Share on Facebook

Main News Page

ਦਿਵਾਲੀ ਅਤੇ ਬੰਦੀਛੋੜ ਦਿਵਸ ਦਾ ਰਲੇਵਾਂ ਸਾਡੇ ਨਿਆਰੇਪਣ ਨੂੰ ਚੁਨੌਤੀ ਤੇ ਆਰਥਿਕਤਾ ਨੂੰ ਖੋਰਾ ਹੈ
-: ਗੁਰਿੰਦਰਪਾਲ ਸਿੰਘ ਧਨੌਲਾ ੦੦੧  ੬੪੬  ੯੧੮  ੯੫੬੪

"ਦਿਵਾਲੀ" ਆਮ ਤੌਰ 'ਤੇ ਹਿੰਦੂ ਅਤੇ ਸਿੱਖਾਂ ਦੇ ਸਾਂਝੇ ਤਿਉਹਾਂਰ ਵਜੋਂ ਪ੍ਰਚਲਤ ਹੈ। ਇਸ ਦਿਨ ਨੂੰ ਹਿੰਦੂ ਮਤ ਵਿਚ ਲਕਸ਼ਮੀ ਪੂਜਨ ਭਾਵ ਮਾਇਆ ਪੂਜਨ ਦੇ ਤਿਉਹਾਂਰ ਵਜੋਂ ਅਤੇ ਹਿੰਦੂ ਮਿਥ ਅਨੁਸਾਰ ਇਸ ਦਿਨ ਨੂੰ ਰੋਸ਼ਨੀ ਦਾ ਦਿਨ ਵੀ ਆਖਿਆ ਜਾਂਦਾ ਹੈ, ਕਿਉਂਕਿ ਇਸ ਦਿਨ ਸ੍ਰੀ ਰਾਮ ਚੰਦਰ ਜੀ ਆਪਣੀ ਪਤਨੀ ਸੀਤਾ ਮਾਤਾ ਨੂੰ ਛੁਡਵਾ ਕੇ  ਲੰਕਾ ਦਹਨ ਕਰਨ ਉਪਰੰਤ ਜਦੋਂ ਅਯੁਧਿਆ ਵਾਪਿਸ ਆਏ ਸਨ ਤਾਂ ਰਾਜਾ ਰਾਮ ਚੰਦਰ ਜੀ ਦੀ ਪਰਜਾ ਵੱਲੋਂ ਮਹਾਂਨ ਜਿੱਤ ਦੀ ਖੁਸ਼ੀ ਵਿਚ ਘਰਾਂ ਤੇ ਦੀਵੇ ਬਾਲ ਕੇ ਰੋਸ਼ਨੀ ਕੀਤੀ ਗਈ ਅਤੇ ਪਟਾਕੇ ਚਲਾਕੇ ਖੁਸ਼ੀ ਦਾ ਇਜਹਾਰ ਕੀਤਾ ਸੀ। ਉਸ ਦਿਨ ਤੋ ਇਹ ਦਿਨ ਜਿਥੇ ਲਕਸ਼ਮੀ ਪੂਜਾ ਦਾ ਦਿਨ ਸੀ ਨਾਲ ਹਰ ਸਾਲ ਜਿਵੇ ਲੰਕਾ ਸੜਨ ਅਤੇ ਸ੍ਰੀ ਰਾਵਣ ਦੇ ਦੇ ਅੰਤ ਨੂੰ ਯਾਦ ਕਰਦਿਆਂ ਦੁਸਿਹਰੇ ਵਾਲੇ ਦਿਨ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ ਓਵੇ ਇਹ ਦਿਨ ਅਯੁਧਿਆ ਵਾਪਸੀ ਵਜੋਂ ਮਨਾਉਣ ਇੱਕ ਰੀਤ ਬਣ ਗਈ ਹੈ । ਇਹ ਦਿਨ ਕਤਕ ਦੀ ਮਸਿਆ ਵਾਲੀ ਰਾਤ ਨੂੰ ਮਨਾਇਆ ਜਾਂਦਾ ਹੈ।

ਸਿੱਖ ਇਤਿਹਾਸ ਵਿਚ ਇਸ ਦਿਵਾਲੀ ਨੂੰ ਛੇਵੇਂ ਨਾਨਕ ਮੀਰੀ ਪੀਰੀ ਦੇ ਮਲਿਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਨਾਲ ਜੋੜਿਆ ਗਿਆ ਹੈ। ਹੁਣ ਤੱਕ ਇਹ ਹੀ ਚੱਲਦਾ ਆ ਰਿਹਾਂ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਦਿਵਾਲੀ ਵਾਲੇ ਹੀ ਬਵੰਜਾ ਹਿੰਦੂ ਰਾਜਿਆਂ ਸਮੇਤ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿਚੋਂ ਗਵਾਲੀਅਰ ਦੇ ਕਿਲੇ ਵਿਚੋਂ ਰਿਹਾਂ ਹੋਕੇ ਦਰਬਾਰ ਸਾਹਿਬ ਅਮ੍ਰਿਤਸਰ ਸਾਹਿਬ ਪਹੁੰਚੇ ਸਨ ਤੇ ਉਸ ਦਿਨ ਦਰਬਾਰ ਸਾਹਿਬ ਵਿਹੇ ਦੀਪਮਾਲਾ ਕੀਤੀ ਗਈ ਅਤੇ ਪਟਾਖੇ ਚਲਾਕੇ ਖੁਸ਼ੀ ਦਾ ਇਜਹਾਂਰ ਕੀਤਾ ਗਿਆ ਸੀ। ਇਸ ਦਿਨ ਨੂੰ ਬੰਦੀਛੋੜ ਦਿਵਸ ਵਜੋਂ ਪ੍ਰਚਾਰਕੇ ਕਿਸੇ ਤਰਾਂ ਦੇ ਕਿੰਤੂ ਪ੍ਰੰਤੂ ਨੂੰ ਰੋਕ ਕੇ ਪ੍ਰਮਾਣਿਕਤਾ ਦੀ ਮੋਹਰ ਲਾਉਣ ਦਾ ਯਤਨ ਵੀ ਕੀਤਾ। ਸਿੱਖਾਂ ਨੂੰ ਪੱਕੇ ਕਰਨ ਵਾਸਤੇ ਕਹਾਂਵਤਾਂ ਵੀ ਘੜੀਆਂ ਹਨ ਜਿਵੇ ਕਿ ਦਾਲ ਰੋਟੀ ਘਰ ਦੀ ਦਿਵਾਲੀ ਅੰਬਰਸਰ ਦੀ।

ਲੇਕਿਨ ਤਾਜ਼ਾ ਹੋਈ ਖੋਜ਼ ਅਤੇ ਨਿਤ ਦਿਨ ਖੁਲਦੀਆਂ ਪਰਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਅਤੇ ਅਮ੍ਰਿਤਸਰ ਪੁਜਣ ਦੀਆਂ ਤਰੀਕਾਂ ਦੇ ਪੁਖਤਾ ਸਬੂਤ ਦੇਕੇ ਦਿਵਾਲੀ ਸਮੇਤ ਬਹੁਤ ਸਾਰੇ ਅਜਿਹੇ ਦਿਹਾਂੜੀਆਂ ਦੇ ਪਿਛੇ ਪ੍ਰਸ਼ਨ ਚਿੰਨ ਲਗਾਕੇ ਵਿਦਵਾਨ ਤਬਕੇ ਵਿਚ ਇੱਕ ਚਰਚਾ ਛੇੜ ਦਿੱਤੀ ਹੈ। ਬਹੁਤ ਸਾਰੇ ਇਤਿਾਂਸਕਾਰਾਂ ਨੇ ਤਥਾਂ ਦੇ ਅਧਾਰ ਦੇ ਦੱਸਿਆ ਹੈ, ਜਿਵੇ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ ਰਿਹਾਂ ਹੋਕੇ 28 ਦਿਸੰਬਰ ਨੂੰ ਅਮ੍ਰਿਤਸਰ ਸਾਹਿਬ ਪਹੁੰਚੇ ਸਨ ।ਦਿਵਾਲੀ ਕਦੇ ਵੀ ਦਿਸੰਬਰ ਵਿਚ ਨਹੀਂ ਹੋ ਸਕਦੀ।  ਹੁਣ ਜੇ ਰਤਾ ਕੁ ਧਿਆਨ ਨਾਲ ਇਸ ਦੀ ਘੋਖ ਕਰੀਏ ਤਾਂ ਇੱਕ ਤਰਕ ਸਾਫ਼ ਨਜਰ ਆਉਂਦਾ ਹੈ ਅਤੇ ਅਹਿਸਾਸ ਵੀ ਹੁੰਦਾ ਹੈ ਕਿ ਕੁਝ ਦਿਨ ਤਿਉਹਾਰ ਤਾਂ ਸਿਰਫ ਸਾਨੂੰ ਕਿਸੇ ਹੋਰ ਧਰਮ, ਫਿਰਕੇ, ਕੌਮ ਜਾਂ ਸਭਿਆਚਾਰ ਦਾ ਹਿੱਸਾ ਸਾਬਿਤ ਕਰਨ ਵਾਸਤੇ ਧੱਕੇ ਨਾਲ ਹੀ ਸਾਂਝੇ ਕੀਤੇ ਗਏ ਹਨ।

ਇਹ ਇੱਕ ਕੌੜੀ ਸਚਾਈ ਹੈ ਕਿ ਸਿੱਖੀ ਜਨਮੀ ਵੀ ਸੰਘਰਸ਼ ਵਿਚੋਂ ਅਤੇ ਹੁਣ ਤੱਕ ਸੰਘਰਸ਼ ਵਿਚੋਂ ਹੀ ਗੁਜਰਦੀ ਬਿਖੜੇ ਪੈਡੇ ਤਹਿ ਕਰਦੀ ਇੱਕੀਵੀਂ ਸਦੀ ਦੇ ਖਤਰਨਾਕ ਸਫਰ ਤੇ  ਹੈ। ਸਿੱਖਾਂ ਦਾ ਬਹੁਤਾ ਸਮਾਂ ਧਰਮਯੁਧ ਲੜਦਿਆਂ ਜਾਂ ਗੁਲਾਮੀਂ ਦੇ ਦਰਦ ਝੱਲਦਿਆਂ ਹੀ ਨਿਕਲਿਆ ਹੈ। ਗੁਰੂ ਕਾਲ ਤੋਂ ਬਾਅਦ ਕੁਝ ਵਰੇ ਬਾਬਾ ਬੰਦਾ ਸਿੰਘ ਬਹਾਂਦਰ ਜੀ ਵੱਲੋਂ ਪਹਿਲੀ ਸਿੱਖ ਬਾਦਸ਼ਾਹੀ ਕਾਇਮ ਕਰਨ ਅਤੇ ਮਹਾਂਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਵਾਲੇ ਸਿੱਖ ਰਾਜ ਦੇ ਕੁਝ ਦਹਾਕੇ ਜਰੁਰ ਕੁਝ ਸੁਖਾਲੇ ਸਾਹਾਂ ਵਾਲੇ ਆਖੇ ਜਾ ਸਕਦੇ ਹਨ, ਲੇਕਨ ਇਸ ਸਮੇਂ ਵਿਚ ਸਿੱਖਾਂ ਨੇ ਗੁਰਦਵਾਰਿਆਂ ਦੀ ਸੰਭਾਲ ਤਾਂ ਜਰੁਰ ਕੀਤੀ ਸਿੱਖ ਰਾਜ ਨੂੰ ਮਜਬੂਤ ਵੀ ਕੀਤਾ ਲੇਕਿਨ ਇਤਿਹਾਸ ਵਾਲੇ ਪਾਸੇ  ਫਿਰ ਵੀ ਕੋਈ ਗੌਰ ਨਹੀਂ ਕੀਤੀ ਗਈ, ਪਰ ਸਿੱਖੀ ਦੇ ਜੜੀਂ ਤੇਲ ਦੇਣ ਵਾਲੇ ਅਮੀਰ ਸਿੱਖ ਇਤਿਹਾਸ ਅਤੇ ਹੋਰ ਲਿਖਤਾਂ ਵਿਚ ਲਗਾਤਾਰ ਰਲਾਵਟਾਂ ਮਿਲਾਵਟਾਂ ਕਰਦੇ ਰਹੇ ਉਹਨਾਂ ਦੇ ਨਾਪਾਕ ਮਨਸੂਬੇ ਤੇ ਕੁਟ ਨੀਤੀਆਂ ਕਰਕੇ ਹੀ ਅੱਜ ਸਿੱਖ ਆਪਣੇ ਗੁਰੂ ਸਹਿਬਾਨਾਂ, ਸ਼ਹੀਦਾਂ ਅਤੇ ਹੋਰ ਇਤਿਹਾਸਿਕ ਦਿਹਾਂੜਿਆਂ ਨੂੰ ਕਿਸੇ ਹੋਰ ਧਰਮ ਦੀਆਂ ਪ੍ਰਚਲਤ ਰੀਤਾਂ ਜਾਂ ਪਰੰਪਰਾਵਾਂ ਅਨੁਸਾਰ ਹੀ ਮਨਾਈ ਜਾ ਰਹੇ ਹਨ, ਜਦੋਂ ਦਿਨ ਤਿਉਹਾਰ ਦੀ ਗੱਲ ਓਦੋ ਅਸੀਂ ਭਾਈ ਭਾਈ ਜਦੋਂ ਅਸੀਂ ਹੱਕ ਮੰਗੀਏ ਫਿਰ ਦਹਿਸ਼ਤ ਗਰਦ, ਅਤਵਾਦੀ, ਵਖਵਾਦੀ ਜਾਂ ਦਸ਼ ਧ੍ਰੋਹੀ ਦਿਸਦੇ ਹਾਂ।

ਮਿਸਾਲ ਦੇ ਤੌਰ 'ਤੇ ਸਿੱਖ ਧਰਮ ਵਿਚ ਮਾਘੀ ਦਾ ਕੋਈ ਮਹਤਵ ਨਹੀਂ ਸਾਰੇ ਮਹੀਨੇ ਦਿਨ ਘੜੀਆਂ ਪਲ ਰੁੱਤਾਂ ਓਦੋ ਸੁਲਖਨੀਆਂ ਹਨ, ਜਦੋਂ ਕਰਤਾ ਪੁਰਖ ਚੇਤੇ ਹੋਵੇ । ਪਰ ਸ਼ਰਾਰਤੀ ਸਿੱਖਾਂ ਨੂੰ ਕਿਵੇ ਮਗਰ ਲਾਉਂਦਾ ਹੈ। ਖਿਦਰਾਣੇ ਦੀ ਢਾਬ  ਮੁਕਤਸਰ ਸਾਹਿਬ) ਦਾ ਜੰਗ ਗਰਮੀ ਦੀ ਰੁੱਤੇ ਹੋਇਆ । ਸਾਡੇ ਬਜੁਰਗਾਂ ਨੇ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਸੰਗਤਾਂ ਦੀ ਸਹੁਲਤ ਨੂੰ ਵੇਖਦਿਆਂ ਗਰਮੀ ਦੀ ਜਗਾਹ ਕੀਤੇ ਸਰਦੀ ਵਿਚ ਮਨਾਉਣ ਦਾ ਉਪਰਾਲਾ ਕੀਤਾ, ਤਾਂ ਸਾਨੂੰ ਨਿਗਲਨ ਦੀ ਤਾਕ ਵਿਚ ਬੈਠੇ ਸਾਡੇ ਦੁਸ਼ਮਨ ਨੇ ਇਸ ਨੂੰ ਮਾਘੀ ਤੇ ਲੋਹੜੀ ਨਾਲ ਜੋੜ ਲਿਆ। ਅੱਜ ਸਾਡੇ ਵਾਸਤੇ ਉਥੇ ਜੋੜਮੇਲੇ ਤੇ ਭਾਈ ਮਹਾਂ ਸਿੰਘ ਸਮੇਤ ਸ਼ਹੀਦ ਹੋਏ ਚਾਲੀ ਮੁਕਤਿਆਂ ਦਾ ਕੋਈ ਅਰਥ ਨਹੀਂ, ਕਿਸੇ ਨੂੰ ਪੁਛੋ ਓਹ ਆਖੇਗਾ ਮਾਘੀ ਦਾ ਇਸ਼ਨਾਨ ਕਰਨ ਚੱਲਿਆ ਹਾਂ। ਸ਼ਹੀਦੀ ਦਿਹਾਂੜੇ ਦਾ ਦਸ ਹਜ਼ਾਰ ਵਿਚੋਂ ਇੱਕ ਨੂੰ ਭਾਵੇ ਪਤਾ ਹੋਵੇ।

ਜਿਵੇ ਚਾਲੀ ਮੁਕਤਿਆਂ ਦੀ ਸ਼ਹੀਦੀ ਮਾਘੀ ਦੀ ਰਜਾਈ ਥੱਲੇ ਨਿਘੀ ਕਰਕੇ ਲਕੋ ਦਿੱਤੀ, ਇੰਜ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੱਡੀ ਜਿੰਦਾਦਿਲੀ ਕਿ ਕੱਲੇ ਰਿਹਾਂ ਨਹੀਂ ਹੋਣਾ ਸਾਰੇ ਹਿੰਦੂ ਰਾਜੇ ਵੀ ਰਿਹਾਂ ਕਰਵਾਕੇ ਲਿਜਾਣੇ ਹਨ, ਏਡੇ ਵੱਡੇ ਇਨਕਲਾਬ ਦੀ ਆਵਾਜ਼ ਨੂੰ ਦਿਵਾਲੀ ਦੇ ਪਟਾਖਿਆਂ ਦੀ ਅਵ੍ਵਾਜ਼ ਵਿਚ ਰਲਾਕੇ ਖਤਮ ਕਰਨ ਦਾ ਯਤਨ ਕੀਤਾ ਗਿਆ ਹੈ। ਅੱਜ ਸਬੂਤ ਮੌਜੂਦ ਹਨ ਕਿ ਇਹ ਦਿਨ ਦਿਵਾਲੀ ਤੇ ਦਾਤਾ ਬੰਦੀ ਛੋੜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਵੰਜਾ ਹਿੰਦੂ ਰਾਜਿਆਂ ਸਮੇਤ ਰਿਹਾਂਈ ਅਤੇ ਅਮ੍ਰਿਤਸਰ ਸਾਹਿਬ ਪਹੁੰਚਣ ਦੀਆਂ ਤਰੀਕਾਂ ਮੇਲ ਨਹੀਂ ਖਾਂਦੀਆਂ। ਪਰ ਕਿਸੇ ਖਾਸ ਮੰਦ ਭਾਵਨਾਂ ਅਧੀਨ ਸਾਨੂੰ ਇਸ ਦਿਨ ਨਾਲ ਜੋੜ ਦਿੱਤਾ ਹੈ। ਉਂਜ ਵੀ ਇਹ ਦਿਨ ਲਕਸ਼ਮੀ ਭਾਵ ਮਾਇਆ ਪੂਜਣ ਦਾ ਹੈ, ਪਰ ਸਾਨੂੰ ਗੁਰੂ ਦਾ ਹੁਕਮ ਹੈ "ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ  ਦਾ"

ਪਰ ਸਿੱਖਾਂ ਵਿਚੋਂ ਹੀ ਕੁਝ ਸਿੱਖੀ ਭੇਖ ਦੇ ਧਾਰਨੀ ਲੋਕ ਸਿੱਖ ਵਿਰੋਧੀ ਤਾਕਤਾਂ ਦੇ  ਹਥ ਠੋਕੇ ਬਣਕੇ ਆਪਣੇ ਸੌਡ਼ੇਮੁਫਾਦਾਂ ਵਾਸਤੇ ਅਤੇ ਚੰਦ ਟਕਿਆਂ ਬਦਲੇ ਸਧਾਰਨ ਸਿੱਖਾਂ ਨੂੰ ਧੋਖੇ ਵਿਚ ਰਖਣ ਵਾਸਤੇ ਕੁਝ ਘਟਨਾਵਾਂ ਨੂੰ ਆਪਣੇ ਅੰਦਾਜ ਵਿਚ ਪ੍ਰ੍ਚਾਰਕੇ ਇਹਨਾਂ ਰੀਤਾਂ ਜਾਂ ਤਿਉਹਾਰਾਂ ਨਾਲ ਜਬਰੀ ਬੰਨ ਕੇ ਰਖਣ ਵਿਚ ਕਾਮਯਾਬ ਸਿਧ ਹੋਏ ਹਨ।  ਉਹਨਾਂ ਵਲੋਂ ਜਿਥੇ ਦਿਵਾਲੀ ਨੂੰ ਬੰਦੀ ਛੋੜ ਦਿਵਸ ਪ੍ਰਚਾਰਿਆ ਜਾ ਰਿਹਾਂ ਹੈ ਉਥੇ ਸ਼ਹੀਦ ਭਾਈ ਮਨੀ ਸਿੰਘ ਜੀ ਵੱਲੋਂ ਦਿਵਾਲੀ ਮਨਾਏ ਜਾਣ ਦੀ ਗਵਾਹੀ ਦੇਕੇ ਦਿਵਾਲੀ ਨੂੰ  ਸਿੱਖਾਂ ਦੇ ਗਲ ਪਾਉਣ ਦਾ ਯਤਨ ਕੀਤਾ ਜਾ ਰਿਹਾਂ ਹੈ।

ਜਦੋ ਕਿ ਭਾਈ ਮਨੀ ਸਿੰਘ ਜੀ ਨੇ ਇੱਕ ਆਮ ਲੋਕਾਂ ਵਿਚ ਪ੍ਰਚਲਤ ਦਿਨ ਜਿਹੜਾ ਯਾਦ ਰਹਿ ਸਕੇ ਨੂੰ  ਸਰਬੱਤ ਖਾਲਸਾ ਬੁਲਾਇਆ ਸੀ ਕਿ ਕੁਝ ਗੁਰਮਤੇ ਕੌਮ ਦੀ ਬਿਹਤਰੀ ਵਾਸਤੇ ਕੀਤੇ ਜਾ ਸਕਣ ਹਕੂਮਤ ਨੇ ਕੁਝ ਜਜ਼ੀਆ ਵੀ ਲਾਇਆ ਸੀ ਜਿਹੜਾ ਸੰਗਤ ਤੋਂ ਇਕੱਤਰ ਹੋਣਾ ਸੀ । ਪਰ ਜਦੋਂ ਭਾਈ ਮਨੀ ਸਿੰਘ ਜੀ ਨੂੰ ਫ੍ਰ੍ਖਸ੍ਹੀਅਰ ਹਾਕਮ ਦੇ ਛੁਪ੍ਵੇਂ ਅਤੇ ਮਾੜੇ ਮਨਸੂਬੇ ਦੀ ਸੂਹ  ਲੱਗ ਗਈ ਕਿ ਇਕਠੇ ਹੋਏ ਸਿੱਖਾਂ ਦੇ ਜਬਰ ਦਸਤ ਹੱਲਾ ਬੋਲਕੇ ਖਤਮ ਕਰ ਦਿੱਤਾ ਜਾਵੇ ਤਾਂ ਭਾਈ ਮਨੀ ਸਿੰਘ ਜੀ ਨੇ ਖੁਦ ਸਿੱਖਾਂ ਨੂੰ ਪੱਤਰ ਲਿਖਕੇ ਅਮ੍ਰਿਤਸਰ ਸਾਹਿਬ ਨਾ ਆਉਣ ਦੀ ਅਪੀਲ ਕੀਤੀ । ਜਿਸ ਨਾਲ ਮਾਇਆ ਇਕਠੀ ਨਾ ਹੋਈ ਤੇ ਬਦਲੇ ਵਿਚ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕਟਵਾਉਣਾ ਪਿਆ ਫਿਰ ਸਾਡੇ ਵਾਸਤੇ ਇਹ ਕਾਹਦੀ ਦਿਵਾਲੀ ਹੈ ਜਿਸ ਨੇ ਗੁਰੂ ਕੇ ਸਿੱਖ ਤੇ ਇੱਕ ਵਿਦਵਾਨ ਲਿਖਾਰੀ ਨੂੰ ਬੰਦ ਬੰਦ ਕਟਵਾਉਣੇ ਪਏ ਹੋਣ । ਭਾਈ ਮਨੀ ਸਿੰਘ ਜੀ ਦੇ ਦਿਵਾਲੀ ਵਾਲੇ ਦਿਨ ਇਕਠ ਕਰਨ ਦੇ ਹਾਂਲਾਤਾਂ ਤੇ ਮਜਬੂਰੀਆਂ ਨੂੰ ਕਦੇ ਨਹੀਂ ਪੜਚੋਲਿਆ, ਇਥੇ ਬਸ ਨਹੀਂ ਇਹ ਲੋਕ ਆਪਣੀਆਂ ਮਨਘੜਤ ਸਾਖੀਆਂ ਵਿਚ ਸ਼ਹੀਦ ਭਾਈ ਮਨੀ ਸਿੰਘ ਨੂੰ ਵੀ ਨਹੀਂ ਬਖਸ਼ਦੇ ।  ਉਹਨਾਂ ਬਾਰੇ ਕਿਹਾਂ ਜਾਂਦਾ ਹੈ ਭਾਈ ਮਨੀ ਸਿੰਘ ਨੇ ਗੁਰਬਾਣੀ ਦੇ ਗੁਟਕੇ ਬਣਾ ਦਿੱਤੇ ਸਨ ਤਾਂ ਗੁਰੂ ਸਾਹਿਬ ਨੇ ਸਰਾਪ ਦਿੱਤਾ ਸੀ ਕਿ ਤੁਸੀਂ ਗੁਰੁਬਾਣੀ ਦਾ ਬੰਦ ਬੰਦ ਕੱਟ ਦਿਤਾ ਹੈ ਤੁਹਾਂਡੇ ਨਾਲ ਵੀ ਇੰਜ ਹੀ ਵਾਪਰੇਗਾ।

ਦਿਵਾਲੀ ਸਿੱਖਾਂ ਵਾਸਤੇ ਨਾ ਤਾਂ ਧਾਰਮਿਕ ਪਖੋਂ, ਨਾ ਇਤਿਹਾਂਸਿਕ ਪਰਿਪੇਖ ਵਿਚੋਂ  ਅਤੇ ਨਾ ਹੀ ਆਰਥਿਕ ਪਖੋਂ ਲਾਹੇਵੰਦੀ ਹੈ। ਇਕ ਪਾਸੇ ਅਗਰ ਵਿਖੇ ਮੁਗਲ ਬਾਦਸ਼ਾਹ ਸ਼ਾਹ ਜਹਾਂਨ ਵੱਲੋਂ  ਆਪਣੀ ਬੇਗਮ ਨੂਰਜਹਾਂ ਦੀ ਯਾਦ ਵਿਚ ਬਨਾਏ ਤਾਜਮਹਿਲ ਨੂੰ ਪ੍ਰਦੂਸ਼ਨ ਤੋਂ ਬਚਾਉਣ ਵਾਸਤੇ ਉਸਦੇ ਦੇ ਦੋ ਕਿਲੋਮੀਟਰ ਦੇ ਘੇਰੇ ਵਿਚ ਕਿਸੇ ਡੀਜ਼ਲ ਪੈਟ੍ਰੋਲ ਨਾਲ ਚਲਣ ਵਾਲੀ ਗੱਡੀ ਦੇ ਦਾਖਲੇ ਤੇ ਮੁਕੰਮਲ  ਪਬੰਦੀ ਲਗਾ ਦਿੱਤੀ ਹੈ ਤੇ ਬੈਟਰੀ ਵਾਲੇ ਪ੍ਰਦੂਸ਼ਨ ਰਹਿਤ ਰਿਕਸ਼ੇ ਗੱਡੀਆਂ ਦਾ ਪ੍ਰਬੰਧ ਕੀਤਾ ਹੈ । ਪਰ ਇੱਕ ਪਾਸੇ ਅਸੀਂ ਸਿੱਖ ਹਾਂ ਸਾਡੀ ਹਾਂਲਤ ਵੇਖੋ ਇਕ ਰੂਹਾਂਨੀ ਅਤੇ ਮਾਨਵ ਏਕਤਾ ਦੇ ਸਰੋਤ ਦਰਬਾਰ ਸਾਹਿਬ ਵਿਖੇ ਗੁਰੂ ਦੀ ਗੋਲਕ ਵਿਚੋਂ ਲਖਾਂ ਰੁਪੈ ਦੀ ਆਤਿਸ਼ ਬਾਜ਼ੀ ਅਤੇ ਬਰੂਦ ਖਰੀਦਕੇ ਧੁਏਂ ਅਤੇ ਬਦਬੂ ਨੂੰ ਪੈਦਾ ਕਰਦੇ ਹਾਂ ਤੇ ਹਥੀਂ ਪ੍ਰਦੂਸ਼ਨ ਫੈਲਾਉਂਦੇ ਹਾਂ । ਸਿੱਖਾਂ ਵਿਚੋਂ ਕੋਈ ਬਹੁਤੇ ਵਿਉਪਾਰੀ ਨਹੀਂ ਹਨ, ਵਿਉਪਾਰ ਕਿਸੇ ਹੋਰ ਫਿਰਕੇ ਦੇ ਲੋਕਾਂ ਦਾ ਹੈ, ਓਹ ਇਸ ਦਿਨ ਅਰਬਾਂ ਦੇ ਪਟਾਕੇ ਮਨਮਰਜੀ ਦੇ ਭਾ ਵੇਚਕੇ ਨਕਲੀ ਤੇ ਮਿਲਾਵਟੀ ਮਠਿਆਈਆਂ  ਵੇਚਕੇ ਅਰਬਾਂ ਕਮਾ ਲੈਂਦੇ ਹਨ ਤੇ ਅਸੀਂ ਇੱਕ ਦਿਨ ਵਿਚ ਅਰਬਾਂ ਲੂਟਾ ਲੈਂਦੇ ਹਾਂ ਤੇ ਪਟਾਖੇ ਨਾਲ ਹਾਂਦਸੇ ਤੇ ਮਠਿਆਈ ਨਾਲ ਬੀਮਾਰ ਹੋਕੇ ਕਸ਼ਟ ਭੋਗਦੇ ਹਾਂ।

ਕੁਝ ਲੋਕ ਇਸ ਨੂੰ ਪੁਰਾਤਨ ਮਰਿਯਾਦਾ ਜਾਂ ਰੀਤ ਆਖਕੇ ਹੱਕ ਵਿਚ ਦਲੀਲ ਦਿੰਦੇ ਹਨ। ਪਰ ਉਹਨਾਂ ਨੂੰ ਇਹ ਗਿਆਨ ਨਹੀਂ ਕਿ ਜਨੇਊ ਪਾਉਣਾ, ਪਿਤਰ ਮਨਾਉਣੇ, ਵਰਤ ਰਖਣੇ, ਸਤੀ ਹੋਣਾ, ਸੂਰਜ ਨੂੰ ਪਾਣੀ ਦੇਣਾ, ਬਲੀ ਦੇਣਾ, ਸੂਤਕ ਮੰਨਣਾ ਆਦਿ ਕੀਹ ਇਹ ਰੀਤ ਨਹੀਂ ਸੀ? ਪਰ ਗੁਰੂ ਸਾਹਿਬਾਨ ਨੇ ਇਹਨਾਂ ਰੀਤਾਂ ਦਾ ਖੰਡਣ ਕੀਤਾ ਹੈ ।  ਅਸੀਂ ਗੁਰੂ ਦੀ ਵੀ ਨਹੀਂ ਮੰਨਦੇ, ਗੁਰੂ ਸਾਹਿਬ ਬਾਨੀ ਵਿਚ ਆਖਦੇ ਹਨ “ਮਹਲਾ ੧॥ ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ ਪੰਨਾ 590, ਇੱਕ ਸਿਧੀ ਦਲੀਲ ਹੈ ਕਿ ਜੇ ਕਿਸੇ ਘਰ ਦਾ ਵਡੇਰਾ ਸ਼ਰਾਬ ਪੀਂਦਾ ਹੋਵੇ ਜਾਂ ਅਫੀਮ ਖਾਂਦਾ ਹੋਵੇ ਤੇ ਅਸੀਂ ਰੀਤ ਆਖਕੇ ਉਸਨੂੰ ਜਾਰੀ ਕਿਉਂ ਨਹੀਂ ਰਖਦੇ ? ਉਂਜ ਵੀ ਸਿੱਖ ਦਿਵਾਲੀ ਦੇ ਦੀਵੇ ਦੀ ਰੋਸ਼ਨੀ ਵਿਚੋ ਕਿ ਭਾਲਦੇ ਹਨ ਗੁਰੂ ਸਾਹਿਬ ਆਖਦੇ ਹਨ “ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀ ਅਨੂਪਾ ॥੧॥ ਅੰਕ ੮੨੧

ਦਿਵਾਲੀ ਜਿਹਨਾਂ ਦਾ ਤਿਉਹਾਰ ਹੈ ਉਹਨਾਂ ਨੂੰ ਮੁਬਾਰਿਕ ਹੋਵੇ, ਪਰ ਅਸੀਂ ਨਿਰਾਲੇ ਹਾਂ, ਨਿਆਰੇ ਹਾਂ, ਰੀਤਾਂ ਤੋਂ ਪਰੇ ਹਾਂ, ਪਰ ਸਭ ਨੂੰ ਪਿਆਰ ਕਰਨ ਵਾਲੇ ਹਾਂ। ਸੋ, ਆਓ ਦਰਬਾਰ ਸਾਹਿਬ ਨੂੰ ਪ੍ਰਦੂਸ਼ਨ ਤੋਂ ਬਚਾਈਏ, ਸਿੱਖਾਂ ਦੀ ਫਜੁਲ ਖਰਚੀ ਰੋਕੀਏ, ਗੁਰੂ ਨਾਨਕ ਦੀ ਨਿਰਾਲੀ ਵਿਚਾਰਧਾਰਾ ਨੂੰ ਮਿਲਗੋਭਾ ਹੋਣ ਤੋਂ ਬਚਾਈਏ ਆਪਣੇ ਅੰਦਰ ਸ਼ਬਦ ਦਾ ਚਾਨਣ ਕਰੀਏ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top