ਕੋਈ ਕਹਿੰਦਾ ਕੇਸਾਂ
ਦੀ ਲੋੜ ਕੋਈ ਨਾ...
-
ਇਕਵਾਕ ਸਿੰਘ ਪੱਟੀ
ਕੋਈ ਆਖੇ ਦੱਸ ਮੈਨੂੰ,
'ਕੜਾ' ਕਾਹਤੋਂ ਪਾਇਆ ਈ..?
ਕੋਈ ਪੁੱਛੇ
ਕੇਸਾਂ ਵਿੱਚ 'ਕੰਘਾ' ਕਾਹਤੋਂ ਰੱਖਦੈਂ?
ਕਿਹੜੀ ਗੱਲੋਂ
ਵੱਡਾ ਸਾਰਾ 'ਕਛਹਿਰਾ' ਤੂੰ ਪਾਇਆ ਈ?
ਤੂੰ ਕਿਹੜਾ ਜੰਗਾਂ ਯੁਧਾਂ ਵਿੱਚ ਚੱਲਿਐਂ?
ਕ੍ਰਿਪਾਨ ਨੂੰ ਜੋ ਗਲੇ ਵਿੱਚ ਲਮਕਾਇਆ ਈ?
ਕਿਵੇਂ ਦੱਸਾਂ ਗੁਰੂ ਨੇ ਇੱਕ ਕੌਤਕ ਰਚਾਇਆ ਸੀ,
ਖੰਡੇ ਦੀ ਧਾਰ ਵਿੱਚੋਂ, ਖਾਲਸਾ ਸਜਾਇਆ ਸੀ।
ਜਾਲਮਾਂ ਤੇ ਜੁਲਮ ਦੇ ਅੱਗੇ, ਹਿੱਕ ਕੱਢ ਖੜ੍ਹਿਆ,
ਕੱਲਾ-ਕੱਲਾ ਸਿੰਘ, ਲੱਖਾਂ-ਲੱਖਾਂ ਨਾਲ ਲੜਿਆ।
ਪੜ੍ਹ ਸਿੱਖ ਇਤਿਹਾਸ ਕਿਵੇਂ ਖੂਨ ਨਾਲ ਲਿਖਿਆ..
ਬੇਮੁੱਖ ਹੋਇਆ ਹੋਵੇ ਗੁਰੂ ਤੋਂ ਕੋਈ ਸਿੰਘ ਨਹੀਂ ਦਿਸਿਆ।
ਹੱਸ-ਹੱਸ ਜਾਮ ਪੀਤਾ, ਸਿੰਘਾਂ ਨੇ ਸ਼ਹਾਦਤਾਂ ਦਾ,
ਇਤਹਿਸ ਹੈ ਗਵਾਹ, ਉਹਨਾਂ ਲਿਖੀਆਂ ਇਬਾਰਤਾਂ ਦਾ।
'ਕੇਸ' ਸੀ ਪਛਾਣ ਸਾਡੀ, ਸੀ ਜਾਲਮ ਫਿਰਦੇ
ਮਿਟਾਉਣ ਨੂੰ,
ਪਰ ਸਿਖਾਂ ਦਿੱਤੀ ਪਹਿਲ, ਕੇਸਾਂ ਸਮੇਤ ਸੀਸ ਲਹਾਉਣ ਨੂੰ।
ਕੰਘੇ ਨਾਲ ਕੇਸਾਂ ਦੀ ਸੰਭਾਲ ਨਿੱਤ ਕਰਦੇ ਆਂ,
ਕਰੇ ਕੇਸਾਂ ਨਾਲ ਮਜ਼ਾਕ, ਗੱਲ ਕੱਦੇ ਨਹੀਂ ਜ਼ਰਦੇ ਆਂ।
'ਕੜਾ' ਦੱਸਦਾ ਹੈ ਸਿੱਖ,
ਵਹਿਮ-ਭਰਮ ਨਹੀਂਉਂ ਮੰਨਦਾ,
ਕਰਾਉਂਦਾ ਹੈ ਧਿਆਨ, ਹਰ ਚੰਗੇ-ਮਾੜੇ ਕੰਮ ਦਾ।
ਰੋਕ ਦਿੰਦਾ ਹੱਥ ਗੁਰੂ ਯਾਦ ਕਰਵਾ ਦਿੰਦਾ,
ਇਸ ਤਰ੍ਹਾਂ ਸਿੱਖ ਕੋਲੋਂ 'ਕੜਾ', ਗਲਤ ਕੰਮ ਰੁਕਵਾ ਦਿੰਦਾ।
ਜਿਵੇਂ ਸੱਪ ਨਾਲ ਯਾਰੀ, ਉਵੇਂ ਵੇਸ਼ਵਾ ਦੀ ਯਾਰੀ ਏ,
ਖੇਡਣੀ ਨਹੀਂ ਸਿੰਘਾ, ਕੋਈ ਆਚਰਣਹੀਣਤਾ ਦੀ ਵਾਰੀ ਏ।
'ਕਛਿਹਰਾ' ਇਸੇ ਗੱਲ ਦਾ ਪੈਮਾਨਾ ਹੈ,
ਸਿੰਘਾਂ ਦਾ ਪਰਾਈਆਂ ਨਾਲ, ਹੁੰਦਾ ਨਾ ਯਰਾਨਾ ਏ। |
ਗੱਲ ਹੁਣ ਕਰਾਂ ਵੀਰਾ ਗਲ ਪਾਈ 'ਕ੍ਰਿਪਾਨ'
ਦੀ,
ਖੇਡਣੀ ਹੋਵੇ ਬਾਜ਼ੀ ਜਿਹਨੈ ਜਿੰਦ ਜਾਨ ਦੀ,..
ਰੱਖਦਾ ਉਹ ਸ਼ਸਤਰ ਹਰ ਦਮ ਤਿਆਰ ਏ,
ਮਾਨਵਤਾ ਦੇ ਨਾਲ ਜਿਸ ਨੂੰ ਪਿਆਰ ਏ।
ਲੋੜ ਪੈਣ ਉੱਤੇ ਜਿੱਥੇ ਆਪਾ ਬਚਾਵਾਂਦਾ ਏ,
ਮਾਨਵਤਾ ਦੇ ਭਲੇ ਲਈ, ਇਹਨੂੰ ਅਜਮਾਂਵਦਾ ਏ।
ਇਸੇ ਤਰ੍ਹਾਂ ਇਹ ਪੰਜ ਕਕਾਰ ਗੁਰੂ ਦਿੱਤੇ ਨੇ,
ਪਰ ਅਫਸੋਸ ਅਸੀਂ ਕਰਮਕਾਂਡਾਂ ਵਾਂਗੂ ਲੀਤੇ ਨੇ।
ਇਸੇ ਲਈ ਹਰ ਦੂਜਾ ਤੀਜਾ ਉਂਗਲ ਉਠਾ ਜਾਵੇ,
ਦੇ ਕੇ ਕੱਚੀਆਂ ਦਲੀਲਾਂ ਗੱਲ ਆਪਣੀ ਮੁਕਾ ਜਾਵੇ।
ਸ਼ਰਧਾ ਤੇ ਗਿਆਨ ਦੋਵੇਂ, ਧਰਮ ਦਾ ਥੰਮ੍ਹ ਆ,
ਪਰ ਅੰਨੀ ਸ਼ਰਧਾ ਵੀ ਨਾ ਆਉਂਦੀ ਕਿਸੇ ਕੰਮ ਆ।
ਆਉ, ਰਲ ਮਿਲ ਆਪਾਂ ਸਿੱਖੀ ਨੂੰ ਬਚਾ ਲਈਏ,
ਕਹਿੰਦਾ ਇਕਵਾਕ ਗੱਲ ਦਿਲ ਚ ਵਸਾ ਲਈਏ।
ਨਾ ਦੇਈਏ ਹੱਕ ਅਖੌਤੀ ਸਾਧਾਂ ਦੀਆਂ ਮਸਤੀਆਂ ਨੂੰ,
ਅਖੌਤੀ ਵਿਦਵਾਨਾਂ ਦੀਆਂ, ਦਲੀਲਾਂ ਸੱਸਤੀਆਂ ਨੂੰ।
ਗੁਰੂ ਨਾਲ ਪਿਆਰ ਪਾ ਕੇ, ਜਨਮ ਸੰਵਾਰੀਏ,
ਜਨਮ ਦੇ ਮਨੋਰਥ ਨੂੰ, ਛੇਤੀ ਛੇਤੀ ਪਾ ਲਈਏ।
ਧੰਨਵਾਦ ਜਿਹੜੇ ਇਸ ਲਿਖਤ ਨੂੰ ਸਲਾਹੁਣਗੇ।
ਮਿਹਰਬਾਨੀ ਜਿਹੜੇ, ਟਿੱਚਰਾਂ ਵੀ ਡਾਹੁਣਗੇ।
|