Share on Facebook

Main News Page

ਕੁਰਸੀ, ਕਾਨੂੰਨ ਤੇ ਕਪਟ-ਨੀਤੀ !
-: ਤਰਲੋਚਨ ਸਿੰਘ ‘ਦੁਪਾਲਪੁਰ’
001-408-915-1268

ਉੱਘੇ ਸ਼ਾਇਰ ਚਮਨ ਸਿੰਘ ‘ਹਰਿਗੋਬਿੰਦਪੁਰੀ’ ਦੀ ਲਿਖੀ ਹੋਈ ਇਹ ‘ਕੁਰਸੀ ਉਪਮਾ’ ਭਾਰਤੀ ਰਾਜਨੀਤੀ ਦੇ ਪਿੜ ਦਾ ਹੂ-ਬ-ਹੂ ਨਕਸ਼ਾ ਖਿੱਚਦੀ ਹੈ।

ਕੁਰਸੀ ਮੇਜ਼ ਤੋਂ ਹੁੰਦੀ ਏ ਭਾਵੇਂ ਛੋਟੀ
ਟੌਹਰ ਮੇਜ਼ ਤੋਂ ਬਹੁਤਾ ਰਖਾਏ ਕੁਰਸੀ।
ਬੰਦਾ, ਬੰਦੇ ਨੂੰ ਬੰਦਾ ਈ ਨਹੀਂ ਨਜ਼ਰ ਆਉਂਦਾ
ਏਥੋਂ ਤੀਕਰਾਂ ਨਸ਼ਾ ਚੜਾਏ ਕੁਰਸੀ।
ਕੁਰਸੀ ਵਾਸਤੇ ਸਾਰਾ ਜਹਾਨ ਤੜਫ਼ੇ
ਭਾਲੂ ਵਾਂਗਰਾਂ ਨਾਚ ਨਚਾਏ ਕੁਰਸੀ
ਇਹਦੇ ਅਹੁਦੇ ਦੀ ਕੀਮਤ ਉਹੀ ਜਾਣਦਾ ਏ
ਜਿਹਦੇ ਥੱਲਿਓਂ ਇਹ ਖਿਸਕ ਜਾਏ ਕੁਰਸੀ।
ਲੱਥੇ ਕੁਰਸੀਓਂ ਕਿਸੇ ਵਜ਼ੀਰ ਤਾਈਂ
ਪੁੱਛੋ ਹਾਲ ਕੀ? ਆਖੂਗਾ ਹਾਏ ਕੁਰਸੀ!

ਕੋਈ ਸਿਆਸਤਦਾਨ ਜਦੋਂ ਮੰਜ਼ਲਾਂ ਮਾਰਦਾ ਹੋਇਆ ਕੁਰਸੀ ਗ੍ਰਹਿਣ ਕਰਨ ਦੇ ਨੇੜੇ ਜਾ ਢੁੱਕਦਾ ਹੈ। ਤਾਂ ਪੂਰੀ ਟਾਈ-ਸ਼ਾਈ ਲਾ ਕੇ, ਬੀਬਾ ਰਾਣਾ ਜਿਹਾ ਬਣਦਿਆਂ ਸਹੁੰ ਚੁਕਦਾ ਹੈ- ‘ਮੈ ਭਾਰਤ ਕੇ ਸੰਵਿਧਾਨ ਪ੍ਰਤੀ ਸੱਚੀ ਨਿਸ਼ਠਾ ਕੇ ਸਾਥ ਸ਼ਪਥ ਲੇਤਾ ਹੂੰ....!’ ਜਦ ਕਿ ਅਸਲੀਅਤ ਵਿਚ ਉਹ ਵੋਟਾਂ ਲੈਣ ਦੀ ਹੋੜ ਵਿਚ ਸੰਵਿਧਾਨ ਪ੍ਰਤੀ ‘ਨਿਸ਼ਠਾ’ ਨੂੰ ਪੈਰਾਂ ਹੇਠ ਰੋਲ ਕੇ ਹੀ ਕੁਰਸੀ ਲੈਣ ਜੋਗਾ ਹੋਇਆ ਹੁੰਦਾ ਹੈ। ਰਾਜ-ਦਰਬਾਰ ਦੇ ਗਲਿਆਰਿਆਂ ਵਿਚ ਆਯੋਜਿਤ ਹੁੰਦੇ ਇਹ ‘ਸਾਦੇ ਪਰ ਪ੍ਰਭਾਵਸ਼ਾਲੀ’ ਸਹੁੰ-ਚੁੱਕ ਸਮਾਗਮ ਕਾਨੂੰਨ ਦੀ ਖਾਨਾ-ਪੂਰਤੀ ਹੀ ਬਣ ਕੇ ਰਹਿ ਜਾਂਦੇ ਹਨ। ਹੋਣਾ ਤਾਂ ਆਖ਼ਰ ਉਹੀ ਹੁੰਦਾ ਹੈ ਜੋ ਕੁਰਸੀ ਮੱਲਣ ਵਾਲੇ ਲੀਡਰ ਦੇ ਢਿੱਡ ਵਿਚ ਹੋਵੇ। ਸੰਵਿਧਾਨਕ ਧਰਾਵਾਂ ਦੇ ਅਰਥ ਵੀ ਫਿਰ ਕੁਰਸੀ ’ਤੇ ਬੈਠੇ ਆਗੂ ਦੀ ਮਨਸ਼ਾ ਅਨੁਸਾਰ ਹੀ ਹੁੰਦੇ ਹਨ।

ਹਰ ਤਰ੍ਹਾਂ ਦੇ ਪਾਪੜ ਵੇਲ ਕੇ ਮੱਲੀ ਕੁਰਸੀ ’ਤੇ ਬਹਿ ਕੇ, ਕਾਨੂੰਨ ਘਾੜੇ ਜਾਂ ਕਾਨੂੰਨ ਦੇ ਰਾਖੇ ਬਣਨ ਵਾਲੇ ਸ੍ਰੀ ਮਾਨ ਅਕਸਰ ਆਮ ਲੋਕਾਂ ਨੂੰ ਡਰਾਉਣ ਲਈ ਉਪਦੇਸ਼ ਵਜੋਂ ਕਿਹਾ ਕਰਦੇ ਨੇ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ। ਲੇਕਿਨ ਇਹੀ ਫ਼ਰਮਾਨ ਕਰਨ ਵਾਲਿਆਂ ਦੇ ਸਾਹਮਣੇ ਜੇ ਕਾਨੂੰਨ ਨੂੰ ਬੌਣਾ ਜਾਂ ਲੂਲਾ-ਲੰਗੜਾ ਬਣਿਆ ਦੇਖਣਾ ਹੋਵੇ ਤਾਂ ਮੱਚੇ ਹੋਏ ਚੋਣ-ਦੰਗਲ ਵੇਲੇ ਦਾ ਨਜ਼ਾਰਾ ਦੇਖ ਲੈਣ ਚਾਹੀਦਾ ਹੈ।

ਹੁਣੇ ਹੁਣੇ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਬਠਿੰਡਾ-ਜਿੱਥੇ ਵਿਧਾਨਕਾਰ ਤੇ ਖ਼ਜ਼ਾਨਾ ਮੰਤਰੀ ਰਹਿ ਚੁੱਕੇ ਮਨਪ੍ਰੀਤ ਸਿੰਘ ਨੂੰ ਆਪਣੇ ਨਾਂ ਪਿੱਛੇ ‘ਬਾਦਲ’ ਉਪ-ਨਾਮ ਵਰਤਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਬੇਸ਼ੱਕ ਸੰਵਿਧਾਨ ਨੇ ਉਸਨੂੰ ਪਾਸਪੋਰਟ ਦੇਣ ਲੱਗਿਆਂ, ਉਹਦਾ ਨਾਂ ‘ਮਨਪ੍ਰੀਤ ਸਿੰਘ ਬਾਦਲ’ ਹੀ ਸਵੀਕਾਰਿਆ। ਪਰ ਕੁਰਸੀ ’ਤੇ ਬੈਠੇ ਤਤਕਾਲੀ ਕਾਨੂੰਨ ਦੇ ਰਾਖਿਆਂ ਵੱਲੋਂ ਆਏ ਹੁਕਮਾਂ ਨੂੰ ਸਿਰਮੌਰ ਮੰਨਦਿਆਂ ਮਾਣਯੋਗ ਡਿਪਟੀ ਕਮਿਸ਼ਨਰ ਨੇ ਸੰਵਿਧਾਨ ਦੀ ਇੱਕ ਨਾ ਸੁਣੀ। ਸਿਰਫ਼ ਤੇ ਸਿਰਫ਼ ‘ਉੱਪਰੋਂ ਆਏ’ ਹੁਕਮਾਂ ਅਨੁਸਾਰ ਇੱਕ ਅਣਜਾਣ ਜਿਹੇ ਵਿਅਕਤੀ ਨੂੰ ਲਿਸ਼ਕਾ-ਪੁਸ਼ਕਾ ਕੇ ‘ਮਨਪ੍ਰੀਤ ਸਿੰਘ ਬਾਦਲ’ ਬਣਾ ਦਿੱਤਾ। ਉਹਦੇ ’ਤੇ ਹੋਰ ਮਿਹਰਾਂ ਦਾ ਮੀਂਹ ਵਰਾਉਂਦਿਆਂ ਉਹਨੂੰ ‘ਪਤੰਗ ਦੀ ਡੋਰ’ ਵੀ ਫੜਾ ਦਿੱਤੀ ਗਈ।

ਭਲਾ ਭਾਰਤੀ ਸੰਵਿਧਾਨ ਦੀ ਕੋਈ ਧਾਰਾ ਇਹ ਵੀ ਕਹਿੰਦੀ ਹੈ ਕਿ ਜਿਸ ਪ੍ਰਾਂਤ ਵਿਚ ਕੇਂਦਰੀ ਸਰਕਾਰ ’ਤੇ ਕਾਬਜ਼ ਸਿਆਸੀ ਪਾਰਟੀ ਦਾ ਹੀ ਰਾਜ-ਭਾਗ ਹੋਵੇ, ਉਸੇ ਸੂਬੇ ਦਾ ਸਰਬ-ਪੱਖੀ ਵਿਕਾਸ ਵਧੀਆ ਹੁੰਦਾ ਹੈ? ਕਾਨੂੰਨ ਬਾਰੇ ਚਲਵੀਂ ਜਿਹੀ ਜਾਣਕਾਰੀ ਰੱਖਣ ਵਾਲਾ ਕੋਈ ਵਿਅਕਤੀ ਇਸ ਸਵਾਲ ਦਾ ਜਵਾਬ ‘ਨਾਂਹ’ ਵਿਚ ਹੀ ਦੇਵੇਗਾ। ਪਰ ਨਹੀਂ ਜੀ, ਇਹ ਗੱਲ ਕਿਸੇ ਐਰੇ-ਗ਼ੈਰੈ ਨੇ ਨਹੀਂ ਸਗੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹੀ ਹੈ। ਉਹ ਵੀ ਲੁਕ-ਛਿਪ ਕੇ ਨਹੀਂ ਸਗੋਂ ਹਰਿਆਣੇ ਦੇ ਚੋਣ ਪ੍ਰਚਾਰ ਦੌਰਾਨ, ਉਨ੍ਹਾਂ ਹਰਿਆਣਵੀ ਲੋਕਾਂ ਨੂੰ ਐਲਾਨੀਆਂ ਸੱਦਾ ਦਿੱਤਾ ਕਿ ਜੇ ਉਹ ਵਿਕਾਸ ਚਾਹੁੰਦੇ ਨੇ ਤਾਂ ਆਪਣੇ ਪ੍ਰਾਂਤ ਵਿਚ ‘ਕਮਲ ਫੁੱਲ’ ਵਾਲੀ ਸਰਕਾਰ ਹੀ ਬਣਾਉਣ!

ਉਹੀ ਹਰਿਆਣਾ, ਜਿਸ ਨੇ ਟਪੂਸੀਆਂ ਮਾਰ ਮਾਰ ਕੇ ਦਲ-ਬਦਲੀਆਂ ਕਰਨ ਵਾਲੇ ਚੁਫੇਰ ਗੜੀਏ ਸਿਆਸਤਦਾਨਾਂ ਲਈ ਇੱਕ ‘ਸਤਿਕਾਰਤ’ ਮੁਹਾਵਰਾ ‘ਆਇਆ ਰਾਮ ਗਇਆ ਰਾਮ’ ਘੜਿਆ ਸੀ। ਉਸੇ ਹਰਿਆਣੇ ਵਿਚ ਇਨੀਂ ਦਿਨੀਂ ਕੁਰਸੀ-ਯੁੱਧ ਦਾ ਘਮਸਾਣ ਮੱਚਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਜੀ, ਅਧਿਆਪਕ ਭਰਤੀ ਘੁਟਾਲੇ ਦੇ ਦੋਸ਼ ਵਿਚ ਦਸ ਸਾਲ ਜੇਲ੍ਹ ਭੁਗਤ ਰਹੇ ਸਨ। ਜੇਲ੍ਹ ’ਚ ਬੈਠਿਆਂ ਉਨ੍ਹਾਂ ਹਰਿਆਣੇ ਦੀ ਚੀਫ਼ ਮਨਿਸਟਰ ਵਾਲੀ ਕੁਰਸੀ ਹਥਿਆਉਣ ਲਈ ਇੱਕ ਜੁਗਤ ਬਣਾਈ। ਉਸ ਨੇ ਕਾਨੂੰਨ ਦੇ ਰਾਖਿਆਂ ਅੱਗੇ ਜਾ ਕੇ ਲੱਕ ਦੀ ਹੱਡੀ ਦਾ ਇਲਾਜ ਕਰਾਉਣ ਦੀ ਆਗਿਆ ਮੰਗੀ। ਸਾਬਕਾ ਕਾਨੂੰਨ ਘਾੜਾ ਰਿਹਾ ਹੋਣ ਕਾਰਨ ਹਰ ਤਰਾਂ ਦੀਆਂ ਡਾਕਟਰੀ ਸਹੂਲਤਾਂ ਤਾਂ ਉਸ ਨੂੰ ਜੇਲ੍ਹ ਵਿਚ ਹੀ ਮੁਯੱਸਰ ਸਨ। ਪਰ ਉਹ ‘ਹਰਿਆਣਾ ਪ੍ਰੇਮੀ’ ਹੋਣ ਨਾਤੇ ਆਖਦਾ ‘ਇਲਾਜ’ ਵੀ ਹਰਿਆਣੇ ’ਚ ਹੀ ਕਰਵਾਉਣਾ ਚਾਹੁੰਦੇ ਸਨ।

ਇਜਾਜ਼ਤ ਮਿਲਦਿਆਂ ਸਾਰ ਜਨਾਬ ਜੀ ਇੱਕ ਹਸਪਤਾਲ ਵਾਲਿਆਂ ਨਾਲ ਗੰਢ-ਤੁਪ ਕਰਕੇ ਸਿੱਧੇ ਚੋਣ ਰੈਲੀਆਂ ਵਿਚ ਜਾ ਗਰਜਣ ਲੱਗ। ਕਿਸੇ ਗੁਨਾਹ ਕਰਨ ਜੇਲੋਂ ਰਿਹਾ ਹੋ ਕੇ ਆਇਆ ਕੋਈ ਆਮ ਪੇਂਡੂ ਨਮੋਸ਼ੀ ਦਾ ਮਾਰਿਆ ਮਹੀਨਾ ਮਹੀਨਾ ਭਰ ਅੰਦਰੋਂ ਨਹੀਂ ਨਿਕਲਦਾ। ਪਰ ਸਦਕੇ ਜਾਈਏ ਇਸ ਹਰਿਆਣਵੀ ਆਗੂ ਦੇ, ਜੇਲ੍ਹ ’ਚੋਂ ਝੂਠ ਬੋਲ ਕੇ ਆਇਆ ਹੋਇਆ ਸਿਰ ’ਤੇ ਰੱਖੀ ਹਰੀ ਪੱਗ ਦਾ ਸ਼ਮਲਾ ਇਉਂ ਲਿਸ਼ਕਾਉਂਦਾ ਫਿਰਦੈ, ਜਿਵੇਂ ਛੁੱਟੀ ਆਇਆ ਫ਼ੌਜੀ ਸਹੁਰੀਂ ਘੁੰਮਦਾ ਹੁੰਦਾ ਹੈ। ਬੇਸ਼ੱਕ ਇਹ ਸਤਰਾਂ ਲਿਖਦਿਆਂ ਉਸਨੂੰ ਸੀ.ਬੀ.ਆਈ. ਨੇ ਮੁੜ ਕੋਰਟ ਵਿਚ ਲਿਆ ਖੜਾਇਆ ਹੈ। ਪਰ ਇੱਥ ਵਾਰ ਅਦਾਲਤਾਂ ਦੇ ਅੱਖੀਂ ਘੱਟਾ ਪਾ ਕੇ ਆਪਣੀ ਪਾਰਟੀ ਦਾ ਚੋਣ ਪ੍ਰਚਾਰ ਕਰ ਗਏ ਸ੍ਰੀ ਚੌਟਾਲਾ ਨੇ ਦੱਸ ਦਿੱਤਾ ਹੈ ਕਿ ਕੜੇ-ਕਾਨੂੰਨ ਦੇ ਹੱਥ, ਕਦੇ ਕਦੇ ਕਾਨੂੰਨ ਦੇ ‘ਰਖਵਾਲੇ’ ਬਣਨ ਵਾਲਿਆਂ ਦੇ ਹੱਥਾਂ ਨਾਲੋਂ ਜ਼ਿਆਦਾ ਲੰਮੇ ਨਹੀਂ ਹੁੰਦੇ।

ਸ੍ਰੀ ਚੌਟਾਲਾ ਨੂੰ ਮੁੱਖ ਮੰਤਰੀ ਬਣਾਉਣ ਦਾ ਨਿਸ਼ਾਨਾ ਮਿੱਥ ਕੇ ਉਸਦੀ ਪਾਰਟੀ ‘ਇਨੈਲੋ’ ਦੀ ਮਦਦ ਕਰਨ ਵਾਸਤੇ ਉੱਥੇ ਜਾ ਪਹੁੰਚੇ ਮੁੱਖ ਮੰਤਰੀ ਪੰਜਾਬ ਸ੍ਰੀ ਪ੍ਰਕਾਸ਼ ਸਿੰਘ ਬਾਦਲ। ਖ਼ਾਸ ਕਰਕੇ ਦੋ ਨੁਕਤਿਆਂ ’ਤੇ ਵਿਚਾਰ ਕਰੀਏ, ਕਿ ਕੀ ਉਨ੍ਹਾਂ ਵੱਲੋਂ ਚੌਟਾਲਿਆਂ ਦੀ ਮਦਦ ਕਰਨੀ ਜਾਇਜ਼ ਹੈ? ਪਹਿਲਾਂ ਨੁਕਤਾ ਇਹ ਕਿ ਹਰਿਆਣੇ ਵਿਚ ਆਪਣਾ ਤਸੱਲਤ ਜਮਾਉਣ ਲਈ ਸਵਰਗੀ ਸ੍ਰੀ ਦੇਵੀ ਲਾਲ ਦੇ ਵੇਲੇ ਤੋਂ ਹੀ ਇਹ ਟੱਬਰ ਪੰਜਾਬ ਦੇ ਪਾਣੀ ਲੁੱਟਣ ਦੀਆਂ ਸਕੀਮਾਂ ਘੜਦਾ ਆ ਰਿਹਾ ਹੈ। ਕੀ ਸ੍ਰੀ ਬਾਦਲ ਉ¤ਥੇ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਲੁੱਟਣ ਵਾਲੇ ਹੱਥਾਂ ਨੂੰ ਮਜ਼ਬੂਤ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਨੇ? ਦੂਜਾ ਨੁਕਤਾ ਇਹ ਕਿ ਸ੍ਰੀ ਬਾਦਲ ਨਹੀਂ ਜਾਣਦੇ ਕਿ ਉਹ ਕਾਨੂੰਨੀ ਪ੍ਰਕ੍ਰਿਆ ਤੋਂ ਬਾਅਦ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਐਲਾਨੇ ਗਏ ਇੱਕ ਸਜ਼ਾ ਯਾਫ਼ਤਾ ਮੁਜਰਮ ਦੀ ਪੁਸ਼ਤ-ਪਨਾਹੀ ਕਰ ਰਹੇ ਹਨ।

ਮਾਣਯੋਗ ਅਦਾਲਤ ਨੇ ਸ੍ਰੀ ਚੌਟਾਲਾ ਨੂੰ ਰਿਸ਼ਵਤ ਖਾਣ ਦਾ ਗੁਨਾਹਗਾਰ ਮੰਨਿਆ ਹੈ। ਰਿਸ਼ਵਤ ਖਾਣੀ ਵੀ ਇੱਕ ਤਰ੍ਹਾਂ ਦੀ ਚੋਰੀ ਹੈ। ਕੀ ਸ੍ਰੀ ਬਾਦਲ ਨੂੰ ਇਹ ਯਾਦ ਨਹੀਂ ਕਰਾਇਆ ਜਾਣਾ ਚਾਹੀਦਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਅਸਥਾਨ ਤੋਂ ‘ਫ਼ਖਰੇ ਕੌਮ’ ਦਾ ਖ਼ਿਤਾਬ ਮਿਲਿਆ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਵਾਜ਼ ਗੂੰਜਦੀ ਹੈ-

ਚੋਰ ਕੀ ਹਾਮਾ ਭਰੇ ਨ ਕੋਇ॥

ਗੁਰਬਾਣੀ ਦੇ ਇਸ ਕਥਨ ਦੀ ਰੌਸ਼ਨੀ ਵਿਚ ਕੀ ਸ਼੍ਰੀ ਬਾਦਲ ਫਖਰੇ ਕੌਮ ਵਾਲੇ ਸਨਮਾਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਕਸ ਨੂੰ ਢਾਹ ਨਹੀਂ ਲਾ ਰਹੇ? ਉਨ੍ਹਾਂ ਦੀ ਆਪਣੀ ਪਾਰਟੀ ਅਕਾਲੀ ਦਲ ਦੇ ਕੁੱਝ ਆਗੂਆਂ ਉਤੇ ਜਦੋਂ ਨਸ਼ਾ-ਤਸਕਰੀ ਦੇ ਦੋਸ਼ ਲੱਗੇ, ਤਦ ਉਨ੍ਹਾਂ ਇਹ ਸਪਸ਼ਟੀਕਰਨ ਦਿੱਤਾ ਸੀ ਕਿ ‘ਦੋਸ਼ ਲਾਉਣ’ ਨਾਲ ਹੀ ਕੋਈ ਗੁਨਾਹਗਾਰ ਨਹੀਂ ਬਣ ਜਾਂਦਾ। ਜਦ ਤੱਕ ਦੋਸ਼ ਸਿੱਧ ਨਾ ਹੋ ਜਾਣ ਅਤੇ ਅਦਾਲਤ ਉਸਨੂੰ ਸਜ਼ਾ ਨਹੀਂ ਦੇ ਦਿੰਦੀ। ਹੁਣ ਚੌਟਾਲਾ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ, ਸ੍ਰੀ ਬਾਦਲ ਉਸਨੂੰ ਹਾਲੇ ਵੀ ‘ਨਿਰਦੋਸ਼’ ਮੰਨ ਰਹੇ ਹਨ? ਕੀ ਉਹ ਅਜਿਹਾ ਕਰਕੇ ਉਸ ਭਾਰਤੀ ਸੰਵਿਧਾਨ ਦੀ ਤੌਹੀਨ ਨਹੀਂ ਕਰ ਰਹੇ? ਜਿਸ ਦੀ ਸਹੁੰ ਚੁੱਕ ਕੇ ਉਹ ਮੁੱਖ ਮੰਤਰੀ ਬਣਦੇ ਹਨ।

ਕੋਣ ਨਹੀਂ ਜਾਣਦਾ ਕਿ ਅਕਾਲੀ ਦਲ ਦੀ ਚੌਟਾਲਿਆਂ ਦੀ ਸਿਆਸੀ ਪਾਰਟੀ ‘ਇਨੈਲੋ’ ਨਾਲ ਕੋਈ ਨੀਤੀਗਤ ਸਾਂਝ ਕਤੱਈ ਨਹੀਂ ਹੈ। ਇਹ ਤਾਂ ਦੋ ਧਨਾਢ ਖ਼ਾਨਦਾਨਾਂ ਦੀ ਨਿੱਜੀ ਯਾਰੀ ਹੈ। ਨਿੱਜੀ ਮੁਫਾਦਾਂ ਦੀ ਪੂਰਤੀ ਖ਼ਾਤਰ ਸ੍ਰੀ ਬਾਦਲ ਕਾਨੂੰਨੀ ਨੁਕਤਿਆਂ ਤੋਂ ਵੀ ਘੇਸਲ ਮਾਰ ਰਹੇ ਹਨ। ਹੋਰ ਤਾਂ ਹੋਰ ਉਨ੍ਹਾਂ ਭਾਜਪਾ ਨਾਲ ਆਪਣੇ ‘ਪਤੀ-ਪਤਨੀ’ ਵਾਲੇ ਰਿਸ਼ਤੇ ਨੂੰ ਵੀ ਅਣਡਿੱਠ ਕਰ ਦਿੱਤਾ ਹੋਇਆ ਹੈ।

ਕਾਨੂੰਨ, ਕੁਰਸੀ ਅਤੇ ਕਾਣੀ ਸਿਆਸਤ ਦਾ ਇੱਕ ਹੋਰ ਕਮਾਲ ਦੇਖੋ। ਜੂਨ 1984 ਤੋਂ ਆਕਾਸ਼ਬਾਣੀ ਦੇ ਜ¦ਧਰ ਕੇਂਦਰ ਰਾਹੀਂ ਸ੍ਰੀ ਦਰਬਾਰ ਸਾਹਿਬ ਦਾ ਕੀਰਤਨ ਸਵੇਰੇ-ਸ਼ਾਮ ਬਰਾਡਕਾਸਟ ਹੁੰਦਾ ਆ ਰਿਹਾ ਹੈ। ਸਵੇਰੇ ਚਾਰ ਤੋਂ ਛੇ ਵਜੇ ਤੱਥ ਅਤੇ ਸ਼ਾਮੀ ਸਾਢੇ ਚਾਰ ਤੋਂ ਸਾਢੇ ਪੰਜ ਤੱਕ ਹੋਣ ਵਾਲੇ ਇਸ ਰਿਲੇਅ ਪ੍ਰੋਗਰਾਮ ਵਿਚ ਪਿਛਲੇ ਤੀਹਾਂ ਸਾਲਾਂ ਵਿਚ ਕਦੇ ਨਾਗ਼ਾ ਨਹੀਂ ਸੀ ਪਿਆ। ਜੇ ਕੋਈ ਮੈਚ ਵਗ਼ੈਰਾ ਜਾਂ ਕੋਈ ਹੋਰ ਜ਼ਰੂਰੀ ਪ੍ਰੋਗਰਾਮ ਚੱਲ ਰਿਹਾ ਹੁੰਦਾ ਸੀ ਤਾਂ ਜਲੰਧਰ ਸਟੇਸ਼ਨ ਵਾਲੇ ਉਸ ਪ੍ਰੋਗਰਾਮ ਨੂੰ ਕਿਸੇ ਦੂਸਰੀ ਫ੍ਰੀਕੁਐਂਸੀ ਤੋਂ ਰਿਲੇਅ ਕਰਨਾ ਸ਼ੁਰੂ ਕਰ ਦਿੰਦੇ ਸਨ। ਪਰ ਸ੍ਰੀ ਦਰਬਾਰ ਸਾਹਿਬ ਦੇ ਰਿਲੇਅ ਵਿਚ ਵਿਘਨ ਨਹੀਂ ਸੀ ਪਾਉਂਦੇ। ਹੁਣ ਸ੍ਰੀ ਮੋਦੀ ਦੇ ਰਾਜ ਵਿਚ ਪਹਿਲੀ ਵਾਰ ਸ਼ਾਮ ਦਾ ਕੀਰਤਨ ਰਿਲੇਅ ਰੋਕਿਆ ਗਿਆ। ਕਾਰਨ? ਕਿਉਂ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਭਾਸ਼ਣ ਚੱਲ ਰਿਹਾ ਸੀ! ਇਸ ਲਈ ਇਲਾਹੀ ਬਾਣੀ ਦਾ ਕੀਰਤਨ ਰਿਲੇਅ ਰੋਕ ਲਿਆ ਗਿਆ।

ਲੋਕ ਸਭਾ ਚੋਣ-ਪ੍ਰਚਾਰ ਦੌਰਾਨ ਪੰਜਾਬ ਵਾਸੀਆਂ ਨੂੰ ਟਾਹਰਾਂ ਦੇਣ ਵਾਲੇ ‘ਮੋਦੀ ਦਾ ਰਾਜ ਲਿਆਓ ਪੰਜਾਬ ਵਿਚ ਲਹਿਰਾਂ-ਬਹਿਰਾਂ ਹੋ ਜਾਣਗੀਆਂ!’ ਉਕਤ ਅਵੱਗਿਆ ਵਿਰੁੱਧ ਕੁਸਕੇ ਤੱਥ ਨਹੀਂ! ਰਾਜ-ਭਵਨ ਦੇ ਸੀਲ ਕਬੂਤਰਾਂ ਨੇ ਤਾਂ ਬੋਲਣਾ ਹੀ ਕੀ ਸੀ, ਨਿੱਕੀ ਨਿੱਕੀ ਗੱਲ ’ਤੇ ‘ਧਾਰਮਿਕ ਜਜ਼ਬਾਤਾਂ ਨੂੰ ਠੇਸ’ ਲੱਗਣ ਦਾ ਤੂਫ਼ਾਨ ਖੜਾ ਕਰਨ ਵਾਲਾ ਕੋਈ ‘ਜਥਾ’ ਵੀ ਨਹੀਂ ਕੂਇਆ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਬਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top