Share on Facebook

Main News Page

ਅਖੌਤੀ ਦਸਮ ਗ੍ਰੰਥ ਦਾ ਪਿਛੋਕੜ, ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਅਤੇ ਅਖੌਤੀ ਦਸਮ ਗ੍ਰੰਥ ਦੀਆਂ ਲਿਖਤਾਂ ਦਾ ਤੁਲਨਾਤਮਿਕ ਅਧਿਐਨ
-:
ਮੇਵਾ ਸਿੰਘ ਟਿਵਾਣਾ

ਦਸਮ ਗ੍ਰੰਥ ਦਾ ਪਿਛੋਕੜ:- ਇਹ ਤਾਂ ਸਾਰੇ ਮੰਨਦੇ ਹਨ ਕਿ ਦਸਮ ਗ੍ਰੰਥ ਦੀ ਸੰਪਾਦਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨਹੀਂ ਕੀਤੀ। ਇਹ ਗ੍ਰੰਥ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਕੋਈ 40-50 ਕੁ ਸਾਲ ਬਾਦ ਹੋਂਦ ਵਿਚ ਆਇਆ। ਇਹ ਗ੍ਰੰਥ ਭੀ ਇਕ ਨਹੀਂ ਅਤੇ ਇਸ ਦੇ ਨਾਮ ਭੀ ਬਦਲਦੇ ਰਹੇ ਹਨ। ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ…...ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਦਸਮ ਗ੍ਰੰਥ ਦੀਆਂ ਕਈ ਹੋਰ ਬੀੜਾਂ ਭੀ ਬਣ ਗਈਆਂ ਅਤੇ ਅਰਥਾਂ ਦੇ ਅਨਰਥ ਹੋ ਗਏ (ਮਹਾਨ ਕੋਸ਼ ਪੰਨਾ 616)।

ਸ੍ਰ. ਪਿਆਰਾ ਸਿੰਘ ਪਦਮ ਅਨੁਸਾਰ ਅੱਡ ਅੱਡ ਲਿਖਾਰੀਆਂ ਵੱਲੋ ਤਿਆਰ ਕੀਤੀਆਂ 8 ਪ੍ਰਾਚੀਨ ਬੀੜਾਂ ਪ੍ਰਾਪਤ ਹਨ, ਜਿਨ੍ਹਾਂ ਦੇ ਆਕਾਰ, ਤਤਕਰਿਆਂ ਦੀ ਤਰਤੀਬ, ਸ਼ਬਦ-ਜੋੜ ਅਤੇ ਪੱਤਰਿਆਂ ਦੀ ਗਿਣਤੀ ਵੀ ਵੱਖਰੀ ਵੱਖਰੀ ਹੈ। (ਦਸਮ ਗ੍ਰੰਥ ਦਰਸ਼ਨ ਪੰਨਾ 25-35)। ਇਸ ਤੋਂ ਸਿੱਧ ਹੁੰਦਾ ਹੈ ਕਿ ਸਾਰੇ ਲਿਖਾਰੀਆਂ ਨੇ ਐਧਰੋਂ- ਉਧਰੋਂ ਸੰਸਕ੍ਰਿਤ ਦੇ ਗ੍ਰੰਥਾਂ ਦੇ ਅਨੁਵਾਦ ਇਕੱਠੇ ਕਰਕੇ ਅਤੇ ਕੁੱਝ ਆਪਣੇ ਕੋਲੋਂ ਲਿਖ ਕੇ ਦਸਮ ਗ੍ਰੰਥ ਦੀਆਂ ਬੀੜਾਂ ਦੀ ਸੰਪਾਦਨਾ ਕੀਤੀ ਹੈ। ਇਸ ਲਈ ਇਸ ਗ੍ਰੰਥ ਬਾਰੇ ਵਿਵਾਦ ਹੋਣਾ ਕੁਦਰਤੀ ਸੀ।

ਦਸਮ ਗ੍ਰੰਥ ਦਾ ਕਰਤਾ ਕੌਣ? ਜਿੰਨੀ ਦੇਰ ਇਸ ਗ੍ਰੰਥ ਬਾਰੇ ਜਿ਼ਆਦਾ ਖੋਜ ਨਹੀਂ ਸੀ ਹੋਈ, ਬਹੁਤੇ ਲੋਕੀਂ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੀ ਮੰਨਦੇ ਸਨ। ਹੁਣ ਵਿਦਵਾਨਾਂ ਨੇ ਖੋਜ ਦੇ ਆਧਾਰ ਤੇ ਸਿੱਧ ਕਰ ਦਿੱਤਾ ਹੈ ਕਿ ਇਸ ਗ੍ਰੰਥ ਵਿਚਲੀਆਂ ਸਾਰੀਆਂ ਰਚਨਾਵਾਂ ਗੁਰੂ ਜੀ ਦੀਆਂ ਲਿੱਖੀਆਂ ਹੋਈਆਂ ਨਹੀਂ ਹਨ। ਕੁਝ ਵਿਦਵਾਨਾਂ ਦਾ ਮੱਤ ਹੈ ਕਿ ਗੁਰੂ ਜੀ, ਗੁਰਮੁਖੀ ਲਿਪੀ ਨੂੰ ਆਮ ਲੋਕਾਂ ਵਿਚ ਪ੍ਰਚਲਤ ਕਰਨਾ ਚਾਹੁੰਦੇ ਸਨ ਤਾਂ ਜੋ ਲੋਕ ਧਾਰਮਿਕ ਸਾਹਿਤ ਨੂੰ ਆਸਾਨੀ ਨਾਲ ਆਪ ਪੜ੍ਹ ਸਕਣ। ਇਸ ਲਈ ਉਨ੍ਹਾਂ ਨੇ ਆਪਣੇ ਦਰਬਾਰੀ ਕਵੀਆਂ ਨੂੰ ਹਿੰਦੂ ਅਤੇ ਮੁਸਲਮਾਨ ਗ੍ਰੰਥਾਂ ਦਾ ਪੰਜਾਬੀ (ਗੁਰਮੁਖੀ ਲਿਪੀ) ਵਿਚ ਅਨੁਵਾਦ ਕਰਨ ਲਈ ਉਤਸ਼ਾਹਿਤ ਕੀਤਾ ਸੀ। ਇਸ ਦਾ ਮਤਲਬ ਇਹ ਨਹੀਂ ਕਿ ਗੁਰੂ ਜੀ ਇਨ੍ਹਾਂ ਲਿਖਤਾਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਉਨ੍ਹਾਂ ਨੇ ਤਾਂ ਇਨ੍ਹਾਂ ਲਿਖਤਾਂ ਨਾਲ ਅਸਹਿਮਤੀ ਪਰਗਟ ਕਰਦਿਆਂ ਕਈ ਥਾਵਾਂ ਤੇ (ਬਾਣੀ ਦੇ ਰੂਪ ਵਿਚ) ਆਪਣੀਆਂ ਟਿਪਣੀਆਂ ਦਰਜ ਕਰ ਦਿੱਤੀਆਂ ਸਨ। ਇਸ ਲਈ ਇਨ੍ਹਾਂ ਅਨੁਵਾਦਾਂ ਨੂੰ ਗੁਰੂ ਜੀ ਦੀ ਰਚਨਾ ਮੰਨ ਲੈਣਾ ਇਕ ਭੁੱਲ ਹੈ। ਇਸ ਦੇ ਬਾਵਜੂਦ ਭੀ ਬਾਬਾ ਵਿਰਸਾ ਸਿੰਘ ਜਿਹੇ ਲੋਕ ਸਾਰੇ ਹੀ ਦਸਮ ਗ੍ਰੰਥ ਨੂੰ ਦਸਮੇਸ਼ ਜੀ ਦੀ ਹੀ ਲਿਖਤ ਮੰਨ ਕੇ ਇਸ ਗ੍ਰੰਥ ਦਾ ਪਰਚਾਰ ਕਰੀ ਜਾ ਰਹੇ ਹਨ। ਇਨ੍ਹਾਂ ਲੋਕਾਂ ਦਾ ਗੁੱਝਾ ਮੰਤਵ ਆਮ ਸੰਗਤਾਂ ਨੂੰ ਗੁਰਬਾਣੀ ਨਾਲੋਂ ਤੋੜ ਕੇ ਦਸਮ ਗ੍ਰੰਥ ਦੀਆਂ ਅਸ਼ਲੀਲ ਅਤੇ ਕਾਮ-ਉਕਸਾਊ ਰਚਨਾਵਾਂ ਪੜ੍ਹਨ ਲਈ ਪ੍ਰੇਰ ਕੇ ਆਪਣੇ ਡੇਰਿਆਂ ਨਾਲ ਜੋੜਨਾ ਹੀ ਜਾਪਦਾ ਹੈ।

ਸਾਰਾ ਸਿੱਖ ਜਗਤ ਮੰਨਦਾ ਹੈ ਕਿ ਸਾਰੇ ਗੁਰੂ ਸਾਹਿਬਾਨ ਵਿਚ ਇਕ ਹੀ ਜੋਤਿ ਸੀ (
ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰ ਪਲਟੀਐ॥ ਸੱਤੇ ਬਲਵੰਡ ਦੀ ਵਾਰ, ਪੰਨਾ 966॥), ਫਿਰ ਇਹ ਕਿਵੇਂ ਮੰਨ ਲਈਏ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਗੁਰੁ ਗ੍ਰੰਥ ਸਾਹਿਬ, ਜਿਸ ਨੂੰ ਗੁਰੂ ਜੀ ਨੇ ਆਪ ਗੁਰਗੱਦੀ ਬਖਸ਼ੀ ਸੀ, ਨਾਲੋਂ ਅੱਡ ਹੋ ਸਕਦੀ ਹੈ? ਸਾਰੇ ਦਸਮ ਗ੍ਰੰਥ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਬਿਲਕੁਲ ਮੇਲ ਨਹੀਂ ਖਾਂਦੀ, ਇਸ ਲਈ ਸਾਰਾ ਦਸਮ ਗ੍ਰੰਥ ਗੁਰੂ ਜੀ ਦੀ ਰਚਨਾ ਨਹੀਂ ਹੋ ਸਕਦੀ। ਕੁੱਝ ਰਚਨਾਵਾਂ ਜ਼ਰੂਰ ਗੁਰੂ ਸਾਹਿਬ ਦੀਆਂ ਹੋ ਸਕਦੀਆਂ ਹਨ, ਪ੍ਰੰਤੂ ਉਨ੍ਹਾਂ ਨੂੰ ਗੁਰਬਾਣੀ ਦੀ ਕਸਵੱਟੀ ਉੱਤੇ ਪਰਖ ਕੇ ਇਸ ਗ੍ਰੰਥ ਨਾਲੋਂ ਅੱਡ ਕਰਨ ਦੀ ਲੋੜ ਹੈ।

ਦਸਮ ਗ੍ਰੰਥ ਨੂੰ ਥੋੜ੍ਹਾ ਧਿਆਨ ਨਾਲ ਪੜ੍ਹਿਆਂ ਪਤਾ ਲਗਦਾ ਹੈ ਕਿ ਇਸ ਗ੍ਰੰਥ ਦੀਆਂ ਬਹੁਤੀਆਂ ਰਚਨਾਵਾਂ ਵਿਚ ਸਯਾਮ, ਰਾਮ ਅਤੇ ਕਲਿ ਕਵੀਆਂ ਦਾ ਬਾਰ ਬਾਰ ਜਿ਼ਕਰ ਆਉਂਦਾ ਹੈ (ਵੰਨਗੀ ਲਈ ਦੇਖੋ ਛੰਦ 562, 564, 879, 1871 ਕ੍ਰਿਸ਼ਨਅਵਤਾਰ ਅਤੇ ਚਰਿੱਤ੍ਰ 18 ਅੰਕ 1, ਚਰਿਤ੍ਰ 195 ਅੰਕ 29)। ਇਸ ਲਈ ਇਹ ਬਹੁਤੀਆਂ ਲਿਖਤਾਂ ਇਨ੍ਹਾਂ ਕਵੀਆਂ ਦੀਆਂ ਹੀ ਹਨ। ਸ੍ਰ. ਪਦਮ ਅਨੁਸਾਰ ਰਾਮ ਅਤੇ ਸਯਾਮ ਗੁਰੂ ਜੀ ਦੇ ਉਪਨਾਮ ਹਨ ਪ੍ਰੰਤੂ ਕਵੀ ਕਲਿ ਬਾਰੇ ਪਦਮ ਜੀ ਕੋਈ ਗੱਲ ਨਹੀਂ ਕਰਦੇ। ਉਪਨਾਮਾਂ ਬਾਰੇ ਉਹ ਦਲੀਲ ਦਿੰਦੇ ਹਨ ਕਿ ਗੁਰੂ ਜੀ ਦੀ ਮਾਤਾ ਗੁਜਰੀ ਜੀ ਦੇ ਸਹੁਰੇ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਸੀ, ਇਸ ਕਰਕੇ ਜਦੋਂ ਮਾਤਾ ਗੁਜਰੀ ਅਤੇ ਅੰਮਾ ਨਾਨਕੀ ਜੀ ਦਸ਼ਮੇਸ਼ ਨੂੰ ਬੁਲਾਉਂਦੇ ਤਾਂ ਉਹ ਗੋਬਿੰਦ ਨਾਮ ਲੈਣ ਦੀ ਥਾਂ "ਸਯਾਮ" ਕਹਿ ਕੇ ਹੀ ਬਲਾਉਂਦੇ ਸਨ। ਫਿਰ ‘ਰਾਮ’ ਉਪਨਾਮ ਬਾਰੇ ਲਿਖਦੇ ਹਨ ਕਿ ਗੁਰੂ ਸਾਹਿਬ ਨੂੰ ਹਿਰਦੇ ਰਾਮ ਭੱਲੇ (ਉਪਨਾਮ ਰਾਮ) ਦਾ ਲਿਖਿਆ ਹਨੂੰਮਾਨ ਨਾਟਕ ਬਹੁਤ ਪਿਆਰਾ ਸੀ ਤੇ ਇਸ ਪ੍ਰਭਾਵ ਵਜੋਂ ਸ਼ਾਇਦ ਗੁਰੂ ਜੀ ਨੇ ਆਪਣੀਆਂ ਰਚਨਾਂਵਾਂ ਵਿਚ ‘ਕਵਿ ਰਾਮ ਕਹੈ’ ਵਾਲੀ ਕਾਵਿ- ਸ਼ੈਲੀ ਦੀ ਵਰਤੋਂ ਕੀਤੀ ਹੋਵੇ (ਦਸਮ ਗ੍ਰੰਥ ਦਰਸ਼ਨ ਪੰਨਾ 46)। ਹਿੰਦੂ ਰੀਤ ਅਨੁਸਾਰ ਪੁਰਾਣੇ ਜ਼ਮਾਨੇ ਵਿਚ ਇਸਤ੍ਰੀਆਂ ਆਪਣੇ ਪਤੀ ਅਤੇ ਸਹੁਰੇ ਦਾ ਨਾਂ ਤਾਂ ਨਹੀਂ ਸੀ ਲੈਂਦੀਆਂ ਪਰ ਮਾਂਵਾਂ ਅਤੇ ਦਾਦੀਆਂ ਆਪਣੇ ਪੁੱਤਰ ਅਤੇ ਪੋਤਰਿਆਂ ਦੇ ਨਾਂ ਭੀ ਉਨ੍ਹਾਂ ਦੇ ਬਾਪ ਜਾਂ ਦਾਦੇ ਵਾਲਾ ਨਹੀਂ ਸੀ ਰਖਦੀਆਂ। ਜੇ ਗੁਰੂ-ਘਰ ਵਿਚ ਅਜਿਹੀ ਰੀਤ ਹੁੰਦੀ ਤਾਂ ਮਾਤਾ ਜੀ ਅਤੇ ਦਾਦੀ ਜੀ ਨੇ ਗੁਰੂ ਜੀ ਦਾ ਨਾਂ ਗੋਬਿੰਦ ਨਹੀਂ ਸੀ ਰਖਣਾ, ਵੈਸੇ ਭੀ ਹਰਗੋਬਿੰਦ ਅਤੇ ਗੋਬਿੰਦ ਵਿਚ ਕਾਫੀ ਅੰਤਰ ਹੈ। ਇਸ ਕਰਕੇ ਸ੍ਰ. ਪਦਮ ਦੀ ਇਹ ਥੋਥੀ ਦਲੀਲ ਮੰਨਣਯੋਗ ਨਹੀਂ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਗੁਰੂ ਜੀ ਨੂੰ ‘ਕਵਿ ਰਾਮ ਕਹੈ’ ਵਾਲੀ ਸ਼ੈਲੀ ਤਾਂ ਪਿਆਰੀ ਲਗ ਸਕਦੀ ਹੈ, ਪਰ ਗੁਰੂਆਂ ਦਾ ਬਾਣੀ ਵਿਚ ਵਰਤਿਆ ਨਾਮ ‘ਨਾਨਕ’ ਚੰਗਾ ਨਹੀਂ ਲਗਿਆ। ਦਸਮੇਸ਼ ਜੀ, ਜਿਨ੍ਹਾਂ ਵਿਚ ਗੁਰੂ ਨਾਨਕ ਵਾਲੀ ਹੀ ਜੋਤਿ ਸੀ, ਬਾਰੇ ਅਜਿਹੀ ਦਲੀਲ ਬਹੁਤ ਹੀ ਹਾਸੋ-ਹੀਣੀ ਹੈ।

ਇਤਿਹਾਸ ਵਿਚ ਇਕ ਦਸਮੇਸ਼ ਜੀ ਦਾ ਸਮਕਾਲੀ, ਰੋਪੜ ਨਿਵਾਸੀ ਕਵੀ ‘ਸੀਤਾ ਰਾਮ’ ਹੋਇਆ ਹੈ, ਜਿਸ ਨੇ ਖ਼ੈਰੁਲ ਤਜਾਰਸ਼ ਵੈਦਿਕ ਪੁਸਤਕ ਦਾ ਅਨੁਵਾਦ ‘ਕਵਿ ਤਰੰਗ’ ਨਾਮ ਹੇਠਾਂ ਕੀਤਾ ਹੈ।
ਕਈ ਵਿਦਵਾਨਾਂ ਦਾ ਮੱਤ ਹੈ ਕਿ ਸ਼ਾਇਦ ਇਹ ਕਵੀ ‘ਰਾਮ’ ਅਤੇ ਦਸਮ ਗ੍ਰੰਥ ਦੀਆਂ ਕੁੱਝ ਲਿਖਤਾਂ ਦਾ ਰਚਣਹਾਰਾ ‘ਰਾਮ’ ਇੱਕੋ ਹੀ ਵਿਅਕਤੀ ਸੀ। ਸ੍ਰ. ਪਿਆਰਾ ਸਿੰਘ ਪਦਮ ਇਸ ਦਲੀਲ ਨਾਲ ਸਹਿਮਤ ਨਹੀਂ ਹਨ। ਉਹ ਲਿਖਦੇ ਹਨ ਕਿ ‘ਕਵਿ ਤਰੰਗ’ ਵਾਲਾ ਕਵੀ ‘ਰਾਮ’ ਬ੍ਰਾਹਮਣ ਸੀ (ਬ੍ਰਾਹਮਣ ਤ੍ਰਿਖੇ ਬੰਸ ਮੈ….ਕੇਸਵ ਸੁਤ ਕਵਿ ਰਾਮ) ਅਤੇ ਦਸਮ ਗ੍ਰੰਥ ਵਾਲਾ‘ਰਾਮ’ਕਸ਼ਤਰੀ ਸੀ (ਛਤ੍ਰੀ ਕਾ ਪੂਤ ਹਉਂ ਬਾਮਨ ਕੋਨਾਹਿ….।2488, ਕ੍ਰਿਸ਼ਨਵਤਾਰ)। ਇਸ ਲਈ ‘ਕਵਿ ਤਰੰਗ’ ਵਾਲਾ ਅਤੇ ‘ਦਸਮ ਗ੍ਰੰਥ’ ਵਿਚਲਾ ਰਾਮ ਇਕ ਨਹੀਂ ਹਨ (ਦਸਮ ਗ੍ਰੰਥ ਦਰਸ਼ਨ ਪੰਨਾ 47)। ਸ੍ਰ. ਪਦਮ ਦੀ ਇਸ ਦਲੀਲ ਦੇ ਬਾਵਜੂਦ ਭੀ ‘ਰਾਮ’ ਗੁਰੂ ਜੀ ਦਾ ਉਪਨਾਮ ਨਹੀਂ ਹੋ ਸਕਦਾ, ਕਿਉਂਕਿ ਗੁਰੂ ਜੀ ਨੇ ਤਾਂ ਜਾਤ ਪਾਤ ਖਤਮ ਕਰਕੇ ਹੀ ਖਾਲਸਾ ਸਾਜਿਆ ਸੀ, ਉਨ੍ਹਾਂ ਨੇ ਆਪਣੇ ਆਪ ਨੂੰ ਫਿਰ ‘ਛਤ੍ਰੀ’ ਨਹੀਂ ਸੀ ਲਿਖਣਾ। ਗੁਰਬਾਣੀ ਭੀ ਜਾਤ ਪਾਤ ਦਾ ਖੰਡਨ ਕਰਦੀ ਹੈ (ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ਇਸ ਗਰਬ ਤੇ ਚਲਹਿ ਬਹੁਤ ਵਿਕਾਰਾ॥ ਮ:3, ਪੰਨਾ 1127)। ਇਸ ਲਈ ਦਸਮ ਗ੍ਰੰਥ ਵਾਲਾ ‘ਰਾਮ’ ਕੋਈ ਹੋਰ ਕਵੀ ਹੈ, ਦਸਮੇਸ਼ ਜੀ ਆਪ ਨਹੀਂ।

ਸ੍ਰ. ਪਦਮ ਅਨੁਸਾਰ "
ਸਯਾਮ" ਨਾਂ ਦਾ ਕੋਈ ਕਵੀ ਗੁਰੂ ਜੀ ਦਾ ਦਰਬਾਰੀ ਕਵੀ ਨਹੀਂ ਹੋਇਆ। ਇਸ ਦੇ ਉਲਟ ‘ਮਹਿਮਾ ਪ੍ਰਕਾਸ਼’ ਦਾ ਲਿਖਾਰੀ ਬਾਵਾ ਸਰੂਪ ਦਾਸ ਭੱਲਾ ਲਿਖਦਾ ਹੈ ਕਿ ਪੁਰਾਤਨ ਗ੍ਰੰਥਾਂ ਦੀ ਜਾਣਕਾਰੀ ਦੇਣ ਲਈ ਗੁਰੂ ਪਾਤਸ਼ਾਹ ਨੇ ਵੱਖ ਵੱਖ ਵਿਦਵਾਨਾਂ ਤੇ ਪੰਡਤਾਂ ਪਾਸੋਂ ਪ੍ਰਾਚੀਨ ਗ੍ਰੰਥਾਂ ਦਾ ਗੁਰਮੁੱਖੀ (ਪੰਜਾਬੀ) ਵਿਚ ਅਨੁਵਾਦ ਕਰਵਾਇਆ ਸੀ। ਇਨ੍ਹਾਂ ਵਿਚ ਹੀ ਕਵੀ ਸਯਾਮ ਦਾ ਨਾਂ ਆਉਂਦਾ ਹੈ (ਨਨੂਆ ਬੈਰਾਗੀ ਸਿਆਮ ਕਬ, ਬ੍ਰਹਮ ਭਾਟ ਜੋ ਆਹਾ। ਭਈ ਨਿਹਚਲ ਫਕੀਰ, ਗੁਰ ਬਡੇ ਗੁਨਮ ਗੁਨ ਤਾਹਾ।6॥ ਮਹਿਮਾ ਪ੍ਰਕਾਸ਼ ਪੰਨਾ 411-12.)। ਜੇ ਸ੍ਰ. ਪਦਮ, ਸਯਾਮ ਅਤੇ ਰਾਮ ਨੂੰ ਗੁਰੂ ਜੀ ਦੇ ਹੀ ਉਪਨਾਮ ਮੰਨਦੇ ਹਨ, ਤਾਂ ਉਨ੍ਹਾਂ ਇਹ ਨਹੀਂ ਦਸਿਆ ਕਿ ਗੁਰੂ ਜੀ ਨੂੰ ਇਕ ਤੋਂ ਵੱਧ ਉਪਨਾਮ ਵਰਤਣ ਦੀ ਕੀ ਲੋੜ ਸੀ। ਇਹ ਅਸਲੀਅਤ ਹੈ ਕਿ ਹਰ ਲਿਖਾਰੀ ਆਪਣੀਆਂ ਸਾਰੀਆਂ ਲਿਖਤਾਂ ਵਿਚ ਇਕ ਹੀ ਨਾਮ ਜਾਂ ਉਪਨਾਮ ਵਰਤਦਾ ਹੈ, ਕੀ ਬਾਬਾ ਵਿਰਸਾ ਸਿੰਘ ਕਿਸੇ ਲਿਖਾਰੀ ਦਾ ਨਾਮ ਦਸ ਸਕਦੇ ਹਨ, ਜਿਸ ਨੇ ਇਕ ਤੋਂ ਵੱਧ ਉਪਨਾਮ ਵਰਤੇ ਹੋਣ? ਇਸ ਲਈ ਜਿਨ੍ਹਾਂ ਲਿਖਤਾਂ ਵਿਚ ਕਿਸੇ ਕਵੀ ਦਾ ਸਪਸ਼ਟ ਨਾਮ ਜਾਂ ਉਪਨਾਮ ਲਿਖਿਆ ਹੁੰਦਾ ਹੈ ਉਹ ਲਿਖਤਾਂ ਉਸੇ ਕਵੀ ਦੀਆਂ ਹੀ ਹੋ ਸਕਦੀਆਂ ਹਨ, ਹੋਰ ਕਿਸੇ ਦੀਆਂ ਨਹੀਂ। ਇਨ੍ਹਾਂ ਵਿਚਾਰਾਂ ਤੋਂ ਇਹੀ ਸਿੱਧ ਹੁੰਦਾ ਹੈ ਕਿ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਂਵਾਂ ਦਸਮੇਸ਼ ਜੀ ਦੀਆਂ ਨਹੀਂ, ਸਗੋਂ ਬਹੁਤੀਆਂ ਲਿਖਤਾਂ ਇਨ੍ਹਾਂ ਰਾਮ, ਸਯਾਮ, ਕਲਿ ਆਦਿ ਕਵੀਆਂ ਦੀਆਂ ਹੀ ਹਨ।

ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੀਆਂ ਬਾਣੀਆਂ ਦਾ ਤੁਲਨਾਤਮਿਕ ਅਧਿਐਨ :-

1. ਸਿੱਖ ਧਰਮ ਵਿਚ ਇਸਤ੍ਰੀ ਅਤੇ ਪੁਰਸ਼ ਦਾ ਦਰਜਾ ਬਰਾਬਰ ਹੈ। ਗੁਰੂ ਅਮਰਦਾਸ ਜੀ ਨੇ ਸਤੀ ਦੀ ਰਸਮ ਨੂੰ ਖਤਮ ਕਰਕੇ ਸਮਾਜ ਵਿਚ ਇਸਤ੍ਰੀ ਦੀ ਆਜ਼ਾਦੀ ਲਈ ਕ੍ਰਾਂਤੀਕਾਰੀ ਕੰਮ ਕੀਤੇ। ਉਨ੍ਹਾਂ ਦੇ ਵਾਕ ਹਨ:- ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹਿ॥ ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨ੍ਹਿ॥ ਭੀ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹਿ॥ ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹਾਲੰਨਿ॥ ਮ:3 ਪੰਨਾ 787॥

ਇਸਤ੍ਰੀ ਬਾਰੇ ਮਾੜੀ ਸੋਚ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਮ:1, ਪੰਨਾ 473॥

ਹੁਣ ਦੇਖੋ, ਦਸਮ ਗ੍ਰੰਥ ਦਾ ਲੇਖਕ ਇਸਤ੍ਰੀ ਜਾਤੀ ਬਾਰੇ ਕੀ ਕਹਿੰਦਾ ਹੈ:

ਅੰਤ ਤ੍ਰਿਯਨ ਕੇ ਕਿਨੂੰ ਨਾ ਪਾਯੋ॥ ਬਿਧਨਾ ਸਰਿਜਿ ਬਹੁਰਿ ਪਛਤਾਯੋ॥ ਜਿੰਨ ਇਹ ਕਿਯੋ ਸਕਲ ਸੰਸਾਰੋ॥ ਵਾਹੈ ਪਛਾਨਿ ਬੇਦ ਤ੍ਰਿਯਾ ਹਾਰੋ॥ ਚਰਿਤ੍ਰ 312 ਅੰਕ 13॥

ਭਾਵ: ਇਸਤ੍ਰੀ ਦੇ ਰਹੱਸ ਨੂੰ ਕੋਈ ਵੀ ਨਹੀਂ ਸਮਝ ਸਕਿਆ। ਇਨ੍ਹਾਂ ਨੂੰ ਬਣਾਕੇ ਤਾਂ ਬਿਧਾਤਾ ਭੀ ਪਛਤਾਉਂਦਾ ਸੀ ਜਿਸ ਪ੍ਰਭੂ ਨੇ ਇਹ ਸੰਸਾਰ ਬਣਾਇਆ ਹੈ, ਉਹ ਵੀ ਇਸ ਦੇ ਰਹੱਸ ਦੇ ਸਾਹਮਣੇ ਹਾਰ ਗਿਆ ਹੈ। (ਹੋਰ ਦੇਖੋ ਚਰਿਤ੍ਰ 15 ਅੰਕ 12 ਅਤੇ ਚਰਿਤ੍ਰ 19 ਅੰਕ 13)

ਜ਼ਰਾ ਸੋਚੋ! ਕੀ ਦਸ਼ਮੇਸ਼ ਜੀ ਇਸਤ੍ਰੀ ਜਾਤੀ ਬਾਰੇ ਅਜਿਹੀ ਗੁਰਮਤਿ ਵਿਰੋਧੀ ਟਿਪਣੀ ਲਿਖ ਸਕਦੇ ਸਨ? ਇਸ ਗ੍ਰੰਥ ਦੇ ਹਮਾਇਤੀ ਪ੍ਰਚਾਰਦੇ ਹਨ ਕਿ ਦਸਮੇਸ਼ ਜੀ ਨੇ ਅਜਿਹਾ ਲਿਖ ਕੇ ਇਸਤ੍ਰੀ ਜਾਤੀ ਦੀ ਨਿਖੇਧੀ ਨਹੀਂ ਕੀਤੀ ਸਗੋਂ ਦੁਰਾਚਾਰੀ ਔਰਤਾਂ ਦੀ ਭੰਡੀ ਜ਼ਰੂਰ ਕੀਤੀ ਹੈ। ਵਾਹ! ਕਿੰਨੀ ਹਾਸੋ-ਹੀਣੀ ਦਲੀਲ ਹੈ।

2. ਬਚਿਤ੍ਰ ਨਾਟਕ ਵਿਚ ਦਸਮੇਸ਼ ਜੀ ਨੂੰ ਇਹ ਲਿਖਦੇ ਦਰਸਾਇਆ ਹੈ :

ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤ ਭਾਂਤ ਕੇ ਤੀਰਥ ਨ੍ਹਾਨਾ॥
ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਨਿਤ ਕਰਤ ਬਿਤਏ॥
ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸਹਰ ਬਿਖੇ ਭਵ ਲਯੋ॥
ਪੰਨਾ 59

ਲਿਖਾਰੀ ਨੇ ਸਿੱਧ ਕਰਨ ਦੀ ਕੋਸਿ਼ਸ ਕੀਤੀ ਹੈ ਕਿ ਗੁਰੂ ਤੇਗ ਬਹਾਦਰ ਨੇ ਪੁੱਤ੍ਰ ਦੀ ਪ੍ਰਾਪਤੀ ਲਈ ਹਿੰਦੂ ਰੀਤ ਅਨੁਸਾਰ ਪੂਰਬ ਦਿਸ਼ਾ ਦੇ ਕਈ ਤੀਰਥਾਂ ਤੇ ਇਸ਼ਨਾਨ ਕੀਤੇ ਅਤੇ ਤ੍ਰਿਬੇਣੀ ਪਹੁੰਚ ਕੇ ਕਈ ਦਿਨ ਪੁੰਨ ਦਾਨ ਕਰਦੇ ਰਹੇ। ਫਿਰ ਉਨ੍ਹਾਂ ਨੂੰ ਪੁੱਤ੍ਰ ਦੀ ਦਾਤ ਪ੍ਰਾਪਤ ਹੋਈ। ਅਜਿਹੇ ਕਰਮ-ਕਾਂਡ ਸਿੱਖ ਸਿਧਾਂਤਾਂ ਤੋਂ ਬਿਲਕੁਲ ਉਲਟ ਹਨ। ਗੁਰਬਾਣੀ ਵਿਚ ਤਾਂ ਵਾਰ ਵਾਰ ਕਰਮਕਾਂਡਾਂ, ਤੀਰਥ ਇਸ਼ਨਾਨਾਂ ਆਦਿ ਦੀ ਖੰਡਨਾਂ ਕੀਤੀ ਗਈ ਹੈ:

ਨਾ ਤੂ ਆਵਹਿ ਵਸਿ ਤੀਰਥਿ ਨਾਈਐ॥ ਨਾ ਤੂ ਆਵਹਿ ਵਸਿ ਧਰਤੀ ਧਾਈਐ॥ ਮ:5, ਪੰਨਾ 962॥

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥ ਮ:1,ਪੰਨਾ 687॥

ਤੀਰਥੁ ਤਪੁ ਦਇਆ ਦਤੁ ਦਾਨ॥ ਜੇ ਕੋ ਪਾਵੈ ਤਿਲ ਕਾ ਮਾਨੁ॥ ਸੁਣਿਆ ਮੰਨਿਆ ਮਨਿ ਕੀਤਾ ਭਾਉ॥ ਅੰਤਰ ਗਤਿ ਤੀਰਥਿ ਮਲਿ ਨਾਉ॥ ਜਪੁ ਪਉੜੀ 21

ਲਿਖਿ ਲਿਖਿ ਪੜਿਆ ਤੇਤਾ ਕੜਿਆ॥ ਬਹੁ ਤੀਰਥ ਭਵਿਆ ਤੇਤੋ ਲਵਿਆ॥ ਮ:1 ਪੰਨਾ 467

ਇਨ੍ਹਾਂ ਗੁਰਵਾਕਾਂ ਤੋਂ ਸਪਸ਼ਟ ਹੈ ਕਿ ਤੀਰਥ ਇਸ਼ਨਾਨ ਆਦਿ ਗੁਰਮਤਿ ਅਨੁਕੂਲ ਨਹੀਂ ਹਨ। ਇਸ ਲਈ ਦਸਮੇਸ਼ ਜੀ ਦਾ ਨਾਂ ਅਜਿਹੀਆਂ ਗੁਰਮਤਿ ਵਿਰੋਧੀ ਰਚਨਾਵਾਂ ਨਾਲ ਜੋੜਨਾ ਉਚਿੱਤ ਨਹੀਂ ਹੈ।

3. ਦਸਮ ਗ੍ਰੰਥ ਵਿਚ ਦਸ਼ਮੇਸ਼ ਜੀ ਨੂੰ ਆਪਣੇ ਪਿਛਲੇ ਜਨਮ ਵਿਚ ਮਹਾਂਕਾਲ ਅਤੇ ਕਾਲਿਕਾ ਦੇਵੀ ਦੀ ਪੂਜਾ ਕਰਦੇ ਦਰਸਾਇਆ ਹੈ:-

ਤਹ ਹਮ ਅਧਿਕ ਤਪਸਿਆ ਸਾਧੀ॥ ਮਹਾਂਕਾਲ ਕਾਲਿਕਾ ਅਰਾਧੀ॥ ਦਸਮ ਗ੍ਰੰਥ ਪੰਨਾ 55

ਫਿਰ ‘ਵਾਰ ਸ੍ਰੀ ਭਗਉਤੀ ਜੀ ਕੀ’, ਜਿਸ ਨੂੰ ਗੁਰੂ ਜੀ ਦੀ ਲਿਖਤ ਮੰਨਦੇ ਹਨ, ਵਿਚ ਦੁਰਗਾ ਦੇਵੀ ਦਾ ਹੀ ਪਾਠ ਹੈ। ਇਸ ਵਾਰ ਦੇ ਸ਼ੁਰੂ ਵਿਚ ਦੇਵੀ ਨੂੰ ਧਿਆਇਆ ਹੈ:
ਪ੍ਰਿਥਮ ਭਗਉਤੀ ਸਿਮਰ ਕੈ …….ਪੰਨਾ 119 ਅਤੇ ਅਖੀਰ ਵਿਚ ਇਸੇ ਦੇਵੀ ਦੇ ਪਾਠ ਕਰਨ ਦਾ ਉਪਦੇਸ਼ ਲਿਖਿਆ ਹੈ:-

ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥55॥

ਇਸ ਦੇ ਅਰਥ ਹਨ ਕਿ ਜਿਹੜਾ ਮਨੁੱਖ ਇਸ ਦੁਰਗਾ ਪਾਠ ਦੀਆਂ 55 ਪਉੜੀਆਂ ਦਾ ਗਾਇਨ ਕਰੇਗਾ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪਵੇਗਾ। ਕਈ ਸੱਜਨ ‘ਭਗਉਤੀ’ ਦੇ ਅਰਥ ਅਕਾਲ ਪੁਰਖ ਕਰਦੇ ਹਨ, ਜੋ ਠੀਕ ਨਹੀਂ ਹਨ ਕਿਉਂਕਿ ਇਸ ਵਾਰ ਦੇ ਸ਼ੁਰੂ ਵਿਚ ਪੰਨਾ 55 (ਫੁਟ ਨੋਟ)
ਉੱਤੇ ਭਗਉਤੀ ਦੇ ਅਰਥ ਮਹਾਂਕਾਲ, ਤਲਵਾਰ, ਦੁਰਗਾ ਲਿਖੇ ਹਨ। ਕਈ ਬੀੜਾਂ ਵਿਚ ਇਸ ਵਾਰ ਦਾ ਨਾਮ ਹੀ ‘ਵਾਰ ਦੁਰਗਾ ਕੀ’ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਸਾਰੀ ਵਾਰ ਦੁਰਗਾ ਦੇਵੀ ਦੀ ਹੀ ਅਰਾਧਨਾ ਹੈ। ਇਸ ਗ੍ਰੰਥ ਦੇ ਵੱਡੇ ਹਮਾਇਤੀ ਸ੍ਰ. ਪਦਮ ਅਨੁਸਾਰ ‘ਇਹ ਰਚਨਾ ਦੇਵੀ ਭਗਤਾਂ ਵਿਚ ਬਹੁਤ ਪੜ੍ਹੀ ਸੁਣੀ ਜਾਂਦੀ ਹੈ’ (ਦਸਮ ਗ੍ਰੰਥ ਦਰਸ਼ਨ ਪੰਨਾ 96)। ਹੁਣ, ਦੇਵੀ-ਦੇਵਤਿਆਂ ਬਾਰੇ ਗੁਰੂ ਜੀ ਦੇ ਹੁਕਮ ਪੜ੍ਹੋ :

ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥ ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥ ਨਾਮਦੇਵ ਜੀ, ਪੰਨਾ 874॥
ਭਾਵ: ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ, ਉਹ ਮਨੁੱਖ ਤੋਂ ਜਨਾਨੀ ਬਣਕੇ ਜਨਮ ਲੈਂਦਾ ਹੈ। ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ ਪਰ ਆਪਣੇ ਭਗਤਾਂ ਨੂੰ ਮੁਕਤੀ ਦੇਣ ਵੇਲੇ, ਪਤਾ ਨਹੀਂ ਤੂੰ ਕਿੱਥੇ ਲੁਕੀ ਰਹਿੰਦੀ ਹੈਂ।

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥6॥4॥ ਮ:1 ਪੰਨਾ 636

ਗੁਰਬਾਣੀ ਦੇਵੀ ਦੇਵਤਿਆਂ ਨੂੰ ਕੋਈ ਮਾਨਤਾ ਨਹੀਂ ਦਿੰਦੀ। ਫਿਰ ਦਸਮੇਸ਼ ਜੀ, ਜੋ ਇਕ ਅਕਾਲ ਪੁਰਖ ਦੇ ਪੁਜਾਰੀ ਸਨ, ਆਪਣੇ ਖਾਲਸੇ ਨੂੰ ਦੇਵੀ ਦੇ ਪਾਠਾਂ ਲਈ ਕਿਵੇਂ ਉਪਦੇਸ਼ ਦੇ ਸਕਦੇ ਹਨ?

4. ਦਸਮ ਗ੍ਰੰਥ ਵਿਚਲੀਆਂ ਬਹੁਤ ਸਾਰੀਆਂ ਰਚਨਾਵਾਂ ਨਸ਼ਾ ਪ੍ਰੇਰਕ ਅਤੇ ਕਾਮ ਉਕਸਾਊ ਹਨ। ਇਸ ਗ੍ਰੰਥ ਦਾ ਲਿਖਾਰੀ ਕਾਲਿਕਾ ਦਾ ਸਰੂਪ ਵਰਣਨ ਕਰਦਾ ਹੋਇਆ ਲਿਖਦਾ ਹੈ :

ਮਦਰਾ ਕਰ ਮੱਤ ਮਹਾਂ ਭਭਕੰ। ਬਨ ਮੈ ਮਨੋ ਬਾਘ ਬਬਕੰ। ਅੰਕ 53 ਪੰਨਾ 52। ਇਸ ਦੇ ਅਰਥ ਹਨ ਕਿ ਮਹਾਂਕਾਲ ਆਪਣੀ ਪਤਨੀ ਮਹਾਂਕਾਲੀ ਸਮੇਤ ਸ਼ਰਾਬ ਪੀ ਕੇ ਮਸਤ ਹੋਏ ਇੰਝ ਭੱਭਕਦੇ ਹਨ, ਜਿਵੇਂ ਜੰਗਲ ਵਿਚ ਸ਼ੇਰ ਦਾ ਬੱਚਾ ਭੱਭਕਦਾ ਹੈ। ਹੋਰ ਅੱਗੇ ਦੇਖੋ! ਕ੍ਰਿਸ਼ਨ ਜੀ ਨੂੰ ਅਵੱਧਪਤੀ ਰਾਜਾ ਬਿਖੱਭ੍ਰ ਨਾਥ ਦੀ ਕੰਨਿਆ ਦੇ ਵਿਆਹ ਵਿਚ ਪੋਸਤ, ਭੰਗ, ਅਫੀਮ ਖਾਂਦੇ ਅਤੇ ਸ਼ਰਾਬ ਪੀਂਦੇ ਦਿਖਾਇਆ ਹੈ:-

ਪੋਸਤ ਭੰਗ ਅਫੀਮ ਘਨੋ ਮਦ ਪੀਵਨ ਕੈ ਤਿਨ ਕਾਜ ਮੰਗਾਯੋ। ਮੰਗਨ ਲੋਗਨ ਬੋਲ ਪਠਯੋ ਬਹੁ ਆਵਤ ਤੇ ਜਨਿ ਪਾਰ ਨ ਪਾਯੋ॥2112 ॥ ਪੰਨਾ 521। ਨਸਿ਼ਆਂ ਦੀ ਮਹੱਤਤਾ ਦਸਣ ਲਈ ਕਵੀ ਨੇ ਕ੍ਰਿਸ਼ਨ ਭਗਵਾਨ ਨੂੰ ਭੀ ਭੰਗੀ, ਸ਼ਰਾਬੀ ਦਰਸਾਇਆ ਹੈ ਜੋ ਠੀਕ ਨਹੀਂ ਜਾਪਦਾ ਕਿਉਂਕਿ ਭਗਵਤ ਪੁਰਾਣ ਵਿਚ ਅਜਿਹਾ ਕੁਝ ਭੀ ਲਿਖਿਆ ਨਹੀਂ ਮਿਲਦਾ। ਹੁਣ ਦੇਖੋ, ਨਸ਼ਿਆਂ ਬਾਰੇ ਗੁਰਬਾਣੀ ਕੀ ਉਪਦੇਸ਼ ਦਿੰਦੀ ਹੈ:-

ਮਾਣਸੁ ਭਰਿਆ ਆਇਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚ ਆਇ॥…….ਝੂਠਾ

ਮਦਿ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਮ:3, ਪੰਨਾ 554॥

ਤ੍ਰਿਯਾ ਚਰਿਤ੍ਰ ਤਾਂ ਹੈ ਹੀ ਨਸ਼ੇ ਪ੍ਰੇਰਕ ਅਤੇ ਕਾਮ ਉਕਸਾਊ ਰਚਨਾਵਾਂ। ਵੰਨਗੀ ਲਈ ਦੇਖੋ ਸਿਰਫ ਦੋ ਉਧਾਰਣਾਂ:

ਪੋਸਤ ਭੰਗ ਅਫੀਮ ਮੰਗਾਵਹਿ॥ ਏਕ ਖਾਟ ਪਰ ਬੈਠ ਚੜਵਹਿ॥ ਤਰਨੁ ਤਰੁਨਿ ਉਰ ਸੌ ਉਰਝਾਈ॥ ਰਸਿ ਰਸਿ ਕਸਿ ਕਸਿ ਭੋਗ ਕਮਾਈ॥ਅੰਕ 5 ਚਰਿੱਤ੍ਰ 397

ਅਧਿਕ ਭੋਗ ਤਿਹ ਸਾਥ ਮਚਾਯੋ॥ ਭਾਤਿ ਭਾਤਿ ਰਸ ਕੇਲ ਕਮਾਯੋ॥ ਚੁੰਬਨ ਔਰ ਅਲਿੰਗਨ ਲੀਨੋ॥ ਭਾਤਿ ਅਨਿਕ ਤ੍ਰਿਯ ਕੋ ਸੁਖ ਦੀਨੋ॥ਅੰਕ 4 ਚਰਿਤ੍ਰ 398. (ਹੋਰ ਦੇਖੋ ਸਾਰਾ ਚਰਿਤ੍ਰ 402)

ਬਾਬਾ ਵਿਰਸਾ ਸਿੰਘ ਦੀਆਂ ਟਿਪਣੀਆਂ ਦੀ ਵਿਚਾਰ:-

ਦਸਮ ਗ੍ਰੰਥ ਦੀਆਂ ਬਹੁਤੀਆਂ ਰਚਨਾਵਾਂ ਇਕ ਤੋਂ ਇਕ ਵੱਧ ਕੇ ਅਸ਼ਲੀਲ ਅਤੇ ਨਸ਼ੇ-ਪ੍ਰੇਰਕ ਹਨ। ਸ਼ਰਮ ਦੀ ਗੱਲ ਹੈ ਕਿ ਬਾਬਾ ਵਿਰਸਾ ਸਿੰਘ ਜਿਹੇ ਡੇਰੇਦਾਰ ਫਿਰ ਭੀ ਅਜਿਹੀ ਅਸ਼ਲੀਲ ਕ੍ਰਿਤ ਨੂੰ ਗੁਰੂ ਜੀ ਦੀ ਹੀ ਲਿਖਤ ਮੰਨਦੇ ਹਨ। ਬਾਬਾ ਵਿਰਸਾ ਸਿੰਘ ਤਾਂ ਗੁਰਬਾਣੀ ਵਿਚੋਂ ਇਕ ਤੁੱਕ ਲੈ ਕੇ ਅਤੇ ਗਲਤ ਅਰਥ ਕਰਕੇ ਸਾਬਤ ਕਰਨ ਦੀ ਕੋਸਿ਼ਸ਼ ਕਰਦੇ ਹਨ ਕਿ ਗੁਰੂ ਸਾਹਿਬਾਨ ਨੇ ਗੁਰੂ ਗਰੰਥ ਸਾਹਿਬ ਵਿਚ ਭੀ ਅਸਲੀਲ ਸ਼ਬਦਾਵਲੀ ਵਰਤੀ ਹੈ। ਉਹ ਇਹ ਉਧਾਰਣਾਂ ਦਿੰਦੇ ਹਨ:- ਰਸਿ ਰਸਿ ਭੋਗ ਕਰੇ ਪ੍ਰਭ ਮੇਰਾ; ਗਿਆਨਰਾਉ ਜਬ ਸੇਜੈ ਆਵੈ ਤ ਨਾਨਾਕ ਭੋਗੁ ਕਰੇਈ ਆਦਿ। ਇਥੇ ਇਹ ਗੱਲ ਯਾਦ ਰਖਣ ਵਾਲੀ ਹੈ ਕਿ ਗੁਰਬਾਣੀ ਦੀ ਇਕ ਲਾਈਨ ਦੇ ਅਰਥ ਠੀਕ ਨਹੀਂ ਹੋ ਸਕਦੇ, ਜਿੰਨੀ ਦੇਰ ਰਹਾਉ ਜਾਂ ਸਾਰੇ ਸ਼ਬਦ ਦੀ ਵਿਚਾਰ ਨਾ ਕੀਤੀ ਜਾਵੇ। ਸਾਧ ਬਾਬੇ ਇਹੀ ਤਰੀਕਾ ਵਰਤ ਕੇ ਗੁਰਬਾਣੀ ਦੀ ਇਕ ਲਾਈਨ ਦੇ ਆਪਣੀ ਮਰਜ਼ੀ ਨਾਲ ਗਲਤ ਅਰਥ ਕਰਕੇ ਲੋਕਾਂ ਨੂੰ ਵਹਿਮਾਂ- ਭਰਮਾਂ ਵਿਚ ਫਸਾਈ ਰਖਦੇ ਹਨ। ਆਓ, ਹੁਣ ਉਨ੍ਹਾਂ ਸ਼ਬਦਾਂ ਦੇ ਅਰਥ ਦੇਖੀਏ ਜਿਨ੍ਹਾਂ ਨੂੰ ਬਾਬਾ ਵਿਰਸਾ ਸਿੰਘ ਅਸ਼ਲੀਲ ਦੱਸਦੇ ਹਨ ਅਤੇ ਦਸਮ ਗ੍ਰੰਥ ਦੀਆਂ ਲਿਖਤਾਂ ਨਾਲ ਤੁਲਨਾ ਕਰਨ ਦੀ ਭੁੱਲ ਕਰਦੇ ਹਨ:

ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ॥ ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ॥ ਮ:4, ਪੰਨਾ 836॥

ਅਰਥ: ਹੇ ਸਹੇਲੀਏ! ਜਿਹੜੀ ਜੀਵ ਇਸਤ੍ਰੀ ਖਿਮਾ ਵਾਲੇ ਸੁਭਾਵ ਨੂੰ ਆਪਣੇ ਆਤਮਿਕ ਜੀਵਨ ਦੀ ਸਜਾਵਟ ਬਣਾਉਂਦੀ ਹੈ, ਜਿਹੜੀ ਮਨ ਵਿਚ ਗੁਰੂ ਤੋ ਮਿਲੀ ਆਤਮਿਕਂ ਜੀਵਨ ਦੀ ਸੂਝ ਦਾ ਦੀਵਾ ਜਗਾਂਦੀ ਹੈ, ਪ੍ਰਭੂ-ਪਤੀ ਉਸ ਉੱਤੇ ਪ੍ਰਸੰਨ ਹੋ ਜਾਂਦਾ ਹੈ। ਪ੍ਰਭੂ ਉਸ ਦੇ ਆਤਮਿਕ ਮਿਲਾਪ ਨੂੰ ਬੜੇ ਆਨੰਦ ਨਾਲ ਮਾਣਦਾ ਹੈ। ਹੇ ਸਹੇਲੀ! ਮੈਂ ਉਸ ਪ੍ਰਭੂ-ਪਤੀ ਅੱਗੇ ਆਪਣੀ ਜਿੰਦ ਮੁੜ ਮੁੜ ਵਾਰਨੇ ਕਰਨ ਨੂੰ ਤਿਆਰ ਹਾਂ।

ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ॥ ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗ ਕਰੇਈ॥ ਮ:1, ਪੰਨਾ 359 ॥

ਅਰਥ: ਜੇ ਜੀਵ ਇਸਤ੍ਰੀ ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ ਪ੍ਰਭੂ ਮਿਲਾਪ ਵਾਸਤੇ ਸੇਜ ਬਣਾਏ, ਹੇ ਨਾਨਾਕ! ਜਦੋਂ ਗਿਆਨ ਦਾਤਾ ਪ੍ਰਭੂ ਉਸ ਦੀ ਹਿਰਦੇ ਸੇਜ ਉੱਤੇ ਪਰਗਟ ਹੁੰਦਾ ਹੈ ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲ ਥਾਕਾ॥ ਚਰਨ ਰਹੇਕਰ ਢਰਿਕ ਪਰੇ ਹੈ ਮੁਖਹੁ ਨ ਨਿਕਸੈ ਬਾਤਾ॥ ਕਬਰਿ, ਪੰਨਾ 480॥

ਅਰਥ: ਹੇ ਭਾਈ! ਤੇਰੇ ੳੇਹ ਕੰਨ ਕਿਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ……।(ਟੀਕਾਕਾਰ,ਪ੍ਰੋ.ਸਾਹਿਬ ਸਿੰਘ)

ਇਨ੍ਹਾਂ ਸ਼ਬਦਾਂ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਗੁਰਬਾਣੀ ਵਿਚ ਤਾਂ ਪ੍ਰਭੂ ਮਿਲਾਪ ਦੀ ਗੱਲ ਹੋ ਰਹੀ ਹੈ ਜਦੋਂ ਕਿ ਦਸਮ ਗ੍ਰੰਥ ਵਿਚ ਅਸ਼ਲੀਲ ਕਹਾਣੀਆਂ ਦੀ ਵਿਆਖਿਆ ਕੀਤੀ ਹੋਈ ਹੈ। ਬਾਬਾ ਵਿਰਸਾ ਸਿੰਘ ਜਿਹੇ ਦਸਮ ਗ੍ਰੰਥ ਦੇ ਹਮਾਇਤੀਆਂ ਦੀ ਇਹ ਦਲੀਲ ਕਿ ਗੁਰੂ ਜੀ ਨੇ ਮਨੁੱਖ ਨੂੰ ਨਾਰੀ ਗਮਨ ਤੋਂ ਬਚਣ ਲਈ ਚੇਤੰਨ ਕਰਨ ਵਾਸਤੇ ਵੰਨ-ਸੁਵੰਨੀਆਂ ਕਹਾਣੀਆਂ ਲਿੱਖੀਆਂ ਹਨ, ਬਿਲਕੁਲ ਹੀ ਅਰਥਹੀਣ ਹੈ। ਗੁਰਬਾਣੀ ਹੀ ਅਜਿਹੇ ਕੁਕਰਮਾਂ ਤੋਂ ਬਚਣ ਲਈ ਪਰੇਰਦੀ ਹੈ ਅਤੇ ਤਾੜਨਾ ਭੀ ਕਰਦੀ ਹੈ। ਜਿਵੇਂ ਗੁਰਫੁਰਮਾਣ ਹਨ:

ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ ॥ ਬਿਨੁ ਸਤਿਗੁਰ ਸੁਖੁ ਨ ਪਾਵਹੀ ਫਿਰਿ ਫਿਰਿ ਜੋਨੀ ਪਾਹਿ॥ ਮ:3, ਪੰਨਾ 26॥

ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥ ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ॥ ਅੰਤ ਕੀ ਬਾਰ ਮੂਆ ਲਪਟਾਨਾ॥ ਨਾਮਦੇਵ ਜੀ, ਪੰਨਾ 1164॥

ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ॥ ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ॥ ਮ:5, ਪੰਨਾ 616॥

ਉੱਪਰ ਲਿੱਖੀਆਂ ਵਿਚਾਰਾਂ ਤੋ ਸਪਸ਼ਟ ਹੈ ਕਿ ਗੁਰਬਾਣੀ ਮਨੁੱਖ ਨੂੰ ਆਤਮਿਕ ਆਨੰਦ ਹੀ ਨਹੀਂ, ਸਗੋਂ ਵਿਕਾਰਾਂ ਤੋਂ ਬਚਣ ਦਾ ਉਪਦੇਸ਼ ਭੀ ਦਿੰਦੀ ਹੈ। ਇਸ ਦੇ ਉਲਟ,
ਦਸਮ ਗ੍ਰੰਥ ਦੀਆਂ ਬਹੁਤੀਆਂ ਰਚਨਾਵਾਂ ਆਮ ਬੰਦੇ ਨੂੰ ਦੇਵੀ ਪੂਜਾ, ਕਰਮ-ਕਾਂਡਾਂ, ਨਸਿ਼ਆਂ ਅਤੇ ਕਾਮ ਆਦਿ ਜਿਹੇ ਵਿਕਾਰਾਂ ਵੱਲ ਉਤਸ਼ਾਹਿਤ ਕਰਦੀਆਂ ਹਨ। ਸਿੱਖ ਧਰਮ ਵਿਚ ਅਜਿਹਾ ਕੁੱਝ ਵੀ ਪ੍ਰਵਾਨ ਨਹੀਂ ਹੈ ਜਦੋਂ ਕਿ ਅਘੋਰੀ ਪੰਥ, ਸਾਕਤ ਮੱਤ ਜਾਂ ਵਾਮ ਮਾਰਗ ਵਿਚ ਇਹ ਸਭ ਕੁੱਝ ਉਨ੍ਹਾਂ ਦੇ ਧਰਮ ਦਾ ਅੰਗ ਹਨ (ਦੇਖੋ ਮਹਾਨ ਕੋਸ਼ ਪੰਨਾ 414,1091)। ਇਸ ਤੋਂ ਸਾਬਤ ਹੁੰਦਾ ਹੈ ਕਿ ਦਸਮ ਗ੍ਰੰਥ ਦੀਆਂ ਅਜਿਹੀਆਂ ਨਸ਼ੇ-ਪ੍ਰੇਰਕ ਅਤੇ ਕਾਮ-ਉਕਸਾਊ ਰਚਨਾਵਾਂ ਸਾਕਤ ਜਾਂ ਵਾਮ ਮਾਰਗੀ ਕਵੀਆਂ ਦੀਆਂ ਹੀ ਲਿੱਖੀਆਂ ਹੋਈਆਂ ਹਨ। ਇਨ੍ਹਾਂ ਲਿਖਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਣ ਵਾਲੇ ਬਾਬਾ ਵਿਰਸਾ ਸਿੰਘ ਜਿਹੇ ਡੇਰੇਦਾਰ ਸਿੱਖੀ ਬਾਣੇ ਵਿਚ ਸਾਕਤ ਜਾਂ ਵਾਮ ਮਾਰਗੀਏ ਹੀ ਜਾਪਦੇ ਹਨ। ਅਜਿਹੇ ਸਾਕਤਾਂ ਬਾਰੇ ਗੁਰਵਾਕ ਹਨ:-

ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ॥………….॥ ਕਬੀਰ, ਪੰਨਾ 1371

ਹਰਿ ਕੇ ਦਾਸ ਸਿਉ ਸਾਕਤ ਨਹੀਂ ਸੰਗੁ॥ ਓਹੁ ਬਿਖਿਈ ਓਸੁ ਰਾਮ ਕੋ ਰੰਗੁ॥ ਮ:5, ਪੰਨਾ 198

ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ॥ ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈ ਹੈ ਨਾਊ॥ ਕਬੀਰ, ਪੰਨਾ 1372॥

ਭਾਵ: ਸਾਕਤ ਨਾਲੋਂ ਸੂਰ ਚੰਗਾ ਹੈ…………। ਇਸ ਲਈ, ਸਿੱਖਾਂ ਨੂੰ ਇਨ੍ਹਾਂ ਪੰਥ-ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਉਪ੍ਰੋਕਤ ਬਹੁਤ ਹੀ ਸੰਖੇਪ ਵਿਚਾਰਾਂ ਤੋਂ ਸਿੱਟਾ ਇਹੀ ਨਿਕਲਦਾ ਹੈ ਕਿ ਸਾਰਾ ਦਸਮ ਗ੍ਰੰਥ ਦਸਮੇਸ਼ ਜੀ ਦੀ ਬਾਣੀ ਨਹੀਂ ਹੋ ਸਕਦੀ। ਇਸ ਦੀ ਪੁਸ਼ਟੀ ਅਕਾਲ ਤਖਤ ਵੱਲੋਂ ਸ੍ਰ. ਸੰਤੋਖ ਸਿੰਘ ਚੰਡੀਗੜ੍ਹ ਨੂੰ ਲਿਖੀ ਚਿੱਠੀ ਨੰ:36672 ਮਿਤੀ 3.8.73 ਭੀ ਕਰਦੀ ਹੈ ਜਿਸ ਦਾ ਉਤਾਰਾ ਇਸ ਤਰ੍ਹਾਂ ਹੈ: ‘
ਚਰਿਤ੍ਰੋ ਪਾਖਯਾਨ ਜੋ ਦਸਮ ਗ੍ਰੰਥ ਵਿਚ ਅੰਕਿਤ ਹੈ, ਇਹ ਦਸਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਆਸਕ ਸਾਖੀਆਂ ਦਾ ਉਤਾਰਾ ਹੈ’। ਕੁਝ ਬਾਣੀਆਂ ਜਿਵੇਂ ਜਾਪੁ, ਅਕਾਲ ਉਸਤਤਿ, ਕੁਝ ਸਵੱਯੇ, ਜ਼ਫ਼ਰਨਾਮਾ ਜਾਂ ਕਿਤੇ ਕਿਤੇ ਹੋਰ ਥੋੜ੍ਹੀ ਬਹੁਤ ਬਾਣੀ ਜ਼ਰੂਰ ਦਸਮੇਸ਼ ਜੀ ਦੀ ਹੋ ਸਕਦੀ ਹੈ, ਪਰ ਅਜਿਹੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਉਤੇ ਪਰਖ ਕੇ ਦਸਮ ਗ੍ਰੰਥ ਵਿਚੋਂ ਅੱਡ ਕਰਨ ਦੀ ਲੋੜ ਹੈ। ਇਸ ਕੰਮ ਲਈ ਨਿਰਪੱਖ ਅਤੇ ਉੱਘੇ ਸਿੱਖ-ਇਤਿਹਾਸ ਦੇ ਖੋਜੀਆਂ ਅਤੇ ਨਿਰੋਲ ਧਾਰਮਿਕ ਵਿਦਵਾਨਾਂ ਦੀਆਂ ਸੇਵਾਵਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਖੋਜ ਦੇ ਅਧਾਰ ਤੇ ਫਿਰ ਪੰਥ ਨੂੰ ਦਸਮ ਗ੍ਰੰਥ ਬਾਰੇ ਇਕ-ਟੁਕ ਫੈਸਲਾ ਲੈ ਕੇ ਇਸ ਵਿਵਾਦ ਨੂੰ ਸਦਾ ਲਈ ਖਤਮ ਕਰ ਦੇਣਾ ਚਾਹੀਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top