ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਰੋਜ਼ਾਨਾ
ਸ਼ਾਮ ਦੇ ਨਿੱਤ-ਨੇਮ ਪਿੱਛੋਂ ਅਤੇ ਘਰਾਂ ਵਿੱਚ ਹੁੰਦੇ ਅਖੰਡਪਾਠਾਂ ਤੋਂ ਪਿੱਛੋਂ ਜਾਂ
ਸਮਾਪਤੀ ਸਮੇਂ ਇੱਕ ਆਰਤੀ ਕੀਤੀ ਜਾ ਰਹੀ ਹੈ। ਆਰਤੀ, ਗੁਰਮੱਤ ਅਨੁਸਾਰ, ਕਰਨ ਦੀ ਕਿਰਿਆ
ਨਹੀਂ ਸੀ, ਸਗੋਂ ਕ਼ੁਦਰਤਿ ਵਿੱਚ ਹੋ ਰਹੀ ਆਰਤੀ ਵਿੱਚ ਹਰ ਸਮੇਂ ਸ਼ਾਮਲ ਰਹਿ ਕੇ ਪ੍ਰਭੂ ਦੀ
ਵਾਹੁ-ਵਾਹੁ ਕਰਨ ਦੀ ਕਿਰਿਆ ਸੀ। ਸਾਖੀ ਅਨੁਸਾਰ, ਧੰਨੁ ਗੁਰੂ ਨਾਨਕ ਸਾਹਿਬ ਜੀ ਇੱਕ ਮੰਦਰ
ਵਿੱਚ ਹੋ ਰਹੀ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਸਨ। ਉਨ੍ਹਾਂ ਧਨਾਸ਼੍ਰੀ ਰਾਗ ਦੇ ਸ਼ਬਦ ‘ਗਗਨਮੈ
ਥਾਲੁ ------॥’ ਰਾਹੀਂ ਕ਼ੁਦਰਤਿ ਵਿੱਚ ਹਰ ਸਮੇਂ ਹੋ ਰਹੀ ਕ਼ਾਦਰ ਦੀ ਆਰਤੀ ਦਾ
ਚੇਤਾ ਕਰਾਇਆ ਸੀ ਤੇ ਕਿਹਾ ਸੀ ‘ਕੈਸੀ ਆਰਤੀ ਹੋਇ-----॥’
ਗੁਰਮਤ ਅਨੁਸਾਰ ਆਰਤੀ ਦੀ ਵਿਆਖਿਆ ਦਾ ਇਹ ਸ਼ਬਦ ਚਾਨਣ ਮੁਨਾਰਾ ਹੈ ਜਿਸ ਦੇ ਸਿਰਲੇਖ ਉੱਪਰ
‘ਆਰਤੀ’ ਸ਼ਬਦ ਲਿਖਿਆ ਮਿਲ਼ਦਾ ਹੈ। ਹੋਰ ਵੀ ਕਈ ਸ਼ਬਦ ਹਨ ਜੋ ਦਸਦੇ ਹਨ ਕਿ ਪ੍ਰਭੂ ਦਾ ਚਿੰਤਨ
ਹੀ ਆਰਤੀ ਹੈ।
ਅੱਜ
ਬਹੁਤੇ ਥਾਵਾਂ ਤੇ ਕੀਤੀ ਜਾ ਰਹੀ ਆਰਤੀ ਵਿੱਚ ਇੰਦ੍ਰ ਦੇਵਤੇ ਦੇ ਦਰਬਾਰ ਦੀ ਸ਼ੋਭਾ ਵਾਲ਼ੀ
ਇਕ ਰਚਨਾ ਪੜ੍ਹੀ ਜਾ ਰਹੀ ਹੈ। ਇਹ ਰਚਨਾ ਚੰਡੀ ਚਰਿਤ੍ਰ ਉਕਤਿ
ਬਿਲਾਸ (ਕੁੱਲ ਛੰਦ 233) ਵਿੱਚ ਛੰਦ ਨੰਬਰ 54-55 ਉੱਤੇ ਦਰਜ ਹੈ। ਇਸ ਦਾ ਅਰਥ
ਹੈ ਇਹ ਸੁਤੰਤਰ ਰਚਨਾ ਨਹੀਂ ਹੈ।
ਇਸ ਰਚਨਾ ਵਿੱਚ ਇੰਦ੍ਰ ਦੇਵਤੇ ਦੀ ਉਤਾਰੀ
ਗਈ ਆਰਤੀ ਹੈ। ਇਹ ਆਰਤੀ ਸਾਰੇ ਦੇਵਤੇ ਰਲ਼ ਕੇ ਕਰਦੇ ਹਨ। ਖ਼ੁਸ਼ੀ ਇਹ ਸੀ ਕਿ ਦੈਂਤਾਂ ਕੋਲੋਂ
ਰਾਜ ਖੋਹ ਕੇ ਦੁਰਗਾ ਦੇਵੀ ਨੇ ਮੁੜ ਇੰਦ੍ਰ ਨੂੰ ਰਾਜ-ਗੱਦੀ ਤੇ ਬਿਠਾਇਆ ਸੀ। ਆਮ ਸੰਗਤਿ
ਦੇਖੋ ਦੇਖੀ ਇਹ ਆਰਤੀ ਕਰ ਕੇ ਅਤੇ ਹੁੰਦੀ ਦੇਖ ਕੇ ਖ਼ੁਸ਼ ਹੁੰਦੀ ਹੈ ਪਰ ਅਸਲੀਅਤ ਕਿਸੇ ਨੂੰ
ਪਤਾ ਨਹੀਂ ਹੈ।
ਅਗਿਆਨਤਾ ਕਾਰਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਹੋ ਰਹੀ
ਹੈ ਜੇ ਕੋਈ ਦੱਸੇ ਵੀ ਤਾਂ ਉਸ ਦਾ ਸਵਾਗਤ ਡਾਂਗਾਂ ਨਾਲ਼, ਭਾਵ, ਵਿਰੋਧ ਕਰਕੇ ਕੀਤਾ ਜਾਂਦਾ
ਹੈ। ਗ਼ੌਰ ਨਾਲ਼ ਇਹ ਰਚਨਾ ਤੇ ਇਸ ਦੇ ਅੱਗੇ ਪਿੱਛੇ ਲਿਖੇ ਛੰਦ ਅਰਥ ਸਮੇਤ ਪੜ੍ਹੋ:
ਛੰਦ ਨੰਬਰ 51
ਦੋਹਰਾ ॥
ਜਬ ਮਹਖਾਸਰ ਮਾਰਿਓ ਸਭ ਦੈਤਨ ਕੋ ਰਾਜ ॥
ਤਬ ਕਾਇਰ ਭਾਜੇ ਸਭੈ ਛਾਡਿਓ ਸਕਲ ਸਮਾਜ ॥੫੧॥
ਸਾਰ:
ਯੁੱਧ ਵਿੱਚ, ਮਹਿਖਾਸੁਰ ਦੈਂਤ ਰਾਜਾ, ਦੁਰਗਾ ਹੱਥੋਂ ਮਾਰਿਆ ਗਿਆ। ਦੁਰਗਾ ਦੇਵੀ ਜੰਗ
ਜਿੱਤ ਗਈ। ਦੁਰਗਾ ਦੇਵੀ ਇੰਦ੍ਰ ਦੀ ਸਹਾਇਤਾ ਵਾਸਤੇ ਲੜ ਰਹੀ ਸੀ।
ਛੰਦ ਨੰਬਰ 53
ਦੋਹਰਾ ॥
ਲੋਪ ਚੰਡਕਾ ਹੋਇ ਗਈ ਸੁਰਪਤਿ ਕਉ ਦੇ ਰਾਜ ॥ ਦਾਨਵ ਮਾਰੇ ਅਭੇਖ
ਕਰਿ ਕੀਨੇ ਸੰਤਨ ਕਾਜ ॥੫੩॥
ਸਾਰ: ਕੌਣ ਲੋਪ ਹੋਈ? ਦੇਹ ਧਾਰੀ
ਦੁਰਗਾ ਦੇਵੀ। ਕੌਣ ਲੜੀ ਦੈਂਤਾਂ ਨਾਲ਼? ਦੁਰਗਾ ਦੇਵੀ। ਇੰਦ੍ਰ (ਸੁਰਪਤਿ) ਨੂੰ ਕਿਸ ਨੇ
ਰਾਜ ਦਿੱਤਾ? ਦੁਰਗਾ ਦੇਵੀ ਨੇ। ਸੰਤ ਕਿਨ੍ਹਾਂ ਨੂੰ ਕਿਹਾ ਹੈ? ਦੇਵਤਿਆਂ ਨੂੰ। ਦੁਸ਼ਟ ਕੌਣ
ਹਨ? ਦਾਨਵ, ਦੈਂਤ।
ਛੰਦ ਨੰਬਰ 54
ਸ੍ਵੈਯਾ ॥ ( ਇਹ ਰਚਨਾ ਆਰਤੀ ਵਿੱਚ ਗਾਈ ਜਾਂਦੀ ਹੈ)
ਯਾ ਤੇ ਪ੍ਰਸੰਨ ਭਏ ਹੈ ਮਹਾਂ ਮੁਨਿ ਦੇਵਨ ਕੇ ਤਪ ਮੈ ਸੁਖ ਪਾਵੈ॥
ਜਗਯ ਕਰੈ ਇਕ ਬੇਦ ਰਰੈ ਭਵ ਤਾਪ ਹਰੈ ਮਿਲਿ ਧਿਆਨਹਿ ਲਾਵੈ॥
ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈ॥
ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜਛ ਅਪਛਰ ਨਿਰਤ ਦਿਖਾਵੈ॥੫੪॥
ਸੰਖਨ ਕੀ ਧੁਨ ਘੰਟਨਿ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ॥
ਛੰਦ ਨੰਬਰ 55
ਆਰਤੀ ਕੋਟਿ ਕਰੈ ਸੁਰ ਸੁੰਦਰਿ ਪੇਖ
ਪੁਰੰਦਰ ਕੇ ਬਲਿ ਜਾਵੈਂ ॥ ਦਾਨਤ ਦਛਨ ਦੈ ਕੈ ਪ੍ਰਦਛਨ ਭਾਲ ਮੈ ਕੁੰਕਮ ਅਛਤ ਲਾਵੈ॥ ਹੋਤ
ਕੁਲਾਹਲ ਦੇਵ ਪੁਰੀ ਮਿਲਿ ਦੇਵਨ ਕੇ ਕੁਲਿ ਮੰਗਲ ਗਾਵੈ॥੫੫॥
ਸਾਰ: ਇੰਦ੍ਰ ਦੇਵਤੇ ਨੂੰ
ਖੁੱਸਿਆ ਰਾਜ ਮਿਲ਼ ਗਿਆ। ਮੱਥੇ ਉੱਤੇ ਕੇਸਰ ਦਾ ਟਿੱਕਾ ਲੱਗ ਰਿਹਾ ਹੈ। ਸਾਰੇ ਰਿਸ਼ੀ ਮੁਨੀ
ਦੇਵਤਿਆਂ ਦੀ ਪੂਜਾ ਵਿੱਚ ਜੁੱਟ ਗਏ। ਇੰਦ੍ਰ ਦੇਵਤੇ ਦੀ ਪ੍ਰਕਰਮਾ ਦੇਵਤੇ ਕਰ ਰਹੇ ਹਨ।
ਦੇਵ ਪੁਰੀ ਵਿੱਚ ਭਾਂਤਿ-ਭਾਂਤਿ ਦੇ ਸਾਜ਼ਾਂ ਨਾਲ਼ ਗਾਇਨ ਹੋ ਰਿਹਾ ਹੈ। ਗਣ ਗੰਧ੍ਰਵ ਗਾ ਰਹੇ
ਹਨ।
ਯਕਸ਼ ਵੀ ਨੱਚ ਰਹੇ ਹਨ ਅਤੇ ਸੁੰਦਰ ਇਸਤ੍ਰੀਆਂ (ਪਰੀਆਂ) ਵੀ ਨੱਚ
ਰਹੀਆਂ ਹਨ। ਇਹ ਦੇਖ ਕੇ ਰਾਜਾ ਇੰਦ੍ਰ ਪ੍ਰਸੰਨ ਹੋ ਰਿਹਾ ਹੈ । ਇੰਦ੍ਰ ਦੇ ਦਰਬਾਰ ਵਿੱਚ
ਰੌਣਕ ਮੁੜ ਆਈ ਹੈ। ਇੰਦ੍ਰ ਉੱਤੇ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਹਨ ਜਿੱਸ ਦੀ ਨਕਲ ਕਰ
ਕੇ ਗੁਰੂ ਜੀ ਦੇ ਸਰੂਪ ਉੱਤੇ ਵੀ ਫੁੱਲ ਸੁੱਟੇ ਜਾ ਰਹੇ ਹਨ( ਗੁਰਬਾਣੀ ਅਨੁਸਾਰ ਫੁੱਲਾਂ
ਦੀ ਭੇਟਾ ਜਾਂ ਵਰਖਾ ਗੁਰੂ ਦੀ ਪੂਜਾ ਜਾਂ ਸੇਵਾ ਨਹੀਂ ਹੈ)। ਇਹ ਸਜਾਵਟ ਦੀ ਸਮੱਗ੍ਰੀ ਹੈ।
ਨੋਟ:
ਇੰਦ੍ਰ ਦੇ ਦਰਬਾਰ ਦੀ ਨਕਲ ਤੇ ਸਿੱਖੀ ਦੇ ਵੇਸ਼ ਵਾਲ਼ੇ ਹਿੰਦੂ ਮਹੰਤਾਂ ਨੇ ਡੇਰਿਆਂ ਵਿੱਚ
ਆਰਤੀ ਦੀ ਰੀਤਿ ਚਲਾਈ ਸੀ। ਇਨ੍ਹਾਂ ਡੇਰਿਆਂ ਵਿੱਚ ਜਾਂਦੇ ਸ਼ਰਧਾਲੂਆਂ ਉੱਤੇ ਇਸ ਦ੍ਰਿਸ਼ ਦੀ
ਮੁਹਰ ਛਾਪ ਲਾਉਣਾ ਹੀ ਹਿੰਦੂ ਮਹੰਤਾਂ ਦਾ ਕੰਮ ਸੀ। ਇਸ ਦਾ ਅਰਥ ਸੀ- ਸਿੱਖਾਂ ਵਿੱਚ ਹਿੰਦੂ
ਮੱਤ ਦੀਆਂ ਰੀਤਾਂ ਦਾ ਪ੍ਰਚਾਰ ਕਰਨਾ। ਇਸੇ ਪ੍ਰਚਾਰ ਸਦਕਾ ਅੰਗ੍ਰੇਜ਼ੀ ਰਾਜ ਸਮੇਂ ਸ਼੍ਰੀ
ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਹੋ ਗਈਆਂ
ਸਨ ਭਾਵੇਂ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੋ ਰਿਹਾ ਸੀ।
ਅੱਜ ਇਸ ਪ੍ਰਭਾਵ ਥੱਲੇ ਜਿੱਥੇ ਵੀ ਅਜਿਹੀਆਂ ਰਚਨਾਵਾਂ ਪੜ੍ਹ ਕੇ
ਆਰਤੀ ਕੀਤੀ ਜਾਂਦੀ ਹੈ ਉਹ ਥਾਂ ਇੰਦ੍ਰ ਦੇ ਦਰਬਾਰ ਦਾ ਦ੍ਰਿਸ਼ ਪੇਸ਼ ਕਰਦੀ ਹੈ ਜਦੋਂ ਕਿ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੁੰਦਾ ਹੈ। ਹੋ ਸਕਦਾ ਹੈ ਕਿ ਸਮਾਂ
ਪਾ ਕੇ ‘ਅਪਸਰਾਂ ਨਿਰਤ ਦਿਖਾਵੈ’ ਦੇ ਅਰਥਾਂ ਤੇ ਵੀ ਅਮਲ ਹੋ ਜਾਵੇ ਤੇ ਨਾਚ ਵੀ ਸ਼ੁਰੂ ਹੋ
ਜਾਵੇ, ਨਹੀਂ ਤਾਂ ਇਹ ਤੁਕਾਂ ਖਾਲੀ ਪੜ੍ਹਨ ਦਾ ਕੀ ਅਰਥ ਹੈ? ਇਹ ਸਥਿੱਤੀ ਬੜੀ ਗੰਭੀਰ
ਹੋਵੇਗੀ।
ਛੰਦ ਨੰਬਰ 56
ਦੋਹਰਾ ॥
ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿਓ ਪ੍ਰਤਾਪ ॥ ਤੀਨ ਲੋਕ ਜੈ ਜੈ
ਕਰੈ ਰਰੈ ਨਾਮ ਸਤਿ ਜਾਪ ॥੫੬॥
ਸਾਰ: ਦੁਰਗਾ (ਚੰਡ) ਦੇਵੀ ਦੇ
ਪ੍ਰਤਾਪ ਸਦਕਾ ਦੇਵਤਿਆਂ ਦਾ ਪ੍ਰਤਾਪ ਵੀ ਵਧਿਆ। ਤਿੰਨਾਂ ਲੋਕਾਂ ਵਿੱਚ ਦੁਰਗਾ ਦੀ ਜੈ ਜੈ
ਕਾਰ ਵਾਲ਼ੀ 700 ਸ਼ਲੋਕਾਂ ਵਾਲ਼ੀ ਕਥਾ ਵਿੱਚ ਦੁਰਗਾ ਦੇ ਨਾਵਾਂ ਦੇ ਸਤੋਤ੍ਰ ਦਾ ਜਾਪ ਹੋਣ
ਲੱਗ ਪਿਆ।
‘ਨਾਮ ਸਤਿ’ ਜਾਪ
ਕੀ ਹੈ?
ਮਾਰਕੰਡੇ ਪੁਰਾਣ ਵਿੱਚ ‘ਸਤਸਈ’ ਸਿਰਲੇਖ
ਹੇਠ ਦੁਰਗਾ ਦੀ 700 ਸ਼ਲੋਕਾਂ ਵਾਲ਼ੀ ਕਥਾ ਵਿੱਚ ਦੁਰਗਾ ਦੇ ਨਾਵਾਂ ਦਾ ਜਾਪ।
ਅਗਿਆਨੀ ਸੱਜਣ ‘ਨਾਮ ਸਤਿ ਜਾਪ’ ਨੂੰ ‘ਸਤਿ ਨਾਮ ਦਾ ਜਾਪ’ ਹੀ ਸਮਝੀ ਬੈਠੇ ਹਨ, ਜਦੋਂ ਕਿ
ਇੱਥੇ ‘ਸਤਿ ਨਾਮ’ (ਸਦਾ ਅਟੱਲ ਪ੍ਰਭੂ) ਦੀ ਕੋਈ ਚਰਚਾ ਨਹੀਂ ਹੈ। ਇੱਥੇ ਕੇਵਲ ਦੁਰਗਾ ਅਤੇ
ਦੈਂਤਾਂ ਦਾ ਯੁੱਧ ਵਰਣਨ ਹੈ ਜਿਸ ਵਿੱਚ ਦੁਰਗਾ ਦੀ ਜਿੱਤ ਹੁੰਦੀ ਹੈ ਤੇ ਦਵਤੇ ਉੱਸ ਦੇ
ਵੱਖ-ਵੱਖ ਨਾਂ ਲੈ ਕੇ ਜਾਪ ਕਰਦੇ ਹਨ।
ਚੰਡੀ ਚਰਿਤ੍ਰ ਉਕਤਿ ਬਿਲਾਸ ਦੀ ਕਹਾਣੀ ਏਥੇ ਹੀ ਨਹੀਂ ਮੁੱਕਦੀ।
ਛੰਦ ਨੰਬਰ 233 ਵਿੱਚ ‘ਸਤਿ ਸਇਆ’ ਦਾ ਜ਼ਿਕਰ ਹੈ-
ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ
ਇਹ ਪੂਰੀ ਭਈ ਹੈ। ਗ੍ਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵਰ ਨ ਕੋਇ। ਜਿਹ ਨਮਿਤ ਕਵਿ ਨੇ
ਕਹਿਓ ਦੇਹਿ ਚੰਡਿਕਾ ਸੋਇ।233॥
ਨੋਟ:
ਜਾਗਰੂਕ ਸਿੱਖਾਂ ਨੂੰ ਤੱਤਪਰ ਹੋ ਕੇ ਗੁਰੂ ਜੀ ਦੀ ਨਿਰਾਦਰੀ
ਰੋਕਣ ਲਈ ਸ਼ਾਂਤਮਈ ਢੰਗ ਨਾਲ਼ ਅੱਗੇ ਆਉਣਾ ਪਵੇਗਾ।