Share on Facebook

Main News Page

ਕੇਂਦਰੀ ਖਜ਼ਾਨੇ ਦੀ ਮੂੰਹ ਖੁਲਵਾਉਣ ਲਈ ਬਾਦਲ ਸਰਕਾਰ ਮੰਨ ਸਕਦੀ ਹੈ ਭਗਵਾਂ ਬ੍ਰਿਗੇਡ ਦੀਆਂ ਸਿੱਖ ਵਿਰੋਧੀ ਸ਼ਰਤਾਂ
ਜਗਸੀਰ ਸਿੰਘ ਸੰਧੂ ਦੀ ਵਿਸ਼ੇਸ ਰਿਪੋਰਟ

ਬਰਨਾਲਾ, 6 ਅਕਤੂਬਰ : ਭਾਰਤ ਦੀ ਰਾਜਸੱਤਾ ’ਤੇ ਕਾਬਜ ਹੋਈ ਮੋਦੀ ਸਰਕਾਰ ਦੀ ਹਿੰਦੂਤਵੀ ਸੋਚ ਤਹਿਤ ਪੰਜਾਬ ਵਿੱਚ ਜਿਥੇ ਭਗਵਾਂ ਬ੍ਰਿਗੇਡ ਦਾ ਪ੍ਰਛਾਵਾ ਗੂੜਾ ਕੀਤਾ ਜਾ ਰਿਹਾ ਹੈ, ਉਥੇ ਖਜਾਨਾ ਖਾਲੀ ਹੋਣ ਕਰਕੇ ਕੇਂਦਰ ਸਰਕਾਰ ਅੱਗੇ ਹਾੜੇ ਕੱਢਦੀ ਬਾਦਲ ਸਰਕਾਰ ਨੂੰ ਆਰਥਿਕ ਮੰਦੀ ’ਚੋਂ ਕੱਢਣ ਲਈ ਵੀ ਹਿੰਦੂਤਵੀ ਤਾਕਤਾਂ ਕਿਸੇ ਇਹੋ ਜਿਹੇ ਗੁਪਤ ਸਮਝੌਤੇ ਦੀ ਤਾਕ ਵਿੱਚ ਹਨ, ਜਿਸ ਨਾਲ ਉਹ ਸਿੱਖੀ ਦੇ ਨਿਆਰੇਪਣ ਅਤੇ ਵੱਖਰੇ ਸਰੂਪ ਨੂੰ ਖਤਮ ਕਰਕੇ ਬੁੱਧ ਅਤੇ ਜੈਨ ਧਰਮ ਦੀ ਤਰ੍ਹਾਂ ਸਿੱਖ ਕੌਮ ਨੂੰ ਵੀ ਹਿੰਦੂ ਧਰਮ ਦਾ ਅੰਗ ਬਣਾ ਸਕਣ ਅਤੇ ਸਿੱਖ ਕੌਮ ਦੀ ਅਜਾਦ ਹਸਤੀ ਲਈ ਸੰਘਰਸ਼ਸ਼ੀਲ ਧਿਰਾਂ ਨੂੰ ਕੁਚਲ ਸਕਣ।

ਇਹ ਵੀ ਪੂਰੀ ਤਰ੍ਹਾਂ ਸੰਭਵ ਜਾਪ ਰਿਹਾ ਹੈ ਕਿ ਸਿਰਫ ਕੁਰਸੀ ਨੂੰ ਹੀ ਧਰਮ ਮੰਨਣ ਵਾਲਾ ਪੰਜਾਬ ਦੀ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਕੇਂਦਰੀ ਖਜ਼ਾਨੇ ਦਾ ਮੂੰਹ ਖੁਲਵਾਉਣ ਲਈ ਇਸ ਕੌਮ ਮਾਰੂ ਗੁਪਤ ਸਮਝੌਤੇ ’ਤੇ ਅੱਖਾਂ ਬੰਦ ਕੇ ਸਹੀ ਪਾ ਦੇਵੇ। ਇਸ ਗੁਪਤ ਸਮਝੌਤੇ ਤਹਿਤ ਸਤਲੁਜ ਜਮਨਾ ਲਿੰਕ ਨਹਿਰ ਦੀ ਉਸਾਰੀ ਕਰਨ, ਭਾਈ ਰਾਜੋਆਣਾ, ਭਾਈ ਹਵਾਰਾ ਤੇ ਹੋਰ ਸਿੱਖ ਯੋਧਿਆਂ ਨੂੰ ਫਾਂਸੀ ਦੇਣ, ਸੌਦਾ ਸਾਧ ਸਮੇਤ ਸਿੱਖ ਵਿਰੋਧੀਆਂ ਡੇਰਿਆਂ ਦੀ ਪੰਜਾਬ ਵਿੱਚ ਸਰਗਰਮੀ ਵਧਾਉਣ ਅਤੇ ਹੋਰ ਸਿੱਖੀ ਅਤੇ ਪੰਜਾਬ ਵਿਰੋਧੀ ਫੈਸਲੇ ਕੀਤੇ ਜਾ ਸਕਦੇ ਹਨ।

ਭਾਵੇਂ ਸਿੱਖ ਕੌਮ ਦੀ ਨਿਆਰੀ ਅਤੇ ਆਜਾਦ ਹਸਤੀ ਦਾ ਵਿਰੋਧ ਉਸ ਸਮੇਂ ਤੋਂ ਹੀ ਸੁਰੂ ਹੋ ਗਿਆ ਸੀ, ਜਦੋਂ ਗੁਰੂ ਨਾਨਕ ਦੇਵ ਜੀ ਨੇ ‘ਨਾ ਹਮ ਹਿੰਦੂ ਨਾ ਮੁਸਲਮਾਨ’ ਦੀ ਇਲਾਹੀ ਹੁਕਮ ਦੇ ਕੇ ਇਸ ਨਿਰਮਲੇ ਪੰਥ ਦੀ ਨੀਹ ਰੱਖੀ ਸੀ। ਸੱਭ ਤੋਂ ਪਹਿਲਾਂ ਹਿੰਦੂਤਵੀ ਤਾਕਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਦਾ ਵਿਰੋਧ ਉਹਨਾਂ ਦੇ ਪਰਵਾਰ ਵਿੱਚੋਂ ਹੀ ਸੁਰੂ ਕਰਵਾ ਦਿੱਤਾ ਸੀ। ਜਿਥੇ ਉਸ ਸਮੇਂ ਦੇ ਮੁਗਲ ਹਾਕਮਾਂ ਨੇ ਵੀ ਸਿੱਖੀ ਸਿਧਾਂਤਾਂ ਨੂੰ ਖਤਮ ਕਰਨ ਲਈ ਤਾਕਤ ਦੀ ਵਰਤੋਂ ਕੀਤੀ, ਉਥੇ ਹਿੰਦੂਤਵੀ ਤਾਕਤਾਂ ਵੱਲੋਂ ਉਸ ਸਮੇਂ ਤੋਂ ਹੀ ਸਿੱਖੀ ਸਿਧਾਂਤ ਨੂੰ ਖਤਮ ਕਰਨ ਲਈ ਸ਼ਾਮ ਦਾਮ ਦੰਡ ਭੇਦ ਦੀ ਨੀਤੀ ਅਖਤਿਆਰ ਕੀਤੀ ਹੋਈ ਹੈ। ਮੁਗਲ ਹਕੂਮਤ ਦੇ ਜਬਰ ਜੁਲਮ ਦਾ ਤਾਂ ਗੁਰੂ ਸਾਹਿਬਾਨ ਅਤੇ ਸਿੱਖਾਂ ਨੇ ਹਰ ਤਰ੍ਹਾਂ ਦੀ ਕੁਰਬਾਨੀ ਦੇ ਮੁਕਾਬਲਾ ਕੀਤਾ ਅਤੇ ਸਿੱਖੀ ਸਿਧਾਂਤ ਨੂੰ ਅੱਗੇ ਵਧਾਇਆ, ਪਰ ਹਿੰਦੂਤਵੀ ਤਾਕਤਾਂ ਵੱਲੋਂ ਸਿੱਖੀ ਦੇ ਅੰਦਰ ਘੁਸਪੈਠ ਕਰਕੇ ਸਿੱਖੀ ਸਿਧਾਂਤ ਨੂੰ ਖੋਰਾ ਲਾਉਣ ਦੀ ਨੀਤੀ ਦਾ ਟਾਕਰਾ ਕਰਨ ਵਿੱਚ ਸਿੱਖ ਪੰਥ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਿਆ, ਜਿਸ ਕਾਰਨ ਹੀ ਇਹ ਹਾਲਾਤ ਪੈਦਾ ਹੋਏ ਹਨ ਕਿ ਹਿੰਦੂਤਵੀ ਤਾਕਤਾਂ ਵੱਲੋਂ ਪੂਰੇ ਯੋਜਨਾਵੱਧ ਢੰਗ ਨਾਲ ਅੱਜ ਖਾਲਸੇ ਦੀ ਜਨਮ ਅਤੇ ਕਰਮ ਭੂਮੀ ਪੰਜਾਬ ਵਿੱਚ ਹੀ ਸਿੱਖੀ ਸਿਧਾਂਤਾਂ ਦਾ ਮਲੀਆ ਮੇਟ ਕੀਤਾ ਜਾ ਰਿਹਾ ਹੈ ਅਤੇ ਆਪਣੀ ਸ਼ਾਤਰ ਨੀਤੀ ਤਹਿਤ ਸਿੱਖੀ ਸਰੂਪ ਹੀ ਘਰ ਦੇ ਭੇਤੀਆਂ ਕੋਲੋਂ ਲੰਕਾ ਢੁਹਾਈ ਜਾ ਰਹੀ ਹੈ।

ਤਾਜ਼ਾ ਪੈਦਾ ਹੋਈ ਸਥਿਤੀ ਵਿੱਚ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਅਤੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵਾਰ ਵਾਰ ਕੇਂਦਰ ਦੀ ਮੋਦੀ ਸਰਕਾਰ ਦੇ ਦਰਵਾਜੇ ’ਤੇ ਠੂਠਾ ਫੜ ਕੇ ਜਾ ਰਹੇ ਹਨ ਅਤੇ ਕੇਂਦਰ ਦੀ ਹਿੰਦੂਤਵੀ ਸਰਕਾਰ ਵੱਲੋਂ ਉਹਨਾਂ ਦੇ ਠੂਠੇ ਵਿੱਚ ਖੈਰ ਪਾਉਣ ਤੋਂ ਇਹ ਕਹਿਕੇ ਇਨਕਾਰ ਕਰ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ. ਪੀ. ਏ ਸਰਕਾਰ ਨੇ ਬਹੁਤ ਸਾਰਾ ਪੈਸਾ ਦਿੱਤਾ ਹੋਇਆ ਹੈ, ਇਸ ਲਈ ਪਹਿਲਾਂ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਲਏ ਪਹਿਲੇ ਪੈਸਿਆਂ ਦਾ ਹਿਸਾਬ ਕਿਤਾਬ ਦੇਵੇ, ਉਸ ਤੋਂ ਬਾਅਦ ਹੀ ਹੋਰ ਪੈਸਾ ਦੇਣ ਵਾਲੇ ਸੋਚਿਆ ਜਾ ਸਕਦਾ ਹੈ। ਇਸ ਤਰ੍ਹਾਂ ਦਾ ਜਵਾਬ ਮਿਲਣ ਤੋਂ ਬਾਅਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਿਥੇ ਡਾਕਟਰ ਮਨਮੋਹਨ ਸਿੰਘ ਦੀ ਯਾਦ ਆ ਰਹੀ ਹੈ, ਉਥੇ ਮੁੱਖ ਮੰਤਰੀ ਬਾਦਲ ਇਸ ਕਦਰ ਨਿਰਾਸ ਹੋ ਚੁੱਕੇ ਹਨ ਕਿ ਉਹ ਸੰਗਤ ਦਰਸ਼ਨ ਦੌਰਾਨ ਪਿੰਡ ਦੇ ਵਿਕਾਸ ਲਈ ਪੈਸ਼ੇ ਮੰਗਣ ਵਾਲੀ ਜਗਾ ਰਾਮਤੀਰਥ ਦੀ ਪੰਚਾਇਤ ਨੂੰ ਸਰੇਆਮ ਡਾਕਾ ਮਾਰਨ ਦੀ ਸਲਾਹ ਤੱਕ ਦੇ ਰਹੇ ਹਨ। ਬਾਦਲ ਸਰਕਾਰ ਦੀ ਇਸ ਹਾਲਤ ਦਾ ਫਾਇਦਾ ਉਠਾਉਂਦਿਆਂ ਹਿੰਦੂਤਵ ਤਾਕਤਾਂ ਨੂੰ ਆਪਣੇ ਸਿੱਖ ਵਿਰੋਧੀ ਮਨਸੂਬੇ ਪੂਰੇ ਕਰਨ ਦਾ ਮੌਕਾ ਮਿਲ ਗਿਆ ਹੈ।

ਇਸ ਕੜੀ ਤਹਿਤ ਜਿਥੇ ਪੰਜਾਬ ਅੰਦਰ ਭਗਵਾਂ ਬ੍ਰਿਗੇਡ ਵੱਲੋਂ ਸ਼ਹਿਰਾਂ ਵਿੱਚ ਸਰੇਆਮ ਮਾਰੂ ਹਥਿਆਰ ਨਾਲ ਲੈਸ ਹੋ ਕੇ ਮਾਰਚ ਕੀਤੇ ਜਾ ਰਹੇ ਹਨ, ਉਥੇ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਵਾਲੇ ਆਰ ਐਸ. ਐਸ ਮੁੱਖੀ ਮੋਹਨ ਭਾਗਵਤ ਵੱਲੋਂ ਵਾਰ ਵਾਰ ਪੰਜਾਬ ਦੇ ਗੇੜੇ ਮਾਰੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਬਾਦਲ ਸਮੇਤ ਅਕਾਲੀਆਂ ਰਾਬਤਾ ਸਾਧਿਆ ਜਾ ਰਿਹਾ ਹੈ ਅਤੇ ਇਹ ਵੀ ਸੰਭਵ ਹੈ ਕਿ ਕੇਂਦਰੀ ਸਰਕਾਰ ਕੋਲੋਂ ਖਜਾਨੇ ਦਾ ਮੂੰਹ ਖੁਲਵਾਉਣ ਲਈ ਮੋਹਨ ਭਾਗਵਤ ਹਿੰਦੂਤਵੀ ਤਾਕਤਾਂ ਦੇ ਮਨਸ਼ੇ ਮੁਤਾਬਿਕ ਬਾਦਲ ਸਰਕਾਰ ਨਾਲ ਕੋਈ ਅਜਿਹੇ ਗੁਪਤ ਸਮਝੌਤੇ ਕਰੇਗਾ ਹਨ, ਜਿਹਨਾਂ ਦਾ ਅਗਾਮੀ ਸਮੇਂ ਦੌਰਾਨ ਸਿੱਖ ਕੌਮ ਅਤੇ ਪੰਜਾਬ ਨੂੰ ਵੱਡੇ ਨੁਕਸਾਨ ਝੱਲਣਾ ਪੈ ਸਕਦੇ ਹਨ।

ਇਸ ਗੁਪਤ ਸਮਝੌਤੇ ਤਹਿਤ ਸਤਲੁਜ ਜਮਨਾ ਲਿੰਕ ਨਹਿਰ ਦੀ ਉਸਾਰੀ ਕਰਕੇ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਨ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਦਿਆ ਸਿੰਘ ਲਹੋਰੀਆ, ਵਰਗੇ ਪੰਥ ਦੇ ਕੌਮੀ ਹੀਰਿਆਂ ਨੂੰ ਫਾਂਸੀ ’ਤੇ ਚੜਾਉਣ ਲਈ ਰਾਹ ਪੱਧਰਾ ਕਰਕੇ ਸਿੱਖ ਕੌਮ ਦੀ ਨਿਆਰੀ ਹਸਤੀ ਅਤੇ ਅਜ਼ਾਦ ਹਸਤੀ ਲਈ ਜੂਝਦੀਆਂ ਧਿਰਾਂ ਨੂੰ ਕੁਚਲਣ ਲਈ ਦਮਨ ਚੱਕਰ ਚਲਾਉਣ ਦੀ ਕਵਾਇਦ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਸਿੱਖ ਕੌਮ ਨੂੰ ਚਣੌਤੀ ਦੇਣ ਵਾਲੇ ਸੌਦਾ ਸਾਧ ਸਮੇਤ ਹੋਰ ਸਿੱਖ ਵਿਰੋਧੀ ਡੇਰਿਆਂ ਨੂੰ ਪੰਜਾਬ ਵਿੱਚ ਸਰਗਰਮ ਲਈ ਲਈ ਪੰਜਾਬ ਦੀ ਬਾਦਲ ਸਰਕਾਰ ਦੀ ਜਿਮੇਵਾਰੀ ਲਾਈ ਜਾ ਸਕਦੀ ਹੈ।

ਇੱਥੇ ਇਹ ਕਹਿਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਸਿਰਫ ਕੁਰਸੀ ਨੂੰ ਹੀ ਪਰਮੋ ਧਰਮ ਮੰਨਣ ਵਾਲੇ ਪ੍ਰਕਾਸ ਸਿੰਘ ਬਾਦਲ ਵੀ ਕੇਂਦਰੀ ਖਜਾਨੇ ਵਿੱਚੋਂ ਮਾਇਆ ਆਉਣ ਦੀ ਸਰਤ ’ਤੇ ਅਜਿਹੀਆਂ ਸਰਤਾਂ ਨੂੰ ਮੰਨਣ ਵਿੱਚ ਵੀ ਕੋਈ ਦਿੱਕਤ ਨਹੀਂ ਆਉਣ ਦੇਣਗੇ। ਇਸ ਲਈ ਅਜਿਹੇ ਹਾਲਾਤਾਂ ਦੀ ਟਾਕਰਾ ਕਰਨ ਲਈ ਸਿੱਖ ਪੰਥ ਨੂੰ ਸੁਚੇਤ ਹੋਣ ਦੀ ਬਹੁਤ ਲੋੜ ਹੈ ਅਤੇ ਪੰਥ ਦੀ ਨਿਆਰੀ ਅਤੇ ਆਜਾਦ ਹਸਤੀ ਲਈ ਜੂਝਦੀਆਂ ਸਾਰੀਆਂ ਹੀ ਸੁਹਿਰਦ ਧਿਰਾਂ ਨੂੰ ਇਹਨਾਂ ਹਾਲਾਤਾਂ ’ਤੇ ਕਰੜੀ ਨਜ਼ਰ ਬਣਾਕੇ ਰੱਖਣ ਦੀ ਜਰੂਰਤ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top