ਨਾਗਪੁਰ
(ਮਹਾਰਾਸ਼ਟਰ), 5 ਅਕਤੂਬਰ : ਦੋ ਧੜਿਆਂ ਦੀ ਲੜਾਈ ਤੋਂ ਭੜਕੀ ਭੀੜ ਨੇ ਪੰਚਸ਼ੀਲ ਨਗਰ ਦੇ
ਗੁਰਦਵਾਰੇ 'ਚ ਸਿੱਖਾਂ ਨੂੰ ਘੇਰਾ ਪਾ ਲਿਆ ਜਿਸ ਕਾਰਨ ਇਲਾਕੇ ਵਿਚ ਹਾਲਾਤ ਤਣਾਅਪੂਰਨ ਬਣ ਗਏ।
ਸ਼ਹਿਰ ਦੇ ਦੋ ਧੜਿਆਂ ਦਰਮਿਆਨ ਕਲ ਲੜਾਈ ਹੋਣ ਤੋਂ ਬਾਅਦ ਲੋਕਾਂ ਨੇ ਸਿੱਖਾਂ
ਨੂੰ ਹੀ ਨਿਸ਼ਾਨਾ ਬਣਾ ਲਿਆ। ਨਾਗਪੁਰ ਦੇ ਰਾਣੀ ਦੁਰਗਾਵਤੀ ਚੌਕ, ਪੰਚਸ਼ੀਲ ਨਗਰ, ਇੰਦੌਰਾ ਚੌਕ,
ਮਹਿੰਦਰ ਨਗਰ ਅਤੇ ਬਾਰਸੇ ਨਗਰ 'ਚ ਲੋਕਾਂ ਨੇ ਕਈ ਥਾਵਾਂ 'ਤੇ ਟਾਇਰ ਸਾੜ ਕੇ ਰੋਸ ਪ੍ਰਗਟ ਕੀਤਾ।
ਭੜਕੀ ਭੀੜ ਨੇ ਪੱਥਰ ਮਾਰਨ ਤੋਂ ਇਲਾਵਾ ਤੋੜ-ਭੰਨ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ
ਸ਼ੁਰੂ ਕਰ ਦਿਤਾ। ਪੁਲਿਸ ਨੇ ਚਾਰ ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਅਤੇ ਸੈਂਕੜਿਆਂ
ਵਿਰੁਧ ਮਾਮਲਾ ਦਰਜ ਕੀਤਾ ਹੈ। ਇਲਾਕੇ 'ਚ ਫੈਲੇ ਤਣਾਅ ਕਾਰਨ ਅਧਿਕਾਰੀਆਂ ਨੇ ਕਰਫ਼ਿਊ ਲਾ ਦਿਤਾ
ਹੈ। ਕਈ ਲੋਕਾਂ ਨੇ ਰਾਹ ਵਿਚ ਬੋਤਲਾਂ ਵੀ ਤੋੜੀਆਂ ਜਿਸ ਕਾਰਨ ਪੁਲਿਸ ਨੂੰ ਲਾਠੀਚਾਰਜ ਕਰਨਾ
ਪਿਆ।
ਪ੍ਰਦਰਸ਼ਨਕਾਰੀਆਂ ਤੋਂ ਇਲਾਵਾ ਦੋ ਪੁਲਿਸ ਅਧਿਕਾਰੀ ਅਤੇ ਇਕ ਮੁਲਾਜ਼ਮ ਵੀ
ਜ਼ਖ਼ਮੀ ਹੋਇਆ ਹੈ। ਸੂਤਰਾਂ ਮੁਤਾਬਕ ਸੀਨੀਅਰ ਪੁਲਿਸ ਅਧਿਕਾਰੀ ਸਥਿਤੀ ਉਤੇ ਨਜ਼ਰ ਰੱਖ ਰਹੇ ਹਨ।
ਮੀਡੀਆ 'ਚ ਆਈਆਂ ਖ਼ਬਰਾਂ ਅਨੁਸਾਰ ਕੁੱਝ ਸ਼ਰਾਰਤੀ ਅਨਸਰਾਂ ਨੇ ਗੁਰਦਵਾਰੇ
ਦੀ ਇਮਾਰਤ 'ਤੇ ਪੱਥਰ ਮਾਰੇ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿਤੇ। ਇਕ ਬਜ਼ੁਰਗ ਔਰਤ ਵਲੋਂ ਉਨ੍ਹਾਂ
ਦਾ ਵਿਰੋਧ ਕਰਨ 'ਤੇ ਉਸ ਨਾਲ ਵੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ ਗਈ ਅਤੇ ਕੁੱਝ ਲੋਕਾਂ ਨੇ
ਗੁਰਦਵਾਰੇ ਅੰਦਰ ਵੜ ਕੇ ਸਿੱਖਾਂ ਨੂੰ ਘੇਰ ਲਿਆ। ਅਖ਼ੀਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ
ਨੂੰ ਗੁਰਦਵਾਰੇ ਵਿਚੋਂ ਖਦੇੜਿਆ।
ਪੁਲਿਸ ਸੂਤਰਾਂ ਨੇ ਦਸਿਆ ਕਿ ਸ਼ਰਾਰਤੀ ਅਨਸਰਾਂ ਨੇ ਗੁਰਦਵਾਰੇ ਤੋਂ ਇਲਾਵਾ
ਕੁੱਝ ਮਕਾਨਾਂ ਵੱਲ ਪੱਥਰ ਸੁੱਟੇ। ਸ਼ਹਿਰ ਦੇ ਕੁੱਝ ਹੋਰ ਹਿੱਸਿਆਂ ਵਿਚ ਵੀ ਤਣਾਅ ਵਾਲਾ ਮਾਹੌਲ
ਬਣਿਆ ਰਿਹਾ ਪਰ ਜ਼ਿਆਦਾ ਤਣਾਅ ਪੰਚਸ਼ੀਲ ਨਗਰ ਵਿਚ ਸੀ। ਕੁੱਝ ਸ਼ਰਾਰਤੀ ਅਨਸਰਾਂ ਨੇ ਗੁਰਦਵਾਰੇ ਅਤੇ
ਮਕਾਨਾਂ ਨੂੰ ਵੀ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ। (ਏਜੰਸੀਆਂ)