕੌਮ ਨੂੰ ਗੁਰੂ ਸਾਹਿਬ ਵੱਲੋਂ ਦਿੱਤੀ ਹਕੀਕੀ ਸਿੱਖਿਆ ਬਾਰੇ ਸੋਚਣਾ ਪਵੇਗਾ।
ਮਸੰਦਾਂ ਵਾਂਗੂੰ ਅੱਜ ਵੀ ਸਿੱਖੀ ‘ਚ ਨਿੱਜਵਾਦ ਦੀ ਪੂਜਾ ਸ਼ੁਰੂ ਹੋ
ਗਈ ਹੈ। ਬਾਬਿਆਂ ਵੱਲੋਂ ਆਪੋ-ਆਪਣੀ ਸੰਗਤ ਪੈਦਾ ਕਰ ਲਈ ਗਈ। ਇੱਥੋ ਤੱਕ ਕਿ ਅੰਮ੍ਰਿਤ ਦੀ
ਦਾਤ ਨੂੰ ਵੰਡ ਲਿਆ ਗਿਆ ਹੈ। ਗੁਰੂ ਘਰ ਵੀ ਜਾਤ-ਪਾਤ ‘ਚ ਵੰਡ ਦਿੱਤੇ ਗਏ ਹਨ। ਨਿੱਜੀ
ਚੌਧਰ ਦੀ ਭੁੱਖ ਭਾਰੂ ਹੋ ਗਈ ਹੈ। ਗੁਰੂ ਘਰਾਂ ‘ਚ ਪਾਖੰਡ ਦਾ ਬੋਲ-ਬਾਲਾ ਸ਼ੁਰੂ ਹੋ ਗਿਆ
ਹੈ। ਸੇਵਾ ਤੇ ਸਿਮਰਨ ਸਿਰਫ਼ ਵਿਖਾਵੇ ਤੱਕ ਸੀਮਿਤ ਹੋ ਗਿਆ, ਕਿਉਂਕਿ ਤੋਤਾ ਰਟਨ, ਸਿੱਖੀ
‘ਚ ਭਾਰੂ ਹੋ ਗਿਆ ਹੈ।
ਵਿਦੇਸ਼ਾਂ ‘ਚ ਬੈਠੇ ਸਿੱਖ “ਇੰਟਰਨੈਟ” ‘ਤੇ ਸ਼੍ਰੀ ਆਖੰਡ ਪਾਠ ਸਾਹਿਬ
ਬੁੱਕ ਕਰਵਾਉਂਦੇ ਹਨ ਅਤੇ ਇੰਟਰਨੈਂਟ ‘ਤੇ ਹੀ ਸਮਾਪਤੀ ਦਾ ਹੁਕਮਨਾਮਾ ਪ੍ਰਾਪਤ ਕਰ ਲੈਂਦੇ
ਹਨ, ਗੁਰਬਾਣੀ ਨੂੰ ਮੰਤਰ ਮੰਨਿਆ ਜਾਣ ਲੱਗ ਪਿਆ ਹੈ। ਬਹੁਤੇ ਰਾਗੀ, ਗ੍ਰੰਥੀ, ਪਾਠੀ,
ਕਥਾਵਾਚਕ ਵਪਾਰੀ ਵਧੇਰੇ ਹੋ ਗਏ ਹਨ, ਇਸ ਕਾਰਨ ਹਰ ਕਿਸੇ ਦਾ ਉਸਦੀ ਪ੍ਰਸਿੱਧੀ ਅਨੁਸਾਰ
ਰੇਟ ਨਿਰਧਾਰਿਤ ਹੋ ਗਿਆ ਹੈ, ਬਾਬਿਆਂ ਦੇ ਦੀਵਾਨ ਵੀ ਰੇਟਾਂ ਅਨੁਸਾਰ ਹੀ ਬੁੱਕ ਹੁੰਦੇ ਹਨ।
ਅੱਜ ਸਿੱਖ ਧਰਮ ‘ਚ ਧਰਮ ਦੇ ਠੇਕੇਦਾਰਾਂ ਦੀ ਇੱਕ ਨਵੀਂ ਲੋਭੀ ਕੌਮ
ਪੈਦਾ ਹੋ ਰਹੀ ਹੈ, ਜਿਹੜੀ ਉਹ ਸਾਰੇ ਪਾਖੰਡ ਕਰਦੀ ਹੈ, ਜਿਹੜੇ ਉਸ ਸਮੇਂ ਦੇ ਮਸੰਦ ਕਰਦੇ
ਸਨ। ਪੂਜਾ ਦਾ ਧਾਨ, ਉਨ੍ਹਾਂ ਨੂੰ ਆਰਾਮ ਨਾਲ ਹਜ਼ਮ ਹੋ ਰਿਹਾ ਹੈ ਅਤੇ ਗ਼ੋਲਕ ਲਈ ਇਹ ਸ਼੍ਰੇਣੀ
ਕ੍ਰਿਪਾਨਾਂ ਤੱਕ ਵੀ ਕੱਢ ਲੈਂਦੀ ਹੈ। ਗੁਰਦੁਆਰਿਆਂ ‘ਤੇ ਕਬਜ਼ਿਆਂ ਲਈ ਕਤਲੋਗ਼ਾਰਤ ਆਮ ਗ਼ੱਲ
ਬਣ ਗਈ ਹੈ। ਅੱਜ ਸਿੱਖੀ ਦੇ ਪ੍ਰਚਾਰ ਲਈ ਟੀ.ਵੀ. ਚੈੱਨਲਾਂ ਰਾਂਹੀ, ਨਗਰ ਕੀਰਤਨਾਂ ਰਾਂਹੀਂ
ਤੇ ਕੀਰਤਨ ਦਰਬਾਰਾਂ ਰਾਂਹੀ ਇੱਕ ਤਰ੍ਹਾ ਹੜ੍ਹ ਆਇਆ ਹੋਇਆ ਹੈ, ਪ੍ਰੰਤੂ ਸਿੱਖੀ ਦੇ
ਠੇਕੇਦਾਰਾਂ ਦੇ ਕਿਰਦਾਰ ‘ਚ ਆਈ ਗਿਰਾਵਟ ਕਾਰਣ ਇਹ ਸਾਰਾ ਪ੍ਰਚਾਰ ਬੇਅਸਰ ਸਾਬਤ ਹੋ ਰਿਹਾ
ਹੈ।
ਅਸਲ ‘ਚ ਅੱਜ ਇਨ੍ਹਾਂ ਆਧੁਨਿਕ ਮਸੰਦਾਂ ਨੂੰ ਸਜ਼ਾ ਦੇਣ ਲਈ ਕੋਈ ਨਹੀਂ
ਰਿਹਾ, ਕਿਉਂਕਿ ਧਰਮ, ਰਾਜਨੀਤੀ ਦੀ ਤਾਬਿਆ ਚਲਾ ਗਿਆ ਹੈ ਅਤੇ ਰਾਜਸੀ ਲੋਕ, ਧਰਮ ਦੀ ਵਰਤੋਂ
ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਕਰਦੇ ਹਨ। ਗੁਰੂ ਦੀ ਮੰਨਣ ਵਾਲਿਆਂ ਦੀ ਗਿਣਤੀ ਨਾ ਦੇ
ਬਰਾਬਰ ਹੋ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੇ ਇੱਕ ਸਿਆਸੀ ਧਿਰ ਦੇ ਕਬਜ਼ੇ ‘ਚ ਹੋਣ ਕਾਰਣ ਹਰ
ਤਰ੍ਹਾਂ ਦੀ ਗਿਰਾਵਟ ਇਸ ਧਾਰਮਿਕ ਸੰਸਥਾ ‘ਚ ਵੀ ਆ ਗਈ ਹੈ, ਜਿਸ ਕਾਰਣ ਗੁਰੂ ਘਰਾਂ ‘ਚ
ਧਾਗੇ, ਤਵੀਤ, ਟੂਣੇ-ਟਾਮਣ ਤੱਕ ਹੋਣ ਲੱਗ ਪਏ ਹਨ। ਜਿਸ ਪਾਖੰਡਵਾਦ ਤੇ ਆਡੰਬਰਵਾਦ,
ਵਹਿਮਾਂ-ਭਰਮਾਂ, ਊਚ-ਨੀਚ ਤੇ ਜਾਤਾਂ-ਪਾਤਾਂ ‘ਚੋਂ ਕੱਢਣ ਲਈ ਸਿੱਖੀ ਦੇ ਨਿਆਰੇ ਮਹਿਲ ਦੀ
ਸਥਾਪਨਾ ਕੀਤੀ ਗਈ ਸੀ, ਉਹ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ। ਸਵੈਮਾਣ ਤੇ ਜਿਊਂਦੀ
ਜ਼ਮੀਰ ਆਲੋਪ ਹੋ ਗਈ ਹੈ। ਬ੍ਰਾਹਮਣਵਾਦ ਦਾ ਪੂਰਾ-ਪੂਰਾ ਰਲਾਅ ਅੱਜ ਸਿੱਖੀ ਚ’ ਮੁੜ ਤੋਂ ਹੋ
ਗਿਆ ਹੈ।
ਇਸ ਲਈ ਅੱਜ ਦੇ ਦਿਨ ਹਰ ਸਿੱਖ ਨੂੰ ਇਸ ਵਿਸ਼ੇ ‘ਤੇ ਜ਼ਰੂਰ ਸੋਚਣਾ
ਪਵੇਗਾ ਕਿ ਜੇ ਦਸ਼ਮੇਸ਼ ਪਿਤਾ ਨੇ ਪਾਖੰਡੀ ਮਸੰਦਾਂ ਨੂੰ ਸਜ਼ਾ ਦਿੱਤੀ ਸੀ ਤਾਂ ਉਹ ਦੂਰਗਾਮੀ
ਸੋਚ ਸਦਕਾ ਸੀ ਤਾਂ ਕਿ ਖਾਲਸਾ ਪੰਥ, ਮਸੰਦਾਂ ਨੂੰ ਸਿੱਖੀ ‘ਚ ਘੁਸਪੈਠ ਨਾ ਕਰਨ ਦੇਵੇ ਅਤੇ
ਨਿਆਰੇ ਪੰਥ ਦੇ ਨਿਆਰੇਪਣ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇ।