Share on Facebook

Main News Page

ਮਾਮਲਾ ਨਾਗਪੁਰ ਵਿਖੇ ਗੁਰਦੁਆਰੇ 'ਤੇ ਬੋਧੀਆਂ ਦੇ ਹਜ਼ੂਮ ਵੱਲੋਂ ਹਮਲੇ ਦਾ
ਬੋਧੀ, ਸਿੱਖ ਅਤੇ ਮੁਸਲਮਾਨ ਆਗੂਆਂ ਦੀ ਸਿਆਣਪ ਨਾਲ ਮਾਮਲਾ ਸੁਲਝਿਆ

ਚੰਡੀਗੜ੍ਹ, 6 ਅਕਤੂਬਰ (ਗੁਰਪ੍ਰੀਤ ਸਿੰਘ ਨਿੱਝਰ)- ਨਾਗਪੁਰ ਵਿਖੇ ਪੰਚਸ਼ੀਲ ਨਗਰ 'ਚ ਪੈਂਦੇ ਸਿੱਖ ਗੁਰਦੁਆਰੇ 'ਤੇ 50 ਹਜ਼ਾਰ ਬੋਧੀਆਂ ਵੱਲੋਂ ਹਮਲਾ ਕੀਤੇ ਜਾਣ ਕਾਰਨ ਪੈਦਾ ਹੋਏ ਤਣਾਅ ਤੋਂ ਅੱਜ ਉਸ ਵੇਲੇ ਕੁਝ ਰਾਹਤ ਮਹਿਸੂਸ ਹੋਈ ਜਦੋਂ ਬੋਧੀ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਆਗੂਆਂ ਨੇ ਆਪਣੀ ਸਿਆਣਪ ਨਾਲ ਇਸ ਮਾਮਲੇ ਨੂੰ ਸੁਲਝਾ ਲਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਕੱਤਰ ਜਨਰਲ ਸ. ਜਸਵੰਤ ਸਿੰਘ ਮਾਨ ਨੇ ਦੱਸਿਆ ਕਿ ਮਹਾਂਰਾਸ਼ਟਰ ਦੇ ਸ਼ਹਿਰ ਨਾਗਪੁਰ ਵਿਖੇ ਹੋਈ ਉਕਤ ਘਟਨਾ ਤੋਂ ਬਾਅਦ ਨਾਗਪੁਰ ਦੇ ਬੋਧ ਬਿਹਾਰ ਵਿਖੇ ਸਿੱਖ ਆਗੂ ਇਕ ਵਫ਼ਦ ਦੇ ਰੂਪ ਵਿਚ ਪੁੱਜੇ ਜਿੱਥੇ ਉਨ੍ਹਾਂ ਬੋਧੀ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਮਾਮਲੇ ਦੇ ਸ਼ਾਂਤੀਪੂਰਨ ਹੱਲ ਲਈ ਇਕ ਸਾਂਝਾ ਮਾਰਚ ਕੱਢਣ ਦਾ ਫੈਸਲਾ ਕੀਤਾ। ਇਹ ਮਾਰਚ ਉੱਥੋਂ ਇਕ ਮਸਜਿਦ ਵਿਚ ਪੁੱਜਾ ਅਤੇ ਮੁਸਲਮਾਨ ਆਗੂਆਂ ਨੂੰ ਵੀ ਨਾਲ ਲਿਆ।

ਇਸ ਦੌਰਾਨ ਹੀ ਕਈ ਸਥਾਨਕ ਹਿੰਦੂ ਆਗੂ ਵੀ ਸ਼ਾਂਤੀ ਮਾਰਚ 'ਚ ਸ਼ਾਮਲ ਹੋ ਗਏ ਅਤੇ 5 ਹਜ਼ਾਰ ਦੇ ਲਗਭਗ ਸਾਰੇ ਧਰਮਾਂ ਦੇ ਲੋਕਾਂ ਦਾ ਸਾਂਝਾ ਮਾਰਚ ਪੰਜਸ਼ੀਲ ਨਗਰ ਦੇ ਉਸੇ ਗੁਰਦੁਆਰੇ 'ਚ ਪੁੱਜਾ ਜਿਸ ਦੀ ਅਗਵਾਈ ਨਾਗਪੁਰ ਦੇ ਨਾਮਵਰ ਸਟੀਲ ਵਪਾਰੀ ਅਤੇ ਪਿਛਲੇ 18 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਨਾਮਜ਼ਦ ਮੈਂਬਰ ਚੱਲੇ ਆ ਰਹੇ ਸ. ਮਲਕੀਤ ਸਿੰਘ ਸੱਗੂ ਨੇ ਕੀਤੀ। ਇਸ ਦੌਰਾਨ ਗੁਰਦੁਆਰੇ ਜਾ ਕੇ ਸਰਬ ਧਰਮ ਪੀਠ ਇੰਦੌਰ ਨੇ ਵੀ ਸ਼ਮੂਲੀਅਤ ਕੀਤੀ। ਗੁਰਦੁਆਰਾ ਸਾਹਿਬ ਵਿਖੇ ਸਰਬ ਧਰਮਾਂ ਦੇ ਆਗੂਆਂ ਨੇ ਕਿਹਾ ਕਿ ਇਸ ਫਸਾਦ ਦੀ ਜੜ੍ਹ ਬੇਬੁਨਿਆਦ ਅਫਵਾਹਾਂ ਹੀ ਸਨ, ਜਿਨ੍ਹਾਂ ਤੋਂ ਭਵਿੱਖ ਵਿਚ ਬਚਣਾ ਚਾਹੀਦਾ ਹੈ। ਇਸੇ ਦੌਰਾਨ ਫੈਸਲਾ ਕੀਤਾ ਗਿਆ ਨਵੰਬਰ ਦੇ ਪਹਿਲੇ ਹਫ਼ਤੇ ਇਕ ਸਰਬ ਧਰਮ ਸਦਭਾਵਨਾ ਸੰਮੇਲਨ ਬੁਲਾਇਆ ਜਾਵੇਗਾ।

ਕਿਉਂ ਭੜਕਿਆ ਤਣਾਅ ?

ਪੈਟਰੋਲ ਬੰਬਾਂ ਅਤੇ ਟਾਇਰਾਂ ਨਾਲ ਲੈਸ 50 ਹਜ਼ਾਰ ਤੋਂ ਵੱਧ ਬੋਧੀਆਂ ਦੀ ਭੀੜ ਵੱਲੋਂ ਗੁਰਦੁਆਰੇ ਨੂੰ ਘੇਰਾ ਪਾ ਕੇ ਪੱਥਰਬਾਜ਼ੀ ਕਰਨ ਦੇ ਮਾਮਲੇ ਨੂੰ ਪੁਲਿਸ ਵੱਲੋਂ ਬੜੀ ਹੀ ਸਿਆਣਪ ਨਾਲ ਵੱਡੇ ਟਕਰਾਅ ਅਤੇ ਸਾੜ ਫੂਕ ਤੋਂ ਬਚਾਅ ਲਿਆ। ਜਾਣਕਾਰੀ ਅਨੁਸਾਰ ਨਾਗਪੁਰ ਵਿਖੇ ਕਾਫ਼ੀ ਗਿਣਤੀ ਵਿਚ ਸਿੱਕਲੀਗਰ ਸਿੱਖ ਰਹਿੰਦੇ ਹਨ, ਜਿਨ੍ਹਾਂ ਨੇ ਇਕੋ ਇਕ ਗੁਰਦੁਆਰਾ ਪੰਚਸ਼ੀਲ ਨਗਰ ਵਿਚ ਬਣਾਇਆ ਹੋਇਆ ਹੈ। ਦੋ ਦਿਨ ਪਹਿਲਾਂ ਬੋਧੀ ਅਤੇ ਸਿੱਖ ਨੌਜਵਾਨਾਂ ਦਰਮਿਆਨ ਜੂਏਬਾਜ਼ੀ ਕਾਰਨ ਝਗੜਾ ਹੋ ਗਿਆ। ਜਿਸ ਦੌਰਾਨ ਉੱਥੇ ਚੱਲ ਰਹੇ ਬੋਧ ਸੰਮੇਲਨ 'ਚ ਕੁਝ ਸ਼ਰਾਰਤੀਆਂ ਨੇ ਸਿੱਖਾਂ ਖਿਲਾਫ ਅਫਵਾਹ ਫੈਲਾਅ ਦਿੱਤੀ, ਜਿਸ ਤੋਂ ਭੜਕ ਕੇ ਉੱਥੇ ਮੌਜੂਦ 50 ਹਜ਼ਾਰ ਦੇ ਲਗਭਗ ਬੋਧੀਆਂ ਦੀ ਭੀੜ ਨੇ ਗੁਰਦੁਆਰੇ ਨੂੰ ਘੇਰਾ ਪਾ ਲਿਆ ਸੀ, ਜਿਸ ਦੇ ਅੰਦਰ 150 ਦੇ ਲਗਭਗ ਸਿੱਖ ਮੌਜੂਦ ਸਨ। ਉਨ੍ਹਾਂ ਸਿੱਖਾਂ ਵੱਲੋਂ ਸਿੱਖ ਆਗੂ ਸ. ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸ. ਜਸਵੰਤ ਸਿੰਘ ਮਾਨ ਨੂੰ ਗੁਰਦੁਆਰੇ ਦੇ ਅੰਦਰੋਂ ਹੀ ਫੋਨ ਕਰਕੇ ਮਦਦ ਮੰਗੀ ਸੀ, ਜਿਸ 'ਤੇ ਉਕਤ ਆਗੂਆਂ ਨੇ ਨਾਗਪੁਰ ਦੇ ਪੁਲਿਸ ਕਮਿਸ਼ਨਰ ਸ੍ਰੀ ਕੇ.ਕੇ. ਪਾਠਕ ਨੂੰ ਤੁਰੰਤ ਕਾਰਵਾਈ ਲਈ ਬੇਨਤੀ ਕੀਤੀ ਅਤੇ ਸ੍ਰੀ ਪਾਠਕ ਨੇ ਮੌਕੇ 'ਤੇ ਭਾਰੀ ਪੁਲਿਸ ਫੋਰਸ ਭੇਜ ਕੇ ਭੀੜ ਨੂੰ ਉੱਥੋਂ ਖਦੇੜਿਆ ਅਤੇ ਕਰਫਿਊ ਲਗਾ ਦਿੱਤਾ ਸੀ।

ਬਾਅਦ ਵਿਚ ਸ੍ਰੀ ਪਾਠਕ ਨੇ ਹੀ ਬੋਧੀ ਅਤੇ ਸਿੱਖ ਆਗੂਆਂ ਨੂੰ ਬਿਠਾ ਕੇ ਮਸਲੇ ਦਾ ਹੱਲ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਇਹ ਬੋਧੀ ਦਲਿਤ ਭਾਈਚਾਰੇ 'ਚੋਂ ਹਨ ਜੋ ਕਿ ਡਾ: ਅੰਬੇਦਕਰ ਦੀ ਪ੍ਰੇਰਨਾ ਨਾਲ ਬੁੱਧ ਧਰਮ 'ਚ ਆਏ ਸਨ। ਨਾਗਪੁਰ ਵਿਖੇ ਹੀ ਆਰ.ਐਸ.ਐਸ. (ਰਾਸ਼ਟਰੀ ਸਵੈਮ ਸੇਵਕ ਸੰਘ) ਦਾ ਮੁੱਖ ਦਫ਼ਤਰ ਵੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top