ਰਾਮ
ਤੇ ਰਾਵਣ... ਸਿਰਫ
ਇੱਕ ਸੋਚ
-: ਵਰਿੰਦਰ
ਸਿੰਘ ਗੋਲਡੀ
ਮੈਂ ਰਾਵਣ ਨੂੰ ਸੜਦਾ ਵੇਖਦਾ ਹਾਂ ਅਤੇ ਸੋਚਦਾ ਹਾਂ
ਇਹ ਬਾਹਰ ਵਾਲਾ ਰਾਵਣ ਤਾਂ ਹਰ ਸਾਲ ਸਾੜਿਆ ਜਾਂਦਾ ਹੈ,
ਲੋਕ ਇਸ ਨੂੰ ਸਾੜ ਕੇ ਕਿੰਨਾ ਖੁਸ਼ ਹੁੰਦੇ ਹਨ
ਪਰ ਇਸ ਅੰਦਰਲੇ ਰਾਵਣ ਨੂੰ ਕਿਉਂ ਨਹੀਂ ਸਾੜਦੇ?
|
ਸ਼ਾਇਦ ਓਹ
ਡਰਦੇ ਹਨ ਮੇਰੇ ਵਾਂਗੂੰ
ਕਿਉਂਕਿ ਇਹ ਰਾਵਣ ਮੇਰਾ ਹਿੱਸਾ ਬਣ ਚੁੱਕਾ ਹੈ,
ਤੇ ਸ਼ਾਇਦ ਇਸ ਦੁਨੀਆ ਵਿੱਚ ਜਿਉਣ ਵਾਸਤੇ
ਇਸ ਰਾਵਣ ਦੀ ਲੋੜ ਪੈਂਦੀ ਹੈ, ਦੂਜਿਆਂ ਰਾਵਣਾਂ ਨਾਲ ਲੜਨ ਵਾਸਤੇ।
ਸ਼ਾਇਦ ਏਹੀ ਫਰਕ ਹੈ ਸਤਜੁਗ ਤੇ ਕਲਯੁਗ ਵਿੱਚ
ਹੁਣ ਰਾਮ ਰਾਵਣ ਨੂੰ ਨਹੀਂ ਮਾਰ ਸਕਦਾ।
ਸ਼ਾਇਦ ਸਮੇਂ ਨੇ ਉਸ ਨੂੰ ਬਦਲ ਦਿੱਤਾ ਹੈ,
ਜਾਂ ਰਾਮ ਹੀ ਰਾਵਣ ਬਣ ਚੁੱਕਾ ਹੈ।
ਤੇ ਰਾਵਣ ਬਹੁਤ ਸਾਰੇ ਰਾਵਣਾਂ ਵਿੱਚ ਰਲ ਗਿਆ ਹੈ,
ਤੇ ਹੁਣ ਬੱਸ ਰਾਵਣ ਹੀ ਰਾਵਣ ਹਨ ਹਰ ਪਾਸੇ।
ਮੈਂ ਰਾਮ ਨੂੰ ਲਭਣ ਦੀ ਕੋਸ਼ਿਸ਼ ਕਰਦਾ ਹਾਂ,
ਪਰ ਹਰ ਰਾਮ ਦੇ ਮਖੌਟੇ ਥੱਲੇ ਰਾਵਣ ਹੀ ਨਿਕਲਦਾ ਹੈ।
ਮੈ ਥੱਕ ਜਾਂਦਾ ਹਾਂ ਤੇ ਸੋਚਦਾ ਹਾਂ ਕਿ ਹੋ ਸਕਦਾ ਹੈ,
ਕਿ ਸਮੇਂ ਨੇ ਅਤੇ ਰਾਵਣਾਂ ਦੀ ਦੁਨੀਆਂ ਨੇ ਰਾਮ ਨੂੰ ਖਤਮ ਕਰ ਦਿੱਤਾ ਹੈ।
ਪਰ ਨਹੀਂ ਰਾਮ ਕਦੇ ਨਹੀਂ ਮਰਦਾ, ਕਿਉਂਕਿ ਓਹ ਤਾਂ ਕਦੇ ਜੰਮਿਆ ਹੀ ਨਹੀਂ ਸੀ,
ਰਾਮ ਹੀ ਰਾਵਣ ਹੈ ਅਤੇ ਰਾਵਣ ਹੀ ਰਾਮ ਹੈ।
ਹੁਣ ਮੈਂ ਆਪਣੇ ਰਾਵਣ ਨੂੰ ਲੱਭਦਾ ਹਾਂ
ਪਰ ਉਹ ਕਿਤੇ ਨਹੀਂ ਮਿਲਦਾ।
ਪਤਾ ਨਹੀਂ ਕਦੋਂ ਤੇ ਕਿਸ ਵੇਲੇ ਓਹ ਰਾਮ ਦਾ ਰੂਪ ਵਟਾ ਬੈਠਾ ਹੈ,
ਤੇ ਹੁਣ ਮੈਨੂੰ ਬਾਹਰ ਵੀ ਕਿਤੇ ਰਾਵਣ ਨਜ਼ਰ ਨਹੀਂ ਆਉਂਦਾ।
ਹਰ ਰਾਵਣ ਦੇ ਮਖੌਟੇ ਪਿਛੇ ਬੈਠਾ ਰਾਮ ਦਿਸ ਜਾਂਦਾ ਹੈ,
ਤੇ ਓਹ ਜਿਵੇਂ ਮੈਨੂੰ ਕਹ ਰਿਹਾ ਹੋਵੇ।
“ਗੋਲਡੀ” ਫਿਕਰ ਨਾ ਕਰ ਇੱਕ ਦਿਨ ਮੈਂ ਸਾਰੇ ਮਖੌਟੇ ਉਤਰ ਦਵਾਂਗਾ,
ਤੇ ਫਿਰ ਰਾਮ ਹੀ ਰਾਮ ਹੋਣਗੇ। |