Share on Facebook

Main News Page

ਹਿੰਦੂ ਸ਼ੇਰਾਂ ਦੀ ਕੌਮ ਹੈ ਪਰ ਹੁਣ ਕੁੱਝ ਹਿੰਦੂ ਭੇਡਾਂ ਵਿਚ ਰਲਦੇ ਜਾ ਰਹੇ ਹਨ। ਇਨ੍ਹਾਂ ਹਿੰਦੂਆਂ ਨੂੰ ਭੇਡਾਂ ਵਿਚ ਰਲਣ ਦੀ ਥਾਂ, ਸ਼ੇਰ ਬਣਨਾ ਚਾਹੀਦਾ ਹੈ’- ਦੁਸਹਿਰੇ ਮੌਕੇ ਨਰਿੰਦਰ ਮੋਦੀ ਦਾ ਸੰਦੇਸ਼
ਹੋਰ ਹਿੰਦੂ ਰਾਸ਼ਟਰ ਕਿਸ ਨੂੰ ਕਹਿੰਦੇ ਹਨ ?
-: ਡਾ. ਅਮਰਜੀਤ ਸਿੰਘ ਵਾਸ਼ਿੰਗਟਨ

- ਪਿਛਲੇ 4 ਮਹੀਨਿਆਂ ਵਿਚ ਦੋ ਵਾਰ ਸਿੱਖ-ਮੁਸਲਮਾਨ ਫ਼ਸਾਦ ਕਰਵਾਉਣ ਤੋਂ ਬਾਅਦ ਹੁਣ ਹਿੰਦੂਤਵੀ ਏਜੰਸੀਆਂ ਵੱਲੋਂ ਨਾਗਪੁਰ ਵਿਚ ਸਿੱਖ-ਬੋਧੀ ਦੰਗੇ ਕਰਵਾਉਣ ਦੀ ਅਸਫਲ ਕੋਸ਼ਿਸ਼ !
- ਪੰਜਾਬ ਦੇ ਜੈਤੋਂ, ਫ਼ਰੀਦਕੋਟ, ਬਰਨਾਲਾ ਅਤੇ ਹੋਰ ਸ਼ਹਿਰਾਂ ਵਿਚ ਆਰ. ਐੱਸ. ਐੱਸ. ਦੇ ਗੁੰਡਿਆਂ ਵੱਲੋਂ ਬੰਦੂਕਾਂ-ਪਿਸਤੌਲਾਂ ਨਾਲ ਲੈਸ ਹੋ ਕੇ ਕੱਢੇ ਗਏ ਦੁਸਹਿਰਾ-ਮਾਰਚ!
- ‘ਹਿੰਦੂ ਸ਼ੇਰਾਂ ਦੀ ਕੌਮ ਹੈ, ਪਰ ਹੁਣ ਕੁੱਝ ਹਿੰਦੂ ਭੇਡਾਂ ਵਿਚ ਰਲਦੇ ਜਾ ਰਹੇ ਹਨ। ਇਨ੍ਹਾਂ ਹਿੰਦੂਆਂ ਨੂੰ ਭੇਡਾਂ ਵਿਚ ਰਲਣ ਦੀ ਥਾਂ ਸ਼ੇਰ ਬਣਨਾ ਚਾਹੀਦਾ ਹੈ’-ਦੁਸਹਿਰੇ ਮੌਕੇ ਨਰਿੰਦਰ ਮੋਦੀ ਦਾ ਸੰਦੇਸ਼
ਦੁਸਹਿਰੇ ਮੌਕੇ ਭਾਰਤੀ ਦੂਰਦਰਸ਼ਨ ਨੇ ਆਰ. ਐੱਸ. ਐੱਸ. ਮੁਖੀ ਭਾਗਵਤ ਦੀ 70 ਮਿੰਟ ਦੀ ਸਪੀਚ ਨਾਗਪੁਰ ਤੋਂ ਲਾਈਵ ਦਿਖਾਈ
!

ਵਾਸ਼ਿੰਗਟਨ (ਡੀ. ਸੀ.) 8 ਅਕਤੂਬਰ, 2014 -ਨਰਿੰਦਰ ਮੋਦੀ ਦੀ ਸਰਕਾਰ ਬਣਨ ਦੇ 4 ਮਹੀਨਿਆਂ ਦੇ ਵਿੱਚ-ਵਿੱਚ ਭਾਰਤ ਵਿਚ ਘੱਟਗਿਣਤੀਆਂ ਨੂੰ ਆਪਸ ਵਿਚ ਲੜਾਉਣ ਦੇ ਏਜੰਡੇ’ ਤੇ ਹਿੰਦੂਤਵੀ ਏਜੰਸੀਆਂ ਨੇ ਤੇਜ਼ੀ ਨਾਲ ਪੇਸ਼ਕਦਮੀਂ ਕੀਤੀ ਹੈ।

ਪਹਿਲਾਂ, ਹੈਦਰਾਬਾਦ (ਆਂਧਰਾ ਪ੍ਰਦੇਸ਼) ਵਿਚ ਇੱਕ ਨਿਸ਼ਾਨ ਸਾਹਿਬ ਨੂੰ ਅੱਗ ਲਾ ਕੇ, ਉਥੇ ਮੁਸਲਮਾਨ ਨਾਮ ਵਾਲੀ ਆਈ. ਡੀ. ਸੁੱਟ ਦਿੱਤੀ ਗਈ ਅਤੇ ਅਗਲੇ ਦਿਨ ਆਪਣੇ ਜਾਅਲੀ ਕਿਸਮ ਦੇ ਸਿੱਖਾਂ ਨੂੰ ਅੱਗੇ ਲਾ ਕੇ, ਮੁਸਲਮਾਨਾਂ ਦੇ ਘਰਾਂ ‘ਤੇ ਹਮਲੇ ਸ਼ੁਰੂ ਕਰਵਾ ਦਿੱਤੇ। ਫਿਰ ਵਾਰੀ ਸਹਾਰਨਪੁਰ ਦੀ ਆਈ। ਉਥੋਂ ਦੇ ਲੋਕਲ ਬੀ. ਜੇ. ਪੀ. ਐਮ. ਪੀ. ਨੇ ਇੱਕ ਲੋਕਲ ਮੁਸਲਮਾਨ ਗੁੰਡੇ ਨੂੰ ਅੱਗੇ ਲਾ ਕੇ, ਉਥੇ ਸਿੱਖਾਂ-ਮੁਸਲਮਾਨਾਂ ਵਿਚ ਦੰਗੇ ਕਰਵਾਏ। ਇਸ ਵਿਚ 3 ਜਾਨਾਂ ਗਈਆਂ ਅਤੇ ਅਰਬਾਂ ਰੁਪੱਈਏ ਦੇ ਸਿੱਖਾਂ ਦੇ ਕਾਰੋਬਾਰ ਸੜ ਕੇ ਸਵਾਹ ਕਰ ਦਿੱਤੇ ਗਏ। ਹੁਣ ਇਹੋ ਜਿਹੀ ਹੀ ਕੋਝੀ ਸਾਜ਼ਿਸ਼ ਨਾਗਪੁਰ ਵਿਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿੱਥੇ ਕਿ ਦਲਿਤ-ਬੋਧੀਆਂ ਅਤੇ ਸਿੱਖਾਂ ਵਿਚ ਬੜਾ ਖਤਰਨਾਕ ਟਕਰਾਅ ਹੁੰਦਾ ਹੁੰਦਾ ਟਲਿਆ ਹੈ।

ਯਾਦ ਰਹੇ, ਨਾਗਪੁਰ (ਮਹਾਰਾਸ਼ਟਰ) ਹਿੰਦੂ-ਹਿੰਦੀ-ਹਿੰਦੂਸਤਾਨ ਦੀ ਮੁੱਦਈ ਪਾਰਟੀ ਆਰ. ਐੱਸ. ਐੱਸ. ਦਾ ਹੈੱਡਕਵਾਟਰ ਹੈ। ਆਰ. ਐੱਸ. ਐੱਸ. ਦੀ ਸਥਾਪਨਾ 1925 ਵਿਚ ਕੇਸ਼ਵ ਬਾਲੀਰਾਮ ਹੈਡਗੇਵਾਰ ਵੱਲੋਂ ਦੁਸਹਿਰੇ ਵਾਲੇ ਦਿਨ ਕੀਤੀ ਗਈ ਸੀ। ਦੁਸਹਿਰੇ ਨੂੰ ਆਰ. ਐੱਸ. ਐੱਸ. ਵੱਲੋਂ ਆਪਣੇ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਭਾਰਤੀ ਸੰਵਿਧਾਨ ਦੇ ਲਿਖਾਰੀ ਡਾਕਟਰ ਬੀ. ਆਰ. ਅੰਬੇਦਕਰ ਨੇ 1955 ਵਿਚ ਜਦੋਂ ਹਿੰਦੂ ਧਰਮ ਛੱਡ ਕੇ, ਬੁੱਧ ਧਰਮ ਅਪਣਾਉਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਨੇ ਇਸ ਸਬੰਧੀ ਵੱਡਾ ਸਮਾਗਮ, ਦੁਸਹਿਰੇ ਵਾਲੇ ਦਿਨ ਨਾਗਪੁਰ ਵਿਚ ਹੀ ਰੱਖਿਆ। 1955 ਦੇ ਦੁਸਹਿਰਾ ਦਿਵਸ ਮੌਕੇ, ਡਾ. ਅੰਬੇਦਕਰ ਅਤੇ ਉਨ੍ਹਾਂ ਦੇ ਹਜ਼ਾਰਾਂ ਪੈਰੋਕਾਰਾਂ ਨੇ, ਨਾਗਪੁਰ ਵਿਚ ਬੁੱਧ-ਧਰਮ ਦੀ ਦੀਕਸ਼ਾ ਲਈ। ਇਸ ਦਿਨ ਨੂੰ ਨਾਗਪੁਰ ਦੇ ਲੱਖਾਂ ਬੋਧੀਆਂ ਵੱਲੋਂ ‘ਦਮਚੱਕਰ ਪਰਿਵਰਤਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਇੱਕ ਵਿਸ਼ੇਸ਼ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ‘ਬੋਧੀ ਮਹਾਂ-ਸੰਮੇਲਨ’ ਹੁੰਦਾ ਹੈ, ਜਿਸ ਵਿਚ ਦੂਰ-ਦੁਰਾਡਿਓਂ ਬੁੱਧ ਧਰਮ ਦੇ ਵਿਦਵਾਨ ਸ਼ਾਮਲ ਹੁੰਦੇ ਹਨ। ਨਾਗਪੁਰ ਦੇ ਇਸ ਇਲਾਕੇ ਨੂੰ ‘ਦੀਕਸ਼ਾ-ਭੂਮੀ’ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਨਾਲ, ਇੱਕ ਪਾਰਕ ਵੀ ਬਣਾਇਆ ਗਿਆ ਹੈ, ਜਿਸ ਵਿਚ ਡਾ. ਅੰਬੇਦਕਰ ਦੀ ਮੂਰਤੀ ਬਣਾਈ ਗਈ ਹੈ, ਜਿਸ ਦਾ ਬਾਹਰਲਾ ਗੇਟ ਸ਼ੀਸ਼ੇ ਦਾ ਹੈ।

ਇਸ ਇਲਾਕੇ ਦੇ ਬਹੁਤ ਨੇੜੇ, ਗਰੀਬ ਸਿਕਲੀਗਰ ਸਿੱਖਾਂ ਦੀ ਇੱਕ ਬਸਤੀ ‘ਪੰਚਸ਼ੀਲ’ ਵਿਚ ਹੈ। ਇਨ੍ਹਾਂ ਨੇ, ਇੱਕ ਛੋਟਾ ਜਿਹਾ ਗੁਰਦੁਆਰਾ ਵੀ ਬਣਾਇਆ ਹੋਇਆ ਹੈ। ਨਾਗਪੁਰ ਵਿਚ, ਇੱਕ ਅੰਦਾਜ਼ੇ ਮੁਤਾਬਿਕ 50 ਹਜ਼ਾਰ ਤੋਂ ਜ਼ਿਆਦਾ ਸਿੱਖ ਵਸਦੇ ਹਨ, ਜਿਹੜੇ ਕਿ ਕਾਫੀ ਖੁਸ਼ਹਾਲ ਹਨ। ਪਰ ਇਹ ਸਿਕਲੀਗਰ ਸਿੱਖ, ਆਪਣੇ ਗੁਆਂਢੀ ਦਲਿਤ-ਬੋਧੀਆਂ ਵਾਂਗ ਗਰੀਬੀ ਨਾਲ ਘੁਲ ਰਹੇ ਹਨ। ਇਨ੍ਹਾਂ ਸਿੱਖਾਂ ਦੀ ਆਰਥਿਕ ਹਾਲਤ ਇਹੋ ਜਿਹੀ ਹੀ ਹੈ ਜਿਹੋ ਜਿਹੀ ਨਵੰਬਰ ’84 ਵਿਚ, ਜਮਨਾ ਪਾਰ ਦੀਆਂ ਅਬਾਦੀਆਂ ਤ੍ਰਿਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ ਵਿਚ ਮਾਰੇ ਗਏ ਸਿਕਲੀਗਰ ਸਿੱਖਾਂ ਦੀ ਸੀ।

ਦੁਸਹਿਰੇ ਵਾਲੇ ਦਿਨ, ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੇ, ਨਾਗਪੁਰ ਤੋਂ 70 ਮਿੰਟ ਦਾ ਭਾਸ਼ਣ ਦਿੱਤਾ, ਜਿਸ ਨੂੰ ਭਾਰਤੀ ਦੂਰਦਰਸ਼ਨ ਨੇ ‘ਲਾਈਵ’ (ਸਿੱਧਾ) ਪ੍ਰਸਾਰਿਤ ਕੀਤਾ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਗੈਰ-ਸਰਕਾਰੀ ਅਦਾਰੇ ਲਈ, ਦੂਰਦਰਸ਼ਨ ਦੀ ਕੁਵਰਤੋਂ ਕੀਤੀ ਗਈ ਹੈ। ਨਾਗਪੁਰ ਸਮਾਗਮ ਦੀ ‘ਖਬਰ’ ਤਾਂ ਪ੍ਰਸਾਰਿਤ ਕੀਤੀ ਜਾ ਸਕਦੀ ਸੀ, ਪਰ ਹਿੰਦੂਤਵ ਦੀ ਥਿਊਰੀ’ ਨਾਲ ਨੱਕੋ-ਨੱਕ ਭਰਿਆ ਭਾਗਵਤ ਦਾ ਭਾਸ਼ਣ ਅਤੇ ਉਸ ਦਾ ਸਰਕਾਰੀ ਅਦਾਰੇ ਵੱਲੋਂ ਪ੍ਰਸਾਰਣ ਇਹ ਸਪੱਸ਼ਟ ਸੁਨੇਹਾ ਦੇ ਰਿਹਾ ਹੈ ਕਿ ਭਾਰਤ ਦੀ ਸਰਕਾਰ ਦਾ ਹੈਡਕਵਾਟਰ ਦਿੱਲੀ ਨਾ ਹੋ ਕੇ ਹੁਣ ਨਾਗਪੁਰ ਹੈ।

ਜਦੋਂ ਮੋਹਨ ਭਾਗਵਤ ਵੱਲੋਂ, ਆਪਣਾ ਭਾਸ਼ਣ ਦਿੱਤਾ ਜਾ ਰਿਹਾ ਸੀ, ਠੀਕ ਉਸੇ ਸਮੇਂ 50 ਹਜ਼ਾਰ ਬੋਧੀਆਂ ਵੱਲੋਂ, ਨਾਗਪੁਰ ਵਿਚ ‘ਬੋਧੀ ਮਹਾਂ ਸੰਮੇਲਨ’ ਚੱਲ ਰਿਹਾ ਸੀ। ਉਸ ਸੰਮੇਲਨ ਵਿਚ ਕੁੱਝ ਸ਼ਰਾਰਤੀ ਅਨਸਰਾਂ (ਇਨ੍ਹਾਂ ਨੂੰ ਹਿੰਦੂਤਵੀ ਏਜੰਟ ਪੜ੍ਹਿਆ ਜਾਵੇ) ਨੇ ਜਾ ਕੇ ਖਬਰ ਦਿੱਤੀ ਕਿ ਸਿੱਖਾਂ ਨੇ, ਪਾਰਕ ਵਿਚ ਲੱਗੀ ਅੰਬੇਦਕਰ ਦੀ ਮੂਰਤੀ ਨੂੰ ਤੋੜ ਦਿੱਤਾ ਹੈ ਅਤੇ ਹੋਰ ਵੀ ਤਬਾਹੀ ਕੀਤੀ ਹੈ। ਇਸ ਤੋਂ ਪਿਛਲੀ ਸ਼ਾਮ, ਸਿਕਲੀਗਰ ਸਿੱਖਾਂ ਦੇ ਮੁੰਡਿਆਂ ਅਤੇ ਬੋਧੀ ਨੌਜਵਾਨਾਂ ਵਿਚਾਲੇ ਕੁੱਝ ਮਾਮੂਲੀ ਝਗੜਾ ਵੀ ਹੋਇਆ ਸੀ, ਇਸ ਲਈ ਉਪਰੋਕਤ ਸੂਚਨਾ ਨੂੰ ਸੱਚ ਮੰਨ ਕੇ, 50 ਹਜ਼ਾਰ ਬੋਧੀ ਭੀੜ ਨੇ, ਪੰਚਸ਼ੀਲ ਗੁਰਦੁਆਰੇ ਦਾ ਰੁਖ ਕੀਤਾ। ਰਾਹ ਵਿਚ ਕੁੱਝ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਹੋਰ ਛੋਟੀ-ਮੋਟੀ ਹਿੰਸਾ ਹੋਈ। ਇਸ ਭੀੜ ਨੇ ਗੁਰਦੁਆਰੇ ਨੂੰ ਆ ਘੇਰਿਆ, ਜਿਥੇ ਕਿ 150 ਦੇ ਕਰੀਬ ਸਿੱਖ, ਬੀਬੀਆਂ ਅਤੇ ਬੱਚੇ ਮੌਜੂਦ ਸਨ। ਇਸ ਮੌਕੇ ਜਿੱਥੇ ਪੁਲਿਸ ਨੇ ਬੜੀ ਸਾਵਧਾਨੀ ਦਾ ਸਬੂਤ ਦਿੱਤਾ, ਉਥੇ ਬੋਧੀਆਂ ਅਤੇ ਸਿੱਖਾਂ ਦੇ ਲੀਡਰਾਂ ਦੀ ਸਿਆਣਪ ਨੇ, ਇੱਕ ਬੜੇ ਖਤਰਨਾਕ ਹਾਦਸੇ ਨੂੰ ਟਾਲਣ ਵਿਚ ਅਹਿਮ-ਯੋਗਦਾਨ ਪਾਇਆ। ਅਗਲੇ ਦਿਨ ਸਿੱਖਾਂ, ਬੋਧੀਆਂ ਅਤੇ ਮੁਸਲਮਾਨਾਂ ਨੇ ਸਾਂਝੇ ਤੌਰ ‘ਤੇ ਇੱਕ ਸ਼ਾਂਤੀ-ਮਾਰਚ ਕੱਢਿਆ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਵੇਲੇ ਉਥੇ ਮੁਕੰਮਲ ਸ਼ਾਂਤੀ ਹੈ, ਹਾਲਾਂਕਿ ਥੋੜਾ ਬਹੁਤ ਤਣਾਓ ਮੌਜੂਦ ਹੈ।

ਪਾਠਕਜਨ! ਕੀ ਇਹ ਅੰਦਾਜ਼ਾ ਲਾਉਣਾ ਔਖਾ ਹੈ ਕਿ ਇਸ ਗੰਭੀਰ ਸਾਜਿਸ਼ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ? ਦੁਸਹਿਰੇ ਦੇ ਮੌਕੇ ‘ਤੇ ਹੀ ਪੰਜਾਬ ਵਿਚ ਵੀ ਭੜਕਾਊ ਮਾਹੌਲ ਸਿਰਜ ਕੇ ਫ਼ਸਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਸਿੱਖਾਂ ਨੇ ਸਬਰ ਤੋਂ ਕੰਮ ਲਿਆ ਅਤੇ ਪ੍ਰਸ਼ਾਸ਼ਨ ਨੇ ਹਮੇਸ਼ਾਂ ਵਾਂਗ ਅੱਖਾਂ ਬੰਦ ਰੱਖੀਆਂ। ਮੀਡੀਏ ਵਿਚ ਫੋਟੋਆਂ ਸਹਿਤ ਖਬਰਾਂ ਛਪੀਆਂ ਹਨ ਕਿ ਜੈਤੋਂ, ਫ਼ਰੀਦਕੋਟ, ਬਰਨਾਲਾ ਅਤੇ ਪੰਜਾਬ ਦੇ ਹੋਰ ਸ਼ਹਿਰਾਂ-ਕਸਬਿਆਂ ਵਿਚ, ਆਰ. ਐੱਸ. ਐੱਸ. ਦੇ ਗੁੰਡਿਆਂ ਨੇ ਬੰਦੂਕਾਂ-ਪਿਸਤੌਲਾਂ ਨਾਲ ਲੈਸ ਹੋ ਕੇ, ਦੁਸਹਿਰੇ ਮੌਕੇ ਮਾਰਚ ਕੱਢੇ। ਆਰ. ਐੱਸ. ਐੱਸ. ਨੇ ਇਸ ਦਾ ਸਪੱਸ਼ਟੀਕਰਣ ਇਹ ਦਿੱਤਾ ਹੈ ਕਿ ਸਾਡੇ ਸਥਾਪਨਾ ਦਿਵਸ ਮੌਕੇ ਸ਼ਸਤਰ ਪੂਜਾ ਅਤੇ ਪਥ ਸੰਚਾਲਨ ਮਾਰਚ, ਸਾਡੀ ਪ੍ਰੰਪਰਾ ਦਾ ਹਿੱਸਾ ਹੈ। ਵੈਸੇ, ਇਹ ਪਹਿਲੀ ਵਾਰ ਹੈ ਕਿ ਇਸ ਮਾਰਚ ਵਿਚ ਬੰਦੂਕਾਂ-ਪਿਸਤੌਲਾਂ ਦੀ ਨੁਮਾਇਸ਼ ਕੀਤੀ ਗਈ ਹੈ। ਬਾਦਲ ਸਰਕਾਰ ਕਿਸ ਕਦਰ ਬੇਜਾਨ ਤੇ ਬੇਵੱਸ ਹੈ, ਇਸ ਦੀ ਉਦਾਹਰਣ, ਇਸ ਸਬੰਧੀ, ਪੁਲਿਸ ਪ੍ਰਸਾਸ਼ਨ ਵੱਲੋਂ ਦਿੱਤੀ ਸਫਾਈ ਹੈ। ਇਨ੍ਹਾਂ ਦਾ ਕਹਿਣਾ ਹੈ, ‘ਆਰ. ਐੱਸ. ਐੱਸ. ਨੇ ਹਥਿਆਰਾਂ ਨਾਲ ਮਾਰਚ ਕਰਨ ਦੀ ਕੋਈ ਇਜ਼ਾਜ਼ਤ ਨਹੀਂ ਸੀ ਲਈ। ਪਰ ਕਿਉਂਕਿ ਇਹ ਹਥਿਆਰ ਕਿਸੇ ਅਮਨ ਲਈ ਖਤਰਾ ਨਹੀਂ ਸਨ ਅਤੇ ਇਨ੍ਹਾਂ ਦਾ ਇਸਤੇਮਾਲ ਇੱਕ ਧਾਰਮਿਕ ਸਮਾਗਮ ਲਈ ਕੀਤਾ ਗਿਆ ਸੀ, ਇਸ ਲਈ ਅਸੀਂ ਮਾਰਚ ਦੇ ਪ੍ਰਬੰਧਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

ਇਹ ਉਹ ਹੀ ਪੰਜਾਬ ਹੈ, ਜਿੱਥੇ ਸ਼ਾਂਤਮਈ ਤਰੀਕੇ ਨਾਲ ਰੋਸ ਕਰਨ ਵਾਲੇ ਸਿੱਖਾਂ ਨੂੰ, ਉਨ੍ਹਾਂ ‘ਤੇ ਖਤਰਨਾਕ ਹਥਿਆਰ ਪਾ ਕੇ ਸਾਲਾਂ ਬੱਧੀ ਜੇਲ੍ਹਾਂ ਵਿਚ ਤਾੜ ਦਿੱਤਾ ਜਾਂਦਾ ਹੈ, ਮੋਮਬੱਤੀਆਂ ਲੈ ਕੇ ਮਾਰਚ ਕੱਢਦੇ ਅਧਿਆਪਕਾਂ ਜਾਂ ਹੋਰ ਮੁਲਾਜ਼ਮਾਂ ਨੂੰ ਛੱਲੀਆਂ ਵਾਂਗ ਕੁੱਟਿਆ ਜਾਂਦਾ ਹੈ, ਪਰ ਅਗਨ-ਹਥਿਆਰਾਂ ਨਾਲ ਸੜਕਾਂ ‘ਤੇ ਭੜਕਾਊ ਨਾਹਰੇਬਾਜ਼ੀ ਕਰਨ ਵਾਲੇ ਇਹ ਸੰਘੀ, ਪੰਜਾਬ ਦੇ ਅਮਨ ਲਈ ਕੋਈ ਖਤਰਾ ਨਹੀਂ ਹਨ। ਯਾਦ ਰਹੇ ਸਤੰਬਰ 2012 ਵਿਚ, ਘਰ ਸੁੱਤੇ ਪਏ ਭਾਈ ਕੁਲਵੀਰ ਸਿੰਘ ਬੜਾ ਪਿੰਡ (ਪ੍ਰਧਾਨ ਅਕਾਲੀ ਦਲ, ਪੰਚ ਪ੍ਰਧਾਨੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਪੁਲਿਸ ਨੇ 2 ਸਾਲ ਹਿਰਾਸਤ ਵਿਚ ਰੱਖਿਆ। ਪਿਛਲੇ ਦਿਨੀਂ ਹੀ ਉਹ ਰਿਹਾਅ ਹੋ ਕੇ ਬਾਹਰ ਆਏ ਹਨ। ਉਨ੍ਹਾਂ ‘ਤੇ ਕੋਲੋਂ ਹਥਿਆਰ ਪਾ ਕੇ ਸੂਬੇ ਦੇ ਅਮਨ ਨੂੰ ਖਤਰਾ ਪੈਦਾ ਕਰਨ ਦੇ ਝੂਠੇ ਦੋਸ਼ ਲਗਾਏ ਗਏ ਸਨ, ਜੋ ਅਖੀਰ ਅਦਾਲਤ ‘ਚ ਜਾ ਕੇ ਦਮ ਤੋੜ ਗਏ।

ਦੁਸਹਿਰੇ ਵਾਲੇ ਦਿਨ, ਇੱਕ ਪਾਸੇ ਮੋਹਨ ਭਾਗਵਤ ਹਿੰਦੂਤਵੀ ਵਿਚਾਰਧਾਰਾ, ਦੂਰਦਰਸ਼ਨ ਰਾਹੀਂ ਪ੍ਰਚਾਰ ਰਿਹਾ ਸੀ, ਆਰ. ਐੱਸ. ਐੱਸ. ਦੇ ਵਾਲੰਟੀਅਰ ਸੜਕਾਂ ਤੇ ਮਾਰੂ ਹਥਿਆਰਾਂ ਨਾਲ ਮਾਰਚ ਕਰਕੇ ਦਹਿਸ਼ਤ ਫੈਲਾਅ ਰਹੇ ਸਨ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ, ਇਸ ਮੌਕੇ ਇਤਿਹਾਸ ਨੂੰ ਪੁੱਠਾ ਗੇੜਾ ਦੇ ਕੇ, ਭੜਕਾਊ ਭਾਸ਼ਣ ਦੇ ਰਿਹਾ ਸੀ। ਇਸ ਮੌਕੇ ਦੇਸ਼ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਮੋਦੀ ਨੇ ਕਿਹਾ, ‘ਹਿੰਦੂ, ਸ਼ੇਰਾਂ ਦੀ ਕੌਮ ਹੈ, ਪਰ ਹੁਣ ਕੁੱਝ ਹਿੰਦੂ ਭੇਡਾਂ ਵਿਚ ਰਲਦੇ ਜਾ ਰਹੇ ਹਨ। ਉਨ੍ਹਾਂ ਨੂੰ ਭੇਡਾਂ ਵਿਚ ਰਲਣ ਦੀ ਥਾਂ, ਸ਼ੇਰ ਬਣਨਾ ਚਾਹੀਦਾ ਹੈ।’

ਮੋਦੀ ਦੇ ਇਸ ਬਿਆਨ ਦਾ ਨੋਟਿਸ ਲੈਂਦਿਆਂ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸ. ਬਲਵੰਤ ਸਿੰਘ ਨੰਦਗੜ੍ਹ ਨੇ ਬਿਲਕੁਲ ਠੀਕ ਬਿਆਨ ਦਿੱਤਾ ਹੈ। ਜਥੇਦਾਰ ਨੰਦਗੜ੍ਹ ਅਨੁਸਾਰ, ‘ਮੋਦੀ ਨੂੰ ਪਹਿਲਾਂ ਤਾਂ ਇਹ ਦੱਸਣਾ ਚਾਹੀਦਾ ਹੈ ਕਿ ਭੇਡਾਂ ਕੌਣ ਹਨ? ਦੂਜਾ ਹਿੰਦੂਆਂ ਨੂੰ ਸ਼ੇਰ ਬਣਨ ਦੀ ਅਪੀਲ, ਹਿੰਦੂ ਅਤਿਵਾਦ ਨੂੰ ਉਤਸ਼ਾਹਿਤ ਕਰਨ ਵਾਲੀ ਜਾਪਦੀ ਹੈ ਕਿਉਂਕਿ ਆਰ. ਐੱਸ. ਐੱਸ. ਦੇ ਸਥਾਪਨਾ ਦਿਵਸ ਮੌਕੇ, ਪੂਰੇ ਦੇਸ਼ ਵਾਂਗ, ਪੰਜਾਬ ਵਿਚ ਵੀ ਆਰ. ਐੱਸ. ਐੱਸ. ਵਲੰਟੀਅਰਾਂ ਨੇ ਆਪਣੇ ਹੱਥਾਂ ਵਿਚ ਤਲਵਾਰਾਂ, ਬੰਦੂਕਾਂ ਅਤੇ ਪਿਸਤੌਲ ਆਦਿ ਹਥਿਆਰ ਲੈ ਕੇ ਸ਼ਹਿਰਾਂ ਵਿਚ ਪ੍ਰਦਰਸ਼ਨ ਕਰਕੇ, ਖੌਫਨਾਕ ਮਾਹੌਲ ਸਿਰਜਿਆ। ਦੇਸ਼ ਵਿਚ ਦੋਹਰੀ ਕਾਨੂੰਨ ਪ੍ਰਣਾਲੀ ਲਾਗੂ ਹੈ ਕਿਉਂਕਿ ਜੇ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਸਿੱਖ ਨਿਕਲਦੇ ਤਾਂ ਉਨ੍ਹਾਂ ਵਿਰੁੱਧ ਦੇਸ਼-ਧ੍ਰੋਹ ਜਾਂ ਅਜਿਹੇ ਹੋਰ ਮਾਮਲੇ ਦਰਜ ਕਰ ਲਏ ਜਾਂਦੇ।’

ਅਸੀਂ ਜਥੇਦਾਰ ਨੰਦਗੜ੍ਹ ਜੀ ਦੇ ਬਿਆਨ ਦੇ ਅੱਖਰ-ਅੱਖਰ ਨਾਲ ਸਹਿਮਤ ਹਾਂ। ਪਰ ਅਸੀਂ ਜਥੇਦਾਰ ਸਾਹਿਬ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਕਾਨੂੰਨ ਵਿਵਸਥਾ ਦਾ ਮਸਲਾ ‘ਸਟੇਟ’ ਦਾ ਹੈ ਅਤੇ ਇਸ ਵੇਲੇ ਪੰਜਾਬ ਵਿਚ ਉਸ ਬਾਦਲ ਦੀ ਸਰਕਾਰ ਹੈ, ਜਿਸ ਨੂੰ ਜਥੇਦਾਰਾਂ ਨੇ ‘ਫਖਰ-ਏ-ਕੌਮ’ ਅਤੇ ‘ਪੰਥ ਰਤਨ’ ਦੇ ਖਿਤਾਬ ਬਖਸ਼ੇ ਹੋਏ ਹਨ। ਕੀ ਜਥੇਦਾਰ ਸਾਹਿਬ, ਬਾਦਲ ਨੂੰ ਇਨ੍ਹਾਂ ਆਰ. ਐੱਸ. ਐੱਸ. ਦੇ ਗੁੰਡਿਆਂ ਦੇ ਖਿਲਾਫ ਕਾਰਵਾਈ ਲਈ ਕਹਿਣਗੇ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ - ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top