Share on Facebook

Main News Page

ਸਿੱਖ ਘਰਾਂ ‘ਚ ਵਧਦਾ ਪਾਖੰਡਵਾਦ…
-: ਜਸਪਾਲ ਸਿੰਘ ਹੇਰਾਂ

ਬੀਤੇ ਦਿਨ ਔਰਤਾਂ ਵਲੋਂ ਆਪਣੇ ਸੁਹਾਗ ਦੀ ਲੰਬੀ ਉਮਰ ਲਈ ਕਰਵਾ ਚੌਥ ਦੇ ਵਰਤ ਰੱਖੇ ਗਏ। ਭਾਂਵੇਂ ਕਿ ਇਹ ਵਰਤ ਅੱਜ ਪਦਾਰਥਵਾਦ ਦੀ ਹਨੇਰੀ ਅੱਗੇ ਸਿਰਫ ਚਕਾਚੌਂਧ ਅਤੇ ਪੈਸੇ ਦੀ ਬਰਬਾਦੀ ਦਾ ਵਿਖਾਵਾ ਬਣ ਕੇ ਰਹਿ ਗਏ ਹਨ ਅਤੇ ਇਸੇ ਕਾਰਣ ਲੋਕਾਂ ਦੇ, ਖਾਸ ਕਰਕੇ ਔਰਤਾਂ ਦੇ ਅੰਧ ਵਿਸ਼ਵਾਸ਼ ਦਾ ਲਾਹਾ ਖਟੱਣ ਲਈ ਆਪਣਾ ਸਮਾਨ ਵੇਚਣ ਵਾਲੀਆਂ ਸਰਮਾਏਦਾਰ ਧਿਰਾਂ ਨੇ ਟੀ.ਵੀ ਚੈਨਲਾਂ ਦੇ ਸਹਾਰੇ ਨਾਲ ਇਨਾਂ ਧਾਰਮਿਕ ਰਵਾਇਤਾਂ ਨੂੰ ਬਜ਼ਾਰਵਾਦ ‘ਚ ਬਦਲ ਲਿਆ ਹੈ। 

ਕਰਵਾ ਚੌਥ ਕਾਰਣ ਅਮੀਰ ਘਰਾਣੇ ਤਾਂ ਆਪਣੀ ਅਮੀਰੀ ਸ਼ਾਨੋ -ਸ਼ੌਕਤ ਦੇ ਵਿਖਾਵੇ ਲਈ ਰੁਪਏ ਲੁਟਾਉਂਦੇ ਹਨ। ਦੇਖਾ-ਦੇਖੀ ਮੱਧ ਵਰਗੀ ਪਰਿਵਾਰ ਅੱਡੀਆਂ ਚੁੱਕ ਕੇ ਫਾਹਾ ਲੈਣ ਲਈ ਭੇਡ-ਚਾਲ ਨੂੰ ਛੱਡਦੇ ਨਹੀਂ। ਕਰਵਾ ਚੌਥ ਜਿਹੜਾ ਪਤੀ ਦੀ ਜਾਨ ਦੀ ਰਾਖੀ ਦਾ ਤਿਉਹਾਰ ਸੀ, ਹੁਣ ਪਤੀ ਦੀ ਜੇਬ ਦੇ ਕਤਲ ਦਾ ਤਿਉਹਾਰ ਬਣਦਾ ਜਾ ਰਿਹਾ ਹੈ ।

10 ਅਕਤੂਬਰ 2014 ਨੂੰ ਭਾਈ ਪੰਥਪ੍ਰੀਤ ਸਿੰਘ ਨੇ ਗੁਰਦੁਆਰਾ ਗਰੂ ਨਾਨਕ ਮਿਸ਼ਨ ਸੈਂਟਰ, ਬਰੈਂਪਟਨ ਵਿਖੇ
ਕਰਵਾ ਚੌਥ ਦੇ ਕਰਮਕਾਂਡ ਬਾਰੇ ਸੰਗਤਾਂ ਨੂੰ ਸੁਚੇਤ ਕੀਤਾ

ਖੈਰ! ਸਾਡੀ ਅੱਜ ਦੀ ਚਿੰਤਾ ਬ੍ਰਾਹਮਣਵਾਦ ਦੇ ਉਹ ਪਾਖੰਡ, ਫੋਕਟ ਕਰਮ ਕਾਂਡ .ਤੇ ਆਡੰਬਰ ਹਨ, ਜਿਨਾਂ ਦੇ ਖਾਤਮੇ ਲਈ ਗੁਰੂ ਨਾਨਕ ਦੇਵ ਜੀ ਨੇ ਇਨਕਲਾਬੀ ਧਰਮ ਦੀ ਬੁਨਿਆਦ ਰੱਖੀ ਸੀ। ਉਸ ਧਰਮ ‘ਚ ਮੁੜ ਤੋਂ ਫੋਕਟ ਕਰਮ- ਕਾਂਡਾਂ ਦੇ ਭਾਰੂ ਹੋਣ ਨੂੰ ਲੈ ਕੇ ਹੈ, ਜਿਸ ਧਰਮ ਦਾ ਉਹ ਗ੍ਰੰਥ ਜਿਹੜਾ ਜ਼ਾਹਰਾ ਗੁਰੂ ਹੈ, ਜਿਸ ਨੂੰ ਪ੍ਰਗਟ ਗੁਰਾਂ ਧੀ ਦੇਹਿ, ਮੰਨਿਆਂ ਜਾਂਦਾ ਹੈ, ਉਸ ਗੁਰੂ ਦਾ ਹੋਕਾ ਹੈ ਕਿ ਪਾਖੰਡ, ਆਡੰਬਰ ਤੇ ਫੋਕਟ ਕਰਮ -ਕਾਂਡ ਨਹੀਂ ਕਰਨੇ ਅਤੇ ਅੰਨ ਛੱਡਣ ਦਾ ਪਾਖੰਡ ਕਰਨ ਵਾਲੀ ਔਰਤ ਨਾ ਸੁਹਾਗਣ ਅਤੇ ਨਾ ਹੀ ਰੰਡੀ ਮੰਨੀ ਜਾਂਦੀ ਹੈ। ਜਨਮ -ਮਰਨ ਪ੍ਰਮਾਤਮਾ ਦੇ ਹੱਥ ਹੈ। ਪ੍ਰਮਾਤਮਾ ਦੀ ਬਰਾਬਰੀ ਕਿਸੇ ਆਮ ਮਨੁੱਖ ਦੇ ਵੱਸ ਨਹੀਂ, ਹਰ ਜੀਵ ਆਤਮਾ ਉਸ ਵਾਹਿਗੁਰੂ ਦੀ ਇਸਤਰੀ ਹ । ਫਿਰ ਉਸ ਲਈ ਸੁਹਾਗਣ ਜਾਂ ਵਿਧਵਾ ਹੋਣ ਦੇ ਅਰਥ ਬਹੁਤ ਉੱਚੇ, ਡੂੰਘੇ ਅਤੇ ਅਧਿਆਤਮਕ ਰੰਗ ‘ਚ ਰੰਗੇ ਹੋ ਜਾਂਦੇ ਹਨ ।

ਕੱਟੜ ਹਿੰਦੂਵਾਦੀ ਤਾਕਤਾਂ ਵਲੋਂ ਟੀ. ਵੀ ਚੈਨਲਾਂ ਰਾਹੀਂ ਦੇਸ਼ ਦੇ ਹਿੰਦੂਕਰਨ ਦੀ ਮੁਹਿੰਮ ‘ਚ ਸਭ ਤੋਂ ਮੋਹਰੀ ਰੋਲ ਨਿਭਾਇਆ ਜਾ ਰਿਹਾ ਹੈ, ਜਿਸ ਨੂੰ ਸਮਝਣ ਤੇ ਵਿਚਾਰਨ ਤੋਂ ਬਾਅਦ ਉਸਦਾ ਡੱਟਵਾਂ ਮੁਕਾਬਲਾ ਕਰਨ ਦੀ ਵੱਡੀ ਲੋੜ ਹੈ। ਜੇ ਸਿੱਖਾਂ ਦੇ 50 ਫੀਸਦੀ ਪੇਂਡੂ ਘਰਾਂ ਅਤੇ 85 ਫੀਸਦੀ ਸ਼ਹਿਰੀ ਘਰਾਂ ‘ਚ ਕਰਵਾ ਚੌਥ ਦਾ ਵਰਤ ਰੱਖਿਆ ਗਿਆ ਹੈ ਤਾਂ ਇਸਦਾ ਇੱਕੋ- ਇੱਕ ਨਤੀਜਾ ਨਿਕਲਦਾ ਹੈ ਕਿ ਅਸੀਂ ਮਾਨਸਿਕ ਰੂਪ ‘ਚ ਕਮਜ਼ੋਰ ਹੋ ਚੁੱਕੇ ਹਾਂ । ਗੁਰੂ ਵਲੋਂ ਦਿੱਤੀ ਸਿਖਿਆ ਤੇ ਸੇਧ ਦੇ ਸਾਡੇ ਲਈ ਕੋਈ ਅਰਥ ਨਹੀਂ ਰਹਿ ਗਏ। ਹਰ ਜਗਰਾਤੇ ‘ਚ, ਹਰ ਮਜ਼ਾਰ ‘ਤੇ ਸਿੱਖਾਂ ਦੀ ਵੱਡੀ ਗਿਣਤੀ ਵੇਖੀ ਜਾ ਸਕਦੀ ਹੈ। ਇੱਕ ਨੂੰ ਛੱਡ ਕੇ ਦੂਜੇ ਦੇ ਲੜ ਲੱਗਣ ਵਾਲਾ ਹਮੇਸ਼ਾਂ ਡੁੱਬਦਾ ਹੈ।

ਇਹ ਗੁਰਬਾਣੀ ਦਾ ਫੁਰਮਾਨ ਹੈ। ਫਿਰ ਸਾਡਾ ਆਪਣੇ ਧਰਮ ਤੋਂ, ਆਪਣੇ ਈਮਾਨ ਤੋਂ, ਆਪਣੇ ਗੁਰੂ ਤੋਂ ਨਿਸ਼ਚਾ ਕਿਉਂ ਡੋਲ ਗਿਆ ਹੈ? ਸਿੱਖੀ ਦਾ ਪ੍ਰਚਾਰ ਕਰਨ ਵਾਲੇ ਸੰਤ ਬਾਬਿਆਂ ਦੀਆਂ ਧਾੜਾਂ ਦਾ ਅੰਤ ਨਹੀਂ, ਟੀ ਵੀ ਚੈਨਲਾਂ ‘ਤੇ ਕਥਾ – ਵਿਖਿਆਨ ਕਰਨ ਵਾਲੇ ਪ੍ਰਚਾਰਕਾਂ ਦੀ ਕੋਈ ਕਮੀ ਨਹੀਂ, ਕੀਰਤਨ ਦਰਬਾਰਾਂ ਤੇ ਨਗਰ ਕੀਰਤਨਾਂ ਦੀ ਲੜੀ ਟੁੱਟਦੀ ਨਹੀਂ। ਉਸ ਦੇ ਬਾਵਜੂਦ ਸਿੱਖੀ ਦਾ ਹਿੰਦੂਕਰਨ ਤੇਜ਼ੀ ਨਾਲ ਹੋ ਰਿਹਾ ਹੈ। ਆਖਰ ਕਿਉਂ ? ਘਾਟ ਕਿੱਥੇ ਹੈ ?

ਸਿੱਖ ਵੱਖਰੀ ਕੌਮ ਹੈ । ਉਹ ਸੱਚੇ ਮਾਰਗ ਦੀ ਪਾਂਧੀ ਹੈ। ਫਿਰ ਸਿੱਖ ਝੂਠੇ ਰਾਹਾਂ ‘ਤੇ ਕਿਉਂ ਤੁਰ ਪਏ ? ਗੁਰੂ ਸਾਹਿਬਾਨ ਨੇ ਮਨੁੱਖ ਨੂੰ ਚੰਗੇ ਕੰਮ ਕਰਨ ਦੀ ਸਿੱਖਿਆ ਦਿੱਤੀ ਅਤੇ ਚੰਗੇ ਕੰਮਾਂ ਨਾਲ ਹੀ ਚੰਗੇ ਫਲ ਦੀ ਪ੍ਰਾਪਤੀ ਦਾ ਰਾਹ ਦੱਸਿਆ । ਫਿਰ ਝੂਠੇ ਪਾਖੰਡਾਂ ਤੋਂ ਕਿਸੇ ਪ੍ਰਾਪਤੀ ਦੀ ਆਸ ਕੋਈ ਸਿੱਖ ਕਿਵੇਂ ਕਰਨ ਲੱਗ ਪਿਆ ? ਮੌਤ ਨੂੰ ਜਿੱਤਣ ਦਾ ਕਾਰਨਾਮਾ ਬਾਬਾ ਦੀਪ ਸਿੰਘ ਨੇ ਹਕੀਕੀ ਰੂਪ ‘ਚ ਕਰ ਦਿਖਾਇਆ ਸੀ । ਪ੍ਰੰਤੂ ਉਸ ਪਿੱਛੇ ਗੁਰੂ ਪ੍ਰਤੀ ਸਮਰਪਿਤ ਭਾਵਨਾ ਅਤੇ ਆਪਣੇ ਗੁਰ੍ਰੂ ਅੱਗੇ ਕੀਤੀ ਅਰਦਾਸ ਨੂੰ ਤੋੜ ਨਿਭਾਉਣ ਦਾ ਦ੍ਰਿੜ ਇਰਾਦਾ ਸੀ । ਕੋਈ ਕੀ ਕਰਦਾ ? ਸਾਨੂੰ ਉਸ ਨਾਲ ਬਹੁਤਾ ਸਰੋਕਾਰ ਨਹੀਂ । ਪਰ ਜਿਸ ਤਰਾਂ ਸਿੱਖ ਘਰਾਂ ‘ਚ ਹਿੰਦੂਵਾਦੀ ਫੋਕਟ ਕਰਮ ਕਾਂਡ ਭਾਰੂ ਹੋ ਰਹੇ ਹਨ , ਉੇਸ ਇਸ ਕਰਕੇ ਚਿੰਤਾ ਹੈ ਕਿ ਇਹ ਝੂਠੇ ਕਰਮ- ਕਾਂਡ, ਸਿੱਖੀ ਦੇ ਨਿਆਰੇ – ਨਿਰਾਲੇ ਸਿਧਾਂਤਾਂ ਨੂੰ ਖੋਰਾ ਲਾ ਕੇ, ਸਿੱਖਾਂ ਨੂੰ ਮਾਨਸਿਕ ਰੂਪ ‘ਚ ਕਮਜ਼ੋਰ ਕਰ ਰਹੇ ਹਨ, ਜਿਸ ਕਾਰਣ ਉਹ ਮੁੜ ਤੋਂ ਨਿਤਾਣੇ- ਨਿਮਾਣੇ ਬਣਨ ਵੱਲ ਤੁਰ ਪਏ ਹਨ।

ਪਾਖੰਡ, ਆਡੰਬਰ ਤੇ ਇਨਾਂ ਫੋਕਟ ਕਰਮ -ਕਾਂਡਾਂ ਦਾ ਵਿਰੋਧ ਵੀ ਕਮਜ਼ੋਰ ਪੈ ਰਿਹਾ ਹੈ, ਜਿਸ ਦਾ ਨਤੀਜਾ ਇਹ ਹੈ ਕਿ ਸਿੱਖ ਘਰਾਂ ‘ਚ ਹਿੰਦੂਵਾਦੀ ਕਰਮਕਾਂਡ ਮੁੜ ਵਧੇਰੇ ਧੱੜ੍ਹਲੇ ਨਾਲ ਹੋਣ ਲੱਗ ਪਏ ਹਨ। ਪੰਥ ਦਰਦੀਆਂ ਨੂੰ ਇਹ ਚੁਣੌਤੀ ਸਵੀਕਾਰ ਕਰਦਿਆਂ ਨਵੇਂ ਯੁੱਗ ਦੇ ਸਾਰੇ ਸੰਚਾਰ ਸਾਧਨਾਂ ਦਾ ਸਹਾਰਾ ਲੈ ਕੇ ਸਿੱਖੀ ‘ਚੋਂ ਮਿਲਾਵਟ ਦੂਰ ਕਰਨਲਈ ਨਵੀਂ ਸਿੰਘ ਸਭਾ ਲਹਿਰ ਦੀ ਤੁਰੰਤ ਆਰੰਭਤਾ ਕਰਨੀ ਹੋਵੇਗੀ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਬਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top