ਤੁਸੀਂ
ਆਮ ਹੀ ਦੇਖਿਆ ਹੋਵੇਗਾ, ਜਦੋਂ ਕੋਈ ਸਾਧ ਬਾਬਾ ਜਾਂ ਪ੍ਰਚਾਰਕ ਜਾਂਦਾ ਹੋਵੇ, ਤਾਂ ਓਸ ਨਾਲ
ਕੁੱਝ ਨੂਮ ਝੋਲ਼ੀਚੁੱਕ ਅਤੇ ਚਾਪਲੂਸ ਕਿਸਮ ਦੇ ਲੋਕ ਹਮੇਸ਼ਾਂ ਮੌਜੂਦ ਰਹਿੰਦੇ ਨੇ... ਇਨ੍ਹਾਂ
ਵਿਚੋਂ ਇੱਕ ਹੁੰਦਾ ਹੈ, ਗੜਵਈ, ਜਿਸ ਨੇ ਇਕ ਲੋਟਾ ਚੁੱਕਿਆ
ਹੁੰਦਾ ਹੈ, ਅਤੇ ਇਕ ਨੇ ਤੌਲੀਆ ਤੇ ਲੋਕਾਂ ਨੂੰ ਆਖਦੇ ਨੇ ਬਾਬਾ ਜੀ ਇਸ ਪਾਣੀ ਨਾਲ ਹੀ ਸਭ
ਕੁੱਝ ਧੋਂਦੇ ਹਨ, ਤਾਂ ਕਿ ਲੋਕਾਂ 'ਤੇ ਫੋਕੀ ਹਵਾ ਬਣਾਈ ਜਾ ਸਕੇ ਅਤੇ ਜਿਸ ਨਾਲ ਇਹ ਆਮ ਲੋਕ
ਪ੍ਰਭਾਵਿਤ ਹੋਣ ਵੀ ਬੜੀ ਕਰਨੀ ਵਾਲੇ ਬਾਬਾ ਜੀ ਨੇ ਅਤੇ ਬਾਬੇ ਭਾਵ ਉਸ ਇਨਸਾਨ ਨੂੰ ਵੀ ਇੰਝ
ਲੱਗਣ ਲੱਗ ਜਾਂਦਾ ਹੈ, ਕਿ ਮੈਂ ਕੋਈ ਖਾਸ ਬੰਦਾ ਹਾਂ, ਕਿਉਂਕਿ ਉਸ ਨੂੰ ਮਹਿਸੂਸ ਇਸ ਤਰ੍ਹਾਂ
ਹੋਣ ਲੱਗ ਜਾਂਦਾ ਹੈ।
ਅੱਜ ਜ਼ਮਾਨਾ ਬਦਲ ਗਿਆ ਹੈ, ਅਜ ਇਹ ਗੜਵਈ ਮਾਡਰਨ ਕਿਸਮ ਦੇ ਹੋ ਗਏ ਹਨ,
ਇਨ੍ਹਾਂ ਦਾ ਤੌਰ ਤਰੀਕਾ ਵੀ ਬਦਲ ਗਿਆ ਹੈ।
ਅਜ ਦੇ ਗੜਵਈ ਪ੍ਰਚਾਰਕ ਜਾਂ ਸਾਧ ਸੰਤ ਬਾਬੇ
ਦਾ ਫੋਨ ਚੁਕਦੇ ਹਨ। ਉਨ੍ਹਾਂ ਦੇ ਸਟੇਜ 'ਤੇ ਬੈਠਣ 'ਤੇ ਮਾਈਕ ਠੀਕ ਕਰਦੇ ਹਨ। ਪੈਸਿਆਂ ਵਾਲਾ
ਬੈਗ ਫੜਦੇ ਹਨ, ਜੇਕਰ ਕੋਈ ਪੈਸੇ ਦੇਣੇ ਚਾਹੇ, ਤਾਂ ਇਹ ਫੜ ਕੇ ਆਪਣੇ ਬੈਗ ਵਿਚ ਪਾਉਂਦੇ ਹਨ ਅਤੇ
ਪ੍ਰਚਾਰਦੇ ਹਨ ਭਾਈ ਸਾਬ ਤਾਂ ਪੈਸਿਆਂ ਨੂੰ ਹੱਥ ਹੀ ਨਹੀਂ ਲਾਉਂਦੇ, ਅਤੇ ਹੋਰ ਵੀ ਨਿੱਕੇ ਮੋਟੇ
ਕੰਮ ਕਰਦੇ ਹਨ, ਵਿਦੇਸ਼ਾਂ ਵਿੱਚ ਇੰਡੀਆਂ ਤੋਂ ਆਏ ਸੰਤ ਬਾਬੇ ਜਾਂ ਪ੍ਰਚਾਰਕ ਨੂੰ ਇਸ ਤਰ੍ਹਾਂ
ਪੇਸ਼ ਕਰਦੇ ਹਨ। ਜਿਵੇਂ ਉਹ ਰੱਬ ਹੋਵੇ, ਉਹ ਭਲਿਓ ਓਹ ਤਾਂ
ਆਪ ਤੁਹਾਡੇ ਟੁਕੜਿਆਂ 'ਤੇ ਪਲਣ ਵਾਲਾ ਹੈ, ਉਹ ਤਾਂ ਤੁਹਾਡੇ ਡਾਲਰ ਇੱਕਠੇ ਕਰਨ ਆਇਆ ਹੈ, ਫੇਰ
ਅਸੀਂ ਚਾਪਲੂਸੀ ਕਿਓਂ ਕਰੀਏ, ਚਾਪਲੂਸੀ ਓਹ ਸਾਡੀ ਕਰੇ, ਜਿਸ ਨੇ ਸਾਡੇ ਡਾਲਰਾਂ ਤੋਂ ਆਪਣਾ ਘਰ
ਚਲਾਉਣਾ ਹੈ... ਸੋਹਣੀਆਂ ਗੱਡੀਆਂ ਖਰੀਦਨੀਆਂ ਨੇ, ਮਹਿੰਗੀਆਂ ਗੰਨਾਂ ਖਰੀਦਨੀਆਂ ਨੇ।
ਸੋ ਇਹ ਤਾਂ ਸੀ ਥੋੜਾ ਜਿਹਾ ਲੇਖਾ ਜੋਖਾ ਗੜਵਈਆਂ ਦਾ, ਜਿਨ੍ਹਾਂ ਨੂੰ
ਅਜਕਲ ਪਰਸਨਲ ਸੈਕਟਰੀ ਆਖਦੇ ਨੇ। ਇਨ੍ਹਾਂ ਸਾਧ ਸੰਤ ਬਾਬਿਆਂ ਅਤੇ ਪ੍ਰਚਾਰਕਾਂ ਦੇ ਪਤਨ ਦਾ
ਕਾਰਨ ਵੀ ਇਹੋ ਹੁੰਦੇ ਹਨ। ਇਹ ਬੰਦੇ ਨੂੰ ਫੂਕ ਹੀ ਇੰਨੀ ਛਕਾ ਦਿੰਦੇ ਹਨ, ਬੰਦਾ ਧਰਤੀ ਪੈਰ ਨਹੀਂ
ਲਾਉਂਦਾ ਤੇ ਲੋਕ ਦੁਕਕਾਰ ਦਿੰਦੇ ਹਨ ਅਤੇ ਇਹ ਗੜਵਈ ਲੋਕ ਅੰਦਰਲੇ ਭੇਦ ਆਪ ਹੀ ਦਸਣ ਲੱਗ ਜਾਂਦੇ
ਨੇ ਬਾਹਰ, ਅਤੇ ਆਪ ਕਿਸੇ ਹੋਰ ਦਾ ਗੜਵਾ ਫੜ ਕੇ ਤੁਰ ਪੈਂਦੇ ਨੇ।