Share on Facebook

Main News Page

ਨਵਜੋਤ ਸਿੱਧੂ ਨੇ ਹਰਿਆਣਾ ਚੋਣ ਮੁਹਿੰਮ ਦੌਰਾਨ ਅਕਾਲੀ ਨੇਤਾਵਾਂ ਨੂੰ ਲਾਏ ਰਗੜੇ - ਲੋਟੂ, ਧੱਕੜ ਅਤੇ ਧੋਖੇਬਾਜ਼ ਦਿਤਾ ਕਰਾਰ

ਡੱਬਵਾਲੀ, 8 ਅਕਤੂਬਰ 2014- ਅੰਮ੍ਰਿਤਸਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਪੰਜਾਬ ‘ਚ ਅਕਾਲੀ-ਭਾਜਪਾ ਗੱਠਜੋੜ ਦੀ ਭਾਈਵਾਲੀ ‘ਚ ਦਰਾੜਾਂ ਨੂੰ ਜੱਗਜ਼ਾਹਰ ਕਰਦਿਆਂ ਇਸ ਖਿੱਚੋਤਾਣ ‘ਤੇ ‘ਪੱਕੀ ਮੋਹਰ’ ਲਗਾ ਦਿੱਤੀ ਹੈ। ਸਿੱਧੂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਹੁਣ ਸਿਰਫ਼ ਭਾਂਡਾ ਫੁਟਣਾ ਬਾਕੀ ਹੈ।

ਅੱਜ ਇੱਥੇ ਦਾਣਾ ਮੰਡੀ ਵਿੱਚ ਭਾਜਪਾ ਉਮੀਦਵਾਰ ਦੇਵ ਕੁਮਾਰ ਸ਼ਰਮਾ ਦੇ ਹੱਕ ‘ਚ ਜਨ ਅਧਿਕਾਰ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਰਵਾਇਤੀ ਸ਼ਾਇਰਾਨਾ ਅੰਦਾਜ਼ ਵਿੱਚ ਬਿਨਾਂ ਨਾਂ ਲਏ ਹਰਿਆਣੇ ‘ਚ ਅਕਾਲੀ ਦਲ-ਇਨੈਲੋ ਗੱਠਜੋੜ ਅਤੇ ਕਾਂਗਰਸ ਦੀ ਸਿੱਧੇ ਤੌਰ ‘ਤੇ ਧੂਹ-ਘੜੀਸ ਕਰਨ ਵਿੱਚ ਕੋਈ ਕਸਰ ਨਹੀਂ ਬਾਕੀ ਛੱਡੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸਾਡੇ (ਭਾਜਪਾ) ਨਾਲ ਪੱਪੀਆਂ-ਜੱਫ਼ੀਆਂ ਅਤੇ ਹਰਿਆਣੇ ‘ਚ ਕੁਸ਼ਤੀ-ਕਬੱਡੀ ਵਾਲੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚਲੇਗੀ। ਉਨ੍ਹਾਂ ਕਿਹਾ, ”ਵਾਜਪਾਈ ਸਾਬ੍ਹ ਦੀ ਕ੍ਰਿਪਾ ਕਰਕੇ ਸੱਤਾ ਵਿੱਚ ਪੱਕੇ ਹੋਏ ਲੋਕ ਹੁਣ ਸਾਡੀ ਪਿੱਠ ‘ਚ ਛੁਰੀ ਮਾਰ ਕੇ ਆਪਣੀਆਂ ਯਾਰੀਆਂ ਪੁਗਾਉਂਦੇ ਫਿਰਦੇ ਹਨ। ਇਨ੍ਹਾਂ ‘ਤੇ ਵਿਸ਼ਵਾਸ ਨਾ ਕਰਿਓ। ਮੈਂ ਇਨ੍ਹਾਂ ਨੂੰ ਜਿਤਾਉਣ ਲਈ ਤਿੰਨ-ਤਿੰਨ ਸੌ ਰੈਲੀਆਂ-ਜਲਸੇ ਕੀਤੇ, ਪਰ ਇਹ ਲੋਕ ਬਾਅਦ ‘ਚ ਅੰਮ੍ਰਿਤਸਰ ‘ਚ ਮੇਰੀ ਮਾਲ ਰੋਡ, 6 ਨੰਬਰ ਰਿਹਾਹਿਸ਼ ‘ਚ ਆਮਦ ਰੱਖਦੇ ਜਿੱਤੇ ਕੌਂਸਲਰਾਂ ਨੂੰ ਅਫਸਰਾਂ ਤੋਂ ਹਾਰਿਆ ਘੋਸ਼ਿਤ ਕਰਵਾਉਣ ਲੱਗ ਪਏ।

ਉਨ੍ਹਾਂ ਨੇ ਭੁਪਿੰਦਰ ਸਿੰਘ ਹੁੱਡਾ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਆਖਿਆ, ”ਹਰਿਆਣੇ ‘ਚ ਸੀ.ਐਲ.ਯੂ. ਦੇ ਧੰਦਾ ਖੂਬ ਚੱਲਿਆ ਸਰਕਾਰ ‘ਚ ਬੈਠੇ ਲੋਕਾਂ ਨੇ ਵਿਕਾਸ ਦੇ ਨਾਂਅ ‘ਤੇ ਗਰੀਬ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਰੋੜਾਂ ‘ਚ ਵੇਚ ਨੇ ਮੋਟਾ ਮਾਲ ਛਕਿਆ।” ਉਨ੍ਹਾਂ ਨੇ ਹਰਿਆਣਾ ‘ਚ ਨੌਜਵਾਨੀ ਨੂੰ ਨੌਕਰੀ ਤੋਂ ਵਾਂਝਾ ਰੱਖਣ ਦੇ ਦੋਸ਼ ਲਾਉਂਦਿਆਂ ਹੁੱਡਾ ਸਰਕਾਰ ਨੌਜਵਾਨ ਲਈ ਰੁਜ਼ਗਾਰ ਦੇ ਵਸੀਲੇ ਕਾਇਮ ਕਰਨ ‘ਚ ਫੇਲ੍ਹ ਸਾਬਤ ਹੋਈ। ਸਾਬਕਾ ਮੰਤਰੀ ਗਣੇਸ਼ੀ ਲਾਲ, ਭਾਜਪਾ ਉਮੀਦਵਾਰ ਦੇਵ ਕੁਮਾਰ ਸ਼ਰਮਾ, ਸਤੀਸ਼ ਕਾਲਾ ਤੇ ਮਨੋਜ ਸ਼ਰਮਾ ਨੇ ਫੁੱਲਾਂ ਦੇ ਵਿਸ਼ਾਲ ਹਾਰ ਨਾਲ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕੀਤਾ। ਹਰਦੀਪਇੰਦਰ ਸਿੰਘ ਬਾਦਲ, ਮਲਕੀਤ ਸਿੰਘ ਗੰਗਾ, ਰਾਮ ਲਾਲ ਬਾਗੜੀ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਮੀਰ ਚੰਦ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।
ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਨੇ ਲਗਪਗ 25 ਮਿੰਟ ਦੇ ਭਾਸ਼ਨ ਦੌਰਾਨ ਵੱਖ-ਵੱਖ ਤੁਕਾਂ, ਕਹਾਣੀਆਂ ਅਤੇ ਕਿੱਸਿਆਂ ਰਾਹੀਂ ਅਜਿਹਾ ਮਾਹੌਲ ਸਿਰਜਿਆ ਕਿ ਰੈਲੀ ‘ਚ ਮੌਜੂਦ ਠਾਠਾਂ ਮਾਰਦਾ ਇਕੱਠ ਪੂਰੀ ਤਰ੍ਹਾਂ ਕੀਲਿਆ ਰਿਹਾ ਅਤੇ ਲੋਕ ਤਾੜੀਆਂ ਮਾਰ ਕੇ ਸਿੱਧੂ ਦੀ ਹੌਸਲਾਅਫਜ਼ਾਈ ਕਰਦੇ ਰਹੇ।

ਕਾਲਾਂਵਾਲੀ (ਪੱਤਰ ਪ੍ਰੇਰਕ): ਭਾਜਪਾ ਆਗੂ ਅਤੇ ਸਾਬਕਾ ਐਮ.ਪੀ. ਨਵਜੋਤ ਸਿੰਘ ਸਿੱਧੂ ਨੇ ਅੱਜ ਮੰਡੀ ਕਾਲਾਂਵਾਲੀ ਵਿਖੇ ਭਾਜਪਾ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਸੀਨੀਅਰ ਭਾਜਪਾ ਆਗੂ ਪ੍ਰੋ. ਗਣੇਸ਼ੀ ਲਾਲ, ਭਾਜਪਾ ਦੇ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ, ਭਾਜਪਾ ਮਹਿਲਾ ਮੋਰਚਾ ਦੀ ਸਾਬਕਾ ਸੂਬਾ ਪ੍ਰਧਾਨ ਸ੍ਰੀਮਤੀ ਰੇਣੂ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਮੀਰ ਚੰਦ ਮਹਿਤਾ, ਪ੍ਰਦੀਪ ਰਾਤੂਸਰੀਆ ਤੇ ਹੋਰ ਆਗੂ ਹਾਜ਼ਰ ਸਨ। ਉਨ੍ਹਾਂ ਨੇ ਚੁਟਕਲੇਦਾਰ ਭਾਸ਼ਾ ‘ਚ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਬਾਦਲ ਦਾ ਪੰਜਾਬ ‘ਚ ਭਾਜਪਾ ਨਾਲ ਗੱਠਜੋੜ ਹੈ ਪਰ ਉਹ ਹਰਿਆਣਾ ਵਿੱਚ ਭਾਜਪਾ ਦੇ ਖ਼ਿਲਾਫ਼ ਚੋਣ ਲੜ ਰਿਹਾ ਹੈ। ਇਹ ਭਾਜਪਾ ਦੀ ਪਿੱਠ ਵਿੱਚ ਛੁਰਾ ਮਾਰਨ ਵਾਂਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਮੁੱਖ ਮੰਤਰੀ ਦਾ ਇੱਕ ਸਜ਼ਾ-ਪ੍ਰਾਪਤ ਵਿਅਕਤੀ ਦੇ ਨਾਲ ਖੜ੍ਹੇ ਹੋਣਾ ਕਿੰਨਾ ਕੁ ਸਾਰਥਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਪੁੱਤਰ ਮੋਹ ਵਿੱਚ ਡੁੱਬੇ ਹੋਏ ਹਨ। ਇਨ੍ਹਾਂ ਨੇ ਆਮ ਲੋਕਾਂ ਤੋਂ ਕੀ ਲੈਣਾ ਹੈ।

ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ 60 ਸਾਲ ਰਾਜ ਕਰਕੇ ਗਰੀਬਾਂ ਨੂੰ ਲੁੱਟਿਆ ਹੈ, ਪਰ ਨਾਅਰਾ ਸਦਾ ‘ਗ਼ਰੀਬੀ ਹਟਾਓ’ ਦਾ ਹੀ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਗਰੀਬੀ ਤਾਂ ਨਹੀਂ ਹਟਾਈ ਪਰ ਗਰੀਬ ਹੀ ਹਟਾ ਦਿੱਤੇ ਹਨ। ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸੂਬੇ ‘ਚ ਕਿਸਾਨਾਂ ਦੀ ਜ਼ਮੀਨ 10 ਲੱਖ ਵਿੱਚ ਲੈ ਕੇ 30-30 ਕਰੋੜ ‘ਚ ਵੇਚੀ ਹੈ ਅਤੇ ਅਮੀਰ ਲੋਕਾਂ ਨੂੰ ਫਾਇਦਾ ਪਹੁੰਚਾਇਆ।

10 ਫ਼ੀਸਦੀ ਸੇਵਾ, 90 ਫ਼ੀਸਦੀ ਮੇਵਾ

ਨਵਜੋਤ ਸਿੱਧੂ ਨੇ ਅਕਾਲੀ ਦਲ ਦੇ ‘ਚ ‘ਰਾਜ ਨਹੀਂ ਸੇਵਾ’ ਦੇ ਨਾਅਰੇ ‘ਤੇ ਸੱਟ ਮਾਰਦਿਆਂ ਆਖਿਆ ਕਿ ਲੋਕਾਂ ਦੇ ਚੁਣੇ ਅਜੋਕੇ ‘ਰਾਜੇ’ 10 ਫ਼ੀਸਦੀ ਸੇਵਾ ਕਰਦੇ ਹਨ ਅਤੇ 90 ਫ਼ੀਸਦੀ ਮੇਵਾ ਖੁਦ ਛਕਦੇ ਹਨ। ਸ੍ਰੀ ਸਿੱਧੂ ਨੇ ਭਾਜਪਾ ਨੂੰ ‘ਮਾਂ’ ਦਾ ਦਰਜਾ ਦਿੰਦਿਆਂ ਆਖਿਆ ਕਿ ਅੱਜ ਭਾਜਪਾ ਵੱਲੋਂ ਦਿੱਤੇ ਮਾਣ-ਸਨਮਾਨ ਕਰਕੇ ਉਨ੍ਹਾਂ ਦਾ ਵਜੂਦ ਹੈ ਅਤੇ ਉਹ ਪਾਰਟੀ ਲਈ ਜਾਨ ਵੀ ਦੇ ਸਕਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top