Share on Facebook

Main News Page

ਅਕਾਲ ਤਖ਼ਤ ਦਾ ਜਥੇਦਾਰ ਗੁਰਮਤਿ ਦੇ ਰਾਹਾਂ ਤੋਂ ਥਿੜਕੇ
-: ਰਜਿੰਦਰ ਸਿੰਘ ਪੁਰੇਵਾਲ

ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ, ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ। ਇਸ ਰਾਹੀਂ ਸਿੱਖ ਆਪਣੇ ਰਾਜਨੀਤਕ ਫੈਸਲੇ ਕਰਦੇ ਰਹੇ ਤੇ ਰਾਜਨੀਤਕ ਅਗਵਾਈ ਲੈਂਦੇ ਰਹੇ। ਪਰ ਜਦੋਂ ਵੀ ਸੱਤਾਧਾਰੀਆਂ ਪਾਰਟੀਆਂ ਇਸ ਵਿਚ ਦਖਲਅੰਦਾਜ਼ੀ ਦਿੰਦੀਆਂ ਰਹੀਆਂ ਤਾਂ ਇਸ ਦਾ ਵਜੂਦ ਖਤਰੇ ਵਿਚ ਪੈਂਦਾ ਰਿਹਾ। ਅੰਗਰੇਜ਼ ਕਾਲ ਤੋਂ ਲੈ ਕੇ ਹੁਣ ਤੱਕ ਅਕਾਲ ਤਖ਼ਤ ਦੀ ਖੁਦਮੁਖਤਿਆਰੀ ਦਾ ਸੰਕਲਪ ਉੱਘੜ ਨਹੀਂ ਸਕਿਆ, ਜੋਂ ਕਿ 18ਵੀਂ ਸਦੀ ਦੌਰਾਨ ਮਿਸਲਦਾਰਾਂ ਨੇ ਉਭਾਰਿਆ ਸੀ ਜਾਂ ਗੁਰੂ ਕਾਲ ਦੇ ਦੌਰਾਨ ਇਸ ਤੋਂ ਸਿੱਖ ਸੇਧ ਪ੍ਰਾਪਤ ਕਰਦੇ ਰਹੇ ਹਨ।

ਅੰਗਰੇਜ਼ ਕਾਲ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਉਨ੍ਹਾਂ ਦੇ ਤਨਖਾਹਦਾਰ ਜਾਂ ਏਜੰਟ ਹੀ ਹੁੰਦੇ ਸਨਇਸ ਕਾਲ ਦੌਰਾਨ ਪੰਥ ਦੀ ਸੇਵਾ ਕਰਨਾ ਵਾਲੇ ਤੇ ਸਿੱਖਾਂ ਵਿਚ ਜਾਗ੍ਰਿਤੀ ਲਿਆਉਣ ਵਾਲੇ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕਿਆ ਗਿਆ ਸੀ, ਕਿਉਂਕਿ ਉਹ ਦਲਿਤ ਸਿੱਖਾਂ ਦੇ ਬਾਈਕਾਟ ਦੇ ਵਿਰੋਧੀ ਸਨ ਅਤੇ ਡੇਰਾਵਾਦੀ ਸਾਧਾਂ ਦੇ ਵਿਰੁੱਧ ਜਾਗ੍ਰਿਤੀ ਲਹਿਰ ਚਲਾ ਰਹੇ ਸਨ। ਯਾਦ ਰਹੇ ਕਿ ਬੀਤੇ ਸਾਲਾਂ ਦੌਰਾਨ ਪ੍ਰੋ. ਗੁਰਮੁਖ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਪੰਥ ਵਿਚ ਸ਼ਾਮਲ ਕੀਤਾ ਗਿਆ ਤੇ ਪਹਿਲੇ ਫੈਸਲੇ ਦੀ ਆਲੋਚਨਾ ਕੀਤੀ ਗਈ ਸੀ। ਇਹ ਵੀ ਯਾਦ ਕਰਵਾ ਦੇਣਾ ਚਾਹੁੰਦੇ ਹਨ ਕਿ ਅਰੂੜ ਸਿੰਘ ਜੋ ਕਿ ਉਸ ਸਮੇਂ ਅੰਗਰੇਜ਼ ਰਾਜ ਦਾ ਟਾਊਟ ਸੀ, ਉਹ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਗਿਆ ਸੀ। ਉਸ ਨੇ ਜਲ੍ਹਿਆਂਵਾਲੇ ਬਾਗ ਕਾਂਡ ਦੇ ਜ਼ਿੰਮੇਵਾਰ ਜਨਰਲ ਡਾਇਰ ਨੂੰ ਸਿਰਪਾਓ ਵੀ ਦਿੱਤਾ ਸੀ।

ਅੱਜ ਵੀ ਅਕਾਲ ਤਖ਼ਤ ਦੇ ਜਥੇਦਾਰ ਸੱਤਾ ਦੇ ਅਧੀਨ ਹਨ ਤੇ ਸ਼੍ਰੋਮਣੀ ਕਮੇਟੀ ਇਸ ਦੀ ਨਿਯੁਕਤੀ ਕਰਦੀ ਹੈ ਅਤੇ ਆਪਣੀ ਮਨਮਰਜ਼ੀ ਅਨੁਸਾਰ ਫੈਸਲੇ ਕਰਵਾਉਂਦੀ ਹੈ। ਇਹ ਫੈਸਲੇ ਗੁਰਮਤਿ ਦੀ ਰੌਸ਼ਨੀ ਵਿਚ ਨਹੀਂ, ਸੱਤਾਧਾਰੀਆਂ ਦੀ ਮਰਜ਼ੀ ਅਨੁਸਾਰ ਹੁੰਦੇ ਹਨ, ਜਿੰਨ੍ਹਾਂ ਦਾ ਸ਼੍ਰੋਮਣੀ ਕਮੇਟੀ ਉੱਪਰ ਕਬਜ਼ਾ ਹੁੰਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਆਰ ਐਸ ਐਸ ਨੇ ਇਕ ਵਾਰ ਕਿਹਾ ਸੀ ਕਿ ਇਹ ਜਥੇਦਾਰ ਸਾਡੇ ਤੋਂ ਤਨਖਾਹ ਲੈਂਦੇ ਹਨ। ਪਰ ਕਿਸੇ ਵੀ ਜਥੇਦਾਰ ਨੇ ਇਸ ਦਾ ਵਿਰੋਧ ਨਹੀਂ ਕੀਤਾ। ਇਸ ਤੋਂ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪੰਥ ਦੇ ਭਵਿੱਖ ਦਾ? ਹੁਣੇ ਜਿਹੇ ਅਕਾਲ ਤਖ਼ਤ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਕਿਸੇ ਪਤਿਤ ਸਾਧ ਦੇ ਡੇਰੇ ਗਏ ਤੇ ਉਸ ਦੀ ਤੁਲਨਾ ਉੱਥੇ ਬਾਬਾ ਬੁੱਢਾ ਜੀ ਨਾਲ ਕੀਤੀ ਗਈ, ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਥੇਦਾਰਾਂ ਵਿਚ ਗੁਰਮਤਿ ਪ੍ਰਤੀ ਕਿੰਨੀ ਕੁ ਸੋਝੀ ਹੈ, ਉਹ ਤਾਂ ਮਾਇਆ ਦੇ ਲੋਭ ਨਾਲ ਬੱਝੇ ਹੋਏ ਹਨ, ਪਰ ਦਾਅਵੇ ਗੁਰਮਤਿ ਵਿਚਾਰਧਾਰਾ ਨੂੰ ਪਸਾਰਨ ਦੇ ਕਰਦੇ ਹਨ।

ਅਕਾਲ ਤਖ਼ਤ ਦਾ ਜਥੇਦਾਰ ਪੰਥ ਨਾਲ ਕਈ ਵਾਅਦੇ ਕਰਦਾ ਹੈ, ਪਰ ਜਦੋਂ ਨਿਭਾਉਣ ਦੀ ਵਾਰੀ ਆਉਂਦੀ ਹੈ ਤਾਂ ਪਤਰਾ ਵਾਚ ਜਾਂਦਾ ਹੈ। ਚਾਹੇ ਉਹ ਬੰਦੀਵਾਨ ਸਿੱਖਾਂ ਦੀ ਰਿਹਾਈ ਦਾ ਮਾਮਲਾ ਹੈ ਜਾਂ ਸਿਰਸਾ ਬਾਬੇ ਵਿਰੁੱਧ ਅੰਦੋਲਨ ਚਲਾਉਣ ਦਾ। ਉਸ ਵਿਚ ਜਥੇਦਾਰ ਗੁਰਬਚਨ ਸਿੰਘ ਨੇ ਹਮੇਸ਼ਾ ਪਿੱਠ ਦਿਖਾਈ ਹੈ।

ਹੁਣੇ ਜਿਹੇ ਇਕ ਖ਼ਬਰ ਇਹ ਵੀ ਆਈ ਹੈ ਕਿ ਕਰਤਾਰਪੁਰ ਵਿਖੇ ਪੰਥਕ ਸਰਕਾਰ ਦਾ ਕੋਈ ਸਮਾਗਮ ਸੀ ਤੇ ਜਥੇਦਾਰ ਅਕਾਲ ਤਖ਼ਤ ਨੇ ਲੁਧਿਆਣੇ ਵਿਚ ਕਿਸੇ ਸਮਾਗਮ ਵਿਚ ਸ਼ਾਮਲ ਹੋਣ ਜਾਣਾ ਸੀ, ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਘੰਟਾ ਠਹਿਰਾਈ ਰੱਖਿਆ। ਨਤੀਜੇ ਵਜੋਂ ਜਥੇਦਾਰ ਨੂੰ ਵਾਪਸ ਅੰਮ੍ਰਿਤਸਰ ਜਾਣਾ ਪਿਆ। ਇਸ ਤੋਂ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਕਾਲ ਤਖ਼ਤ ਕਿੰਨਾ ਕੁ ਅਜ਼ਾਦ ਹੈ ਤੇ ਉਸ ਦਾ ਜਥੇਦਾਰ ਕਿੰਨੀ ਕੁ ਸਮਰੱਥ ਸ਼ਕਤੀ ਰੱਖਦਾ ਹੈ? ਅੱਜਕੱਲ੍ਹ ਨਵਜੋਤ ਸਿੰਘ ਸਿੱਧੂ ਭਾਜਪਾ ਹਾਈਕਮਾਂਡ ਦੇ ਇਸ਼ਾਰੇ ‘ਤੇ ਨਸ਼ਿਆਂ, ਰੇਤਾ, ਬਜਰੀ, ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਲੈ ਕੇ ਬਾਦਲ ਸਰਕਾਰ ਨੂੰ ਘੇਰ ਰਿਹਾ ਹੈ ਤੇ ਬਾਦਲ ਸਰਕਾਰ ਨੇ ਉਸ ਦੀ ਸਕਿਊਰਿਟੀ ਵੀ ਵਾਪਸ ਲਈ ਬਾਅਦ ਵਿਚ ਬਹਾਲ ਵੀ ਕਰ ਦਿੱਤੀ ਤੇ ਹੁਣ ਪੈਂਤੜਾ ਅਪਨਾਉਂਦੇ ਅਕਾਲ ਤਖ਼ਤ ਦੇ ਜਥੇਦਾਰ ਰਾਹੀਂ ਸਿੱਧੂ ਦੀਆਂ ਫੋਟੋਆਂ ਜਿਸ ਵਿਚ ਉਹ ਹਵਨਯੱਗ ਕਰ ਰਹੇ ਹਨ, ਨੂੰ ਆਧਾਰ ਬਣਾ ਕੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲ ਤਖ਼ਤ ਦੇ ਜਥੇਦਾਰ ਨੂੰ ਉਸ ਅਕਾਲ ਤਖ਼ਤ ‘ਤੇ ਤਲਬ ਕਰਨ ਦੀ ਵੀ ਧਮਕੀ ਦਿੱਤੀ ਹੈ।

ਪਰ ਵੱਡਾ ਸੁਆਲ ਇਹ ਹੈ ਕਿ ਜੇਕਰ ਬਾਦਲ ਸਾਹਿਬ ਇਹੋ ਜਿਹੇ ਹਵਨ ਯੱਗ ਕਰਦੇ ਹਨ, ਤਾਂ ਉਹ ਠੀਕ ਹਨ ਤੇ ਜਥੇਦਾਰ ਉਨ੍ਹਾਂ ਨੂੰ ਫਖਰ-ਏ-ਕੌਮ ਦਾ ਦਰਜਾ ਦੇਣ ਤੋਂ ਵੀ ਨਹੀਂ ਝਿਜਕਦੇ, ਪਰ ਜਦੋਂ ਇਹੋ ਜਿਹੀ ਹਰਕਤ ਕੋਈ ਹੋਰ ਕਰਦਾ ਤਾਂ ਉਸ ਨੂੰ ਅਕਾਲ ਤਖਤ ‘ਤੇ ਸੱਦ ਲਿਆ ਜਾਂਦਾ ਹੈ। ਅਜਿਹੀ ਬੇਇਨਸਾਫੀ ਅਕਾਲ ਤਖ਼ਤ ‘ਤੇ ਕਿਉਂ? ਜੋਕਰ ਤੁਸੀਂ ਜਥੇਦਾਰ ਪੰਥਕ ਹਿੱਤਾਂ ‘ਤੇ ਪਹਿਰਾ ਨਹੀਂ ਦੇ ਸਕਦੇ, ਗੁਰਮਤਿ ਅਨੁਸਾਰ ਫਰਜ਼ ਨਹੀਂ ਨਿਭਾ ਸਕਦੇ ਤਾਂ ਤੁਹਾਨੂੰ ਗੁਰੂ ਸਾਹਿਬ ਦੇ ਇਲਾਹੀ ਤਖ਼ਤ ‘ਤੇ ਪਹਿਰੇਦਾਰੀ ਕਰਨ ਦਾ ਕੋਈ ਅਧਿਕਾਰ ਨਹੀਂ। ਇਸ ਸੰਬੰਧ ਵਿਚ ਸਿੱਖ ਕੌਮ ਨੂੰ ਜਾਗ੍ਰਿਤ ਹੋਣ ਦੀ ਲੋੜ ਹੈ, ਤਾਂ ਹੀ ਅਸੀਂ ਅਕਾਲ ਤਖ਼ਤ ਦੀ ਖੁਦਮੁਖਤਿਆਰੀ ਬਹਾਲ ਕਰਵਾ ਸਕਾਂਗੇ।


ਟਿੱਪਣੀ:

ਪੁਰੇਵਾਲ ਸਾਹਿਬ, ਤੁਹਾਡਾ ਲੇਖ ਬਹੁਤ ਸਾਰਥਕ ਹੈ, ਤੁਸੀਂ ਬਹੁਤ ਕੁੱਝ ਲਿਖ ਦਿੱਤਾ ਕਿ

"ਅੰਗਰੇਜ਼ ਕਾਲ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਉਨ੍ਹਾਂ ਦੇ ਤਨਖਾਹਦਾਰ ਜਾਂ ਏਜੰਟ ਹੀ ਹੁੰਦੇ ਸਨ। ਇਸ ਕਾਲ ਦੌਰਾਨ ਪੰਥ ਦੀ ਸੇਵਾ ਕਰਨਾ ਵਾਲੇ ਤੇ ਸਿੱਖਾਂ ਵਿਚ ਜਾਗ੍ਰਿਤੀ ਲਿਆਉਣ ਵਾਲੇ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਵਿਚੋਂ ਛੇਕਿਆ ਗਿਆ ਸੀ, ਕਿਉਂਕਿ ਉਹ ਦਲਿਤ ਸਿੱਖਾਂ ਦੇ ਬਾਈਕਾਟ ਦੇ ਵਿਰੋਧੀ ਸਨ ਅਤੇ ਡੇਰਾਵਾਦੀ ਸਾਧਾਂ ਦੇ ਵਿਰੁੱਧ ਜਾਗ੍ਰਿਤੀ ਲਹਿਰ ਚਲਾ ਰਹੇ ਸਨ।"

"ਅੱਜ ਵੀ ਅਕਾਲ ਤਖ਼ਤ ਦੇ ਜਥੇਦਾਰ ਸੱਤਾ ਦੇ ਅਧੀਨ ਹਨ ਤੇ ਸ਼੍ਰੋਮਣੀ ਕਮੇਟੀ ਇਸ ਦੀ ਨਿਯੁਕਤੀ ਕਰਦੀ ਹੈ ਅਤੇ ਆਪਣੀ ਮਨਮਰਜ਼ੀ ਅਨੁਸਾਰ ਫੈਸਲੇ ਕਰਵਾਉਂਦੀ ਹੈ। ਇਹ ਫੈਸਲੇ ਗੁਰਮਤਿ ਦੀ ਰੌਸ਼ਨੀ ਵਿਚ ਨਹੀਂ, ਸੱਤਾਧਾਰੀਆਂ ਦੀ ਮਰਜ਼ੀ ਅਨੁਸਾਰ ਹੁੰਦੇ ਹਨ, ਜਿੰਨ੍ਹਾਂ ਦਾ ਸ਼੍ਰੋਮਣੀ ਕਮੇਟੀ ਉੱਪਰ ਕਬਜ਼ਾ ਹੁੰਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਆਰ ਐਸ ਐਸ ਨੇ ਇਕ ਵਾਰ ਕਿਹਾ ਸੀ ਕਿ ਇਹ ਜਥੇਦਾਰ ਸਾਡੇ ਤੋਂ ਤਨਖਾਹ ਲੈਂਦੇ ਹਨ। ਪਰ ਕਿਸੇ ਵੀ ਜਥੇਦਾਰ ਨੇ ਇਸ ਦਾ ਵਿਰੋਧ ਨਹੀਂ ਕੀਤਾ।"

"ਅਕਾਲ ਤਖ਼ਤ ਦਾ ਜਥੇਦਾਰ ਪੰਥ ਨਾਲ ਕਈ ਵਾਅਦੇ ਕਰਦਾ ਹੈ, ਪਰ ਜਦੋਂ ਨਿਭਾਉਣ ਦੀ ਵਾਰੀ ਆਉਂਦੀ ਹੈ ਤਾਂ ਪਤਰਾ ਵਾਚ ਜਾਂਦਾ ਹੈ।"

ਪਰ ਕੀ ਕਾਰਣ ਹੈ, ਕਿ ਇਹੋ ਜਿਹੇ ਸਿਧਾਂਤਹੀਣ ਅਖੌਤੀ ਜਥੇਦਾਰ, ਜਿਸ ਦੀ ਅਸਲੀਯਤ ਹਰ ਇੱਕ ਸਿੱਖ ਨੂੰ ਪਤਾ ਚੱਲ ਚੁਕੀ ਹੈ, ਉਸਦੇ ਸਾਹਮਣੇ ਸਿਵਾਏ ਕੁੱਝ ਕੁ ਨੂੰ ਛੱਡਕੇ, ਬਹੁਤਾਤ ਸਿੱਖ ਅਖਵਾਉਣ ਵਾਲੇ, ਉਸ ਦੇ ਸਾਹਮਣੇ ਲੇਲੜੀਆਂ ਕੱਢਦੇ, ਗੋਡੇ ਟੇਕਦੇ ਨਜ਼ਰ ਆਉਂਦੇ ਹਨ?

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top