Share on Facebook

Main News Page

ਵਿਸ਼ਵ ਸਿੱਖ ਕਨਵੈਨਸ਼ਨ ਵਲੋਂ ਮੂਲ ਨਾਨਕਸ਼ਾਹੀ ਕਲੰਡਰ ਨੂੰ ਪ੍ਰਵਾਨਗੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਵੀ ਹੋਰ ਪੋਥੀ ਨੂੰ ਨਾ ਮੰਨਣ ਦਾ ਫ਼ੈਸਲਾ

ਇੰਡੀਆਨਾ 5 ਅਕਤੂਬਰ (ਪਹਿਰੇਦਾਰ ਬਿਉਰੋ) : ਪਿਛਲੇ ਕਾਫ਼ੀ ਸਮੇਂ ਤੋਂ ਸਿੱਖ ਪੰਥ ਵਿਚ ਦੁਬਿਧਾ ਖੜ੍ਹੀ ਕਰਨ ਲਈ ਕੁੱਝ ਕੱਟੜਵਾਦੀ ਤਾਕਤਾਂ ਦੀ ਸ਼ਹਿ ਤੇ ਸਿੱਖ ਪਹਿਰਾਵੇ ਵਾਲੇ ਡੇਰੇਦਾਰਾਂ ਅਤੇ ਨੀਲੀ ਸਰਕਾਰ ਦੀ ਸਰਪ੍ਰਸਤੀ ਹੇਠ ਸਿੱਖ ਪੰਥ ਦੀਆਂ ਸਿਧਾਂਤਕ ਪ੍ਰੰਪਰਾਵਾਂ ਅਤੇ ਖ਼ਾਸ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਸਿੱਖਾਂ ਦੀ ਸ਼ਰਧਾ ਅਤੇ ਭਰੋਸਾ ਤੋੜਨ ਲਈ ਸਮੇਂ ਸਮੇਂ ਕੁਚਾਲਾਂ ਚਲੀਆਂ ਜਾ ਰਹੀਆਂ ਹਨ। ਸਭ ਤੋਂ ਅਫ਼ਸੋਸਨਾਕ ਅਤੇ ਖ਼ਤਰਨਾਕ ਪਹਿਲੂ ਇਹ ਰਿਹਾ ਹੈ ਕਿ ਇਨ੍ਹਾਂ ਸਾਜ਼ਿਸ਼ਾਂ ਨੂੰ ਲਾਗੂ ਕਰਨ ਲਈ ਦੁਸ਼ਮਣ ਨੇ ਆਪ ਮਾਇਆ ਜਾਲ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਮੇਤ ਦੂਸਰੇ ਤਖ਼ਤਾਂ ਦੇ ਜਥੇਦਾਰਾਂ ਨੂੰ ਬੇਖ਼ੌਫ਼ ਹੋ ਕੇ ਵਰਤਣਾ ਸ਼ੁਰੂ ਕਰ ਦਿੱਤਾ ਹੈ। ਜਿਸ ਨਾਲ ਗੁਰੂ ਪਿਆਰ ਵਿਚ ਭਿੱਜੇ , ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕਰਨ ਵਾਲੇ ਕੁੱਝ ਜਾਗਦੇ ਸਿਰਾਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਵੰਗਾਰਨ ਦਾ ਫ਼ੈਸਲਾ ਲਿਆ ਹੈ।

ਬੀਤੇ ਦਿਨੀਂ ਚਾਰ ਅਕਤੂਬਰ ਨੂੰ ਅਮਰੀਕਾ ਦੇ ਸੂਬੇ ਇੰਡੀਆਨਾਂ ਦੇ ਸ਼ਹਿਰ ਇੰਡੀਅਨਐਪਲਿਸ ਵਿਚ ਗੁਰਮਤਿ ਪ੍ਰਚਾਰ ਸੁਸਾਇਟੀ ਯੂ ਐੱਸ ਏ ਵੱਲੋਂ ਉਪਰੋਕਤ ਸਾਰੀਆਂ ਅਲਾਮਤਾਂ ਨੂੰ ਸਦੀਵੀ ਤੌਰ ਤੇ ਗਲ਼ੋਂ ਲਾਹੁਣ ਲਈ ਵਿਸ਼ਵ ਸਿੱਖ ਕਨਵੈੱਨਸ਼ਨ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਪੰਥਕ ਜਥੇਬੰਦੀਆਂ ਨੇ ਸਹਿਮਤੀ ਕਰ ਕੇ ਸਿਰਦਾਰ ਪਾਲ ਸਿੰਘ ਪੁਰੇਵਾਲ ਵੱਲੋਂ ਕਈ ਦਹਾਕਿਆਂ ਦੀ ਕੜੀ ਮਸ਼ੱਕਤ ਨਾਲ ਤਿਆਰ ਕੀਤੇ ਸਿੱਖ ਕੌਮ ਦੀ ਨਿਰਾਲੀ ਤੇ ਨਿਆਰੀ ਹਸਤੀ ਦੀ ਪ੍ਰੋੜ੍ਹਤਾ ਕਰਨ ਵਾਲੇ ਮੂਲ ਨਾਨਕਸ਼ਾਹੀ ਕਲੰਡਰ ਜਿਸ ਨੂੰ 2003 ਵਿਚ ਸਾਰੀ ਕੌਮ ਨੇ ਮੰਨ ਲਿਆ ਸੀ, ਨੂੰ ਪ੍ਰਵਾਨ ਕਰਦਿਆਂ ਸਿੱਖ ਕੌਮ ਨੂੰ ਆਗਾਹ ਕੀਤਾ ਕਿ ਉਹ ਕਿਸੇ ਵੀ ਆਪੂੰ ਬਣੀਆਂ ਸੰਪਰਦਾਵਾਂ ਜਾਂ ਕਿਸੇ ਰਾਜਸੀ ਪ੍ਰਭਾਵ ਹੇਠ ਵਿਚਰ ਰਹੇ ਤਖ਼ਤਾਂ ਦੇ ਅਖੌਤੀ ਜਥੇਦਾਰਾਂ ਅਤੇ ਸਿੱਖੀ ਭੇਸ ਵਿਚ ਛੁਪੇ ਕੁੱਝ ਕੱਟੜਵਾਦੀ ਬ੍ਰਾਹਮਣਾਂ ਵੱਲੋਂ ਬਣਾਈ ਅਖੌਤੀ ਸਾਧ ਯੂਨੀਅਨ ਦੇ ਬਹਿਕਾਵੇ ਵਿਚ ਆ ਕੇ ਪੰਥਕ ਸਿਧਾਂਤਾਂ ਅਤੇ ਪ੍ਰੰਪਰਾਂਵਾਂ ਦੇ ਚਿੱਟੇ ਦਿਨ ਹੋ ਰਹੇ ਕਤਲ ਤੇ ਮੂਕ ਦਰਸ਼ਕ ਬਣਨ ਦੀ ਥਾਂ ਆਪੇ ਗੁਰ ਚੇਲਾ ਦੇ ਸਿਧਾਂਤ ਦੀ ਰੌਸ਼ਨੀ ਵਿਚ ਬਿਪਰਵਾਦ ਦੇ ਇਸ ਚੈਲੰਜ ਨੂੰ ਖਿੜੇ ਮੱਥੇ ਪ੍ਰਵਾਨ ਕਰ ਕੇ ਧਰਮਯੁੱਧ ਲਈ ਕਮਰਕੱਸੇ ਕਰਨ।

ਕਾਨਫ਼ਰੰਸ ਵਿਚ ਸ਼ਾਮਲ ਪੰਥਕ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਨੂੰ ਚੈਲੰਜ ਕਰਨ ਅਤੇ ਸ਼ਬਦ ਗੁਰੂ ਸਿਧਾਂਤ ਦੇ ਮੂਲ ਆਧਾਰ ਨਾਲੋਂ ਸਿੱਖ ਨੂੰ ਵੱਖ ਕਰਨ ਲਈ ਬਚਿੱਤਰ ਨਾਟਕ ਵਰਗੀਆਂ ਅਸ਼ਲੀਲ ਲਿਖਤਾਂ ਦੇ ਸੰਗ੍ਰਹਿ ਨੂੰ ਜ਼ਬਰਦਸਤੀ ਗੁਰੂ ਬਾਣੀ ਸਾਬਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਡੂੰਘੀ ਚਿੰਤਾ ਵਿਅਕਤ ਕਰਦਿਆਂ ਸਿੱਖ ਪੰਥ ਨੂੰ ਸੁਚੇਤ ਕੀਤਾ ਕਿ ਗੁਰੂ ਸਾਹਿਬ ਦੇ ਹੁਕਮ ਗੁਰੂ ਮਾਨਿਓ ਗ੍ਰੰਥ ਦੀ ਰੌਸ਼ਨੀ ਵਿਚ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਰਚਨਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਜਾਂ ਗੁਰੂ ਸਾਹਿਬ ਵੱਲੋਂ ਸਿੱਖ ਨੂੰ ਸਮਝਾਈ ਜੀਵਨ ਸ਼ੈਲੀ ਤੇ ਖਰੀ ਨਾਂ ਉੱਤਰਦੀ ਹੋਵੇ, ਨੂੰ ਮੁੱਢੋਂ ਰੱਦ ਕਰ ਦੇਣ।

ਕਾਨਫ਼ਰੰਸ ਵਿਚ ਬੋਲਦਿਆਂ ਸਿਰਦਾਰ ਪਾਲ ਸਿੰਘ ਪੁਰੇਵਾਲ ਜੀ ਨੇ ਬੜੇ ਹੀ ਵਿਗਿਆਨਕ ਢੰਗ ਨਾਲ ਕਲੰਡਰ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਇਸ ਦੀ ਹਰ ਬਾਰੀਕੀ ਨੂੰ ਸੰਗਤਾਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਜੇ ਕਰ ਅਸੀਂ ਇਸ ਤੇ ਗ਼ੌਰ ਨਾ ਕੀਤਾ ਅਤੇ ਬ੍ਰਾਹਮਣੀ ਕਲੰਡਰ ਮੁਤਾਬਿਕ ਆਪਣੇ ਦਿਨ ਮਨਾਉਂਦੇ ਰਹੇ ਤਾਂ ਇੱਕ ਦਿਨ ਸਤਿਗੁਰੂ ਜੀ ਵੱਲੋਂ ਗੁਰਬਾਣੀ ਵਿਚ ਦੱਸੇ ਬਹੁਤ ਸ਼ਬਦ ਗ਼ਲਤ ਸਾਬਤ ਹੋ ਜਾਣ ਗੇ।ਇਸ ਗੱਲ ਦੀ ਅਹਿਮੀਅਤ ਨੂੰ ਸਮਝਦਿਆਂ ਉੱਥੇ ਪੁੱਜੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਸ ਨੂੰ ਪੁਰਜ਼ੋਰ ਹਮਾਇਤ ਦਿੱਤੀ ਅਤੇ ਪ੍ਰਣ ਕੀਤਾ ਕਿ ਉਹ ਅੱਜ ਤੋਂ ਆਪਣੇ ਗੁਰਦੁਆਰਾ ਸਾਹਿਬ ਵਿਚ ਮੂਲ ਨਾਨਕਸ਼ਾਹੀ ਹੀ ਲਾਗੂ ਕਰਨਗੀਆਂ।

ਸਿੱਖ ਰਹਿਤ ਮਰਯਾਦਾ ਤੇ ਬੋਲਦਿਆਂ ਉੱਘੇ ਨੌਜਵਾਨ ਪ੍ਰਚਾਰਕ ਭਾਈ ਪਰਮਜੀਤ ਸਿੰਘ ਉੱਤਰਾਖੰਡ ਨੇ ਬੜੇ ਹੀ ਸਰਲ ਤਰੀਕੇ ਨਾਲ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੀ ਅਹਿਮੀਅਤ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ।

ਕੈਨੇਡਾ ਤੋਂ ਪੁੱਜੇ ਉੱਘੇ ਲੇਖਕ ਸਿਰਦਾਰ ਗੁਰਦੇਵ ਸਿੰਘ ਸੱਧੇਵਾਲੀਆ ਨੇ ਬੜੇ ਵਿਅੰਗਮਈ ਤਰੀਕੇ ਨਾਲ ਸਿੱਖ ਸੰਗਤਾਂ ਨੂੰ ਸਾਧਾਂ ਦੀਆ ਬਿਪਰਵਾਦੀ ਹਰਕਤਾਂ ਤੋਂ ਜਾਣੂ ਕਰਾਉਂਦਿਆਂ ਉਨ੍ਹਾਂ ਤੋਂ ਬਚਣ ਲਈ ਕਾਫ਼ੀ ਵਧੀਆ ਸੁਝਾਅ ਦਿੱਤੇ।

ਗੁਰਮਤਿ ਸਕਾਲਰ ਸ. ਬਲਦੇਵ ਸਿੰਘ ਟਰੰਟੋ ਨੇ ਭਗਤ ਬਾਣੀ ਤੇ ਆਪਣੀ ਖੋਜ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।

ਗੁਰਬਾਣੀ ਦੀ ਸਰਲ ਸੰਥਿਆ ਦੀ ਸਾਈਟ www.ektuhi.com ਦੇ ਨਿਰਮਾਤਾ ਸ. ਸਤਪਾਲ ਸਿੰਘ ਨੇ ਪੁਰੇਵਾਲ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਗੁਰਬਾਣੀ ਦੀ ਸੰਥਿਆ ਲੈਣ ਦਾ ਵਿਗੋਚਾ ਹੁਣ ਖ਼ਤਮ ਹੋ ਚੁੱਕਾ ਹੈ ਜਿਸ ਨਾਲ ਸਿੱਖ ਅਤੇ ਗੁਰੂ ਵਿਚਕਾਰ ਖੜੀ ਕੀਤੀ ਸਦੀਆਂ ਪੁਰਾਣੀ ਦੀਵਾਰ ਹੁਣ ਟੁੱਟ ਚੁੱਕੀ ਹੈ।

ਬੀਬੀ ਜਸਵੀਰ ਕੌਰ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਆਪਣੀ ਭੈਣਾਂ ਨੂੰ ਹੀ ਅਪੀਲ ਕੀਤੀ ਕਿ ਜੇ ਕਰ ਤੁਸੀਂ ਬਰਾਬਰੀ ਦਾ ਹੱਕ ਚਾਹੁੰਦੀਆਂ ਹੋ ਤਾਂ ਤੁਹਾਨੂੰ ਵੀ ਪੜ੍ਹ ਲਿਖ ਕੇ ਇਨ੍ਹਾਂ ਸਮਾਗਮਾਂ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਦੇ ਜਜ਼ਬਾਤਾਂ ਨੂੰ ਟੁੰਬਦਿਆਂ ਬੜੀ ਤਿੱਖੀ ਤਕਰੀਰ ਕੀਤੀ।

ਕੈਲੇਫ਼ੋਰਨੀਆਂ ਤੋਂ ਪਹੁੰਚੇ ਸ. ਸਰਬਜੀਤ ਸਿੰਘ ਸੈਕਰਾਮੈਂਟੋ ਨੇ ਆਪਣੀ ਤਕਰੀਰ ਵਿਚ ਮੂਲ ਨਾਨਕਸ਼ਾਹੀ ਬਾਰੇ ਸੰਗਤਾਂ ਨੂੰ ਜਾਣੂ ਕਰਾਇਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਮੇਟੀ ਮੈਂਬਰ ਸ. ਤਰਲੋਚਨ ਸਿੰਘ ਦੁਪਾਲ ਪੁਰ ਨੇ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਹਾਲਾਤਾਂ ਬਾਰੇ ਸਿੱਖ ਸੰਗਤਾਂ ਨੂੰ ਜਾਣੂ ਕਰਾਇਆ।

ਨੌਜਵਾਨ ਬੀਬੀ ਪ੍ਰੋ.ਰੰਜਨਪ੍ਰੀਤ ਕੌਰ ਨਾਗਰਾ ਨੇ ਇੱਕ ਸਲਾਈਡ ਸ਼ੋ ਰਾਹੀਂ ਜੋਤਸ਼ੀਆਂ ਵੱਲੋਂ ਟੀ ਵੀ ਮਸ਼ਹੂਰੀਆਂ ਦੁਆਰਾ ਕੀਤੀ ਜਾਂਦੀ ਲੁੱਟ ਬਾਰੇ ਜਾਣਕਾਰੀ ਦਿੰਦਿਆਂ ਇਸ ਤੋਂ ਸੁਚੇਤ ਰਹਿਣ ਲਈ ਕਿਹਾ।

ਫ਼ਰਿਜ਼ਨੋਂ ਤੋਂ ਪਹੁੰਚੇ ਸ. ਚਮਕੌਰ ਸਿੰਘ ਨੇ ਆਪਣੀ ਤਕਰੀਰ ਰਾਹੀਂ ਅਖੌਤੀ ਦਸਮ ਗ੍ਰੰਥ ਦੇ ਪਾਜ ਉਘੇੜੇ ਅਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਅਪੀਲ ਕੀਤੀ।

ਕੈਨੇਡਾ ਤੋਂ ਚੱਲਦੇ ਰੇਡਿਓ ਸ਼ੇਰ ਏ ਪੰਜਾਬ ਤੋਂ ਸਿੱਖ ਪੰਥ ਦੀ ਇੱਕ ਬੁਲੰਦ ਆਵਾਜ਼ ਸ. ਕੁਲਦੀਪ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਬੜੀ ਜੋਸ਼ੀਲੇ ਅੰਦਾਜ਼ ਵਿਚ ਸਾਧਾਂ ਵੱਲੋਂ ਕੀਤੀ ਜਾ ਰਹੀ ਸਿੱਖ ਕੌਮ ਦੀ ਲੁੱਟ ਤੋਂ ਬਚਣ ਲਈ ਪ੍ਰੇਰਿਆ।

ਸਟੇਜ ਦੀ ਸਾਰੀ ਕਾਰਵਾਈ ਸ. ਕੁਲਦੀਪ ਸਿੰਘ ਕੰਗਣਵਾਲ ਜਾਗੋ ਖ਼ਾਲਸਾ ਅਤੇ ਸ. ਮਨਦੀਪ ਸਿੰਘ ਗਿੱਲ ਟਰੰਟੋ ਨੇ ਬਾਖ਼ੂਬੀ ਨਿਭਾਈ।ਇਸ ਕਾਨਫ਼ਰੰਸ ਵਿਚ ਸ਼ਾਮਲ ਸੰਗਤਾਂ ਲਈ ਲੰਗਰ ਦੀ ਸੇਵਾ ਦਾ ਕਾਰਜ ਇੰਡੀਆ ਪੈਲੇਸ ਦੇ ਮਾਲਕ ਸ. ਸੁਖਦੇਵ ਸਿੰਘ ਸਮਰਾ ਨੇ ਆਪਣੇ ਉੱਦਮ ਨਾਲ ਕੀਤਾ।

ਸ. ਸਰਵਣ ਸਿੰਘ ਟਿਵਾਣਾ ਐਮ ਡੀ ਰੇਡੀਓ ਚੰਨ ਪਰਦੇਸੀ ਨੇ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਇਸ ਦੀ ਲੋੜ ਨੂੰ ਸਮੇਂ ਤੇ ਢੁਕਵਾਂ ਕਦਮ ਦੱਸਦਿਆਂ ਕਿਹਾ ਕਿ ਰੇਡੀਓ ਚੰਨ ਪਰਦੇਸੀ ਪੰਜਾਬੀ ਮਾਂ ਬੋਲੀ ਅਤੇ ਪੰਥ ਨੂੰ ਦਰਪੇਸ਼ ਚੁਨੌਤੀਆਂ ਦੇ ਹੱਲ ਲਈ ਆਪਣੀਆਂ ਸੇਵਾਵਾਂ ਦੇਣ ਲਈ ਵਚਨਬੱਧ ਹੈ।

ਇਸ ਕਾਨਫ਼ਰੰਸ ਵਿਚ ਹੋਰ ਵੀ ਬੁਲਾਰੇ ਜਿਵੇਂ ਭਾਈ ਅਵਤਾਰ ਸਿੰਘ ਮਿਸ਼ਨਰੀ, ਡਾ. ਗੁਰਮੀਤ ਸਿੰਘ ਬਰਸਾਲ, ਸ.ਹਰਜੀਤ ਸਿੰਘ ਟਰੰਟੋ, ਸ.ਜਗਪਾਲ ਸਿੰਘ ਸਰੀ, ਸ.ਚਰਨਜੀਤ ਸਿੰਘ ਮਿੰਨੀਐਪਲਸ, ਸ. ਮਿੱਕਰ ਸਿੰਘ ਸਰਪੰਚ ਪਿੰਡ ਚੂੜ੍ਹ ਚੱਕ ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਸ.ਸੁਖਵਿੰਦਰ ਸਿੰਘ ਬਾਲਟੀਮੋਰ, ਹਰਮਿੰਦਰ ਸਿੰਘ ਕੈਲੇਫੋਰਨੀਆਂ, ਆਦਿ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ।

ਇਸ ਕਾਨਫ਼ਰੰਸ ਵਿਚ ਜਿੱਥੇ ਸਿੱਖ ਚਿੰਤਕਾਂ ਨੇ ਹਜ਼ਾਰਾਂ ਮੀਲਾਂ ਦਾ ਪੈਂਡਾ ਤਹਿ ਕਰ ਕੇ ਹਾਜ਼ਰੀ ਭਰੀ ਉੱਥੇ ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਅਤੇ ਸਿੱਖ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾਅ ਰਹੇ ਰੇਡੀਓ ਚੰਨ ਪਰਦੇਸੀ ਅਤੇ ਰੇਡੀਓ ਵਾਇਸ ਆਫ਼ ਖ਼ਾਲਸਾ ਨੇ ਇਸ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਕਰ ਕੇ ਅਮਰੀਕਾ ਕੈਨੇਡਾ ਸਮੇਤ ਲੱਖਾਂ ਪੰਥ ਦਰਦੀਆਂ ਨੂੰ ਇਸ ਸਿੱਖ ਕਨਵੈੱਨਸ਼ਨ ਦਾ ਹਿੱਸਾ ਬਣਾਉਣ ਦਾ ਪ੍ਰਸ਼ੰਸਾ ਯੋਗ ਕਾਰਜ ਕੀਤਾ।

ਇੰਡੀਆ ਤੋਂ ਵਿਸ਼ੇਸ਼ ਸੱਦੇ ਤੇ ਪਹੁੰਚੇ ਨਿਧੜਕ ਲੇਖਕ ਅਤੇ ਸਿੱਖ ਚਿੰਤਕ ਜਥੇਦਾਰ ਗੁਰਿੰਦਰਪਾਲ ਧਨੌਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਿੱਖਾਂ ਦੀ ਕਰਮ ਭੂਮੀ ਪੰਜਾਬ ਵਿਚੋਂ ਸਿੱਖ ਪੰਥ ਦੀਆਂ ਜੜ੍ਹਾਂ ਖੋਖਲੀਆਂ ਹੁੰਦੀਆਂ ਜਾ ਰਹੀਆਂ ਹਨ ਜਿਸ ਦਾ ਮੂਲ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੀ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਇੱਕ ਅਜਿਹੇ ਪਰਵਾਰ ਦੇ ਹੱਥ ਵਿਚ ਹੈ ਜਿਹੜਾ ਬਿਪਰਵਾਦੀ ਕੁਹਾੜੇ ਦਾ ਦਸਤਾ ਬਣ ਕੇ ਸਿੱਖੀ ਦੇ ਖ਼ਾਤਮੇ ਲਈ ਦਿਨ ਰਾਤ ਕੰਮ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਭਾਵੇਂ ਉਹ ਮੂਲ ਨਾਨਕਸ਼ਾਹੀ ਕਲੰਡਰ ਦਾ ਕਤਲ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਨੂੰ ਚੈਲੰਜ ਕਰਨ ਵਾਲੀ ਕੋਈ ਕਵਾਇਦ ਹੋਵੇ ਇਸ ਸਭ ਕਾਸੇ ਲਈ ਸੁਚੇਤ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆਪਣੇ ਹੱਥ ਲੈਣਾ ਚਾਹੀਦਾ ਹੈ।

ਸਾਰੇ ਬੁਲਾਰਿਆਂ ਨੇ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਪ੍ਰਬੰਧਕਾਂ ਸ. ਮਲਕੀਤ ਸਿੰਘ ਬਾਸੀ, ਸ. ਦਲਜੀਤ ਸਿੰਘ ਇੰਡੀਆਨਾ, ਸ. ਸੁਖਮਿੰਦਰ ਸਿੰਘ, ਸ.ਹਰਦੀਪ ਸਿੰਘ ਵਿਰਦੀ, ਸ.ਕੁਲਬੀਰ ਸਿੰਘ, ਸ.ਬਲਜੀਤ ਸਿੰਘ ਧਾਲੀਵਾਲ, ਸ.ਗੁਰਦੀਪ ਸਿੰਘ ਨਿੱਝਰ, ਸ.ਦੇਵ ਨਿੱਝਰ, ਸ.ਰਾਣਾ ਸਿੱਧੂ, ਸ.ਰਣਜੀਤ ਸਿੰਘ ਅਜਨਾਲਾ,ਸ. ਨਰਿੰਦਰ ਸਿੰਘ ਟੈਕਸਸ ਵੱਲੋਂ ਸੱਤ ਸਮੁੰਦਰੋਂ ਪਾਰ ਅਮਰੀਕਾ ਵਰਗੀ ਧਰਤੀ ਤੇ ਪੰਥਕ ਝੰਡਾ ਬੁਲੰਦ ਕਰਨ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਸੁਚੇਤ ਸਿੱਖਾਂ ਦੇ ਹੁੰਦਿਆਂ ਹੁਣ ਸਿੱਖੀ ਦੀ ਹੋਂਦ ਨੂੰ ਕੋਈ ਖ਼ਤਰਾ ਕਿਆਸਿਆ ਵੀ ਨਹੀਂ ਜਾ ਸਕਦਾ। ਜਲਦ ਹੀ ਇਸ ਸੰਸਥਾ ਵਿਚ ਵਿਸ਼ਵ ਪੱਧਰ ਤੋਂ ਗੁਰੂ ਅਤੇ ਪੰਥ ਦੇ ਸੇਵਾਦਾਰ ਮੈਂਬਰ ਸ਼ਾਮਲ ਕੀਤੇ ਜਾਣਗੇ।

ਖੱਬੇ ਤੋਂ ਸੱਜੇ: ਸ. ਸਤਪਾਲ ਸਿੰਘ ਪੁਰੇਵਾਲ, ਭਾਈ ਪਰਮਜੀਤ ਸਿੰਘ ਉੱਤਰਾਖੰਡ,  ਸ. ਗੁਰਿੰਦਰਪਾਲ ਸਿੰਘ ਧਨੌਲਾ, ਸ. ਸਰਬਜੀਤ ਸਿੰਘ ਸੈਕਰਾਮੈਂਟੋ, ਸ. ਕੁਲਦੀਪ ਸਿੰਘ ਕੰਗਣਵਾਲ, ਸ. ਪਾਲ ਸਿੰਘ ਪੁਰੇਵਾਲ,
ਸ. ਸੁਖਮਿੰਦਰ ਸਿੰਘ, ਸ. ਦਲਜੀਤ ਸਿੰਘ, ਬਲਜੀਤ ਸਿੰਘ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top