ੴ
ਸਤਿਗੁਰ ਪ੍ਰਸਾਦਿ ॥ ਰਾਗੁ ਦੇਵਗੰਧਾਰੀ ਮਹਲਾ ੯ ॥
ਯਹ ਮਨੁ ਨੈਕ ਨ ਕਹਿਓ ਕਰੈ ॥ ਸੀਖ ਸਿਖਾਇ ਰਹਿਓ ਅਪਨੀ ਸੀ
ਦੁਰਮਤਿ ਤੇ ਨ ਟਰੈ ॥੧॥ ਰਹਾਉ ॥ ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥
ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ
॥ ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ
॥੨॥੧॥ {ਪੰਨਾ
536}
ਪਦਅਰਥ:
ਯਹ ਮਨੁ—ਇਹ ਮਨ। ਨੈਕ—ਰਤਾ
ਭਰ ਭੀ। ਕਹਿਓ - ਕਿਹਾ ਹੋਇਆ ਉਪਦੇਸ਼,
ਦਿੱਤੀ ਹੋਈ ਸਿੱਖਿਆ। ਸੀਖ—ਸਿੱਖਿਆ।
ਰਹਿਓ—ਮੈਂ ਥੱਕ ਗਿਆ ਹਾਂ।
ਅਪਨੀ ਸੀ—ਆਪਣੇ ਵਲੋਂ।
ਤੇ—ਤੋਂ।
ਟਰੈ—ਟਲਦਾ,
ਟਲੈ।੧।ਰਹਾਉ।
ਮਦਿ—ਨਸ਼ੇ
ਵਿਚ। ਬਾਵਰੇ—ਝੱਲਾ।
ਜਸੁ—ਸਿਫ਼ਤਿ-ਸਾਲਾਹ।
ਉਚਰੈ—ਉਚਾਰਦਾ।
ਪਰਪੰਚੁ—ਵਿਖਾਵਾ,
ਠੱਗੀ। ਕਉ—ਨੂੰ।
ਡਹਕੈ—ਠੱਗਦਾ
ਹੈ, ਛਲ ਰਿਹਾ ਹੈ।
ਉਦਰੁ—ਪੇਟ।੧।
ਸੁਆਨ—ਕੁੱਤਾ।
ਜਿਉ—ਵਾਂਗ।
ਸੂਧੋ—ਸਿੱਧਾ,
ਸੁੱਚੇ ਜੀਵਨ ਵਾਲਾ।
ਨ ਕਾਨ ਧਰੈ—ਕੰਨਾਂ
ਵਿਚ ਨਹੀਂ ਧਰਦਾ,
ਧਿਆਨ ਨਾਲ ਨਹੀਂ ਸੁਣਦਾ।
ਭਜੁ—ਭਜਨ
ਕਰ। ਜਾ ਤੇ—ਜਿਸ ਨਾਲ।
ਕਾਜੁ—(ਮਨੁੱਖਾ
ਜੀਵਨ ਦਾ ਜ਼ਰੂਰੀ)
ਕੰਮ। ਸਰੈ—ਸਿਰੇ
ਚੜ੍ਹ ਜਾਏ।੨।
ਅਰਥ:
ਹੇ ਭਾਈ! ਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ।
ਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ,
ਫਿਰ ਭੀ ਇਹ ਖੋਟੀ ਮਤਿ ਵਲੋਂ ਹਟਦਾ
ਨਹੀਂ।੧।ਰਹਾਉ।
ਹੇ ਭਾਈ! ਮਾਇਆ ਦੇ ਨਸ਼ੇ
ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ
ਸਿਫ਼ਤਿ-ਸਾਲਾਹ ਦੀ ਬਾਣੀ ਨਹੀਂ ਉਚਾਰਦਾ,
ਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ,
ਤੇ, (ਠੱਗੀ ਨਾਲ ਇਕੱਠੇ ਕੀਤੇ ਧਨ
ਦੀ ਰਾਹੀਂ) ਆਪਣਾ ਪੇਟ ਭਰਦਾ
ਰਹਿੰਦਾ ਹੈ।੧।
ਹੇ ਭਾਈ!
ਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ
ਹੁੰਦਾ, (ਕਿਸੇ ਦੀ ਭੀ)
ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ। ਹੇ ਨਾਨਕ!
(ਮੁੜ ਇਸ ਨੂੰ) ਆਖ-(ਹੇ
ਮਨ!) ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ
ਬਰਕਤਿ ਨਾਲ ਤੇਰਾ ਜਨਮ-ਮਨੋਰਥ
ਹੱਲ ਹੋ ਜਾਏ।੨।੧।
ਟੀਕਾ: ਪ੍ਰੋ. ਸਾਹਿਬ ਸਿੰਘ
ਟਿੱਪਣੀ:
ਜਦੋਂ ਗੁਰਬਾਣੀ ਵਿੱਚ ਕੁੱਤੇ, ਬਗਲੇ, ਬੈਲ, ਹਾਥੀ, ਗਧੇ ਅਤਿਆਦਿ ਦਾ ਜਿਕਰ ਆਉਂਦਾ
ਹੈ, ਤਾਂ ਕਿਸੇ ਗੁਰਬਾਣੀ ਦੇ ਭਾਵਅਰਥਾਂ ਤੋਂ ਹੀਣੇ ਮਨੁੱਖ ਅੰਦਰ ਇਹ ਜ਼ਰੂਰ ਖਿਆਲ
ਆਉਂਦਾ ਹੋਵੇਗਾ, ਕਿ ਗੁਰੂ ਸਾਹਿਬ ਇਹ ਕੈਸੀ ਜਾਨਵਰਾਂ ਦੀ ਬਾਤ ਪਾ ਰਹੇ ਹਨ! ਪਰ ਥੋੜਾ
ਹੋਰ ਗਹੁ ਨਾਲ ਪੜਣ ਨਾਲ ਇਹ ਬਾਤ ਭੀ ਬੁੱਝੀ ਜਾ ਸਕਦੀ ਹੈ, ਕਿ ਇਹ ਕੁੱਤੇ, ਬਗਲੇ,
ਬੈਲ, ਹਾਥੀ ਬੰਦੇ ਦੀ ਨਿੱਤ ਦੀ ਕਰਨੀ ਅਤੇ ਫ਼ਿਤਰਤ ਨੂੰ ਮੁੱਖ ਰੱਖ ਕੇ ਨੀਅਤ ਕੀਤੇ
ਗਏ ਹਨ।
ਇਹ ਗੁਰ ਫੁਰਮਾਨ ਹਰ ਇਨਸਾਨ ਲਈ ਹੈ, ਕਿਸੇ
ਖ਼ਾਸ ਵਿਅਕਤੀ ਵਿਸ਼ੇਸ਼ ਲਈ ਨਹੀਂ। ਜੇ ਕੋਈ ਸ਼ਖ਼ਸ ਇਸ ਨੂੰ ਆਪਣੇ 'ਤੇ ਲਾ ਕੇ ਦੇਖਦਾ ਹੈ,
ਤਾਂ ਇਹ ਉਸਦੀ ਆਪਣੀ ਸਮਝ ਹੈ, ਚੰਗੀ ਗਲ ਹੈ, ਗੁਰੂ ਦੀ ਬਾਣੀ ਨਾਲ ਇਹ ਬਿਮਾਰੀ ਪੂਰੀ
ਤਰ੍ਹਾਂ ਠੀਕ ਹੋ ਸਕਦੀ ਹੈ, ਬਸ਼ਰਤੇ ਇਸ ਨੂੰ ਸਮਝ ਕੇ ਇਸ 'ਤੇ ਅਮਲ ਕੀਤਾ ਜਾਵੇ, ਤੇ
ਆਪਣੀ ਸਮਰਥਾ ਨੂੰ ਚੰਗੇ ਪਾਸੇ ਲਾਇਆ ਜਾਵੇ।
ਇਹ ਉਸੇ
ਤਰ੍ਹਾਂ ਹੈ, ਕਿ ਜਿਥੇ ਪੀੜ ਹੋਵੇਗੀ, ਦਵਾਈ ਭੀ ਉਥੇ ਹੀ ਅਸਰ ਕਰਦੀ ਹੈ। ਜੇ ਸਾਨੂੰ
ਪੀੜ੍ਹ ਹੁੰਦੀ ਹੈ, ਤਾਂ ਇਹ ਮਤਲਬ ਸਾਫ ਹੈ ਕਿ ਕੋਈ ਕਸਰ ਹੈ, ਹਾਲੇ ਦਵਾਈ ਦੀ ਲੋੜ੍ਹ
ਹੈ, ਡੋਸ ਵਧਾਈ ਵੀ ਜਾ ਸਕਦੀ ਹੈ।
ਆਮ ਬੋਲੀ 'ਚ ਵੀ ਇਹ ਕਹਾਵਤ ਹੈ ਕਿ "ਕੁੱਤੇ ਦੀ ਪੂਛ ਕਦੇ
ਸਿੱਧੀ ਨਹੀਂ ਹੁੰਦੀ", ਕਈ ਐਸੇ ਇਨਸਾਨੀ ਜਾਮੇ 'ਚ ਕੁੱਤੇ ਦੀ ਪੂਛ ਬਿਰਤੀ
ਵਾਲੇ ਹੁੰਦੇ ਹਨ, ਕਿ ਕਦੇ ਵੀ ਉਹ ਸਿੱਧਾ ਕੰਮ ਨਹੀਂ ਕਰਦੇ। ਸਾਨੂੰ ਸਭਨਾਂ ਨੂੰ
ਗੁਰਬਾਣੀ ਦੇ ਇਸ ਫੁਰਮਾਨ ਤੋਂ ਸੇਧ ਲੈਂਦੇ ਹੋਏ, ਇਸ
ਵਿੰਗੀ ਪੂਛ ਵਾਲੀ ਬਿਰਤੀ ਨੂੰ ਛੱਡ ਕੇ ਗੁਰਮਤਿ ਗਾਡੀ ਰਾਹ 'ਤੇ ਚਲਣਾ
ਚਾਹੀਦਾ ਹੈ।
ਰੱਬ ਸਭ ਨੂੰ ਸੁਮੱਤ ਬਖਸ਼ੇ।