Share on Facebook

Main News Page

ਮੋਦੀ ਸਫਾਈ ਲਹਿਰ ਦੇ ਪਰਛਾਵੇਂ ਹੇਠ, ਸਿੱਖਾਂ ਦੀ ਨਸਲੀ ਸਫਾਈ ਦਾ ਹੋ ਰਿਹਾ ਹੈ ਆਗਾਜ਼, ਪਰ ਪੰਥ ਸੌਂ ਰਿਹਾ ਕੁੰਭਕਰਨੀ ਨੀਂਦ ..?
-: ਗੁਰਿੰਦਰਪਾਲ ਸਿੰਘ ਧਨੌਲਾ 001 646 918 9564

ਕੱਟੜਵਾਦੀ ਜਮਾਤ ਆਰ.ਐਸ.ਐਸ. ਨੇ ਭਾਰਤ ਦੇ ਰਾਜ ਤਖਤ 'ਤੇ ਕਬਜਾ ਕਰਨ ਦੇ ਨਾਲ ਹੀ ਆਪਣੇ ਗੁਪਤ ਏਜੰਡੇ ਨੂੰ ਜਾਹਰਾ ਕਰਦਿਆਂ ਉਸਤੇ ਅਮਲ ਦਹਾਨੀ ਆਰੰਭ ਦਿੱਤੀ ਹੈ। ਇੱਕ ਪਾਸੇ ਭਾਰਤ ਦਾ ਪ੍ਰਧਾਨ ਮੰਤਰੀ ਕੁਝ ਲੋਕ ਸੇਵਾ ਦੇ ਕਾਰਜ਼ ਕਰਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿਚ ਰਿਹਾ ਹੈ, ਦੂਸਰੇ ਪਾਸੇ ਆਰ.ਐਸ.ਐਸ. ਭਾਰਤ ਨੂੰ ਹਿੰਦੂ, ਹਿੰਦੀ, ਹਿੰਦੋਸਤਾਨ ਦੇ ਨਾਹਰੇ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਪੱਬਾਂ ਹੋ ਚੁੱਕੀ ਹੈ।

ਪਹਿਲੇ ਪੜਾਅ ਵਜੋਂ ਖਾਸਕਰ ਕੇ ਪੰਜਾਬ ਦੇ ਸ਼ਹਿਰਾਂ ਵਿਚ ਸੰਘ ਦੇ ਵਰਕਰਾਂ ਵੱਲੋਂ ਪੰਜਾਬ ਦੇ ਵਿਉਪਾਰੀ ਹਿੰਦੁਆਂ ਦੇ ਮੋਢਿਆਂ ਦੇ ਬੰਦੂਕਾਂ ਰਖਾਕੇ ਮਾਰਚ ਕੀਤੇ ਗਏ ਹਨ, ਤਾਂ ਕਿ ਲੋਕਾਂ ਅੰਦਰ ਪਾੜਾ ਪਾਇਆ ਜਾ ਸਕੇ, ਜਿਸਦਾ ਪੰਥਕ ਹਲਕਿਆਂ ਨੇ ਕੋਈ ਬਹੁਤਾ ਨੋਟਿਸ ਨਹੀਂ ਲਿਆ। ਬੇਸ਼ੱਕ ਮੇਰੀ ਗੱਲ ਨਾਲ ਕੋਈ ਸਹਿਮਤ ਹੋਵੇ ਜਾਂ ਨਾ, ਪਰ ਜਿੰਨਾਂ ਚਿਰ ਅਕਾਲੀ ਦਲ ਇੱਕ ਪੰਥਕ ਪਾਰਟੀ ਵਜੋਂ ਵਿਚਰਦਾ ਰਿਹਾ, ਓਨਾਂ ਚਿਰ ਕਿਸੇ ਦੀ ਅਜਿਹਾ ਕਰਨ ਦੀ ਹਿੰਮਤ ਨਹੀਂ ਸੀ, ਲੇਕਿਨ ਜਦੋਂ ਤੋਂ ਸ.ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਰੂਹ ਕਢਕੇ ਇਸਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਹੈ, ਉਸ ਦਿਨ ਤੋਂ ਅਸਲ ਵਿਚ ਪੰਥ ਅਤੇ ਪੰਜਾਬ ਦੀ ਵਾੜ ਖਤਮ ਹੋ ਗਈ ਸੀ। ਇਸ ਕਰਕੇ ਹੀ ਅੱਜ ਹਰ ਕੋਈ ਬਾਬੇ ਨਾਨਕ ਦੇ ਬਗੀਚੇ ਵਿਚ ਖੌਰੂ ਪਾਉਂਦਾ ਨਜਰ ਆ ਰਿਹਾ।

ਪੰਜਾਬ ਵਿਚ ਆਰ.ਐਸ.ਐਸ. ਨੇ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਦੀ ਬਰਬਾਦੀ ਵਾਸਤੇ ਹਰ ਪਾਸੇ ਨਾਕਾਬੰਦੀ ਕੀਤੀ ਹੋਈ ਹੈ। ਅੱਜ ਦਾ ਅਕਾਲੀ ਦਲ (ਬ), ਸ਼੍ਰੋਮਣੀ ਕਮੇਟੀ, ਅਕਾਲ ਤਖਤ ਦਾ ਜਥੇਦਾਰ, ਅਖੌਤੀ ਸੰਤ ਸਮਾਜ ਅਤੇ ਕੁੱਝ ਹੋਰ ਸਿੱਖ ਜਥੇਬੰਦੀਆਂ ਵੀ ਸਿਧੇ ਜਾਂ ਅਸਿਧੇ ਤੌਰ 'ਤੇ ਸੰਘ ਦੇ ਪ੍ਰਭਾਵ ਹੇਠ ਹਨ, ਇਸ ਕਰਕੇ ਹੀ ਹੁਣ ਕੋਈ ਲਲਕਾਰਨ ਵਾਲਾ ਨਹੀ ਰਿਹਾ ਤੇ ਵੇਹੜਾ ਮੋਕਲਾ ਹੋਇਆ ਪਿਆ ਹੈ। ਇੱਕ ਪਾਸੇ ਸੰਘ ਨੇ ਸਿੱਖ ਜਥੇਬੰਦੀਆਂ, ਸੰਸਥਾਵਾਂ ਅਤੇ ਅਖੌਤੀ ਪੰਥਕ ਸਰਕਾਰ ਨੂੰ ਕਾਬੂ ਕੀਤਾ ਹੈ, ਦੂਸਰੇ ਪਾਸੇ ਸਿੱਖ ਵਿਰੋਧੀ ਡੇਰੇਦਾਰਾਂ ਨੂੰ ਆਪਣੀ ਨੀਤੀ ਅਧੀਨ ਚਲਾਉਣ ਵਾਸਤੇ ਤਿਆਰ ਕਰ ਲਿਆ ਹੈ। ਕੁਝ ਸਮਾਂ ਪਹਿਲਾਂ ਸੰਘ ਮੁਖੀ ਮੋਹਨ ਭਾਗਵਤ ਦੀਆਂ ਡੇਰਾ ਰਾਧਾ ਸਵਾਮੀ ਮੁਖੀ ਨਾਲ ਹੋਈਆਂ ਗੁਪਤ ਮੀਟਿਗਾਂ ਵੀ ਇਸ ਸਾਜਿਸ਼ ਦੀ ਇੱਕ ਕੜੀ ਸੀ। ਇੰਝ ਹੀ ਹਰਿਆਣਾ ਦੀਆਂ ਵਿਧਾਨਸਭਾ ਚੋਣਾਂ ਦੇ ਪ੍ਰਚਾਰ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਤਲ ਅਤੇ ਬਲਾਤਕਾਰ ਦੇ ਵੱਖ ਵੱਖ ਮਾਮਲਿਆਂ ਵਿੱਚ ਅਦਾਲਤੀ ਕੇਸਾਂ ਦਾ ਸਾਹਮਣਾ ਕਰ ਰਹੇ ਡੇਰੇ ਸਰਸੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਬਲਿਕ ਜਲਸੇ ਵਿਚ ਇਹ ਕਹਿਣਾ ਕਿ "ਮੈਂ ਮਹਾਰਾਜ ਜੀ ਕੋ ਪ੍ਰਨਾਮ ਕਰਤਾ ਹੂੰ" ਵੀ ਆਰ.ਐਸ.ਐਸ. ਦੀ ਸਾਜਿਸ਼ ਦੀ ਅਗਲੀ ਕੜੀ ਸੀ।

ਅੱਜ ਭਾਰਤ ਦੇ ਪ੍ਰਮੁਖ ਟੀ.ਵੀ ਚੈਨਲਾਂ ਤੇ ਇੱਕ ਖਬਰ ਵੇਖਣ ਨੂੰ ਮਿਲੀ "ਮੁੰਬਈ ਮੇਂ ਡੇਰਾ" ਭਾਵ ਡੇਰਾ ਸਰਸਾ ਦੇ ਸੌਦਾ ਸਾਧ ਵੱਲੋਂ ਮੁੰਬਈ ਵਿੱਚ ਨਾਮ ਚਰਚਾ ਕੀਤੀ ਗਈ ਹੈ, ਪਰ ਇਸ ਨਾਮ ਚਰਚਾ ਵਾਸਤੇ ਓਹ ਦਿਨ ਚੁਣਿਆ ਗਿਆ, ਜਦੋਂ ਓਥੇ ਬੀ.ਜੇ.ਪੀ. ਸਰਕਾਰ ਦਾ ਗਠਨ ਹੋ ਰਿਹਾ ਸੀ, ਲੱਗਭੱਗ ਪੰਜ ਲਖ ਤੋਂ ਵਧੇਰੇ ਆਪਣੇ ਪੈਰੋਕਾਰਾਂ ਨਾਲ ਮੁੰਬਈ ਪਹੁੰਚੇ ਸੌਦਾ ਸਾਧ ਵੱਲੋਂ ਮੋਦੀ ਦੇ ਪ੍ਰਨਾਮ ਦਾ ਜਵਾਬ ਦੇਣ ਵਾਸਤੇ ਅਤੇ ਨਰਿੰਦਰ ਮੋਦੀ ਦਾ ਦਿਲ ਜਿੱਤਕੇ ਆਪਣੇ ਖਿਲਾਫ਼ ਦਰਜ਼ ਮਾਮਲੇ ਅਤੇ ਅਦਾਲਤੀ ਫੈਸਲਿਆਂ ਨੂੰ ਕਿਸੇ ਤਰੀਕੇ ਪ੍ਰਭਾਵਿਤ ਕਰਨ ਹਿੱਤ, ਛੇ ਘੰਟੇ ਵਿਚ ਪੂਰੀ ਮੁੰਬਈ ਦੀ ਸਫਾਈ ਕਰਕੇ ਵਿਖਾ ਦਿੱਤੀ ਹੈ। ਕਿਸੇ ਜਗਾ ਇੱਕ ਕਾਗਜ਼ ਦਾ ਟੁਕੜਾ ਡਿੱਗਿਆ ਨਹੀਂ ਰਹਿਣ ਦਿੱਤਾ, ਆਰ.ਐਸ.ਐਸ. ਆਪਣੇ ਜਾਲ ਵਿਚ ਫਸੇ ਸਾਧ ਨੂੰ ਹੁਣ ਸੰਘ ਦੇ ਜਾਲ ਵਿਚ ਫਸਾਕੇ, ਉਸਤੋਂ ਮਨ ਮਰਜ਼ੀ ਦੇ ਕੰਮ ਕਰਵਾਉਣ ਦੀ ਤਾਕ ਵਿਚ ਹੈ। ਸੰਘ ਕਦੇ ਵੀ ਸਿੱਖਾਂ ਦਾ ਖੂਨ ਆਪਣੇ ਹਥਾਂ ਨੂੰ ਨਹੀਂ ਲੱਗਣ ਦੇਵੇਗਾ, ਸਾਰਾ ਕੰਮ ਬੜੀ ਸਾਫਗੋਈ ਨਾਲ ਹੋਰਨਾਂ ਤੋਂ ਕਰਵਾਕੇ, ਆਪ ਦੁਨੀਆ ਸਾਹਮਣੇ ਸੁਥਰਾ ਭਲਾ ਮਾਨਸ ਅਖਵਾਏਗਾ।

ਹੁਣ ਭਰੋਸੇਯੋਗ ਸੂਤਰਾਂ ਅਨੁਸਾਰ ਸੰਘ ਨੇ ਪੰਜਾਬ ਸਰਕਾਰ ਵਿੱਚ ਸ਼ਾਮਲ ਬੀ.ਜੇ.ਪੀ. ਦੇ ਆਗੂਆਂ ਤੋਂ ਸ. ਬਾਦਲ ਦੀ ਅਕਾਲੀ ਸਰਕਾਰ 'ਤੇ ਟਿੱਪਣੀਆਂ ਕਰਵਾਕੇ ਸ. ਬਾਦਲ ਅਤੇ ਉਸਦੀ ਅਕਾਲੀ ਸਰਕਾਰ ਅਤੇ ਪਾਰਟੀ ਦੀ ਬੋਲਤੀ ਬੰਦ ਕਰ ਦਿੱਤੀ ਹੈ, ਨਵਜੋਤ ਸਿੱਧੂ ਦੀ ਸੁੱਰਖਿਆ ਦੀ ਕੁੱਝ ਪਲਾਂ ਵਿੱਚ ਵਾਪਸੀ ਨੇ ਬਾਦਲ ਦੇ ਜੁਰਕੇ ਫੂਕ ਕੱਢਕੇ ਪ੍ਰਮਾਣ ਵਿਖਾ ਦਿਤਾ ਹੈ। ਐਵੇਂ ਹੀ ਸਿੱਖ ਡੇਰੇਦਾਰਾਂ ਨੂੰ ਧਮਕੜੇ ਪਾ ਲਿਆ ਹੈ ਅਤੇ ਪੰਥ ਵਿਰੋਧੀ ਡੇਰੇਦਾਰਾਂ ਨੂੰ ਹਰ ਮਦਦ ਕਰਨ ਦਾ ਭਰੋਸਾ ਦੇਕੇ ਆਪਣੇ ਕੋਹਲੂ ਦੇ ਬਲਦ ਬਣਾ ਲਿਆ ਹੈ, ਜਿਸ ਵਿਚ ਸਿੱਖੀ ਨੂੰ ਸਰੋਂ ਵਾਂਗੂੰ ਪੀੜਿਆ ਜਾਣਾ ਹੈ, ਪੰਜਾਬ ਵਿੱਚ ਸਿੱਖਾਂ ਨੂੰ ਜੋਖਮ ਵਿੱਚ ਫਸਾਉਣ ਵਾਸਤੇ ਨਵੰਬਰ ਦੇ ਤੀਜੇ ਹਫਤੇ ਵਿਚ ਸੌਦਾ ਸਾਧ ਨੂੰ ਡੇਰਾ ਸਲਾਬਤਪੂਰਾ ਵਿਖੇ ਨਾਮ ਚਰਚਾ ਕਰਨ ਵਾਸਤੇ ਆਖਿਆ ਗਿਆ ਹੈ। ਇਥੇ ਵਰਨਣਯੋਗ ਹੈ ਕਿ ਇਸ ਡੇਰੇ ਸਲਾਬਤਪੁਰਾ ਵਿਖੇ ਹੀ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾ ਕੇ ਸਵਾਂਗ ਰਚਦਿਆਂ, ਰੂਹ ਅਫਜਾ ਘੋਲਕੇ ਜਾਮ-ਏ-ਇੰਸਾਂ ਪਿਆਉਣ ਦਾ ਕੁਚੱਜ ਕੀਤਾ ਸੀ, ਜਿਸ ਕਰਕੇ ਪੰਜਾਬ ਅਤੇ ਸਿੱਖਾਂ ਦੇ ਜਜ਼ਬਾਤ ਬਲ ਉਥੇ ਸਨ।

ਹੁਣ ਇਸ ਸਬੰਧੀ ਪੰਜਾਬ ਸਰਕਾਰ ਦੀਆਂ ਤੜਾਵਾਂ ਕੱਸਕੇ ਡੇਰੇ ਦੇ ਅੰਦਰ ਬਾਹਰਲੀਆਂ ਸੜਕਾਂ ਦੀ ਮੁਰੰਮਤ ਵੀ ਕਰਵਾਈ ਜਾ ਰਹੀ ਹੈ ਅਤੇ ਇਸ ਦਿਨ ਪੰਜਾਬ ਵਿਚ ਸਫਾਈ ਅਭਿਆਨ ਦੇ ਨਾਮ ਥੱਲੇ ਘੱਟੋ ਘੱਟ ਦਸ ਲਖ ਡੇਰੇ ਦੇ ਪੈਰੋਕਾਰਾਂ ਨੂੰ ਪੰਜਾਬ ਵਿਚ ਧਕੇਲਣ ਦਾ ਮਨਸੂਬਾ ਤਹਿ ਕੀਤਾ ਗਿਆ ਹੈ, ਡੇਰੇ ਦੇ ਪੱਕੇ ਪੈਰੋਕਾਰ ਹੁਣ ਤੋਂ ਹਰ ਪਿੰਡ ਸ਼ਹਿਰ ਗਲੀ ਮੁਹੱਲੇ ਘਰ ਘਰ ਜਾਕੇ ਤਰਲੇ ਕਰ ਰਹੇ ਹਨ, ਕਿ ਜਿਸ ਦਿਨ ਸੌਦਾ ਸਾਧ ਸ੍ਲਾਬਤ੍ਪੁਰੇ ਆਵੇ, ਘੱਟੋ ਘੱਟ ਇੱਕ ਲਖ ਨਵੇਂ ਲੋਕ ਡੇਰੇ ਦੀ ਅਗਵਾਈ ਕਬੂਲ ਕਰਨ, ਜਿਸ ਨਾਲ ਇਹ ਸਾਬਤ ਕੀਤਾ ਜਾ ਸਕੇ ਕਿ ਡੇਰਾ ਮੁਖੀ ਦੀ ਕਿੰਨੀ ਹਰਮਨ ਪਿਆਰਤਾ ਪੰਜਾਬ ਵਿੱਚ ਹੈ।

ਇਸ ਤੋਂ ਇਲਾਵਾ ਨੂਰ ਮਹਿਲੀਆਂ ਦਾ ਸਿਆਪਾ ਵੀ ਸਿੱਖਾਂ ਦੇ ਗਲ ਪਿਆ ਹੋਇਆ ਹੈ। ਹੋਰ ਵੀ ਕੁਝ ਡੇਰੇ ਜਿਹੜੇ ਪਹਿਲਾਂ ਕੁੱਝ ਝਿਜਕਦੇ ਸਨ, ਹੁਣ ਸੰਘ ਦੀ ਸ਼ਹਿ 'ਤੇ ਭੂਤਰ ਜਾਣਗੇ ਅਤੇ ਆਰ.ਐਸ.ਐਸ. ਦੇ ਮਨਸੂਬਿਆਂ ਨੂੰ ਕਾਮਯਾਬੀ ਮਿਲੇਗੀ, ਪਰ ਸਿੱਖ ਪੰਥ ਜਾਂ ਸਿੱਖ ਸੰਸਥਾਵਾਂ ਆਪਸੀ ਲੜਾਈ ਜਾਂ ਕੁਕੜ ਖੋਹੀ ਵਿੱਚ ਉਲਝੀਆਂ ਪਈਆਂ ਹਨ, ਕਿਸੇ ਨੂੰ ਫਿਕਰ ਨਹੀਂ ਕਿ ਆਉਣ ਵਾਲੇ ਦਿਨ ਕਿਹੋ ਜਿਹੇ ਆ ਰਹੇ ਹਨ, ਸਭ ਘਰਾੜੇ ਮਾਰ ਰਹੇ ਹਨ।

ਅੱਜ ਫਿਰ ਔਰੰਗਜੇਬ, ਬਾਈਧਾਰਾਂ ਦੇ ਰਾਜੇ ਅਤੇ ਅਜੋਕੇ ਨੀਲੀਆਂ ਤੇ ਗੋਲ ਪੱਗਾਂ ਵਾਲੇ ਗੰਗੂ ਚੰਦੂ ਪੰਥ ਨੂੰ ਮਿਟਾ ਦੇਣ ਵਾਸਤੇ ਘੇਰਾ ਘੱਤ ਰਹੇ ਹਨ, ਪਰ ਜਿਹਨਾਂ ਪਿਛੇ ਗੁਰੂ ਨੇ ਪਰਿਵਾਰ ਵਾਰਕੇ ਭਰੋਸਾ ਕੀਤਾ ਸੀ, ਕਿ ਆਉਂਦੇ ਸਮੇਂ ਵਿੱਚ ਸਿੱਖੀ ਦੇ ਬੂਟੇ ਨੂੰ ਪ੍ਰਫੁਲਤ ਕਰਨਗੇ, ਉਹ ਅੱਜ ਇਸ ਬੂਟੇ ਦੀਆਂ ਜੜਾਂ ਅਖਾਂ ਸਾਹਮਣੇ ਉਖੜਦੀਆਂ ਵੇਖ ਕੇ ਵੀ ਚੁੱਪ ਬੈਠੇ ਹਨ। ਫਿਰ ਇਤਿਹਾਸ ਦੇ ਪੰਨੇ ਤੇ ਪੰਥ ਪ੍ਰਸਤੀ ਦੀ ਆਸ ਨਾ ਕਰਿਓ, ਉਥੇ ਡੋਗਰਿਆਂ ਦੀ ਸੂਚੀ ਵਿੱਚ ਹੀ ਨਾਮ ਦਰਜ਼ ਹੋਣਗੇ, ਜੇ ਅਣਖ ਜਿਉਂਦੀ ਹੈ ਤੇ ਜਮੀਰ ਸਹਿਕਦੀ ਹੈ, ਤਾਂ ਆਓ ਆਪਣੇ ਧਰਮ ਆਪਣੇ ਸਿੱਧਾਤਾਂ, ਗੁਰੂ ਪੰਥ ਅਤੇ ਆਪਣੇ ਨਿਰਾਲੇ ਸਭਿਆਚਾਰ ਦੀ ਸਲਾਮਤੀ ਵਾਸਤੇ, ਇੱਕ ਜੁੱਟ ਹੋਕੇ, ਹਰ ਮੁਸ਼ਕਿਲ ਨੂੰ ਹਰ ਔਕੜ ਨੂੰ ਵੰਗਾਰ ਸਮਝਕੇ, ਬਾਬਾ ਦੀਪ ਸਿੰਘ ਵਾਂਗੂੰ ਲਕੀਰ ਕੱਢਕੇ, ਆਪਣੀ ਹੋਣੀ ਦੇ ਆਖਰ ਆਪ ਲਿਖਣ ਦੇ ਕਾਬਿਲ ਬਣੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top