Share on Facebook

Main News Page

ਵਿਸ਼ਵ ਸਿੱਖ ਕਾਨਫ਼ਰੰਸ, ਇੰਡੀਆਨਾ ਵਿੱਚ ਪਾਸ ਕੀਤੇ ਗੁਰਮਤੇ

ਮਿਤੀ 4 ਅਕਤੂਬਰ 2014 ਨੂੰ ਇੰਡਿਆਨਾ (ਯੂ.ਐੱਸ.ਏ.) ਵਿਖੇ, ਸਿੱਖ ਜਥੇਬੰਦੀਆਂ, ਪੰਥਕ ਵਿਦਵਾਨਾਂ ਅਤੇ ਪੰਥ ਦਰਦੀਆਂ ਦਾ ਵਿਸ਼ਵ ਸਿੱਖ ਕਾਨਫ਼ਰੰਸ ਦੇ ਰੂਪ ਵਿਚ ਇਕੱਤਰ ਹੋਇਆ। ਇਹ ਭਾਰੀ ਇਕੱਠ ਹੇਠ ਲਿਖੇ ਮਤੇ ਸਰਬਸੰਮਤੀ ਨਾਲ ਪਾਸ ਕਰਦਾ ਹੈ :

1. ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੁਆਰਾ ਆਪ ਗੁਰਗੱਦੀ 'ਤੇ ਸੁਸ਼ੋਭਿਤ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇੱਕੋ ਇੱਕ ਗੁਰੂ ਹਨ। ਅੱਜ ਦੀ ਇਹ ਕਾਨਫ਼ਰੰਸ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਨੂੰ ਸਮਰਪਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਨੂੰ ਚੁਣੌਤੀ ਦੇਣ ਵਾਲੀ ਕੋਈ ਵੀ ਗੱਲ ਕਿਸੇ ਵੀ ਪਰੰਪਰਾ ਦੀ ਆੜ ਹੇਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ

2. ਸਿੱਖ ਰਹਿਤ ਮਰਯਾਦਾ, ਸਿੱਖ ਕੌਮ ਦਾ ਇੱਕ ਮਹੱਤਵ ਪੂਰਨ ਦਸਤਾਵੇਜ਼ ਹੈ, ਜੋ ਸਾਰੀ ਕੌਮ ਨੂੰ ਇੱਕ ਸੂਤਰ ਵਿਚ ਪਰੋ ਕੇ ਰੱਖਣ ਦਾ ਸੂਤਰਧਾਰ ਹੈ ।ਲੇਕਿਨ ਇਸ ਨੂੰ ਤਿਆਰ ਕਰਨ ਸਮੇਂ ਕੌਮੀ ਵਿਦਵਾਨਾਂ ਵੱਲੋਂ ਅਪਣਾਈ ਗਈ ਕੁੱਝ ਸਮਝੌਤਾਵਾਦੀ ਸੁਰ ਸਾਫ਼ ਪਰਗਟ ਹੁੰਦੀ ਹੈ। ਭਾਵੇਂ ਇਹ ਨੀਤੀ ਉਸ ਸਮੇਂ ਕੌਮੀ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਪਣਾਈ ਗਈ ਹੋਵੇ ਪਰ ਇਸ ਵਿਚ ਸ਼ਾਮਲ ਕੁੱਝ ਗੈਰ ਸਿਧਾਂਤਕ ਮੱਦਾਂ ਅੱਜ ਕੌਮ ਦਾ ਭਾਰੀ ਨੁਕਸਾਨ ਕਰ ਰਹੀਆਂ ਹਨ।ਇਸ ਲਈ ਇਸ ਦੀ ਫ਼ੌਰੀ ਸੋਧ ਦੀ ਲੋੜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

2 (ੳ). ਇਸ ਦੀ ਸੋਧ ਨਿਰੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਅਨੁਸਾਰ ਹੀ ਕੀਤੀ ਜਾ ਸਕਦੀ ਹੈ।

2 (ਅ). ਕੋਈ ਵੀ ਇੱਕ ਵਿਅਕਤੀ ਜਾਂ ਸੰਸਥਾ ਇਕੱਲੇ ਜਾਂ ਆਪਣੇ ਤੌਰ 'ਤੇ ਇਸ ਵਿਚ ਕੋਈ ਸੋਧ ਕਰਨ ਦਾ ਅਧਿਕਾਰ ਨਹੀਂ ਰੱਖਦੀ । ਜਿਵੇਂ ਸਿੱਖ ਰਹਿਤ ਮਰਯਾਦਾ ਤਿਆਰ ਕਰਨ ਲਈ ਪੰਥਕ ਵਿਦਵਾਨਾਂ ਦੀ ਰਹੁਰੀਤ ਕਮੇਟੀ ਬਣਾਈ ਗਈ ਸੀ, ਉਸੇ ਪੱਧਰ ਦੀ ਪੰਥਕ ਵਿਦਵਾਨਾਂ ਦੀ ਕਮੇਟੀ ਬਣਾ ਕੇ ਹੀ ਇਸ ਵਿਚ ਸੋਧ ਕੀਤੀ ਜਾ ਸਕਦੀ ਹੈ।ਲੇਕਿਨ ਇਸ ਕਮੇਟੀ ਵਿਚ ਸ਼ਾਮਲ ਉਹ ਜਥੇਬੰਦੀਆਂ ਅਤੇ ਵਿਦਵਾਨ ਹੀ ਹੋ ਸਕਦੇ ਹਨ, ਜੋ ਮੌਜੂਦਾ ਸਿੱਖ ਰਹਿਤ ਮਰਯਾਦਾ ਨੂੰ ਮੰਨਦੇ ਹਨ, ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ।ਜੋ ਆਪਣੀਆਂ ਅਲੱਗ ਮਰਯਾਦਾ ਚਲਾ ਰਹੇ ਹਨ, ਉਨ੍ਹਾਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਕੋਈ ਹੱਕ ਨਹੀਂ।

2 (ੲ). ਪੰਥਕ ਤੌਰ 'ਤੇ ਇਸ ਕਾਰਜ ਨੂੰ ਛੇਤੀ ਕਰਨ ਦੀ ਵੱਡੀ ਲੋੜ ਹੈ, ਜਿਸ ਦੇ ਵਾਸਤੇ ਉਪਰਾਲੇ ਛੇਤੀ ਹੀ ਸ਼ੁਰੂ ਕੀਤੇ ਜਾਣਗੇ। ਅੱਜ ਦੀ ਇਹ ਇਕੱਤਰਤਾ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦੀ ਹੈ ਕਿ ਜਦੋਂ ਤੱਕ ਪੰਥਕ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਵਾਲੀਆਂ ਧਿਰਾਂ ਕਿਸੇ ਪੰਥਕ ਜੁਗਤੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਮੋਲਕ ਸਿਧਾਂਤਾਂ ਅਨੁਸਾਰ ਤਬਦੀਲੀ ਨਹੀਂ ਕਰ ਲੈਂਦੀਆਂ, ਮੌਜੂਦਾ ਪੰਥਕ ਸਿੱਖ ਰਹਿਤ ਮਰਯਾਦਾ ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਜਾਵੇ।

3. ਕੌਮੀ ਵਿਦਵਾਨਾਂ ਵੱਲੋਂ ਤਿਆਰ ਕੀਤਾ ਗਿਆ, ਸੰਨ 2003 ਵਿਚ ਲਾਗੂ ਹੋਇਆ, ''ਨਾਨਕਸ਼ਾਹੀ ਕੈਲੰਡਰ'' ਸਿੱਖ ਕੌਮ ਦੀ ਅੱਡਰੀ ਆਜ਼ਾਦ ਹੋਂਦ ਦਾ ਪ੍ਰਤੀਕ, ਇੱਕ ਅਨਮੋਲ ਦਸਤਾਵੇਜ਼ ਹੈ ।ਬੇਸ਼ੱਕ ਇਸ ਵਿਚ ਸੰਗਰਾਂਦ, ਪੂਰਨਮਾਸ਼ੀ ਆਦਿ ਥਿੱਤਾਂ ਗੈਰ ਸਿਧਾਂਤਕ ਤੌਰ 'ਤੇ ਘੁਸੇੜ ਦਿੱਤੀਆਂ ਗਈਆਂ, ਜਿਨ੍ਹਾਂ ਦੀ ਸੋਧ ਹੋਣੀ ਚਾਹੀਦੀ ਸੀ, ਪਰ ਇੱਕ ਸਾਜ਼ਿਸ਼ ਅਧੀਨ ਇਸ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਮੁੜ ਤੋਂ ਬ੍ਰਾਹਮਣੀ ਕੈਲੰਡਰ ਕੌਮ ਉੱਤੇ ਥੋਪ ਦਿੱਤਾ ਗਿਆ। ਅੱਜ ਦੀ ਇਹ ਇਕੱਤਰਤਾ ਮੂਲ ਨਾਨਕਸ਼ਾਹੀ ਕੈਲੰਡਰ 2003 ਤੇ ਪਹਿਰਾ ਦਿੰਦੀ ਹੋਈ ਸਮੂਹ ਸਿੱਖ ਸੰਗਤਾਂ ਨੂੰ ਇਸੇ ਅਨੁਸਾਰ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਮਨਾਉਣ ਦੀ ਅਪੀਲ ਕਰਦੀ ਹੈ

4. ਇੱਕ ਡੂੰਘੀ ਸਾਜ਼ਿਸ਼ ਅਧੀਨ ਪੰਜਾਬ ਵਿਸ਼ੇਸ਼ ਕਰ ਕੇ ਸਿੱਖੀ ਨੂੰ ਬਰਬਾਦ ਕਰਨ ਲਈ ਪੰਜਾਬ ਅੰਦਰ ਨਸ਼ਿਆਂ ਦਾ ਹੜ੍ਹ ਲਿਆਂਦਾ ਗਿਆ ਹੈ, ਜਿਸ ਵਿਚ ਗ਼ਰਕ ਹੋਕੇ ਅੱਜ ਪੰਜਾਬ, ਵਿਸ਼ੇਸ਼ ਕਰ ਕੇ ਸਿੱਖ ਕੌਮ ਬਰਬਾਦੀ ਦੇ ਕਿਨਾਰੇ ਤੇ ਪੁੱਜ ਗਈ ਹੈ।ਅੱਜ ਦੀ ਇਹ ਇਕੱਤਰਤਾ ਪੰਜਾਬ ਦੇ ਭਵਿੱਖ ਨੂੰ ਨਸ਼ਿਆਂ ਵਿਚ ਡੋਬਣ ਦੇ ਜ਼ਿੰਮੇਵਾਰ ਹਰ ਸਰਕਾਰੀ ਜਾਂ ਗ਼ੈਰ-ਸਰਕਾਰੀ ਅਦਾਰੇ ਨੂੰ ਤਾੜਨਾ ਕਰਦੀ ਹੈ ਕਿ ਨਸਲਕੁਸ਼ੀ ਦੀਆਂ ਇਹ ਸਾਜ਼ਿਸ਼ਾਂ ਤੁਰੰਤ ਬੰਦ ਕੀਤੀਆਂ ਜਾਣ ਅਤੇ ਸੰਗਤ ਨੂੰ ਅਪੀਲ ਕਰਦੀ ਹੈ ਕਿ ਇਨ੍ਹਾਂ ਪੰਥ ਵਿਰੋਧੀ ਸਾਜ਼ਿਸ਼ਾਂ ਅਤੇ ਸਾਜਿਸ਼ਕਾਰਾਂ ਨੂੰ ਪਹਿਚਾਨਣ ਅਤੇ ਨਸ਼ਿਆਂ ਅਤੇ ਇਸ ਦੇ ਕਾਰੋਬਾਰ 'ਚ ਸ਼ਾਮਿਲ ਧਿਰਾਂ ਦਾ ਪੂਰਨ ਬਾਈਕਾਟ ਕੀਤਾ ਜਾਵੇ।

5. ਅੱਜ ਦੀ ਇਹ ਕਾਨਫ਼ਰੰਸ ਅਜੋਕੇ ਸਮੇਂ ਅਕਾਲ ਤਖ਼ਤ ਸਾਹਿਬ ਦੇ ਨਾਮ ਹੇਠ ਅਕਾਲ ਤਖ਼ਤ ਦੀ ਸੰਸਥਾ ਦੀ ਹੋ ਰਹੀ ਰਾਜਨੀਤਕ ਦੁਰਵਰਤੋਂ ਦਾ ਵਿਰੋਧ ਕਰਦੀ ਹੋਈ ਸੰਗਤਾਂ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿਰੁੱਧ, ਕਿਸੇ ਵਿਅਕਤੀ ਵਿਸ਼ੇਸ਼ ਜਾਂ ਉਸ ਦੁਆਰਾ ਜਾਰੀ ਕੀਤੇ ਗਏ ਆਦੇਸ਼ ਆਦਿ ਨੂੰ ਕੋਈ ਮਾਨਤਾ ਨਾ ਦਿੱਤੀ ਜਾਵੇ।

6. ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਅਤੇ ਗੁਰੂ ਸਿਧਾਂਤ ਤੋਂ ਮੁਨਕਰ ਸਿੱਖੀ ਭੇਖ ਵਿਚ ਅਤੇ ਬਾਹਰੀ ਡੇਰਾਵਾਦ ਸਿੱਖਾਂ ਨੂੰ ਗੁਮਰਾਹ ਕਰ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ।ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੇਵਲ ਆਪਣੀਆਂ ਹੱਟੀਆਂ ਚਲਾਉਣ ਲਈ ਕੀਤਾ ਹੋਇਆ ਹੈ।ਇਹ ਆਪ ਗੁਰੂ ਬਣ ਕੇ ਮੱਥੇ ਟਿਕਾਉਂਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਲੌਕਿਕ ਗਿਆਨ ਨੂੰ ਪਿੱਠ ਦੇ ਕੇ ਆਪਣੇ ਵੱਡੇ ਬਾਬਿਆਂ ਦੇ ਨਾਂਅ ਤੇ ਅਗਿਆਨਤਾ ਅਤੇ ਅੰਧਵਿਸ਼ਵਾਸ ਦਾ ਪ੍ਰਚਾਰ ਕਰਦੇ ਹਨ। ਅੱਜ ਦੀ ਇਕੱਤਰਤਾ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਇਨ੍ਹਾਂ ਗੁਰੂ ਅਤੇ ਪੰਥ ਵਿਰੋਧੀਆਂ ਦੀਆਂ ਚਾਲਾਂ ਨੂੰ ਪਛਾਣਦੇ ਹੋਏ ਕੇਵਲ ਤੇ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਵਿਚ ਆਪਣਾ ਜੀਵਨ ਜਿਊਣ ਦੀ ਅਪੀਲ ਕਰਦਾ ਹੈ।

7. ਸਭ ਵਾਦਾਂ-ਵਿਵਾਦਾਂ ਅਤੇ ਮਤਭੇਦਾਂ ਨੂੰ ਪਾਸੇ ਰੱਖਦੇ ਹੋਏ, ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਸਾਡੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਨਾ ਕੋਈ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਗੱਦੀ ਜਾਂ ਵਿਸ਼ੇਸ਼ ਅਸਥਾਨ ਬਣਾ ਕੇ ਬੈਠ ਸਕਦਾ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਂ ਵਾਕਰ ਕਿਸੇ ਹੋਰ ਪੁਸਤਕ/ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ। ਜੋ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਐਸੇ ਕਰਮ ਕਰ ਰਹੇ ਹਨ, ਅੱਜ ਦਾ ਇਹ ਇਕੱਠ ਐਸੇ ਗੁਰਨਿੰਦਕਾਂ ਨੂੰ ਆਪਣੇ ਇਹ ਪਾਪ ਕਰਮ ਫ਼ੌਰੀ 'ਤੇ ਬੰਦ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਤੋਂ ਐਸੀਆਂ ਗੱਦੀਆਂ ਫ਼ੌਰੀ ਤੌਰ 'ਤੇ ਚੁੱਕਣ ਦੀ ਚੇਤਾਵਨੀ ਦੇਂਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top