ਦੁਸਹਿਰਾ ਬਦੀ ਉਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ
ਅਤੇ ਹਰ ਵਰ੍ਹੇ ਰਾਵਣ ਦਾ ਪੁਤਲਾ ਸਾੜ ਕੇ ਇਸ ਗੱਲ ਨੂੰ ਯਾਦ ਕਰਨ ਦਾ ਯਤਨ ਕੀਤਾ ਜਾਂਦਾ ਹੈ ਕਿ
ਬਦੀ ਦਾ ਅੰਤ ਭਿਆਨਕ ਹੁੰਦਾ ਹੈ। ਪ੍ਰੰਤੂ ਜਿਸ ਦਿਨ ਤੋਂ ਰਾਵਣ ਨੂੰ ਮਾਰਿਆ ਗਿਆ ਜਾਂ ਉਸ ਤੋਂ
ਬਾਅਦ ਹਰ ਵਰ੍ਹੇ ਸਾੜਿਆ ਜਾਂਦਾ ਹੈ, ਕੀ ਉਸ ਤੋਂ ਬਾਅਦ ਬਦੀ ਕਰਨ ਵਾਲਿਆ ਦਾ ਖ਼ਾਤਮਾ ਹੋਇਆ? ਇਸ
ਪ੍ਰਸ਼ਨ ਦਾ ਜਵਾਬ ਹਰ ਸ਼ਹਿਰ ਤੇ ਕਸਬੇ ‘ਚ ਕਰੋੜਾਂ ਦੀ ਗਿਣਤੀ ‘ਚ ਇਕੱਠੇ ਹੋ ਕੇ ਰਾਵਣ ਨੂੰ
ਸਾੜਨ ਵਾਲਿਆਂ ‘ਚੋਂ ਕਿੰਨੇ ਕੁ ਆਪਣੇ ਆਪ ਨੂੰ ਪੁੱਛਦੇ ਹੋਣਗੇ?
ਅੱਜ ਹੀ ਨਹੀਂ ਪੁਰਾਤਨ ਸਮੇਂ ਤੋਂ ਬਦੀ, ਜਿਹੜੀ ਅਕਸਰ ਜੋਰਾਵਰਾਂ ਦੇ
ਹਿੱਸੇ ਆਉਂਦੀ ਹੈ, ਉਹ ਆਪਣੀ ਹਿੱਕ ਦੇ ਜ਼ੋਰ ਨਾਲ ਧੱਕੇਸ਼ਾਹੀ ਪੂਰੇ ਧੜੱਲੇ ਨਾਲ ਕਰਦੇ ਹਨ ਅਤੇ
ਦੱਬਿਆ-ਕੁਚਲਿਆ, ਬੇਵੱਸ ਨਿਤਾਣਾ, ਗਰੀਬ ਵਰਗ ਇਨ੍ਹਾਂ ਦੇ ਧੱਕੇ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ
ਅਤੇ ਸ਼ਾਇਦ ਰਹਿੰਦੀ ਦੁਨੀਆ ਤੱਕ ਹੁੰਦਾ ਰਹੇਗਾ। ਅੱਜ ਜਦੋਂ ਦੁਨੀਆ ਪੜ੍ਹ-ਲਿਖ ਗਈ ਹੈ ਅਤੇ ਆਪਣੇ
ਅਧਿਕਾਰਾਂ ਪ੍ਰਤੀ ਖਾਸੀ ਸੁਚੇਤ ਵੀ ਹੋ ਗਈ ਹੈ, ਪ੍ਰੰਤੂ ਉਹ ਦੁਸਹਿਰਾ ਭਾਵੇਂ ਜਿੰਨ੍ਹੇ ਮਰਜ਼ੀ
ਚਾਅ ਨਾਲ ਮਨਾਈ ਜਾਵੇ, ਉਸਨੇ ਆਪਣੇ ਸਵੈਮਾਣ, ਗੈਰਤ ਅਤੇ ਇਨਸਾਨੀਅਤ ਤੋਂ ਪੱਲਾ ਝਾੜ ਲਿਆ ਹੈ।
ਜਿਸ ਕਾਰਨ ਅੱਜ ਤਾਂ ਸਾਡੇ ਸਮਾਜ ‘ਚ ਬਦੀ ਨਾਲ ਲੜਨਾ ਤਾਂ ਇੱਕ ਪਾਸੇ ਰਿਹਾ ‘ਹਾਅ’ ਦਾ ਨਾਅਰਾ
ਮਾਰਨ ਵਾਲਿਆ ਦੀ ਗਿਣਤੀ ਵੀ ਸਿਫ਼ਰ ਵੱਲ ਜਾ ਰਹੀ ਹੈ।
ਮਾਫ਼ੀਏ ਦੀ ਗੁੰਡਾਗਰਦੀ, ਪ੍ਰਸ਼ਾਸਨ ਦੀ ਲੁੱਟ ਅਤੇ ਸਿਆਸੀ ਆਗੂਆਂ ਦੀ
ਧੱਕੜਸ਼ਾਹੀ ਦਿਨੋ ਦਿਨ ਵਧ ਰਹੀ ਹੈ, ਪ੍ਰੰਤੂ ਇਸ ਬਦੀ ਦਾ ਅੰਤ ਕਰਨ ਵਾਲਾ ਕਿਧਰੇ ਵਿਖਾਈ ਨਹੀਂ
ਦਿੰਦਾ ‘ਬਦੀ’ ਦੀਆਂ ਉੱਠਦੀਆਂ ਤਰੰਗਾਂ ਨੇ ਆਮ ਇਨਸਾਨ ਤੱਕ ਦੇ ਲਹੂ ਨੂੰ ਚਿੱਟਾ ਕਰ ਛੱਡਿਆ
ਹੈ, ਜਿਸ ਕਾਰਣ ਇਨਸਾਨੀਅਤ ਮੁੱਕਦੀ ਜਾ ਰਹੀ ਹੈ ਅਤੇ ਹੈਵਾਨੀਅਤ ਦਾ ਬੋਲ-ਬਾਲਾ ਹੋ ਰਿਹਾ ਹੈ,
ਫ਼ਿਰ ਜਦੋਂ ਹੈਵਾਨ ਵੱਧ ਰਹੇ ਹੋਣ, ਉਸ ਸਮੇਂ ਸਿਰਫ਼ ਰਾਵਣ ਦਾ ਪੁਤਲਾ ਸਾੜ ਕੇ ਖੁਸ਼ ਹੋਣ ਵਾਲਿਆਂ
ਨੂੰ ਕੀ ਆਖਿਆ ਜਾਵੇ? ਗੁਰੂ ਸਾਹਿਬਾਨ ਨੇ ਇਸ ਧਰਤੀ ਤੇ ਹਲੀਮੀ ਰਾਜ ਦੀ ਸਥਾਪਨਾ ਲਈ ‘ਭੈ ਕਾਹੂੰ
ਕਉ ਕੋ ਦੇਤਿ ਨਹਿ, ਨਹਿ ਭੈਅ ਮਾਨਿਤ ਆਨਿ’ ਦਾ ਨਾਅਰਾ ਦਿੱਤਾ ਸੀ, ਪ੍ਰੰਤੂ ਇਸ ਨਾਅਰੇ ਨੂੰ
ਪੂਰੇ ਵਿਸ਼ਵ ‘ਚ ਲੈ ਕੇ ਜਾਣ ਦੀ ਥਾਂ ਸਿੱਖ ਕੌਮ ਖੁਦ ਹੀ ਇਸ ਨਾਅਰੇ ਨੂੰ ਭੁੱਲ ਗਈ। ਅੱਜ ਸਿਰ
ਉਠਾ ਕੇ ਚੱਲਣ ਵਾਲੇ ਕੌਮ ਦੇ ਸਰਦਾਰ, ਸਿਰ ਝੁਕਾਉਣ ਦੇ ਆਦੀ ਬਣ ਗਏ ਹਨ।
ਫ਼ਿਰ ਭੈਅ ਦੇਣ ਵਾਲੇ ਦਾ ਰਾਹ ਕੌਣ ਰੋਕੇਗਾ ਅਤੇ ਬਦੀ ਦਾ ਖ਼ਾਤਮਾ ਕਿਵੇਂ
ਹੋਵੇਗਾ? ਪ੍ਰਮਾਤਮਾ ਨੇ ਮਨੁੱਖ ਦੇਹੀ ਨੂੰ ਬ੍ਰਹਿਮੰਡ ਦੀਆਂ ਸਾਰੀਆਂ ਜੂਨਾਂ ਦੀ ਸਰਦਾਰੀ ਬਖ਼ਸੀ
ਹੈ, ਪ੍ਰੰਤੂ ਮਨੁੱਖ ‘ਚ ਗੁਲਾਮ ਜ਼ਹਿਨੀਅਤ ਇਸ ਕਦਰ ਘਰ ਕਰ ਗਈ ਹੈ ਕਿ ਉਹ ਅਜ਼ਾਦੀ ਦੇ ਅਰਥ ਹੀ
ਭੁੱਲ ਗਿਆ ਹੈ ਅਤੇ ਜੀਵਨ ਦੇ ਹਰ ਖੇਤਰ ‘ਚ ਕਿਸੇ ਨਾਂ ਕਿਸੇ ਦੀ ਗੁਲਾਮੀ ਕਬੂਲ ਕਰੀ ਬੈਠਾ ਹੈ,
ਚਾਹੇ ਉਹ ਧਨ ਦੀ ਹੋਵੇ, ਚਾਹੇ ਉਹ ਸੱਤਾ ਦੀ ਚਾਹਤ ਦੀ ਹੋਵੇ, ਭਾਵੇਂ ਉਹ ਨਿੱਜੀ ਹਊਮੈ ਦੀ
ਪੂਰਤੀ ਦੀ ਹੋਵੇ ਜਾਂ ਫ਼ਿਰ ਨਸ਼ਿਆਂ ਦੀ ਹੋਵੇ, ਗੁਲਾਮੀ ਤਾਂ ਗੁਲਾਮੀ ਹੀ ਹੁੰਦੀ ਹੈ ਅਤੇ ਗੁਲਾਮ
ਕਦੇ ਵੀ ਬਦੀ ਵਿਰੁੱਧ ਲੜ ਨਹੀਂ ਸਕਦਾ। ਤਿਉਹਾਰ ਮਨਾਉਣ ਅਤੇ ਕਰੋੜਾਂ ਰੁਪਏ ਫੂਕਣ ਨਾਲ ਨੇਕੀ
ਦੀ ਜਿੱਤ ਦਾ ਨਾਅਰਾ ਤਾਂ ਲਾਇਆ ਜਾ ਸਕਦਾ ਹੈ, ਪ੍ਰੰਤੂ ਬਦੀ ਦਾ ਅੰਤ ਨਹੀਂ ਕੀਤਾ ਜਾ ਸਕਦਾ।
ਇਹ ਤਦ ਹੀ ਸੰਭਵ ਹੋਵੇਗਾ ਜੇ ਮਨੁੱਖ ਆਪਣੇ ਸਵੈਮਾਣ ਦੀ ਰਾਖੀ ਸਿੱਖੇਗਾ, ਜਿਸਨੂੰ ਆਪਣੇ
ਸਵੈਮਾਣ ਦੀ ਰਾਖੀ ਦਾ ਅਹਿਸਾਸ ਹੋ ਜਾਵੇਗਾ, ਉਹ ਦੂਜਿਆਂ ਨਾਲ ਵਧੀਕੀ ਵੀ ਨਹੀਂ ਕਰੇਗਾ।
ਅਸਲ ‘ਚ ਸਮਾਜ ਨੇ ਉਨ੍ਹਾਂ ਇਨਸਾਨਾਂ ਦਾ ਸਾਥ ਦੇਣਾ ਵੀ ਵਿਸਾਰ ਦਿੱਤਾ
ਹੈ, ਜਿਹੜੇ ਹੱਕ-ਸੱਚ ਦੀ ਰਾਖੀ ਅਤੇ ਨੇਕੀ ਦੀ ਜਿੱਤ ਲਈ ਸੰਘਰਸ਼ ਕਰਦੇ ਹਨ, ਜਿਸ ਕਾਰਣ ਉਨ੍ਹਾਂ
ਦੇ ਜੀਵਨ ਤੋਂ ਪ੍ਰੇਰਣਾ ਲੈਣ ਵਾਲਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਕਿਸੇ ਦੁਸਹਿਰਾ ਸਮਾਗਮ
‘ਚ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਬਦੀ ਵਿਰੁੱਧ ਲੜਾਈ ਲੜੀ ਹੋਵੇ, ਕਦੇ ਸਨਮਾਨਿਤ ਨਹੀਂ ਕੀਤਾ
ਗਿਆ, ਰਾਵਣ ਹੁਰਾਂ ਦੇ ਪੁਤਲਿਆਂ ਨੂੰ ਅੱਗ ਵੀ ਅਕਸਰ ਅਜਿਹੇ ਲੋਕਾਂ ਤੋਂ ਹੀ ਲੁਆਈ ਜਾਂਦੀ ਹੈ,
ਜਿਹੜੇ ਖੁਦ ਉਸ ਦੀ ਸ੍ਰੇਣੀ ‘ਚ ਸ਼ਾਮਲ ਹੁੰਦੇ ਹਨ। ਜਦੋਂ ਤੱਕ ਇਸ ਤਿਉਹਾਰ ‘ਚੋਂ ਨੇਕੀ ਦੀ
ਜਿੱਤ ਤੇ ਬਦੀ ਦੀ ਹਾਰ ਦਾ ਕੋਈ ਉੱਘੜਵਾ ਸੁਨੇਹਾ ਸਮਾਜ ਨੂੰ ਨਹੀਂ ਮਿਲਦਾ, ਉਦੋਂ ਤੱਕ ਇਹ
ਤਿਉਹਾਰ ਸਿਰਫ਼ ਤੇ ਸਿਰਫ਼ ਤੇ ਮੌਜ ਮੇਲੇ ਅਤੇ ਪ੍ਰਦੂਸ਼ਣ ਫੈਲਾਉਣ ਤੱਕ ਹੀ ਸੀਮਤ ਰਹੇਗਾ ਅਤੇ ਜਿਵੇਂ
ਹੀ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸੜ ਕੇ ਸੁਆਹ ਹੁੰਦੇ ਹਨ, ਉਸਦੇ ਨਾਲ ਹੀ ਦੁਸਹਿਰੇ
ਤੇ ਦੁਸਹਿਰੇ ਦਾ ਸੁਨੇਹੇ ਵੀ ਖ਼ਤਮ ਹੁੰਦਾ ਰਹੇਗਾ।