Share on Facebook

Main News Page

ਦੁਰਗਾ ਦੇਵੀ ਦੀਆਂ ਸਿਫ਼ਤਾਂ ਦਾ ਸਿੱਖ ਕਰਦੇ ਕੀਰਤਨ !!! ਮਹਾਂਕਾਲ਼ ਤੋਂ ਸਿੱਖ ਮੰਗਦੇ ਮੁਰਾਦਾਂ !!!
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸੰਨ 1875 ਵਿੱਚ ਸਿੱਖੀ ਦੇ ਕੱਟੜ ਦੁਸ਼ਮਣ, ਅੰਗ੍ਰੇਜ਼ ਸਰਕਾਰ ਦੇ ਪਿੱਠੂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੋਫ਼ੇ ਉੱਤੇ ਬੈਠਣ ਵਾਲ਼ੇ ਬਾਬਾ ਖੇਮ ਸਿੰਘ ਬੇਦੀ, ਅੰਗ੍ਰੇਜ਼ ਸਰਕਾਰ ਅਤੇ ਸਨਾਤਨੀ ਸੋਚ ਦੇ ਪਹਿਰੇ ਵਿੱਚ ਬਣਾਏ ਦਸ਼ਮ ਗ੍ਰੰਥ ਵਿੱਚ ‘ਕ੍ਰਿਸ਼ਨਾਵਤਾਰ’ ਨਾਂ ਦੀ 2492 ਛੰਦਾਂ ਵਾਲ਼ੀ ਲੰਬੀ ਰਚਨਾ ਹੈ।

ਛੰਦ ਨੰਬਰ 421 ਤੋਂ ਪਹਿਲਾਂ ਲਿਖਿਆ ਹੈ:

ਅਥ ਰਾਸਿ ਮੰਡਲ ਲਿਖਯਤੇ
ਅਥ ਦੇਵੀ ਜੂ ਕੀ ਉਸਤਤ ਕਥਨੰ
ਭੁਜੰਗ ਪ੍ਰਯਾਤ ਛੰਦ

ਨੋਟ: ਕਵੀ ਨੂੰ ਸ਼੍ਰੀ ਕ੍ਰਿਸ਼ਨ ਜੀ ਵਾਰੇ ‘ਰਾਸਿ ਮੰਡਲ’ ਲਿਖਣ ਤੋਂ ਪਹਿਲਾਂ ਦੁਰਗਾ ਪੂਜਾ ਦਾ ਚੇਤਾ ਆ ਜਾਂਦਾ ਹੈ, ਤੇ ‘ਰਾਸਿ ਮੰਡਲ’ ਮੁੜ ਛੰਦ ਨੰਬਰ 441 ਤੋਂ ਲਿਖਣੀ ਸ਼ੁਰੂ ਕਰਦਾ ਹੈ। ਇਸ ਤਰ੍ਹਾਂ ਉਹ ਛੰਦ ਨੰਬਰ 421 ਤੋਂ 440 ਤਕ ‘ਦੇਵੀ ਜੂ ਕੀ ਉਸਤਤਿ’ ਕਰਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਕਵੀ ਦੁਰਗਾ ਦਾ ਪੁਜਾਰੀ ਹੈ
ਛੰਦ ਨੰਬਰ 421- ਦੁਰਗਾ ਨੇ ਧਰਤੀ ਅਤੇ ਅਕਾਸ਼ ਬਣਾਏ ਹਨ । ਗੁਰਮਤਿ ਅਨੁਸਾਰ ਦੁਨੀਆਂ ਦਾ ਕਰਤਾ ਅਕਾਲ ਪੁਰਖ ਹੈ।

ਤੂੰ ਹੀ ਅਸਤ੍ਰਣੀ ਸਸਤ੍ਰਣੀ ਆਪ ਰੂਪਾ।
ਤੂੰ ਹੀ ਅੰਬਿਕਾ ਜੰਭ ਹੰਤੀ ਅਨੂਪਾ।
ਪ੍ਰਿਥਮੀ ਭੂਮੀ ਅਕਾਸ ਤੈ ਹੀ ਕੀਆ ਹੈ।

ਛੰਦ ਨੰਬਰ 422- ਇਸਤ੍ਰੀ ਲਿੰਗ ਵਿੱਚ ਸਿਫ਼ਤਿ ਅਕਾਲ ਪੁਰਖ ਦੀ ਸਿਫ਼ਤਿ ਨਹੀਂ ਹੈ, ਦੁਰਗਾ ਦੀ ਹੈ।

ਤੁ ਹੀ ਮੁੰਡ ਮਰਦੀ ਕਪਰਦੀ ਭਵਾਨੀ।
ਤੁ ਹੀ ਕਾਲਿਕਾ ਜਾਲਪਾ ਰਾਜਧਾਨੀ।

ਛੰਦ ਨੰਬਰ 423- ਅਕਾਲ ਪੁਰਖ ਇਸਤ੍ਰੀ ਨਹੀਂ ਹੈ। ਦੇਵੀ ਦੀ ਸਿਫ਼ਤਿ ਪ੍ਰਗਟ ਹੈ।

ਤੁ ਹੀ ਰਿਸਟਣੀ ਪੁਸਟਣੀ ਜੋਗ ਮਾਇਆ।...
ਤੁ ਹੀ ਸੁੰਭ ਨਿਸੁੰਭ ਹੰਤੀ ਭਵਾਨੀ।

ਛੰਦ ਨੰਬਰ 424- ਦੁਰਗਾ ਹੱਟੀ-ਕੱਟੀ ਅਤੇ ਸ਼ਸਤ੍ਰਧਾਰੀ ਹੈ।

ਤੁ ਹੀ ਰਿਸਟਣੀ ਪੁਸਟਣੀ ਸਸਤ੍ਰਣੀ ਹੈ।
ਤੁ ਹੀ ਕਸਟਣੀ ਹਰਤਨੀ ਅਸਤ੍ਰਣੀ ਹੈ।

ਛੰਦ ਨੰਬਰ 425- ਦੁਰਗਾ ਦੀ ਵਡਿਆਈ ਜਾਰੀ ਹੈ।

ਭਵੀ ਭਵਾਨੀ ਭੂਤ ਭਬਿਅੰ ਭਵਾਨੀ।...
ਚਰੀ ਆਚਰਣੀ ਖੇਵਰਣੀ ਭੂਪਣੀ ਹੈ।

ਨੋਟ: ਏਥੇ ਦੁਰਗਾ ‘ਭੂਪਣੀ’ ਹੈ ਤੇ ‘ਜਾਪੁ’ ਰਚਨਾ ਵਿੱਚ ਏਹੀ ‘ਭੂਪ’ ਹੈ; ਜਿਵੇਂ ‘ਨਮੋ ਭੂਪ ਭੂਪੇ’ ਜੋ ਕਵੀ ਦਾ ਦੂਜਾ ਇਸ਼ਟ ਦੇਹਧਾਰੀ ਮਹਾਂਕਾਲ਼ ਹੈ।

ਛੰਦ ਨੰਬਰ 426- ਦੁਰਗਾ ਭੂਤਨੇਸਵਰੀ ਹੈ। ਦੁਰਗਾ ਸ਼ਿਵਾ ਹੈ।

ਮਹਾ ਭੈਰਵੀ ਭੂਤਨੇਸਵਰੀ ਭਵਾਨੀ।
ਭਵੀ ਭਵਾਨੀ ਭਬਿਅੰ ਕਾਲੀ ਕ੍ਰਿਪਾਨੀ। ਜਯਾ ਆਜਯਾ ਹਿੰਗੁਲਾ ਪਿੰਗੁਲਾ ਹੈ।

ਸਿਵਾ ਸੀਤਲਾ ਮੰਗਲਾ ਤੋਤਲਾ ਹੈ।

ਨੋਟ: ਦੁਰਗਾ ਸ਼ਿਵਾ ਹੈ, ਜਿਸ ਤੋਂ ਕਵੀ ਨੇ ‘ਦੇਹੁ ਸ਼ਿਵਾ ਬਰ ਮੋਹਿ ਇਹੈ’ ਆਖ ਕੇ ਦੁਰਗਾ ਤੋਂ ਹੀ ਬਰ ਮੰਗਆ ਸੀਬਰ ਮੰਗਣ ਵਾਲ਼ੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨਹੀਂ ਹਨ, ਜਿਨ੍ਹਾਂ ਨੇ ਕੇਵਲ ਗੁਰ ਪਰਮੇਸ਼ਰ ਤੋਂ ਹੀ ਬਖ਼ਸ਼ਸ਼ਾਂ ਲਈਆਂ ਹਨ ਕਿਸੇ ਹੋਰ ਦੇਵੀ ਦੇਵਤੇ ਤੋਂ ਨਹੀਂ।

ਛੰਦ ਨੰਬਰ 427- ਦੁਰਗਾ- ਤੀਰ, ਤਰਵਾਰ ਤੇ ਕਟਾਰੀ ਵੀ ਹੈ।

ਮਹਾ ਬਾਹਣੀ ਅਸਤ੍ਰਣੀ ਸਸਤ੍ਰਧਾਰੀ।
ਤੁ ਹੀ ਤੀਰ ਤਰਵਾਰ ਕਾਤੀ ਕਟਾਰੀ।

ਨੋਟ: ਕਾਲ਼ ਤੁਹੀ ਕਾਲ਼ੀ ਤੁਹੀ, ਤੁਹੀ ਤੇਗ਼ ਅਰ ਤੀਰ, ਤੀਰ ਤੁਹੀ ਸੈਥੀ ਤੁਹੀ ਤੁਹੀ ਤਬਰ ਤਰਵਾਰ, ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ----ਇਹ ਸਾਰੀਆਂ ਸਿਫ਼ਤਾਂ ਅਕਾਲ ਪੁਰਖ ਦੀਆਂ ਨਹੀਂ ਸਗੋਂ ਦੁਰਗਾ ਦੇਵੀ ਇਸਤ੍ਰੀ ਦੀਆਂ ਹਨ ਤੇ ਅਕਾਲ ਪੁਰਖ ਇਸਤ੍ਰੀ ਨਹੀਂ ਹੈ। ਇਹ ਰਚਨਾ ਗਾਉਂਦੇ ਭਾਈ ਮਨਪ੍ਰੀਤ ਸਿੰਘ ਰਾਗੀ ਲੁਧਿਆਣੇ ਵਾਲਿਆਂ ਨੂੰ ਜਦੋਂ ਸੰਗਤਾਂ ਨੇ ਲਲਕਾਰਿਆ ਤੇ ਰੋਕਿਆ ਤਾਂ ਉਨ੍ਹਾਂ ਕਿਹਾ ‘ਤੁਸੀਂ ਮੇਰੀ ਤਾਂ ਡੰਡ ਲਾਹ ਦਿੱਤੀ, ਜਿਹੜੇ ਸੀਨੀਅਰ ਰਾਗੀਆਂ ਨੇ ਅਜਿਹੀਆਂ ਰਚਨਾਵਾਂ ਦੀ ਸੀ ਡੀ ਤਿਆਰ ਕਰਵਾਈ ਹੋਈ ਹੈ ਉਨ੍ਹਾਂ ਨੂੰ ਕੁਝ ਨਹੀਂ ਕਿਹਾ’।ਸੰਗਤ ਇਹੋ ਜਿਹੀ ਸੁਚੇਤ ਹੋਣੀ ਚਾਹੀਦੀ ਹੈ। ਗ਼ਲਤ਼ ਲੀਹਾਂ ਪਾਉਣ ਵਾਲ਼ੇ ਤਾਂ ਗ਼ਲਤ਼ ਹੈਨ, ਪਰ ਉਨ੍ਹਾਂ ਲੀਹਾਂ ਨੂੰ ਬਿਨਾਂ ਵਿਚਾਰੇ ਅਪਨਾਉਣ ਵਾਲ਼ੇ ਵੀ ਓਨੇ ਹੀ ਗ਼ਲਤ਼ ਹਨ। ਗੁਰੂ ਦੀ ਨਿਰਾਦਰੀ ਕੋਈ ਵੀ ਕਰੇ ਉਹ ਗ਼ਲਤ਼ ਹੀ ਗ਼ਲਤ਼ ਹੈ ਭਾਵੇਂ ਉਹ ਸੀਨੀਅਰ ਹੋਵੇ ਭਾਵੇਂ ਜੂਨੀਅਰ। ‘ਜੈ ਤੇਗੰ-----’ ਵਾਲ਼ੀ ਰਚਨਾ ਦੁਰਗਾ ਦੀ ਹੀ ਜੈ ਜੈ ਕਰਦੀ ਹੈ ਕਿਉਂਕਿ ਦੁਰਗਾ ‘ਕ੍ਰਿਪਾਣ ਰੂਪ’ ਵੀ ਹੈ।

ਛੰਦ ਨੰਬਰ 428- ਦੁਰਗਾ ਦੈਂਤਣ ਹੈ, ਦੇਵ ਇਸਤ੍ਰੀ ਹੈ ਯਕਸ਼ਣੀ ਹੈ, ਕਵੀ ਲਈ। ਅਕਾਲ ਪੁਰਖ ਦੇ ਇਹ ‘ਮਛਣੀ’, ‘ਕਛਣੀ’, ਯਕਸ਼ਣੀ ਆਦਿਕ ਲੱਛਣ ਨਹੀਂ ਹਨ। ‘ਜਪੁ’ ਜੀ ਦੇ ਆਰੰਭ ਵਿੱਚ ਹੀ ਦੱਸ ਦਿੱਤਾ ਗਿਆ ਹੈ ਕਿ ਅਕਾਲ ਪੁਰਖ ਕੌਣ ਹੈ।

ਤੁਹੀ ਦਾਨਵੀ ਦੇਵਣੀ ਜਛਣੀ ਹੈ।
ਤੁਹੀ ਕਿੰਨ੍ਰਣੀ ਮਛਣੀ ਕਛਣੀ ਹੈ।

ਛੰਦ ਨੰਬਰ 429-

ਤੁਹੀ ਰਾਜ ਰਾਜੇਸਵਰੀ ਜੋਗ ਮਾਇਆ।
ਮਹਾ ਮੋਹ ਸੋ ਚਉਦਹ ਲੋਕ ਛਾਯਾ।

ਨੋਟ: ਦੁਰਗਾ ਦੇਵੀ ਦੀ ਇਹ ਸਿਫ਼ਤਿ ‘ਜਾਪੁ’ ਨਾਂ ਦੀ ਨਿੱਤ-ਨੇਮ ਵਿੱਚ ਪਾਈ ਵਾਧੂ ਰਚਨਾ ਵਿੱਚ ਵੀ ਕਵੀ ਨੇ ਲਿਖੀ ਹੈ; ਜਿਵੇਂ ਨਮੋ ਰਾਜ ਰਾਜੇਸਵਰੰ ਪਰਮ ਰੂਪੇ। ਫ਼ਰਕ ਇਹ ਹੈ ਕਿ ਦੇਵੀ ਨੂੰ ਇਸਤ੍ਰੀ ਰੂਪ ਵਿੱਚ ਤੇ ਸ਼ਿਵ ਜੀ ਦੇ 12 ਵਿੱਚੋਂ ਇੱਕ ਜੋਤ੍ਰਿਲਿੰਗਮ ‘ਮਹਾਂਕਾਲ਼’ ਨੂੰ ਪੁਲਿੰਗ ਰੂਪ ਵਿੱਚ ਲਿਖ ਕੇ ਸਿਫ਼ਤਿ ਕੀਤੀ ਹੈ। ਕਵੀ ਦੇ ਇਹ ਦੋਵੇਂ ਇਸ਼ਟ (ਦੁਰਗਾ ਅਤੇ ਮਹਾਂਕਾਲ਼) ਕਵੀ ਲਈ ਹਰਮਨ ਪਿਆਰੇ ਹਨ।

ਛੰਦ ਨੰਬਰ 430- ਦੁਰਗਾ ਨੂੰ ਭਵਾਨੀ ਵੀ ਕਿਹਾ ਹੈ।ਅਕਾਲ ਪੁਰਖ ਨਾ ਦੁਰਗਾ ਤੇ ਨਾ ਹੀ ਭਵਾਨੀ ਹੈ।

ਤੁਹੀ ਬ੍ਰਾਹਮੀ ਬੈਸਨਵੀ ਸ੍ਰੀ ਭਵਾਨੀ।...
ਤੁਹੀ ਕਸਟ ਹੰਤੀ ਕ੍ਰਿਪਾ ਕੈ ਕ੍ਰਿਪਾਨੀ।

ਛੰਦ ਨੰਬਰ 431- ਪ੍ਰਹਲਾਦ ਦੀ ਰੱਖਿਆ ਪ੍ਰਭੂ ਨੇ ਆਪ ਕੀਤੀ ਸੀ ਤੇ ਗੁਰਮਤਿ ਵਿੱਚ, ਦੁਰਗਾ, ਪ੍ਰਭੂ ਨਹੀਂ ਹੈ।

ਤੁਮੀ ਬਰਾਹਣੀ ਹ੍ਵੈ ਹਿਰਨਾਫ ਮਾਰਿਯੋ।
ਹਰੰਨਾਕਸੰ ਸਿੰਘਣੀ ਹ੍ਵੈ ਪਛਾਰਿਓ। ਸਿੰਘਣੀ- ਨਰਸਿੰਘ ਬਣ ਕੇ।

ਛੰਦ ਨੰਬਰ 432

ਦੁਰਗਾ ਅੱਗੇ ਸ਼੍ਰੀ ਰਾਮ ਚੰਦਰ ਤੇ ਸ਼੍ਰੀ ਕ੍ਰਿਸ਼ਨ ਕੁੱਝ ਵੀ ਨਹੀਂ। ਕਿੱਡੀ ਮਹਾਨ ਹੈ ਦੁਰਗਾ! ਕਵੀ ਲਈ। ਕਵੀ ਲਈ ਤਾਂ ਅਕਾਲ ਪੁਰਖ ਵੀ ਕੱਖ ਨਹੀਂ ਹੈ।

ਤੁਮੀ ਰਾਮ ਹ੍ਵੈ ਕੈ ਦਸਾਗ੍ਰੀਵ ਖੰਡਿਓ।
ਤੁਮੀ ਕ੍ਰਿਸਨ ਹ੍ਵੈ ਕੰਸ ਕੇਸੀ ਬਿਹੰਡਿਓ।

ਦੇਖੋ ਦੁਰਗਾ ਦਾ ਪੁਜਾਰੀ ਕਵੀ ਲਿਖ ਰਿਹਾ ਹੈ ‘ਕ੍ਰਿਸ਼ਨਾਵਤਾਰ’ ਤੇ ਸਿਫ਼ਤਾਂ ਦੁਰਗਾ ਦੇਵੀ ਦੀਆਂ ਕਰਦਾ ਨਹੀਂ ਥੱਕਦਾ। ‘ਕ੍ਰਿਸ਼ਨਾਵਤਾਰ’ ਦੇ ਛੰਦ ਨੰਬਰ 5 ਤੋਂ 8 ਵਿੱਚ ਵੀ ਦੁਰਗਾ ਦੇਵੀ ਦੀ ਸਿਫ਼ਤਿ ਲਿਖ ਚੁੱਕਾ ਹੈ। ਸ਼ਯਾਮ ਕਵੀ ਦੇਵੀ ਦੀਆਂ ਸਿਫ਼ਤਾਂ ਕਰ ਕੇ ਦੇਵੀ ਕੋਲੋਂ ਜਿਨ੍ਹਾਂ ਬੋਲਾਂ ਰਾਹੀਂ ਆਪ ਕਿਰਪਾ ਮੰਗਦਾ ਹੈ, ਉੇਹ ਬੋਲ ਸਿੱਖ ਰਾਗੀ ਜਥੇ ਬੜੇ ਹੰਕਾਰ{ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨੂੰ ਖੰਡਣ ਕਰਕੇ} ਨਾਲ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜ੍ਹਦੇ ਨਹੀਂ ਰੱਜਦੇ। ਪਤਾ ਨਹੀਂ ਕਿਹੜੇ ਭੜੂਏ ਤੋਂ ਉਨ੍ਹਾਂ ਸੁਣ ਕੇ ਮੰਨ ਲਿਆ ਕਿ ਇਹ ਮੰਗਣਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਮੰਗਦੇ ਪਏ ਹਨ।

ਏਨੀ ਨਿਰਾਦਰੀ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੀ, ਤੇ ਉਹ ਵੀ ਸੱਚੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤੀ ਜਾ ਰਹੀ ਹੈ, ਕਿ ਸੁਣਨ ਵਾਲ਼ਿਆ ਦੇ ਕੰਨ ਤੇ ਜੂੰ ਵੀ ਨਹੀਂ ਸਰਕਦੀ ਤੇ ਸਤਿ ਸਤਿ ਕਰਕੇ ਰਾਗੀਆਂ ਦੀ ਵਾਹ! ਵਾਹ! ਕਰੀ ਜਾ ਰਹੇ ਹਨ। ਕਾਸ਼! ਰਾਗੀ ਸੱਜਣ ਅਤੇ ਸਿੱਖ ਸੰਗਤਾਂ ਨੇ ਖ਼ੁਦ ‘ਕ੍ਰਿਸ਼ਨਾਵਤਾਰ’ ਰਚਨਾ ਦੇ ਅਰਥ ਪੜ੍ਹੇ ਹੁੰਦੇ।

ਸ਼ਯਾਮ ਕਵੀ ਦੁਰਗਾ ਤੋਂ ਜੋ ਮੰਗਦਾ ਹੈ ਉਹ ਛੰਦ ਨੰਬਰ 433 ਤੋਂ 440 ਤਕ ਬਿਆਨ ਕੀਤਾ ਹੈ। ਅਖੀਰ ਤੇ ਸ਼ਯਾਮ ਲਿਖਦਾ ਹੈ-‘ਇਤਿ ਸ੍ਰੀ ਦੇਵੀ ਉਸਤਤਿ ਸਮਾਪਤੰ’। ਸ਼ਯਾਮ ਕਵੀ ਖ਼ੁਦ ਹੀ ਲਿਖਦਾ ਹੈ ਕਿ ਉਸ ਨੇ ਦੇਵੀ ਦੀ ਸਿਫ਼ਤਿ ਕੀਤੀ ਹੈ। ਸਾਡੇ ਰਾਗੀ ਸੱਜਣ ਕਹਿੰਦੇ ਹਨ ਕਿ ਕਵੀ ਝੂਠ ਬੋਲਦਾ ਹੈ; ਕਵੀ ਨੇ ਤਾਂ ਰੱਬ ਦੀ ਸਿਫ਼ਤਿ ਕੀਤੀ ਹੈ। ਰਾਗੀ ਸੱਜਣ ਸ਼ਯਾਮ ਕਵੀ ਦੀ ਦੁਰਗਾ ਮਾਤਾ ਨੂੰ ਆਪੂੰ ਹੀ ਅਕਾਲ ਪੁਰਖ ਤੇ ਸ਼ਯਾਮ ਕਵੀ ਨੂੰ ਦਸਮ ਪਾਤਿਸ਼ਾਹ ਮੰਨੀ ਬੈਠੇ ਹਨ ਤੇ ਕਵੀ ਦੇ ਲਿਖੇ ਤੱਥ ਨੂੰ ਵੀ ਝੂਠ ਦੱਸ ਰਹੇ ਹਨ।

ਨੋਟ: ਜ਼ਰਾ ਗ਼ੌਰ ਨਾਲ਼ ਛੰਦ ਨੰਬਰ 432 ਦਾ ਟਾਕਰਾ ‘ਵਾਰ ਦੁਰਗਾ ਕੀ’ ਦੀ ਦੂਜੀ ਪਉੜੀ ਨਾਲ਼ ਕਰ ਕੇ ਦੇਖੋ:

ਤੈਥੋ ਹੀ ਬਲ ਰਾਮ ਲੈ ਨਾਲ਼ ਬਾਣਾ ਦਹਸਿਰ ਘਾਇਆ।
ਤੈਥੋ ਹੀ ਬਲ ਕ੍ਰਿਸਨ ਲੈ ਕੰਸ ਕੇਸੀ ਪਕੜ ਗਿਰਾਇਆ। (ਵਾਰ ਦੁਰਗਾ ਕੀ)

‘ਤੈਥੋ’ ਸ਼ਬਦ ਦਾ ਅਰਥ ਉਹੀ ਹੈ ਜੋ ਛੰਦ ਨੰਬਰ 432 ਵਿੱਚ ਹੈ, ਭਾਵ, ਦੁਰਗਾ ਤੋਂ ਹੀ ਸ਼੍ਰੀ ਰਾਮ ਚੰਦਰ ਅਤੇ ਸ਼੍ਰੀ ਕ੍ਰਿਸ਼ਨ ਨੇ ਲੜਨ ਦੀ ਹਿੰਮਤ ਲਈ ਨਹੀਂ ਤਾਂ ਇਹ ਵਿਚਾਰੇ ਕੌਣ ਸਨ। ਕਿਸੇ ਤਰ੍ਹਾਂ ਵੀ ‘ਤੈਥੋ’ ਸ਼ਬਦ ਦਾ ਅਰਥ ਅਕਾਲ ਪੁਰਖ ਨਹੀਂ ਬਣਦਾ। ਦੁਰਗਾ ਪੂਜਕਾਂ ਨੇ ਜ਼ਰੂਰ ਇਸ ਦੇ ਅਰਥ ਅਕਾਲ ਪੁਰਖ ਕੀਤੇ ਹਨ ਜੋ ਅਸੰਗਤ ਹਨ’

ਕੀ ਮੰਗਿਆ ਹੈ ਸ਼ਯਾਮ ਨੇ, ਜ਼ਰਾ ਦੇਖੋ-

ਛੰਦ ਨੰਬਰ 433- ਮਛਣੀ, ਕਛਣੀ, ਬੈਸਨਵੀ, ਭਵਾਨੀ, ਬ੍ਰਾਹਣੀ, ਕ੍ਰਿਪਾਣੀ, ਦਾਨਵੀ, ਦੇਵਣੀ, ਜਛਣੀ, ਕਿੰਨ੍ਰਣੀ, ਜੋਗ ਮਾਇਆ, ਕਾਲਿਕਾ, ਜਾਲਪਾ, ਰਾਜਧਾਨੀ, ਈਸਵਰੀ, ਅਸਤ੍ਰਣੀ, ਸਸਤ੍ਰਣੀ, ਅੰਬਿਕਾ, ਜੰਭ ਹੰਤੀ, ਸੀਤਲਾ, ਤੋਤਲਾ, ਰਿਸਟਣੀ, ਪੁਸਟਣੀ, ਭੂਤੇਸਨਵਰੀ, ਖੇਚਰਣੀ, ਭੂਪਣੀ, ਹਿੰਗੁਲਾ, ਪਿੰਗੁਲਾ ਦੁਰਗਾ ਮਾਈ ਤੋਂ ਰੱਖਿਆ ਲਈ ਕਵੀ ਸ਼ਯਾਮ ਦੀ ਬੇਨਤੀ ਸੁਣੋ ਜੋ ਕਈ ਰਾਗੀ ਜਥੇ ਬੜੇ ਮਾਣ ਹੰਕਾਰ ਨਾਲ਼ ਦਸਵੇਂ ਪਾਤਿਸ਼ਾਹ ਵਲੋਂ ਕੀਤੀ ਮੰਨ ਕੇ ਅਗਿਆਨਤਾ ਕਾਰਣ ਗਾਉਂਦੇ ਹਨ।

ਦਾਸ ਜਾਨ ਕਰਿ ਦਾਸ ਪਰ ਕੀਜੈ ਕ੍ਰਿਪਾ ਅਪਾਰ।
ਆਪ ਹਾਥ ਦੇ ਰਾਖ ਮੁਹਿ ਮਨ ਬਚ ਕ੍ਰਮ ਬਿਚਾਰਿ।

ਛੰਦ ਨੰਬਰ 434- ਕਵੀ ਸ਼ਯਾਮ ਦੁਰਗਾ ਤੋਂ ਉੱਪਰ ਗਣੇਸ਼, ਸ਼੍ਰੀ ਕ੍ਰਿਸ਼ਣ ਅਤੇ ਵਿਸ਼ਣੂ ਨੂੰ ਨਹੀਂ ਮੰਨਦਾ{ ਕੋਈ ਪੁੱਛਣ ਵਾਲ਼ਾ ਹੋਵੇ ਕਿ ਜੇ ਸ਼ਯਾਮ ਕਵੀ ਦੀ ਸ਼੍ਰੀ ਕ੍ਰਿਸ਼ਣ ਉੱਤੇ ਕੋਈ ਸ਼ਰਧਾ ਹੀ ਨਹੀਂ ਹੈ ਤਾਂ ਉਸ ਨੂੰ ਐੱਡੀ ਲੰਬੀ ਚੌੜੀ ਗਾਥਾ ‘ਕ੍ਰਿਸ਼ਨਾਵਤਾਰ’,ਭਾਵ, ਕ੍ਰਿਸ਼ਨ ਲੀਲ੍ਹਾ ਲਿਖਣ ਦੀ ਕੀ ਲੋੜ ਪੈ ਗਈ?}

ਮੈ ਨ ਗਨੇਸਹਿ ਪ੍ਰਿਥਮ ਮਨਾਊ। ਕਿਸਨ ਬਿਸਨ ਕਬਹੂ ਨ ਧਿਆਊ।
ਕਾਨ ਸੁਨੇ ਪਹਿਚਾਨ ਨ ਤਿਨ ਸੋ। ਲਿਵ ਲਾਗੀ ਮੇਰੀ ਪਗ ਇਨ ਸੋ।

ਨੋਟ: ਕਵੀ ਸ਼ਯਾਮ ਕਿੰਨਾਂ ਝੂਠ ਬੋਲ ਰਿਹਾ ਹੈ। ਕਹਿੰਦਾ ਹੈ -ਮੈਂ ਤਾਂ ਸ਼੍ਰੀ ਕ੍ਰਿਸ਼ਣ ਨੂੰ ਪਛਾਣਦਾ ਵੀ ਨਹੀਂ ਕਿ ਉਹ ਕੌਣ ਹੈ? ਅਖੇ ਮੇਰੀ ਤਾਂ ਲਿਵ ਹੀ ਦੁਰਗਾ ਦੇ ਚਰਨਾ ਨਾਲ਼ ਲੱਗੀ ਹੋਈ ਹੈ। ਕਮਾਲ ਹੈ! ਜੇ ਕਵੀ ਸ਼੍ਰੀ ਕ੍ਰਿਸ਼ਣ ਨੂੰ ਪਛਾਣਦਾ ਵੀ ਨਹੀਂ ਤਾਂ ਉਹ ‘ਕ੍ਰਿਸ਼ਣ ਲੀਲ੍ਹਾ’ ਕਿਵੇਂ ਲਿਖ ਰਿਹਾ ਹੈ?

ਛੰਦ ਨੰਬਰ 435- ਸ਼ਯਾਮ ਕਵੀ ਨੂੰ ਹੁਣ ਸ਼ਿਵ ਜੀ ਦੇ ਜੋਤ੍ਰਿਲਿੰਗਮ ਮਹਾਕਾਲ਼ ਦਾ ਚੇਤਾ ਵੀ ਆ ਗਿਆ ਤੇ ਦੁਰਗਾ ਦੀ ਥਾਂ ਮਹਾਂਕਾਲ਼ ਦੀ ਸਿਫ਼ਤਿ ਕਰਦਾ ਹੈ। ਇਹਨੂੰ ਕਹਿੰਦੇ ਆ ‘ਦੋ ਬੇੜੀਆਂ ਵਿੱਚ ਪੈਰ ਰੱਖਣਾ’ ਜੋ ਕਵੀ ਸ਼ਯਾਮ ਹੀ ਰੱਖ ਸਕਦਾ ਹੈ; ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨਹੀਂ।

ਮਹਾਕਾਲ ਰਖਵਾਰ ਹਮਾਰੋ। ਮਹਾ ਲੋਹ ਮੈ ਕਿੰਕਰ ਥਾਰੋ।
ਅਪੁਨਾ ਜਾਨਿ ਕਰੋ ਰਖਵਾਰ। ਬਹ ਗਹੇ ਕੀ ਲਾਜ ਬਿਚਾਰਿ।

ਰਾਗੀ ਸੱਜਣੋ!

ਕੁਝ ਭੈ ਕਰੋ ਗੁਰੂ ਦਾ। ਸ਼ਯਾਮ ਕਵੀ ਦਾ ਰਾਖਾ ਤਾਂ ਮਹਾਂਕਾਲ਼ ਹੋ ਸਕਦਾ ਹੈ ਪਰ ਗੁਰੂ ਪਾਤਿਸ਼ਾਹ ਦਾ ਨਹੀਂ। ਤੁਸੀਂ ਇਹ ਰਚਨਾ ਗਾ ਕੇ ਸਾਬਤ ਕਰ ਰਹੇ ਹੋ ਕਿ ਦਸਵੇਂ ਪਾਤਿਸ਼ਾਹ ਮਹਾਂਕਾਲ਼ ਦੇ ਸਾਮ੍ਹਣੇ ‘ਕਿੰਕਰ’ ਹਨ। ਲਓ ਪੜ੍ਹੋ- – ‘ਕਿੰਕਰ’ ਸੰਸਕ੍ਰਿਤ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ- ਸੁਆਮੀ ਲਈ ਨੀਚ ਤੇ ਨਿੰਦਤ ਕਰਮ ਕਰਨ ਵਾਲ਼ਾ,ਭਾਵ, ਤੁਸੀਂ ਮਹਾਂਕਾਲ਼ ਅੱਗੇ ਗੁਰੂ ਜੀ ਨੂੰ ਨੀਚ ਤੇ ਨਿੰਦਤ ਕਰਨ ਵਾਲ਼ੇ ਸੇਵਕ ਸਾਬਤ ਕਰ ਰਹੇ ਹੋ ਤੇ ਮਹਾਂਕਾਲ਼ ਦਾ ਸੇਵਕ ਉਹ ਹੁੰਦਾ ਹੈ ਜੋ ਭੰਗ ਸ਼ਰਾਬ ਆਦਿਕ ਨਸ਼ੇ ਨਿਸੰਗ ਵਰਤਦਾ ਹੈ।

ਪੜ੍ਹੋ ਪ੍ਰਮਾਣ ਦਸਮ ਗ੍ਰੰਥ ਦਾ ਤ੍ਰਿਯ ਚਰਿਤ੍ਰ ਨੰਬਰ 266 ਵਿੱਚ:

ਇਹ ਛਲ ਸੋ ਮਿਸਰਿਹ ਛਲਾ ਪਾਹਨ ਦਏ ਬਹਾਇ।
ਮਹਾਕਾਲ ਕੋ ਸਿਖਯ ਕਰਿ ਮਦਰਾ ਭਾਂਗ ਪਿਲਾਇ।

ਦੇਖਿਆ! ਸੁਮਤਿ ਸੈਨ ਰਾਜੇ ਦੀ ਧੀ ਰਨਖੰਭਕਲਾ ਨੇ ਇਕ ਪੰਡਿਤ ਨੂੰ, ਜਿਸ ਦੀ ਉਹ ਵਿਦਿਆਰਥਣ ਸੀ,ਛਲ਼ ਕਪਟ ਦਿਖਾ ਕੇ, ਉਸ ਨੂੰ ਉਸਦੇ ਧਰਮ ਤੋਂ ਗਿਰਾ ਕੇ ਮਹਾਂਕਾਲ਼ ਦਾ ਸਿੱਖ ਬਣਾ ਕੇ ਭੰਗ ਤੇ ਸ਼ਰਾਬ ਪਿਲ਼ਾਈ। ਇਹ ਹੈ ਨਾ ਦਸਮ ਗ੍ਰੰਥ ਦੀ ਕਰਾਮਤ!

ਛੰਦ ਨੰਬਰ 436- ਕਵੀ ਸ਼ਯਾਮ ਦੀ ਸਿੱਖਾਂ ਨੂੰ ਦਿੱਤੀ ਜ਼ਹਰ ਦੇਖੋ।
ਅਪੁਨਾ ਜਾਨ ਮੁਝੇ ਪ੍ਰਤਿਪਰੀਐ। ਚੁਨਿ ਚੁਨਿ ਸਤ੍ਰ ਹਮਾਰੇ ਮਰੀਯੈ।
ਦੇਗ ਤੇਗ ਜਗ ਮੈ ਦੋਊ ਚਲੈ। ਰਾਖ ਆਪ ਮੁਹਿ ਅਉਰ ਨ ਦਲੈ।

ਨੋਟ: ‘ਦੇਗ਼ ਤੇਗ’ ਸ਼ਯਾਮ ਕਵੀ ਦੀ ਮੰਗ ਨੂੰ ਸਿੱਖਾਂ ਨੇ ਵੀ ਅਪਨਾ ਲਿਆ। ਗੁਰਮਤਿ ਅਨੁਸਾਰ ਰੱਬ ਨੇ ਸਦਾ ਲਈ ਜੀਵਾਂ ਦਾ ਰਿਜ਼ਕ ਇੱਕੋ ਵਾਰੀ ਦੇ ਦਿੱਤਾ ਹੈ; ਯਥਾ- ਆਸਣੁ ਲੋਇ ਲੋਇ ਭੰਡਾਰ॥ਜੋ ਕਿਛੁ ਪਾਇਆ ਸੋ ਏਕਾ ਵਾਰ॥ ਸੋ ਦੇਗ ਚਲਦੀ ਰਹਿਣ ਦੀ ਮੰਗ ਦੀ ਕੋਈ ਤੁਕ ਨਹੀਂ ਜੋ ਪਹਿਲਾਂ ਹੀ ਰੱਬੀ ਆਗਿਆ ਵਿੱਚ ਚੱਲ ਰਹੀ ਹੈ। ਦੂਜੀ ਮੰਗ ਹੈ ‘ਤੇਗ਼’ ਚਲਣ ਦੀ। ਕਵੀ ਚਾਹੁੰਦਾ ਹੈ ਕਿ ਲੜਾਈਆਂ ਹੁੰਦੀਆਂ ਰਹਿਣ ਤਾਂ ਜੁ ਤਲਵਾਰ ਵੀ ਖੜਕਦੀ ਰਹੇ। ਏਸੇ ਮੰਗ ਸਦਕਾ ਅੱਜ ਸਿੱਖਾਂ ਦੀਆਂ ਤਲਵਾਰਾਂ ਸਿੱਖਾਂ ਉੱਤੇ ਹੀ ਚਲ ਰਹੀਆਂ ਹਨ ਭਾਵੇਂ ਸਿੱਖ ਸ਼੍ਰੀ ਅਕਾਲ ਤਖ਼ਤ ਜੈਸੇ ਪਵਿੱਤ੍ਰ ਸਥਾਨ ਤੇ ਜਾ ਕੇ ਵੀ ਕਿਉਂ ਨਾ ਚਲਾਉਣ। ਸ਼ਾਂਤੀ ਤੇ ਸਦਭਾਵਨਾ ਦੀ ਥਾਂ ਕਲ਼ੇਸ਼ ਵਧ ਗਏ ਹਨ ਕਿਉਂਕਿ ਤਲਵਾਰ ਜੂ ਚਲਦੀ ਰੱਖਣੀ ਹੈ। ਇਹ ਸ਼ਯਾਮ ਕਵੀ ਦੀ ਦਿੱਤੀ ਹੋਈ ਜ਼ਹਰ ਹੈ।

ਸ਼ਾਮ ਦੇ ਪਾਠ ਵਿੱਚ ਵਾਧੂ ਜੋੜੀ ‘ਕਬਿਯੋ ਬਾਚ ਬੇਨਤੀ ਚੌਪਈ’ ਵਿੱਚ ਕਵੀ ਲਿਖਦਾ ਹੈ:

ਅਪਨਾ ਜਾਨ ਕਰੋ ਪ੍ਰਤਿਪਾਰਾ।1।
ਚੁਨਿ ਚਨਿ ਸਤ੍ਰ ਹਮਾਰੇ ਮਾਰੀਅਹਿ।4।

ਕ੍ਰਿਸ਼ਨਾਵਤਾਰ ਵਿੱਚ ਸ਼ਯਾਮ ਕਵੀ ਲਿਖਦਾ ਹੈ:

ਅਪਨਾ ਜਾਨ ਮੁਝੇ ਪ੍ਰਤਿਪਰੀਐ।
ਚੁਨਿ ਚੁਨਿ ਸਤ੍ਰ ਹਮਾਰੇ ਮਰੀਯੈ।

ਤੁਲਨਾਤਮਕ ਅਧਿਐਨ ਕਰਨ 'ਤੇ ਸਿੱਟਾ ਇਹ ਨਿਕਲ਼ਦਾ ਹੈ ਕਿ ਦੋਵੇਂ ਰਚਨਾਵਾਂ ਕਵੀ ਸ਼ਯਾਮ ਦੀਆਂ ਲਿਖੀਆਂ ਹੋਈਆਂ ਹਨ। ਬੇਨਤੀ ‘ਕ੍ਰਿਸ਼ਨਾਵਤਾਰ’ ਵਿੱਚ ਵੀ ਮਹਾਂਕਾਲ਼ ਅੱਗੇ ਹੈ ਤੇ ਸ਼ਾਮ ਦੇ ਪਾਠ ਦੀ ‘ਬੇਨਤੀ ਚੌਪਈ’ ਵੀ ਮਹਾਂ ਕਾਲ਼ ਅੱਗੇ ਉਚਾਰੀ ਹੈ। ‘ਬਾਚ’ ਸ਼ਬਦ ਨੂੰ ਕਵੀ ਸ਼ਯਾਮ ਨੇ ‘ਕ੍ਰਿਸਨਤਵਤਾਰ’ ਵਿੱਚ ਵਾਰ-ਵਾਰ ਵਰਤਿਆ ਹੈ ਜਿਵੇਂ; ਰਾਧੇ ਬਾਚ, ਦੂਤੀ ਬਾਚ, ਕਾਨ੍ਹ ਜੂ ਬਾਚ, ਊਧਵ ਬਾਚ, ਗੋਪਿਨ ਬਾਚ, ਅਕ੍ਰੂਰ ਬਾਚ। ਇਸੇ ਢੰਗ ਨਾਲ਼ ਸ਼ਯਾਮ ਨੇ ਹੀ ‘ਕਬਿਯੋ ਬਾਚ’ ਸ਼ਬਦ ਸ਼ਾਮ ਦੇ ਪਾਠ ਵਿੱਚ ਵਾਧੂ ਜੋੜੀ ਚੌਪਈ ਵਿੱਚ ਵਰਤੇ ਹਨ । ਕਵੀ ਸ਼ਯਾਮ ਦੀ ਮੁਹਰ ਛਾਪ ਦੇਖੋ ‘ਕ੍ਰਿਸਨਾਵਤਾਰ’ ਵਿੱਚ:

ਕਵਿ ਸਯਾਮ ਕਹੈ ਤੁਮਰੈ ਜੀ ਜੈਸੇ (ਛੰਦ ਨੰਬਰ 1980)
ਸਯਾਮ ਭਨੈ ਤਿਹ ਰੰਚ ਨ ਦੀਨੋ (ਛੰਦ ਨੰਬਰ 2408)

ਛੰਦ ਨੰਬਰ 437- ਮਹਾਂਕਾਲ਼ ਅੱਗੇ ਬੇਨਤੀ ਹੈ:

ਤੁਮ ਮਮ ਕਰਹੁ ਸਦਾ ਪ੍ਰਤਿਪਾਰਾ। ਤੁਮ ਸਾਹਿਬ ਮੈ ਦਾਸ ਤਿਹਾਰਾ।
ਜਾਨਿ ਆਪਨਾ ਮੁਝੇ ਨਿਵਾਜ। ਆਪਿ ਕਰੋ ਹਮਰੇ ਸਭ ਕਾਜ।

ਨੋਟ: ‘ਹੂ ਜੋ ਸਦਾ ਹਮਾਰੇ ਪੱਛਾ’ ਦਾ ਭਾਵ ਉਹੀ ਹੈ ਜੋ ਉਪਰੋਕਤ ਛੰਦ ਵਿੱਚ ਹੈ। ‘ਹਮਰੀ ਕਰੋ ਹਾਥ ਦੇ ਰਛਾ’ ਚੌਪਈ ਦੀ ਤਰਜ਼ ਤੇ ਹੀ ਇਹ ਚੌਪਈ ਲਿਖੀ ਹੋਈ ਹੈ। ਮਹਾਂਕਾਲ਼ ਅੱਗੇ ਹੀ ਬੇਨਤੀ ਹੈ।
ਛੰਦ ਨੰਬਰ 438- ਮਹਾਂਕਾਲ਼ ਅੱਗੇ ਕੀਤੀ ਬੇਨਤੀ ਹੈ।

ਤੁਮ ਹੋ ਸਭ ਰਾਜਨ ਕੇ ਰਾਜਾ। ਆਪੇ ਆਪੁ ਗਰੀਬ ਨਿਵਾਜਾ।
ਦਾਸ ਜਾਨ ਕਰਿ ਕ੍ਰਿਪਾ ਕਰਹੁ ਮੁਹਿ। ਹਾਰ ਪਰਾ ਮੈ ਆਨਿ ਦਵਾਰਿ ਤੁਹਿ।

ਸ਼ਯਾਮ ਕਵੀ, ਦੇਹਧਾਰੀ ਮਹਾਂਕਾਲ਼ ਨੂੰ ਰਾਜਿਆਂ ਦਾ ਰਾਜਾ, ਗ਼ਰੀਬ ਨਵਾਜ਼ ਅਦਿਕ ਮੰਨ ਕੇ ਬੇਨਤੀ ਕਰਦਾ ਹੈ। ਗੁਰੂ ਗ੍ਰੰਥ ਸਾਹਿ਼ਬ ਇਸ ਨਾਲ਼ ਸਹਿਮਤ ਨਹੀਂ ਹਨ।

ਛੰਦ ਨੰਬਰ 439

ਅਪੁਨਾ ਜਾਨਿ ਕਰਹੁ ਪ੍ਰਤਿਪਾਰਾ। ਤੁਮ ਸਾਹਬ ਮੈ ਕਿੰਕਰ ਥਾਰਾ।
ਦਾਸ ਜਾਨਿ ਕੈ ਹਾਥਿ ਉਬਾਰੋ। ਹਮਰੇ ਸਭ ਬੈਰੀਅਨ ਸੰਘਾਰੋ।

ਨੋਟ: ਦਸਵੇਂ ਪਾਤਿਸ਼ਾਹ ਜੀ ਨੂੰ ਤਾਂ ਵੈਰੀਆਂ ਦੇ ਹਮਲੇ ਸਮੇਂ ਆਪ ਮੈਦਾਨੇ ਜੰਗ ਵਿੱਚ ਜਾਣਾ ਪਿਆ। ਸ਼ਯਾਮ ਕਵੀ ਦੇ ਪਤਾ ਨਹੀਂ ਕਿੰਨੇ ਕੁ ਵੈਰੀ ਹੋਣਗੇ ਜਿਨ੍ਹਾਂ ਨੂੰ ਮਾਰਨ ਲਈ ਉਹ ਦੇਹਧਾਰੀ ਮਹਾਂਕਾਲ਼ ਅੱਗੇ ਲਿਲਕੜੀਆਂ ਕੱਢਦਾ ਹੈ। ਗੁਰੂ ਲਈ ਕੋਈ ਵੀ ਵੈਰੀ ਨਹੀਂ ਹੈ। ਆਤਮ ਰੱਖਿਆ ਲਈ ਹੀ ਗੁਰੂ ਜੀ ਨੇ ਸ਼ਸਤ੍ਰ ਚੁੱਕੇ ਸਨ, ਕਿਸੇ ਨੂੰ ਵੈਰੀ ਸਮਝ ਕੇ ਕਦੇ ਕਿਸੇ ਉੱਤੇ ਪਹਿਲਾਂ ਹਮਲਾ ਨਹੀਂ ਕੀਤਾ। ‘ਕਬਿਯੋ ਬਾਚ ਬੇਨਤੀ ਚੌਪਈ’ ਨਾਲ਼ ਇਸ ਚੌਪਈ ਦੇ ਵਿੱਚਾਰ ਮਿਲ਼ਦੇ ਹਨ। ਲਿਖਤਾਂ ਇਹ ਸ਼ਯਾਮ ਕਵੀ ਦੀਆਂ ਹਨ।

ਛੰਦ ਨੰਬਰ 440

ਪ੍ਰਥਮ ਧਰੋ ਭਗਵਤ ਕੋ ਧ੍ਹਆਨਾ। ਬਹੁਰਿ ਕਰੋ ਕਬਿਤਾ ਬਿਧਿ ਨਾਨਾ।
ਕ੍ਰਿਸਨ ਜਥਾ ਮਤਿ ਚਰਿਤ੍ਰ ਉਚਾਰੋ। ਚੂਕ ਹੋਇ ਕਬਿ ਲੇਹੁ ਸੁਧਾਰੋ।

ਨੋਟ: ਕਵੀ ਸ਼ਯਾਮ ਪਹਿਲਾਂ ਭਗਵਤੀ ਦੇਵੀ (ਦੁਰਗਾ ਦੇਵੀ) ਦਾ ਧਿਆਨ ਧਰ ਕੇ ਸ਼੍ਰੀ ਕ੍ਰਿਸ਼ਨ ਦੀ ਕਥਾ ਲਿਖਦਾ ਹੈ ਤੇ ਕਹਿੰਦਾ ਹੈ ਕਿ ਕਵੀ ਜਨੋ ਜੇ ਕਿਤੇ ਗ਼ਲਤ਼ ਲਿਖਿਆ ਹੈ ਤਾਂ ਆਪ ਹੀ ਸੁਧਾਰ ਕਰ ਲਿਓ। ਗੁਰੂ ਜੀ ਦੀ ਲਿਖਤ ਸੰਪੂਰਨ ਹੁੰਦੀ ਹੈ ਤੇ ਕਦੇ ਕਿਸੇ ਬਾਣੀਕਾਰ ਨੇ ਇਹ ਨਹੀਂ ਕਿਹਾ ਕਿ ਰਚਨਾਂ ਦੀਆਂ ਗ਼ਲਤ਼ੀਆਂ ਵੀ ਹਨ ਤੇ ਪੜ੍ਹਨ ਵੇਲੇ ਠੀਕ ਕਰ ਲਿਓ। ਸਪੱਸ਼ਟ ਹੈ ਕਿ ਗ਼ਲਤ਼ੀਆਂ ਸ਼ਯਾਮ ਕਵੀ ਨੇ ਹੀ ਕੀਤੀਆਂ ਹਨ ਜਿਨ੍ਹਾਂ ਨੂੰ ਠੀਕ ਕਰਨ ਲਈ ਉਹ ਹੋਰ ਕਵੀਆਂ ਨੂੰ ਕਹਿੰਦਾ ਹੈ।

ਛੰਦ ਨੰਬਰ 440 ਕਵੀ ਸ਼ਯਾਮ ਵਲੋਂ ਲਿਖੇ ਸੰਦੇਸ਼ ਦਾ ਸਾਰਾ ਭੇਦ ਖੋਲ੍ਹ ਰਿਹਾ ਹੈ । ਸੰਦੇਸ਼ ਕੀ ਹੈ? ਲਓ ਪੜ੍ਹੋ:

ਇਤਿ ਸ੍ਰੀ ਦੇਵੀ ਉਸਤਤਿ ਸਮਾਪਤੰ। ਇਹ ਲਿਖ ਕੇ ਕਵੀ ਰਾਸਿ ਮੰਡਲ ਲਿਖਣੀ ਸ਼ੁਰੂ ਕਰਦਾ ਹੈ।

ਸਿੱਟਾ:
ਕ੍ਰਿਸਨਾਵਤਾਰ ਦੇ ਛੰਦ ਨੰਬਰ 221 ਤੋਂ 440 ਤਕ ਸ਼ਯਾਮ ਕਵੀ ਨੇ ਦੁਰਗਾ ਦੇਵੀ ਦੀ ਸਿਫ਼ਤਿ ਕੀਤੀ ਹੈ ਜਿਸਦੀ ਪ੍ਰੋੜਤਾ ਉਸ ਦੀ ਇਹੀ ਲਿਖਤ ਖ਼ੁਦ ਕਰਦੀ ਹੈ। ਇਹ ਵੱਖਰੀ ਗੱਲ ਹੈ ਕਿ ਕਾਂਟਾ ਬਦਲ ਕੇ ਉਹ ਦੇਹਧਾਰੀ ਮਹਾਂਕਾਲ਼ ਨੂੰ ਵੀ ਸ਼ਾਮਲ ਕਰ ਲੈਂਦਾ ਹੈ ਜਿੱਸ ਅੱਗੇ ਉਹ ਕਈ ਮੰਗਾਂ ਰੱਖਦਾ ਹੈ। ਪਰ ਅਰੰਭ ਵੀ ਦੇਵੀ ਦੀ ਉਸਤਤਿ ਨਾਲ਼ ਕਰਦਾ ਹੈ ਤੇ ਅਖ਼ੀਰ ਵਿੱਚ ਲਿਖਦਾ ਹੈ ਕਿ ਦੇਵੀ ਉਸਤਤਿ ਸਮਾਪਤ ਹੁੰਦੀ ਹੈ।

ਗੁਰੂ ਕੀਆਂ ਸੰਗਤਾਂ ਅਤੇ ਗੁਰਦੁਆਰਾ ਕਮੇਟੀਆਂ ਆਪ ਦਸਮ ਗ੍ਰੰਥ ਦੀਆਂ ਰਚਨਾਵਾਂ ਦੇ ਅਰਥ ਪੜ੍ਹਨ ਅਤੇ ਸੁਚੇਤ ਹੋ ਕੇ ਦਸਾਂ ਪਾਤਿਸ਼ਾਹੀਆਂ ਦੀ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹਨਾਂ ਰਚਨਾਵਾਂ ਦੇ ਗਾਇਨ ਨਾਲ਼ ਹੁੰਦੀ ਨਿਰਾਦਰੀ ਨੂੰ ਰੋਕਣ ਲਈ ਸ਼ਾਂਤ ਮਈ ਢੰਗ ਨਾਲ਼ ਤੱਤਪਰ ਹੋਣ। ਨਿਮਰਤਾ ਦਾ ਪੱਲਾ ਫੜ ਕੇ ਪਿਆਰ ਨਾਲ਼ ਰਾਗੀ ਸਿੱਖ ਭਰਾਵਾਂ ਨੂੰ ਸਮਝਾਉਣ। ਇਸ ਕੰਮ ਲਈ ਅਜਿਹੀਆਂ ਲਿਖਤਾਂ ਦੇ ਅਰਥ ਪ੍ਰਿੰਟ ਕਰਕੇ ਕਾਪੀਆਂ ਬਹੁ ਗਿਣਤੀ ਵਿੱਚ ਸਿੱਖ ਸੰਗਤਾਂ ਵਿੱਚ ਵੰਡੀਆਂ ਜਾਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ - ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top