Share on Facebook

Main News Page

ਤੀਵੀਂਬਾਜ ਪਾਸ਼ ਅਤੇ ਸੰਤਰਾਮ ਉਦਾਸੀ
-: ਰਜਿੰਦਰ ਸਿੰਘ ਰਾਹੀ

(ਖ਼ਬਰਦਾਰ ਮੈਗਜ਼ੀਨ ਵਿੱਚੋਂ) ਦੋ ਕਵੀ ਪਾਸ਼ ਅਤੇ ਸੰਤ ਰਾਮ ਉਦਾਸੀ ਵੀ ਦੋ ਵੱਖੋ ਵੱਖਰੇ ਵਰਗਾਂ ਦੇ ਨਮੂਨੇ ਹਨ। ਲੋਕ ਸੰਤ ਰਾਮ ਉਦਾਸੀ ਜਿਥੇ ਲਹਿਰ ਨਾਲ ਜੁੜ ਕੇ ਲੋਕ ਮੁਕਤੀ ਦਾ ਇਕ ਸੁਪਨਾ ਸੰਜੋਇਆ ਸੀ, ਉਥੇ ਉਹ ਸੰਸਕਾਰਾਂ ਅਤੇ ਪ੍ਰੰਪਰਾ ਨਾਲ ਵੀ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ ਪਰ ਪਾਸ਼ ਇਸ ਲਹਿਰ ਨਾਲ ਸਿਰਫ਼ ਮਸ਼ਹੂਰੀ ਲਈ ਜੁੜਿਆ ਸੀ

ਪਾਸ਼ ਦੀ ਜੋ ਵੀ ਢਾਣੀ ਲਹਿਰ ਨਾਲ ਜੁੜੀ ਉਹ ਸਵੈ ਪ੍ਰਸ਼ੰਸਾ (Self Glorification) ਤੇ ਹੀਰੋਇਜ਼ਮ ਦੀ ਪੂਰਤੀ ਲਈ ਲਹਿਰ ਦੇ ਨੇੜੇ ਆਈ ਸੀ। ਇਹ ਢਾਣੀ ਇਨਕਲਾਬੀ ਨਹੀਂ ਸਿਰਫ਼ ਵਿਦਰੋਹੀ ਸੀ। ਧਰਮ ਖਿਲਾਫ਼, ਪ੍ਰੰਪਰਾ ਖਿਲਾਫ਼, ਸੰਸਕਾਰਾਂ ਖਿਲਾਫ਼, ਰਿਸ਼ਤਿਆਂ ਖਿਲਾਫ਼ ਤੇ ਸਮਾਜ ਖਿਲਾਫ਼ ਵਿਰੋਧ ਇਨਾਂ ਦੇ ਹੀਰੋਇਜ਼ਮ ਦੀ ਨਿਸ਼ਾਨੀ ਸੀ। ਇਹਨਾਂ 'ਤੇ ਕਿਸੇ ਕਿਸਮ ਦੇ ਕਾਇਦੇ ਕਾਨੂੰਨ ਦਾ ਕੁੰਡਾ ਨਹੀਂ ਸੀ। ਹਰ ਚੀਜ਼ ਤੋਂ ਵਿਦਰੋਹ ਕਰਨਾ ਹੀ ਇਹਨਾਂ ਲਈ ਇਨਕਲਾਬ ਕਰਨਾ ਸੀ। ਹਾਈਡਰੋਜਨ ਨਾਲ ਵਾਲ ਸੁਨਹਿਰੀ ਕਰਨੇ, ਸਿਗਰਟਾਂ, ਸ਼ਰਾਬ ਪੀਣੀ, ਮੈਂਡਰਿਕਸ ਦੀਆਂ ਗੋਲੀਆਂ ਖਾਣੀਆਂ, ਕੁੜੀਆਂ ਦੀਆਂ ਗੱਲਾਂ ਕਰਨ ਦਾ ਸ਼ੁਗਲ ਹੀ ਇਹਨਾਂ ਲਈ ਇਨਕਲਾਬੀ ਕੰਮ ਸਨ।

ਪਾਸ਼ ਹੋਰਾਂ ਦੀ ਇਸ ਢਾਣੀ ਬਾਰੇ ਨਾਟਕਕਾਰ ਗੁਰਸ਼ਰਨ ਸਿੰਘ ਨੇ ਆਪਣੇ ਪਰਚੇ 'ਸਰਦਲ' ਦੇ ਨਵੰਬਰ 1970 ਦੇ ਅੰਕ ਵਿਚ ਲਿਖਿਆ ਸੀ:

''ਅਖੀਰ ਵਿਚ ਇਕ ਸਲਾਹ ਹੈ - (ਭਾਵੇਂ ਵਿਦਰੋਹ ਕਿਸੇ ਸਲਾਹ 'ਚ ਨਹੀਂ ਕਰਮ ਵਿਚ ਯਕੀਨ ਰੱਖਦਾ ਹੈ।) ਨੌਜਵਾਨ ਪੀੜ੍ਹੀ ਦੇ ਕੁਝ ਕਵੀਆਂ ਦਾ ਆਪਣਾ ਜੀਵਨ ਕਦੀ-ਕਦੀ ਨਿਰਾਸ਼ ਕਰਦਾ ਹੈ। ਢਾਣੀ ਬਣਾ ਕੇ ਸ਼ਰਾਬਾਂ ਪੀਣੀਆਂ ਤੇ ਇਕ ਦੂਜੇ ਨੂੰ ਗਾਹਲਾਂ ਦੇਣੀਆਂ ਉਨ੍ਹਾਂ ਦੇ ਜੀਵਨ ਦਾ ਇਕ ਅੰਗ ਹੈ। ਇਹ 'ਦਿਸ਼ਾ ਹੀਣ' ਸਮਾਜ ਦੀ ਉਨ੍ਹਾਂ ਨੂੰ ਦੇਣ ਹੈ। ਜਿਸ ਤਰ੍ਹਾਂ ਉਹ ਹੋਰ ਸਥਾਪਤ ਕੀਮਤਾਂ ਦੇ ਵਿਰੁੱਧ ਵਿਦਰੋਹ ਕਰਦੇ ਹਨ, ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸੇ ਦੇਣ ਦੇ ਵਿਰੁੱਧ ਵਿਦਰੋਹ ਕਰਨਗੇ। ਜਿਨ੍ਹਾਂ ਨੇ ਦੇਸ਼ ਦੀਆਂ ਤਕਦੀਰਾਂ, ਬਦਲਣ ਦੀ ਠਾਣੀ ਹੋਵੇ, ਉਨ੍ਹਾਂ ਦਾ ਕਿਸੇ ਸ਼ਾਸਨ ਦਾ ਪਾਬੰਦ ਹੋਣਾ ਜ਼ਰੂਰੀ ਹੈ।''

ਪਾਸ਼ ਦਾ ਜੀਵਨੀਕਾਰ ਡਾ. ਤੇਜਵੰਤ ਗਿੱਲ ਵੀ ਇਸ ਗੱਲ ਨੂੰ ਪ੍ਰਵਾਨ ਕਰਦਾ:

''ਜਿਸ ਤਰ੍ਹਾਂ ਦੇ ਭਾਵੁਕ ਜੋਸ਼ੀਲੇ ਤੇ ਉਪ ਭਾਵੁਕ ਨੌਜਵਾਨ ਨਕਸਲੀ ਲਹਿਰ ਵਿਚ ਸ਼ਾਮਲ ਹੋ ਗਏ ਸਨ, ਉਹਨਾਂ ਤੋਂ ਨੈਤਿਕ, ਨਿਯਾਤ ਤੇ ਠਰੰਮੇ ਵਾਲੀ ਸਰਗਰਮੀ ਦੀ ਆਸ ਨਹੀਂ ਹੋ ਸਕਦੀ ਸੀ। ਪਰ ਇਹਨਾਂ ਲੋਕਾਂ ਨੇ ਦੇਸ਼ ਦੀਆਂ ਤਕਦੀਰਾਂ ਬਦਲਣ ਦੀ ਠਾਣੀ ਹੀ ਨਹੀਂ ਸੀ ਇਹ ਲੋਕ ਤਾਂ ਹਿੱਪੀ ਕਲਚਰ ਦੇ ਪ੍ਰਚਾਰਕ ਸਨ। ਇਨਕਲਾਬ ਦਾ ਕਾਰਜ ਤਾਂ ਬੜੀ ਹੀ ਸੰਜੀਦਗੀ, ਕੁਰਬਾਨੀ ਅਤੇ ਜ਼ਿੰਮੇਵਾਰੀ ਦੀ ਮੰਗ ਕਰਦਾ ਹੈ। ਇਨਕਲਾਬ ਕਿਉਂਕਿ ਲੋਕਾਂ ਨੇ ਕਰਨਾ ਹੁੰਦਾ ਹੈ, ਇਸ ਲਈ ਇਨਕਲਾਬੀ ਕਾਰਕੁੰਨਾਂ ਨੂੰ ਵੀ ਲੋਕਾਂ ਦੀਆਂ ਰਵਾਇਤਾਂ, ਪ੍ਰੰਪਰਾਵਾਂ ਤੇ ਵਿਰਸੇ ਨਾਲ ਜੁੜਨਾ ਜ਼ਰੂਰੀ ਹੁੰਦਾ ਹੈ। ਸੰਤ ਰਾਮ ਉਦਾਸੀ ਜਿਥੇ ਆਪਣੇ ਲੋਕਾਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ, ਉਥੇ ਉਹ ਸੰਸਕਾਰਾਂ, ਪ੍ਰੰਪਰਾਵਾਂ ਤੇ ਵਿਰਸੇ ਨਾਲ ਵੀ ਅਟੁੱਟ ਰੂਪ ਵਿਚ ਪ੍ਰਤੀਬੱਧ ਸੀ। ਇਸੇਕ ਰਕੇ ਹੀ ਉਸਦੇ ਨੈਤਿਕ ਮੁੱਲਾਂ ਅਤੇ ਪਾਸ਼ ਦੇ ਨੈਤਿਕ ਮੁੱਲਾਂ ਵਿਚਕਾਰ ਵੱਡ ਫਰਕ ਸੀ। ਸੰਤ ਰਾਮ ਉਦਾਸੀ ਲਈ ਜਿਥੇ ਪਿੰਡ ਦੀ ਹੀ ਨਹੀਂ ਇਲਾਕੇ ਦੀ ਵੀ ਹਰ ਕੁੜੀ ਧੀ-ਭੈਣ ਸੀ, ਉਥੇ ਪਾਸ਼ ਲਈ, ਇਲਾਕਾ ਤਾਂ ਕੀ ਪਿੰਡ ਦੀ ਹਰ ਧੀ-ਭੈਣ ਇਸ਼ਕ ਕਰਨ ਯੋਗ ਸੀ। ਉਸ ਦੇ ਪ੍ਰਸ਼ੰਸਕ ਉਸ ਬਾਰੇ ਹੁੱਬ ਕੇ ਦੱਸਦੇ ਹਨ ਕਿ ਉਸ ਦਾ ਨਾਂਅ ਤਾਂ ਅਵਤਾਰ ਸਿੰਘ ਸੰਧੂ ਸੀ ਪਰ ਉਹ ਪਿੰਡ ਦੀ ਕਿਸੇ ਪਾਸ਼ੋ ਨਾਂਅ ਦੀ ਕੁੜੀ ਨੂੰ ਇਸ਼ਕ ਕਰਦਾ ਸੀ, ਜਿਸ ਕਰਕੇ ਉਸਨੇ ਇਸ ਇਸ਼ਕ ਨੂੰ ਚਿਰਜੀਵੀ ਯਾਦ ਰੱਖਣ ਲਈ ਉਸ ਕੁੜੀ ਦੇ ਨਾਂਅ 'ਤੇ ਆਪਣਾ ਨਾਂਅ ਪਾਸ਼ ਰੱਖ ਲਿਆ। ਪਰ ਡਾ. ਤੇਜਵੰਤ ਗਿੱਲ ਦਾ ਕਹਿਣਾ ਹੈ ਕਿ ਉਸਦੀ ਕਿਸੇ ਅਧਿਆਪਕਾ ਦਾ ਨਾਂਅ 'ਪ੍ਰਵੇਸ਼' ਸੀ ਜਿਸ ਤੋਂ ਉਸਨੇ ਆਪਣਾ ਨਾਂਅ ਪਾਸ਼ ਰੱਖਿਆ।

ਪਾਸ਼ ਦੇ ਸਬੰਧ ਵੀ ਆਪਣੇ ਘਰਾਂ ਦੇ ਆਲੇ-ਦੁਆਲੇ ਦੀਆਂ ਕੁੜੀਆਂ ਨਾਲ ਹੀ ਸਨ। ਜੇਕਰ ਕੋਈ ਵਿਅਕਤੀ ਗੈਰ ਸਿਆਸੀ ਜਾਂ ਪਿੰਡ ਦਾ ਆਮ ਮੁੰਡਾ-ਖੁੰਡਾ ਹੋਵੇ ਤਾਂ ਉਸਦੇ ਮਾਮਲੇ ਵਿਚ ਇਹ ਸਬੰਧ ਕੋਈ ਜੱਗੋਂ ਤੇਰਵੇਂ ਨਹੀਂ ਕਹੇ ਜਾ ਸਕਦੇ ਕਿਉਂਕਿ ਪਿੰਡ ਦੇ ਜਵਾਨ ਮੁੰਡਿਆਂ-ਕੁੜੀਆਂ ਦੇ ਆਪਸੀ ਖਿੱਚ ਪਾਊ ਸਬੰਧ ਤਾਂ ਆਮ ਹੀ ਬਣਦੇ ਬਿਣਸਦੇ ਰਹਿੰਦੇ ਹਨ, ਪਰ ਕਈ ਵਾਰ ਇਹ ਸਮਾਜਿਕ ਮਰਿਆਦਾ ਟੱਪ ਕੇ ਆਪਸੀ ਸਰੀਰਕ ਸਬੰਧਾਂ ਦੀ ਹੱਦ ਤੱਕ ਵੀ ਪਹੁੰਚ ਜਾਂਦੇ ਹਨ, ਪਰ ਪਾਸ਼ ਪਿੰਡ ਦਾ ਕੋਈ ਸਧਾਰਨ ਮੁੰਡਾ ਨਹੀਂ ਸੀ। ਉਸਦਾ ਨਾਂਅ ਨਕਸਲਬਾੜੀ ਲਹਿਰ ਨਾਲ ਜੁੜ ਚੁੱਕਿਆ ਸੀ, ਉਹ ਜੇਲ੍ਹ ਕੱਟ ਆਇਆ ਸੀ ਤੇ ਇਕ ਕਵੀ ਦੇ ਤੌਰ 'ਤੇ ਸਥਾਪਤ ਵੀ ਹੋ ਚੁੱਕਿਆ ਸੀ। ਉਸ ਦੀ ਉਮਰ ਵੀ ਪੱਚੀ ਸਾਲ ਦੀ ਹੋ ਚੁੱਕੀ ਸੀ, ਜਿਸ ਵਿਚ ਇਕ ਗੰਭੀਰਤਾ, ਜ਼ਿੰਮੇਵਾਰੀ ਤੇ ਸੰਜੀਦਗੀ ਆ ਜਾਣੀ ਲਾਜ਼ਮੀ ਸੀ, ਪਰ ਉਹ ਤਾਂ ਪਿੰਡ ਦੀਆਂ ਗਲੀਆਂ ਦੇ ਮੋੜ 'ਤੇ ਖੁਲ੍ਹ ਕੇ ਕੁੜੀਆਂ ਨੂੰ ਉਡੀਕਦਾ ਹੁੰਦਾ ਸੀ।

ਉਸ ਨੇ ਆਪਣੀ ਡਾਇਰੀ ਵਿਚ 3 ਜੂਨ 1974 ਨੂੰ ਲਿਖਿਆ ਹੈ:

''ਅੱਜ ਪੁੰਨਿਆ ਏ ਲਾਲੜੀਏ, ਤੈਨੂੰ ਪੁੰਨਿਆ ਜਾਂ ਚੌਹਦਵੀ ਦੇ ਮਤਲਬ ਪਤਾ ਹੋਣੇ ਨੇ। ਜੇ ਯਾਦ ਨਹੀਂ ਰਹੇ ਤਾਂ ਮੇਰੀ ਨਜ਼ਰ ਦੀਆਂ ਸਿਸ਼ਕੀਆਂ ਤੋਂ ਕਦੇ ਵੀ ਪੁੱਛ ਲਵੀਂ......
ਤੈਨੂੰ ਪਤਾ ਏ ਭਲਾ, ਮੈਂ ਸਵਾ ਅੱਠ ਕਿਉਂ ਸੁੱਤਾ ਉਠਿਆ ਹਾਂ। ਮੈਨੂੰ ਪੰਦਰਾਂ ਮਿੰਟਾਂ ਦੇ ਅਗਲੇ ਭਵਿੱਖ ਦਾ ਪਤਾ ਸੀ। ਮੈਨੂੰ ਪਤਾ ਸੀ ਕਿ ਉਹੀਓ ਗਲੀ ਦਾ ਮੋੜ ਕਦੇ ਵੀ ਬੇਰਹਿਮ ਨਹੀਂ ਹੋ ਸਕਣਾ।
''

27 ਦਸੰਬਰ 1974:

''ਜ਼ਰਾ ਸੋਚਿਆ ਜਾਵੇ ਤਾਂ ਪਿਛਲੇ ਤਿੰਨ ਸਾਲਾਂ ਵਿਚ ਉਸ ਕੁੜੀ ਨੇ ਇਕ ਵੀ ਅਜਿਹੀ ਗੱਲ ਨਹੀਂ ਕੀਤੀ ਜਿਸਦਾ ਸਬੰਧ ਅਕਲ ਨਾਲ ਹੋਵੇ। ਨਾ ਸ਼ਾਇਦ ਮੈਨੂੰ ਹੀ ਅਜਿਹੀ ਗੱਲ ਕਰਨ ਦਾ ਮੌਕਾ ਕਦੇ ਦਿੱਤਾ ਹੈ। ਕਈ ਵਾਰੀ ਮੈਂ ਮੱਲੋਜੋਰੀ ਵੀ ਹੁੰਗਾਰਾ ਲੈਣ ਦੇ ਯਤਨ ਕੀਤੇ ਤਾਂ ਉਸ ਦੇ ਉਤਰ ਨਾਂਹ ਮੁਖੀ ਰਹੇ ਹਨ ਜਿਵੇਂ ਹਾਲੇ ਕੁਝ ਦਿਨ ਪਹਿਲਾਂ ਹੀ ਉਸਨੇ ਕਿਹਾ ਸੀ ਮੈਨੂੰ ਦੇਸ਼ ਬਾਰੇ ਕੁਝ ਨਹੀਂ ਪਤਾ ਕਿ ਇਹ ਕੀ ਹੁੰਦਾ ਹੈ। ਜਾਂ ਅੱਗੇ ਇਕ ਵਾਰ ਦਰਸਾਇਆ ਸੀ ਕਿ ਲੋਕ ਜੋ ਕੁਝ ਮੰਨਦੇ ਹਨ ਸਹੀ ਹੀ ਹੁੰਦਾ ਹੈ। ਉਸ ਦੀਆਂ ਵੱਡੀਆਂ ਗੱਲਾਂ ਇਹੋ ਸਨ ਕਿ ਤੁਹਾਡੇ ਵਾਲ ਬਹੁਤ ਸੋਹਣੇ ਹਨ। ਕੇਸ਼ੀ ਨੂੰ ਹੁਣ ਮਿਲਦੇ ਹੁੰਦੇ ਹੋ ਕਿ ਨਹੀਂ? ਕਿਸੇ ਨੂੰ ਪਤਾ ਤਾਂ ਨਹੀਂ ਲੱਗ ਸਕਿਆ....''

10 ਜੂਨ 1975 ਨੂੰ ਪਾਸ਼ ਲਿਖਦਾ ਹੈ:

''ਪਰਸੋਂ ਮੈਂ ਮਾਲੜੀ ਦੇ ਰਾਤ ਮੇਲੇ ਤੋਂ ਆਉਂਦਿਆਂ ਹੀ ਸੌਂ ਗਿਆ ਸਾਂ ਤੇ ਘੰਟੇ ਦੋ ਘੰਟੇ ਬਾਅਦ ਮੈਨੂੰ ਉਸੇ ਕੁੜੀ ਨੇ ਆ ਉਠਾਇਆ ਜਿਹਨੂੰ ਮੈਂ ਰੱਬ ਜੀ ਕਹਿੰਦਾ ਹੁੰਦਾ ਸਾਂ। ਆਪਣੇ ਪਿਉ ਵਲੋਂ ਇਕ ਕੰਮ ਕਹਿਣ ਆਈ ਸੀ ਤੇ ਮੈਂ ਸ਼ਿਕਵੇ ਸੁੱਟ ਕੇ ਉਸ ਦੀ ਮੁਸ਼ਕਾਨ ਅੱਗੇ ਲਿਫ ਗਿਆ। ਅਖ਼ਬਾਰ ਫੜਾਉਣ ਲੱਗੀ ਨੇ ਕਈ ਚਿਰ ਆਪਣਾ ਹੱਥ ਮੈਥੋਂ ਨਾ ਛੁਡਾਇਆ ਤੇ ਕੱਲ ਰਾਤੀਂ ਮੈਂ ਰਹਿੰਦੀ ਕਸਰ ਵੀ ਹੱਥ ਜੋੜ ਕੇ ਪੂਰੀ ਕਰ ਦਿੱਤੀ।''

3 ਅਗਸਤ 1975. 5pm

''ਚੌਦਾਂ ਹਜ਼ਾਰ ਦੋ ਸੌ ਅਠਾਹਟ ਘੰਟਿਆਂ ਬਾਅਦ ਇਹ ਅਲੋਕਾਰ ਚੁੰਮਣ ਮੈਨੂੰ ਫਿਰ ਨਸੀਬ ਹੋਇਆ ਹੈ। ਏਨਾ ਸਮਾਂ ਮੈਨੂੰ ਖੜੀ ਖਲੋਤੀ ਹੋਈ ਦੇਖਦੀ ਰਹੀ ਹੈ ਤੇ ਮੈਂ ਕੁਝ ਦਾ ਕੁਝ ਬਣ ਗਿਆ ਹਾਂ।........ ਪਤਾ ਨਹੀਂ ਇਹ ਕਿਹੋ ਜਿਹਾ ਸ਼ਗਨ ਹੈ। ਹਾਲ ਦੀ ਘੜੀ ਤਾਂ ਮੈਂ ਚਕਿਤ ਹੀ ਹਾਂ। ਮੈਨੂੰ ਧੰਨਵਾਦ ਕਹਿਣਾ ਚਾਹੀਦਾ ਹੈ ਸ਼ਾਇਦ। ਪਰ ਮੈਂ ਚੁਪਚਾਪ ਹਾਂ। ਹਾਲ ਦੀ ਘੜੀ ਬੱਸ ਖੁਸ਼ੀ ਵਿਚ ਥਰ-ਥਰਾ ਰਿਹਾ ਹਾਂ।''

ਇਹ ਨਹੀਂ ਹੋ ਸਕਦਾ ਕਿ ਪਾਸ਼ ਦੀਆਂ ਅਜਿਹੀਆਂ ਆਸ਼ਕਾਨਾ ਹਰਕਤਾਂ ਦਾ ਆਲੇ ਦੁਆਲੇ ਦੇ ਲੋਕਾਂ ਨੂੰ ਕੋਈ ਪਤਾ ਹੀ ਨਾ ਹੋਵੇ। ਇਕ ਇਨਕਲਾਬੀ ਜਾਂ ਕਵੀ ਦੇ ਤੌਰ 'ਤੇ ਉਹਨਾਂ ਦੇ ਮਨ ਵਿਚ ਉਸਦੀ ਕਿਹੋ ਜਿਹੀ 'ਇੱਜ਼ਤ' ਹੋਵੇਗੀ ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ, ਤੇ ਇਹ ਅੰਦਾਜ਼ਾ ਲਾਉਣਾ ਵੀ ਔਖਾ ਨਹੀਂ ਹੈ ਕਿ ਉਸਦਾ ਲਹਿਰ ਜਾਂ ਲੋਕਾਂ ਨਾਲ ਕਿਹੋ ਜਿਹਾ ਰਿਸ਼ਤਾ ਸੀ। ਜੇ ਉਸ ਵਿਚ ਲਹਿਰ ਪ੍ਰਤੀ ਭੋਰਾ ਕੁ ਵੀ ਸੁਹਿਰਦਤਾ ਹੁੰਦੀ, ਤਾਂ ਉਹ ਪੱਚੀ ਸਾਲ ਦੀ ਉਮਰ 'ਚ ਪਹੁੰਚ ਕੇ ਅਜਿਹੀਆਂ ਅਵਾਰਾ ਮੁੰਡਿਆਂ ਵਾਲੀਆਂ ਹਰਕਤਾਂ ਕਰਨ ਬਾਰੇ ਜ਼ਰੂਰ ਸੌ ਵਾਰ ਸੋਚਦਾ।

ਰਜਿੰਦਰ ਸਿੰਘ ਰਾਹੀ ਦੀ ਹੁਣੇ ਛਪੀ ਕਿਤਾਬ 'ਸਿਮਰਤੀ ਸੰਤਰਾਮ ਉਦਾਸੀ' ਵਿਚੋਂ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top