Share on Facebook

Main News Page

ਸਿੱਖ ਇਤਿਹਾਸ ਨੂੰ ਵਿਗਾੜਨ ਦਾ ਕੋਝਾ ਯਤਨ "ਦੀਵਾਲੀ"... ਜਾਗੋ ਜਾਗੋ
-: ਬਲਦੀਪ ਸਿੰਘ ਰਾਮੂੰਵਾਲੀਆ

ਭਾਰਤ 'ਚ ਦੀਵਾਲੀ ਦਾ ਤਿਉਹਾਰ ਬਹੁਤ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ, ਇਹ ਖਾਸ ਤੌਰ ਸਨਾਤਨੀ ਤੇ ਸਿੱਖਾਂ ਦੁਆਰਾ ਮਨਾਇਆ ਜਾਂਦਾ ਹੈ। ਕਿਸੇ ਵੀ ਕੌਮ ਦੀ ਵਖਰੀ ਹੋਂਦ ਵਿਚ ਤਿਉਹਾਰਾਂ ਦਾ ਬਹੁਤ ਯੋਗਦਾਨ ਹੁੰਦਾ ਹੈ। ਇਸ ਮੁਲਕ ਅੰਦਰ ਇਸ ਵਕਤ ਸਿੱਖਾਂ ਵਾਸਤੇ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਸਭ ਤੋ ਜ਼ਰੂਰੀ ਮੁੱਦਾ ਹੈ। ਜੋ ਸਾਡਾ ਦੁਸ਼ਮਣ ਹੈ ਉਹ ਸਾਮ, ਦਾਮ, ਭੇਦ, ਦੰਡ, ਆਦਿ ਹਰ ਨੀਤੀ ਵਰਤ ਕਰਕੇ ਸਾਡੀ ਹੋਂਦ ਨੂੰ ਆਪਣੇ 'ਚ ਜ਼ਜ਼ਬ ਕਰਨਾ ਚਾਹੁੰਦਾ ਹੈ। ਉਹ ਭਾਵੇ ਸਮਾਜਿਕ ਤੌਰ 'ਤੇ ਹੋਵੇ ਤੇ ਭਾਵੇਂ ਧਾਰਮਿਕ ਤੌਰ 'ਤੇ ਹੋਵੇ।

ਸਨਾਤਨੀ ਮੱਤ ਅਨੁਸਾਰ ਇਸ ਦਿਨ ਰਾਮ ਚੰਦਰ ੧੪ ਸਾਲ ਦਾ ਬਨਵਾਸ ਕਟ ਕੇ ਅਯੁਧਿਆ ਪਰਤੇ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਚ ਲੋਕਾਂ ਨੇ ਦੀਪ ਮਾਲਾ ਕੀਤੀ ਤੇ ਦੀਵਾਲੀ ਦੀ ਸ਼ੁਰੂਆਤ ਹੋਈ। ਇਸੇ ਤਰਾਂ ਇਹ ਗਲ ਪ੍ਰਚਾਰੀ ਜਾਂਦੀ ਹੈ ਕਿ ਸਿੱਖ ਦਿਵਾਲੀ ਤਾਂ ਮਨਾਉਂਦੇ ਹਨ, ਕਿਉਂਕਿ ਇਸ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋ ੫੨ ਰਾਜਿਆਂ ਨਾਲ ਰਿਹਾ ਹੋ ਕੇ ਅੰਮ੍ਰਿਤਸਰ ਆਏ ਸਨ ਉਸ ਦਿਨ ਦੀਵਾਲੀ ਸੀ ਤੇ ਸਿੱਖਾਂ ਨੇ ਗੁਰੂ ਜੀ ਦੇ ਆਉਣ ਦੀ ਖੁਸ਼ੀ ਚ ਦੀਪਮਾਲਾ ਕੀਤੀ ਸੀ।

ਹੁਣ ਆਪਾਂ ਇਹ ਹੀ ਵਿਚਾਰ ਕਰਨੀ ਹੈ ਕਿ ਕੀ ਸੱਚੀ ਦੀਵਾਲੀ ਵਾਲੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਰਿਆਹ ਹੋ ਕੇ ਅੰਮ੍ਰਿਤਸਰ ਆਏ ਸਨ ਵੀ ਕਿ ਨਹੀਂ? ਆਉ ਇਤਿਹਾਸ ਚ ਵੀਚਾਰੀਏ :-

ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਕਤ ਬਾਦਸ਼ਾਹ ਜਹਾਂਗੀਰ ਨੇ ਗੁਰੂ ਘਰ ਪ੍ਰਤੀ ਆਪਣੀ ਸੋਚ ਤੁਜ਼ਕਿ ਜਹਾਂਗੀਰ ਬਿਚ ਇੰਝ ਕੀਤਾ :-

ਮੈਂ ਉਸ ਦੇ (ਗੁਰੂ ਅਰਜਨ ਸਾਹਿਬ) ਦੇ ਝੂਠ ਨੂੰ ਅੱਗੇ ਹੀ ਜਾਣਦਾ ਸਾਂ ਇਹ ਦੁਕਾਨ ਤਿਨਾਂ ਚਵਾਂ ਪੀੜੀਆਂ ਤੋ ਚੱਲ ਰਹੀ ਸੀ। ....ਮੈਂ ਹੁਕਮ ਕੀਤਾ ਕਿ ਉਸ ਨੂੰ (ਗੁਰੂ ਅਰਜਨ ਸਾਹਿਬ) ਫੌਰੀ ਹਾਜ਼ਰ ਕੀਤਾ ਜਾਏ ਅਤੇ ਉਸ ਦਾ ਮਾਲ ਅਸਬਾਬ ਜਬਤ ਕਰਕੇ ਉਸ ਦਾ ਬਾਲ ਬੱਚਾ (ਸ਼ੇਖ ਫਰੀਦ ਬੁਖਾਰੀ) ਮੁਰਤਜ਼ਾ ਖਾਂ ਨੂੰ ਬਖਸ਼ ਦਿੱਤਾ। ਹੁਕਮ ਕੀਤਾ ਕਿ ਉਸ ਨੂੰ (ਗੁਰੂ ਅਰਜਨ ਸਾਹਿਬ) ਸਖਤ ਵਤੀਰੇ ਦੇ ਕੇ ਮਾਰ ਦਿੱਤਾ ਜਾਏ।

ਗੁਰੂ ਅਰਜਨ ਸਾਹਿਬ ਜੀ ੨੭ ਮਈ ੧੬੦੬ ਈ: ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦੇ ਗਏ, ਜਿਥੇ ਤਿਨ ਦਿਨ ਅਤਿ ਤਸੀਹੇ ਦਿਤੇ ਗਏ ਤੇ ਉਪਰੰਤ ੧੬੦੬ ਈ :,੩੦ ਮਈ ਨੂੰ ਸ਼ਹੀਦ ਕਰ ਦਿਤੇ ਗਏ। ਗੁਰੂ ਸਾਹਿਬ ਨੇ ਗੁਰਿਆਈ ਗੁਰੂ ਹਰਿਗੋਬਿੰਦ ਜੀ ਨੂੰ ਬਖਸ਼ਿਸ਼ ਕਰ ਦਿਤੀ ਸੀ ਸ਼ਹਾਦਤ ਤੋਂ ਪਹਿਲਾ ਹੀ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਗੁਰੂ ਜੀ ਕੁਝ ਸਮਾਂ ਮਾਲਵੇ 'ਚ ਡਰੋਲੀ ਆਪਣੇ ਸਾਂਢੂ ਸਾਂਈ ਦਾਸ ਕੋਲ ਆ ਗਏ ਜਿਨਾ ਸਤਿਗੁਰਾਂ ਦੀ ਬਹੁਤ ਆਉ ਭਗਤ ਕੀਤੀ। ਗੁਰੂ ਸਾਹਿਬ ਕੋਈ ਪੰਜ ਮਹੀਨੇ ਡਰੋਲੀ ਰਹੇ ਤੇ ਪਰਿਵਾਰ ਨੂੰ ਇਥੇ ਛਡ ਕੇ ਆਪ ਗੋਇੰਦਵਾਲ ਆ ਗਏੇ ਜਿਥੇ ਆਪ ਨੂੰ ਮੁਰਤਜਾ ਖਾਂ ਦੁਆਰਾ ਨਜ਼ਰਬੰਦ ਕੀਤਾ ਗਿਆ, ਫਿਰ ਲਾਹੌਰ ਲਿਆਦਾ ਗਿਆ ਇਹ ਸਮਾਂ ਨਜ਼ਰ ਬੰਦੀ ਦਾ ਲਾਹੌਰ ਤੇ ਗੋਇੰਦਵਾਲ ਵਾਲਾ ਕੋਈ ਇਕ ਸਾਲ ਦੇ ਕਰੀਬ ਬਣਦਾ ਹੈ।

ਉਸਤੋਂ ਬਾਅਦ ਗੁਰੂ ਜੀ ਨੂੰ ਦਿਲੀ ਗਵਾਲੀਅਰ ਦੇ ਕਿਲੇ ਚ ਕੈਦ ਕੀਤਾ ਗਿਆ। ਗੁਰੂ ਸਾਹਿਬ ਦੀ ਨਜ਼ਰਬੰਦੀ ਬਾਰੇ ਵਿਦਵਾਨ ਇਕ ਮਤ ਨਹੀਂ ਹਨ। ਗੁਰੂ ਸਾਹਿਬ ਦੀ ਨਜ਼ਰਬੰਦੀ ਦੀ ਹੱਦ ਛੇ ਮਹੀਨੇ ਤੋਂ ਲੈ ਕੇ ੧੨ ਸਾਲ ਤਕ ਲਿਖੀ ਮਿਲਦੀ (ਅਜ ਆਪਣੇ ਲੇਖ ਦਾ ਇਹ ਵਿਸ਼ਾ ਨਹੀਂ ਕਿ ਗੁਰੂ ਸਾਹਿਬ ਕਿਤਨਾ ਸਮਾਂ ਨਜ਼ਰਬੰਦ ਰਹੇ; ਇਸ ਦੀ ਵਿਚਾਰ ਕਿਸੇ ਹੋਰ ਲੇਖ 'ਚ ਕਰਾਂਗੇ; ਅਜ ਆਪਣਾ ਵਿਸ਼ਾ ਸਿਰਫ ਦੀਵਾਲੀ ਤੇ ਗੁਰੂ ਹਰਿਗੋਬਿੰਦ ਜੀ ਅੰਮ੍ਰਿਤਸਰ ਆਏ ਕੇ ਨਹੀਂ ਇਹ ਹੈ)

ਜਹਾਂਗੀਰ ਦੀ ਬੇਗਮ ਨੂਰਜਹਾਂ ਸਾਂਈ ਮੀਆਂ ਮੀਰ ਦੀ ਸ਼ਹਗਿਰਦ ਸੀ, ਇਨਾਂ ਦੋਨਾਂ ਨੇ ਜਹਾਂਗੀਰ ਨੂੰ ਸਮਝਾਇਆ ਤੇ ਉਹ ਗੁਰੂ ਸਾਹਿਬ ਦੀ ਰਿਹਾਈ ਲਈ ਤਿਆਰ ਹੋ ਗਿਆ। ਗੁਰੂ ਸਾਹਿਬ ਦਿਆਲਤਾ ਦੀ ਮੂਰਤ ਸਨ ਉਹਨਾ ਕਿਹਾ ਕਿ ਜੇ ਸਾਨੂੰ ਰਿਆਹ ਕਰਨਾ ਤਾਂ ਆਹ ੫੨ ਪਹਾੜੀ ਰਾਜਨੀਤਿਕ ਕੈਦੀਆਂ ਨੂੰ ਵੀ ਰਿਹਾਅ ਕਰੋ। ਬਾਦਸ਼ਾਹ ਮੰਨ ਗਿਆ, ਸੋ ਇਸ ਤਰਾਂ ਗੁਰੂ ਸਾਹਿਬ ਦੀ ਰਿਹਾਈ ੧੬੧੯ ਈ :(੧੬੭੬ ਬਿ:ਕੱਤਕ ਵਦੀ ਚੌਦਸ ਦੀ ਰਾਤ ਗਵਾਲੀਅਰ ਦੇ ਕਿਲੇ 'ਚੋਂ ਹੋਈ। ਉਸੇ ਵੇਲੇ ਦਾ ਸਮਕਾਲੀ ਲਿਖਾਰੀ ਇੰਝ ਲਿਖਦਾ ਹੈ :-

ਨਾਇਕ ਹਰੀ ਰਾਮ ਦਰੋਗਾ ਬੇਟਾ ਹਰਿ ਬੰਸ ਲਾਲ ਕਾ ਪੋਤਾ ਠਾਕਰ ਦਾਸ ਕਾ ਪੜਪੋਤਾ ਧਰਮ ਚੰਦ ਕਾ ਬੰਸ ਰਾਧਾ ਕ੍ਰਿਸ਼ਨ ਕੀ ਚੰਦ੍ਰ ਬੰਸੀ ਜਾਦਵ ਬੜਤੀਆ ਕਨਾਵਤ ਨੇ ਸੰਮਤ ੧੬੭੬ ਕਤਿਕ ਬਦੀ ਚਉਦਸ ਕੇ ਦਿਹੁ ਬੰਦੀ ਛੋਰ ਗੁਰੂ ਹਰਿ ਗੋਬਿੰਦ ਜੀ ਕੇ ਬਾਵਨ ਰਾਜਯੋ ਕੇ ਬੰਧਨ ਮੁਕਤ ਹੋਇ ਕੇ ਆਨੇ ਕੀ ਖੁਸ਼ੀ ਮੈ ਦੀਪ ਮਾਲਾ ਕੀ ਸਾਰੀ ਨਗਰੀ (ਗਵਾਲੀਅਰ) ਮੇ ਖੁਸ਼ੀਆਂ ਕੇ ਬਾਦਲ ਛਾਇ ਗਏ। ਗੁਰੁ ਜੀ ਏਕ ਦਿਬਸ ਨਾਇਕ ਹਰੀ ਰਾਮ ਕੇ ਗ੍ਰਹਿ ਮੇ ਨਿਵਾਸ ਕਰਕੇ ਬਦਾਇਗੀ ਲੀ ਰਾਸਤੇ ਕਾ ਪੰਧ ਮੁਕਾਇ ਆਗਰੇ ਬਾਦਸ਼ਾਹ ਜਹਾਂਗੀਰ ਕੇ ਪਾਸ ਜਾਇ ਨਿਵਾਸ ਕੀਆ।
(ਭਟ ਵਹੀ ਜਾਦੇ ਬੰਸੀ ਬੜਤੀਆ ਕੀ)

ਗੁਰੂ ਜੀ ਪਹਿਲਾ ਹਰੀ ਰਾਮ ਕੋਲ ਰੁਕੇ ਫਿਰ ਉਥੋ ਸਿਧਾ ਆਗਰੇ ਜਹਾਗੀਰ ਕੋਲ ਗਏ। ਉਥੋਂ ਫਿਰ ਸਚਾ ਪਾਤਸ਼ਾਹ ਜਹਾਗੀਰ ਨਾਲ ਕਸ਼ਮੀਰ ਜਾਣ ਲਈ ਤਿਆਰ ਹੋਏ। ੧੬੧੯ ਈ :(੧੬੭੬ ਬਿ:ਨੂੰ ਮੱਘਰ ਮਹੀਨੇ ਦੇ ਆਖਰੀ ਹਫਤੇ ਗੁਰੂ ਸਾਹਿਬ ਕਲਾਨੌਰ ਪ੍ਰਗਨਾ ਗੁਰਦਾਸ ਪੁਰ ਪਹੁੰਚੇ ਜਿਥੇ ਸਿਖ ਸੰਗਤ ਮਿਲਣ ਲਈ ਪਹੁੰਚੀ ...ਜੈਸਾ ਕਿ ਭੱਟ ਵਹੀ ਚ ਲਿਖਿਆ ਹੈ :-

ਗੁਰੂ ਹਰਿਗੋਬਿੰਦ ਜੀ ਮਹਿਲ ਛੱਟਮਾ ਬੇਟਾ ਗੁਰੂ ਅਰਜਨ ਜੀ ਕਾ ਪੋਤਾ ਗੁਰੂ ਰਾਮਦਾਸ ਜੀ ਕਾ ਪੜਪੋਤਾ ਬਾਬਾ ਹਰਿਦਾਸ ਜੀ ਕਾ ਬੰਸ ਬਾਬਾ ਠਾਕੁਰ ਦਾਸ ਜੀ ਕਾ ਸੂਰਜ ਬੰਸੀ ਗੋਸਲ ਗੋਤ੍ਰਾ ਸੋਢੀ ਖੱਤ੍ਰੀ ਬਾਸੀ ਚੱਕ ਗੁਰੂ ਕਾ ਪ੍ਰਗਨਾ ਨਿਝਰ ਆਲਾ ਗੱਢ ਗੁਆਲੀਅਰ ਸੇ ਬੰਧਨ ਮੁਕਤ ਹੋਇ ਬਾਦਸ਼ਾਹ ਜਹਾਂਗੀਰ ਕੈ ਗੈਲ ਗਾਮ ਕਲਾਨੌਰ ਪ੍ਰਗਨਾ ਬਟਾਲਾ ਮੇ ਆਇ। ਸੰਮਤ ਸੋਲਾ ਸੇ ਛਿਹੱਤ੍ਰਾ ਪੋਖ ਮਾਸ ਕੀ ਸੰਗਰਾਂਦ ਦੇ ਦਿਹੁ। ਗੁਰੂ ਜੀ ਕਾ ਆਨਾ ਸੁਨ ਕਰ ਬਾਬਾ ਬੁਢਾ ਬੇਟਾ ਸੁਘੇ ਰੰਧਾਵੇ ਕਾ ਗੁਰਦਾਸ ਬੇਟਾ ਈਸ਼ਰ ਦਾਸ ਭਲੇ ਕਾ ਬਲੂ ਬੇਟਾ ਮੂਲ ਚੰਦ ਜਲਹਾਨੇ ਪ੍ਰਮਾਰ ਕਾ ਕੌਲ ਜੀ ਦਾਸ ਬੇਟਾ ਅੰਬੀਏ ਹਜਾਬਤ ਚਾਹਿਮਾਨ (ਚੁਹਾਨ) ਕਾ ਹੋਰ ਸਿਖ ਫਕੀਰ ਦਰਸ਼ਨ ਪਾਨੇ ਆਇ।
(ਭੱਟ ਵਹੀ ਤਲਾਉਡਾ (ਹਰਿਆਣਾ) ਪ੍ਰਗਨਾ ਜੀਦ)

ਉਪਰੋਕਤ ਲਿਖਤ ਤੋਂ ਸਪਸ਼ਟ ਹੋ ਜਾਂਦਾ ਕਿ ਗੁਰੂ ਸਾਹਿਬ ਪੰਜਾਬ ਵਿਚ ਮਘਰ ਦੇ ਆਖਰੀ ਹਫਤੇ ਪਹੁੰਚੇ ਜਦ ਕਿ ਦੀਵਾਲੀ ਤਾਂ ਕਤਕ ਚ ਲੰਘ ਚੁਕੀ ਸੀ ......ਸੋ ਇਸ ਤਰਾਂ ਇਹ ਸਾਬਿਤ ਹੋ ਜਾਂਦਾ ਕਿ ਇਹ ਝੂਠ ਪ੍ਰਚਾਰਿਆ ਗਿਆ ਕਿ ਗੁਰੂ ਜੀ ਦੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ ਹੁਣ ਇਹ ਵੀਚਾਰਨਾ ਹੈ ਕਿ ਗੁਰੂ ਜੀ ਅੰਮ੍ਰਿਤਸਰ ਕਦ ਆਏ?

ਗੁਰੂ ਜੀ ਵੀ ਬਾਦਸ਼ਾਹ ਨਾਲ ਕਸ਼ਮੀਰ ਗਏ। ਸੰਮਤ ੧੬੭੭ ਚ ਬਾਦਸ਼ਾਹ ਜਦ ਲਾਹੌਰ ਆਇਆ ਤਾਂ ਸਤਿਗੁਰੂ ਜੀ ਉਸਤੋ ਵਦਾਇਗੀ ਲੈ ਕੇ ਪਹਿਲਾ ਗੋਇੰਦਵਾਲ ਆਏ ਤੇ ਫਿਰ ਉਥੋ ਆਪਣੇ ਤਾਏ ਦੇ ਸਹੁਰੇ ਬਾਬੇ ਮਿਹਰਵਾਨ ਕੋਲ ਪ੍ਰਿਥੀਚੰਦ ਦੀ ਮੌਤ ਦਾ ਅਫਸੋਸ ਕਰਨ ਆਏ ....ਜਿਸਦਾ ਹਵਾਲਾ ਸਾਨੂੰ ਭੱਟ ਵਹੀ ਚੋ ਮਿਲਦਾ ਹੈ :-

ਗੁਰੂ ਹਰਿਗੋਬਿੰਦ ਜੀ ਮਹਲ ਛਟਮਾਂ ਬੇਟਾ ਗੁਰੂ ਅਰਜਨ ਜੀ ਕਾ ਪੋਤਾ ਗੁਰੂ ਰਾਮਦਾਸ ਜੀ ਕਾ ਪੜਪੋਤਾ ਬਾਬਾ ਹਰਿ ਦਾਸ ਜੀ ਕਾ ਬਾਬਾ ਠਾਕਰ ਦਾਸ ਜੀ ਕੀ ਸੂਰਜ ਬੰਸੀ ਗੋਸਲ ਗੋਤ੍ਰਾ ਸੋਢੀ ਖਤ੍ਰੀ ਤਾਊ ਗੁਰੂ ਪ੍ਰਿਥੀ ਚੰਦ ਕੀ ਮਕਾਣ ਦੇਨ ਗਾਮ ਗੋਇੰਦਵਾਲ ਸੇ ਚਲ ਹੇਹਰੀ ਪ੍ਰਗਨਾ ਪੱਟੀ ਮੇ ਗੁਰੂ ਮੇਹਰ ਬਾਨ ਕੇ ਘਰ ਆਏ। ਸਾਲ ਸੰਮਤ ੧੬੭੭ ਬਿ:ਪੋਖ ਪ੍ਰਬਿਸ਼ਟੇ ਆਰਾਈ ਦਿਹੁ ਸੁਕਰ ਬਾਰ ਕੋ। ਮੈਲੋ ਅਰਜਾਨੀ ਸਾਹਿਬ ਬੇਟਾ ਗੁਰੂ ਮੋਹਰੀ ਜੀ ਕਾ ਬਾਵਾ ਬੁਢਾ 'ਰਾਮਦਾਸ, ਬੇਟਾ ਸੁਘੇ ਰੰਧਾਵੇ ਕਾ ਗੁਰਦਾਸ ਬੇਟਾ ਈਸ਼ਰ ਦਾਸ ਭੱਲੇ ਕਾ ਬੱਲੂ ਰਾਇ ਬੇਟਾ ਮੂਲ ਚੰਦ ਜਲਹਾਨੇ ਪ੍ਰਮਾਰ ਕਾ ਕੌਲ ਜੀ ਦਾਸ ਬੇਟਾ ਅੰਬੀਏ ਹਜਾਬਤ ਚਾਹਿਮਾਨ ਕਾ ਹੋਰ ਸਿਖ ਫਕੀਰ ਆਏ
(ਭਟ ਵਹੀ ਮੁਲਤਾਨੀ ਸਿੰਧੀ)

ਉਪਰੋਕਤ ਤੱਥ ਤੋਂ ਇਹ ਸਾਨੂੰ ਚੰਗੀ ਤਰਾਂ ਗਿਆਨ ਹੋ ਗਿਆ, ਕਿ ਦੀਵਾਲੀ ਤੇ ਗੁਰੂ ਜੀ ਦੇ ਅੰਮ੍ਰਿਤਸਰ ਆਉਣ ਵਾਲੀ ਮਿਥ ਨਾਟਕੀ ਢੰਗ ਜਿਵੇ ਸਨਤਾਨੀ ਮਤ 'ਚ ਰਾਮ ਦੇ ਬਨਵਾਸ ਕਟ ਕੇ ਆਉਣਾ ਤਾਂ ਉਸੇ ਤਰਜ਼ 'ਤੇ ਸਨਤਾਨੀ ਮਤ 'ਚ ਜ਼ਜ਼ਬ ਕਰਨ ਲਈ ਘੜੀ ਗਈ ......ਇਹ ਅਜ ਤਕ ਸਾਡੀ ਕੌਮ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਅਸੀ ਬਣ ਰਹੇ ਦਿਵਾਲੀ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ।

ਕੁਝ ਦੇਣ ਹੇਹਰੀ ਰਹਿਣ ਉਪਰੰਤ ਮੇਹਰਵਾਨ ਸਮੇਤ ਹੁਣ ਅੰਮ੍ਰਿਤਸਰ ਆਏ ਜਿਹਾ ਭਟ ਵਹੀਆ ਦਸਦੀਆਂ:-

ਗੁਰੂ ਹਰਿ ਗੋਬਿੰਦ ਜੀ ਮਹਲ ਛਟਮਾਂ ਬੇਟਾ ਗੁਰੂ ਅਰਜਨ ਜੀ ਕਾ.... ਸੂਰਜ ਬੰਸੀ ਗੋਸ਼ਲ ਗੋਤ੍ਰਾ ਸੋਢੀ ਖੱਤ੍ਰੀ ਸੰਮਤ ੧੬੭੭ ਬਿ :(੧੬੨੦ ਈ:) ਮਾਘ ਪ੍ਰਬਿਸ਼ਟੇ ਪਹਿਲੀ ਸੰਗਰਾਂਦ ਕੇ ਦਿਹੁ ਹੇਹਰ ਨਗਰੀ ਸੇ ਚਲ ਗਾਮ ਗੁਰੂ ਕਾ ਚੱਕ ਪ੍ਰਗਨਾ ਨਿਝਰਆਲਾ (ਅਜਨਾਲਾ) ਆਏ। …………………ਗੁਰੂ ਜੀ ਕੇ ਆਨੇ ਕੀ ਖੁਸ਼ੀ ਮਹਿ ਦੀਪਮਾਲਾ ਹੋਈ। ਗੁਰੂ ਜੀ ਨੇ ਹਰਿ ਮੰਦ੍ਰ ਮੇ ਦੀਆ ਬਾਤੀ ਕੀ ਸੇਵਾ ਮੇਹਰਬਾਨ ਕੀ ਲਾਈ।
(ਭਟ ਵਹੀ ਸਿੰਧੀ ਮੁਲਤਾਨੀ)

ਉਪਰੋਕਤ ਹੋਈ ਵੀਚਾਰ ਤੋਂ ਇਹ ਗਲ ਉਭਰ ਕੇ ਸਾਹਮਣੇ ਆਉਦੀ ਹੈ ਕਿ ਗਵਾਲੀਅਰ ਦੇ ਕਿਲੇ 'ਚ ਰਿਹਾਈ ਉਪਰੰਤ ਸਤਿਗੁਰੂ ਲਗਪਗ ਸਾਲ ਸਵਾ ਸਾਲ ਦੇ ਵਕਫੇ ਬਾਅਦ ਮਾਘ ਦੇ ਮਹਿਨੇ ਅੰਮ੍ਰਿਤਸਰ ਆਏ ਤੇ ਗੁਰੂ ਪਿਆਰ ਵਾਲਿਓ ਮਾਘ 'ਚ ਕਦੇ ਦੀਵਾਲੀ ਆਉਦੀ ....ਇਹ ਬਿਲਕੁਲ ਸਪਸ਼ਟ ਹੋ ਗਿਆ, ਕਿ ਜੋ ਕਹਾਣੀ ਦੀਵਾਲੀ ਵਾਲੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਜੋੜੀ ਜਾਂਦੀ ਹੈ, ਇਹ ਝੂਠੀ ਹੈ। ਧਾਰਮਿਕ ਤੌਰ 'ਤੇ ਸਾਡਾ ਦੀਵਾਲੀ ਨਾਲ ਕੋਈ ਸੰਬੰਧ ਨਹੀਂ ਸਾਡਾ ਸਬੰਧ ਸਿਰਫ 'ਬੰਦੀ ਛੋੜ ਦਿਵਸ 'ਨਾਲ ਹੈ ..........ਕਾਸ਼ ਕਿਤੇ ਸਾਡੇ ਪੰਥਕ ਆਗੂਆਂ ਨੂੰ ਇਹ ਗਲ ਸਮਝ ਲਗ ਜਾਵੇ ਤਾਂ ਦੀਵਾਲੀ ਦੇ ਮੌਕੇ ਅੰਮ੍ਰਿਤਸਰ 'ਚ ਸਿੱਖਾਂ ਦੇ ਕੇਦਰੀ ਅਸਥਾਨ 'ਤੇ ਜੋ ਪੈਸਾ ਆਤਿਸ਼ਬਾਜ਼ੀਆਂ 'ਚ ਬਰਬਾਦ ਹੁੰਦਾ ਹੈ, ਉਹ ਕੌਮ ਦੇ ਭਲੇ ਲਈ ਗਰੀਬਾਂ ਦੀ ਮਦਦ ਕਰਨ ਲਈ ਵਰਤਿਆ ਜਾਵੇ... ਪਰ ਕੌਣ ਕਹੇ ਵਜੀਦਿਆ ਇੰਝ ਨਹੀਂ ਇੰਝ ਕਰ ...

ਪੰਥ ਦੀ ਚੜਦੀਕਲਾ ਦਾ ਖਵਾਸ਼ਿਮੰਦ
ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੇਵਕ
ਬਲਦੀਪ ਸਿੰਘ ਰਾਮੂੰਵਾਲੀਆ
76962-92718
096543-42039


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top