ਮ:4॥ ਹੋਦੈ
ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ॥
ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ
ਮੁਹਿ ਪਾਹੀ॥
ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ
ਭੂਸੇ ਖਾਹੀ॥ {ਪੰਨਾ 308}
ਪਦਅਰਥ:-
ਹੋਦੈ-ਹੁੰਦਿਆਂ । ਦਰਿ-(ਪ੍ਰਭੂ ਦੇ) ਦਰ ਤੇ । ਢੋਈ-ਆਸਰਾ । ਫਿਕੇ-ਭਰਿਸ਼ਟੇ ਹੋਏ
। ਸਤਿਗੁਰਿ-ਗੁਰੂ ਵਲੋਂ । ਫਿਟਕੇ-ਫਿਟਕਾਰੇ ਹੋਏ, ਵਿਛੜੇ ਹੋਏ ।
ਭੰਭਲਭੂਸੇ-ਡੱਕੋ-ਡੋਲੇ ।
ਅਰਥ:- ਸਤਿਗੁਰੂ ਦੇ ਪਰਤੱਖ ਹੁੰਦਿਆਂ ਭੀ
ਜੋ ਨਿੰਦਕ (ਗੁਰ ਤੋਂ) ਵਿੱਛੜੇ ਰਹਿੰਦੇ ਹਨ, ਉਹਨਾਂ ਨੂੰ ਦਰਗਾਹ ਵਿਚ ਢੋਈ ਨਹੀਂ
ਮਿਲਦੀ । ਜੋ ਕੋਈ ਉਹਨਾਂ ਦਾ ਸੰਗ ਭੀ ਕਰਦਾ ਹੈ ਉਸ
ਦਾ ਭੀ ਮੂੰਹ ਫਿੱਕਾ ਤੇ ਮੂੰਹ ਤੇ ਨਿਰੀ ਥੁੱਕ ਪੈਂਦੀ ਹੈ (ਭਾਵ, ਲੋਕ
ਮੂੰਹ ਤੇ ਫਿਟਕਾਂ ਪਾਂਦੇ ਹਨ) (ਕਿਉਂਕਿ) ਜੋ ਮਨੁੱਖ ਗੁਰੂ ਵਲੋਂ ਵਿੱਛੜੇ ਹੋਏ
ਹਨ, ਉਹ ਸੰਸਾਰ ਵਿਚ ਭੀ ਫਿਟਕਾਰੇ ਹੋਏ ਹਨ ਤੇ ਸਦਾ ਡਕੋ-ਡੋਲੇ ਖਾਂਦੇ ਫਿਰਦੇ
ਹਨ।
ਨਿੰਦਾ
ਕਰਨ ਵਾਲੇ ਲਈ ਭਗਤ ਕਬੀਰ ਸਾਹਿਬ ਦਾ ਇਹ ਸਬਦ ਚਾਨਣ ਮੁਨਾਰਾ ਹੈ, ਜਿਸ ਵਿੱਚ
ਭਗਤ ਕਬੀਰ ਜੀ ਕਹਿੰਦੇ ਹਨ:
ਗਉੜੀ ॥
ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ ॥ ਨਿੰਦਾ
ਜਨ ਕਉ ਖਰੀ ਪਿਆਰੀ ॥ ਨਿੰਦਾ ਬਾਪੁ ਨਿੰਦਾ ਮਹਤਾਰੀ ॥੧॥ ਰਹਾਉ ॥ ਨਿੰਦਾ
ਹੋਇ ਤ ਬੈਕੁੰਠਿ ਜਾਈਐ ॥ ਨਾਮੁ ਪਦਾਰਥੁ ਮਨਹਿ ਬਸਾਈਐ ॥ ਰਿਦੈ ਸੁਧ ਜਉ
ਨਿੰਦਾ ਹੋਇ ॥ ਹਮਰੇ ਕਪਰੇ ਨਿੰਦਕੁ ਧੋਇ ॥੧॥ ਨਿੰਦਾ ਕਰੈ ਸੁ ਹਮਰਾ ਮੀਤੁ
॥ ਨਿੰਦਕ ਮਾਹਿ ਹਮਾਰਾ ਚੀਤੁ ॥ ਨਿੰਦਕੁ ਸੋ ਜੋ ਨਿੰਦਾ ਹੋਰੈ ॥ ਹਮਰਾ
ਜੀਵਨੁ ਨਿੰਦਕੁ ਲੋਰੈ ॥੨॥ ਨਿੰਦਾ ਹਮਰੀ ਪ੍ਰੇਮ ਪਿਆਰੁ ॥ ਨਿੰਦਾ ਹਮਰਾ ਕਰੈ
ਉਧਾਰੁ ॥ ਜਨ ਕਬੀਰ ਕਉ ਨਿੰਦਾ ਸਾਰੁ ॥ ਨਿੰਦਕੁ ਡੂਬਾ ਹਮ ਉਤਰੇ ਪਾਰਿ ॥੩॥੨੦॥੭੧॥
{ਪੰਨਾ 339}
ਪਦਅਰਥ:- ਨਿੰਦਉ-
{ਹੁਕਮੀ ਭਵਿੱਖਤ, Imperative mood,
ਅੱਨ ਪੁਰਖ, ਇਕ-ਵਚਨ} । ਲੋਗੁ ਨਿੰਦਉ-ਬੇਸ਼ੱਕ ਜਗਤ ਨਿੰਦਿਆ ਕਰੇ ।
ਮੋ ਕਉ-ਮੈਨੂੰ । ਜਨ ਕਉ-ਪ੍ਰਭੂ ਦੇ ਸੇਵਕ ਨੂੰ । ਖਰੀ-ਬਹੁਤ
। ਮਹਤਾਰੀ-ਮਾਂ ।1।ਰਹਾਉ।
ਬੈਕੁੰਠਿ-ਬੈਕੁੰਠ ਵਿਚ । ਮਨਹਿ-ਮਨ ਵਿਚ । ਬਸਾਈਐ-ਵਸਾਇਆ
ਜਾ ਸਕਦਾ ਹੈ । ਰਿਦੈ ਸੁਧ-ਪਵਿੱਤਰ ਹਿਰਦਾ ਹੁੰਦਿਆਂ । ਜਉ-ਜੇ
। ਕਪਰੇ ਧੋਇ-ਕੱਪੜੇ ਧੋਂਦਾ ਹੈ, ਮਨ ਦੀ ਵਿਕਾਰਾਂ ਦੀ ਮੈਲ ਦੂਰ ਕਰਦਾ
ਹੈ ।1।
ਮਾਹਿ-ਵਿਚ । ਹੋਰੈ-ਰੋਕਦਾ ਹੈ । ਲੋਰੈ-ਚਾਹੁੰਦਾ ਹੈ ।
ਨਿੰਦਕੁ-ਮੰਦਾ ਚਿਤਵਣ ਵਾਲਾ ।2।
ਉਧਾਰੁ-ਬਚਾਅ । ਸਾਰੁ-ਸ੍ਰੇਸ਼ਟ ਧਨ ।3।
ਅਰਥ:- ਜਗਤ ਬੇਸ਼ੱਕ ਮੇਰੀ ਨਿੰਦਾ ਕਰੇ,
ਬੇਸ਼ੱਕ ਮੇਰੇ ਔਗੁਣ ਭੰਡੇ; ਪ੍ਰਭੂ ਦੇ ਸੇਵਕ ਨੂੰ ਆਪਣੀ ਨਿੰਦਿਆ ਹੁੰਦੀ ਚੰਗੀ
ਲੱਗਦੀ ਹੈ, ਕਿਉਂਕਿ ਨਿੰਦਿਆ ਸੇਵਕ ਦਾ ਮਾਂ ਪਿਉ ਹੈ (ਭਾਵ, ਜਿਵੇਂ ਮਾਪੇ ਆਪਣੇ
ਬਾਲ ਵਿਚ ਸ਼ੁਭ ਗੁਣ ਵਧਦੇ ਵੇਖਣਾ ਲੋੜਦੇ ਹਨ, ਤਿਵੇਂ ਨਿੰਦਿਆ ਭੀ ਔਗੁਣ ਨਸ਼ਰ ਕਰ
ਕੇ ਭਲੇ ਗੁਣਾਂ ਲਈ ਸਹਾਇਤਾ ਕਰਦੀ ਹੈ) ।1।ਰਹਾਉ।
ਜੇ ਲੋਕ ਔਗੁਣ ਨਸ਼ਰ ਕਰਨ ਤਾਂ ਹੀ ਬੈਕੁੰਠ ਵਿਚ ਜਾ ਸਕੀਦਾ ਹੈ (ਕਿਉਂਕਿ ਇਸ
ਤਰ੍ਹਾਂ ਆਪਣੇ ਔਗੁਣ ਛੱਡ ਕੇ) ਪ੍ਰਭੂ ਦਾ ਨਾਮ-ਰੂਪ ਧਨ ਮਨ ਵਿਚ ਵਸਾ ਸਕੀਦਾ ਹੈ
। ਜੇ ਹਿਰਦਾ ਸੁੱਧ ਹੁੰਦਿਆਂ ਸਾਡੀ ਨਿੰਦਿਆ ਹੋਵੇ (ਭਾਵ, ਜੇ ਸੁੱਧ ਭਾਵਨਾ ਨਾਲ
ਅਸੀ ਆਪਣੇ ਔਗੁਣ ਨਸ਼ਰ ਹੁੰਦੇ ਸੁਣੀਏ) ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ
ਵਿਚ ਸਹਾਇਤਾ ਕਰਦਾ ਹੈ ।1।
(ਤਾਂ ਤੇ) ਜੋ ਮਨੁੱਖ ਸਾਨੂੰ ਭੰਡਦਾ ਹੈ, ਉਹ ਸਾਡਾ
ਮਿੱਤਰ ਹੈ, ਕਿਉਂਕਿ ਸਾਡੀ ਸੁਰਤ ਆਪਣੇ ਨਿੰਦਕ ਵਿਚ ਰਹਿੰਦੀ ਹੈ (ਭਾਵ, ਅਸੀ
ਆਪਣੇ ਨਿੰਦਕ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਾਂ) । (ਅਸਲ ਵਿਚ) ਸਾਡਾ ਮੰਦਾ
ਚਿਤਵਣ ਵਾਲਾ ਮਨੁੱਖ ਉਹ ਹੈ, ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ । ਨਿੰਦਕ
ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ ।2।
ਜਿਉਂ ਜਿਉਂ ਸਾਡੀ ਨਿੰਦਿਆ ਹੁੰਦੀ ਹੈ, ਤਿਉਂ ਤਿਉਂ
ਸਾਡੇ ਅੰਦਰ ਪ੍ਰਭੂ ਦਾ ਪ੍ਰੇਮ-ਪਿਆਰ ਪੈਦਾ ਹੁੰਦਾ ਹੈ, ਕਿਉਂਕਿ ਸਾਡੀ ਨਿੰਦਿਆ
ਸਾਨੂੰ ਔਗੁਣਾਂ ਵਲੋਂ ਬਚਾਉਂਦੀ ਹੈ ।
ਸੋ, ਦਾਸ ਕਬੀਰ ਲਈ ਤਾਂ ਉਸ ਦੇ ਔਗੁਣਾਂ ਦਾ ਨਸ਼ਰ ਹੋਣਾ ਸਭ ਤੋਂ ਵਧੀਆ ਗੱਲ ਹੈ
। ਪਰ (ਵਿਚਾਰਾ) ਨਿੰਦਕ (ਸਦਾ ਦੂਜਿਆਂ ਦੇ ਔਗੁਣਾਂ
ਦੀਆਂ ਗੱਲਾਂ ਕਰ ਕਰ ਕੇ ਆਪ ਉਹਨਾਂ ਔਗੁਣਾਂ ਵਿਚ) ਡੁੱਬ ਜਾਂਦਾ ਹੈ, ਤੇ ਅਸੀ (ਆਪਣੇ
ਔਗੁਣਾਂ ਦੀ ਚੇਤਾਵਨੀ ਨਾਲ ਉਹਨਾਂ ਤੋਂ) ਬਚ ਨਿਕਲਦੇ ਹਾਂ ।3।20।71।
ਸ਼ਬਦ ਦਾ ਭਾਵ:- ਜੇ
ਕੋਈ ਮਨੁੱਖ ਠੰਢੇ ਜਿਗਰੇ ਆਪਣੇ ਐਬ ਨਸ਼ਰ ਹੁੰਦੇ ਸੁਣੇ, ਤਾਂ ਉਹ ਸਗੋਂ ਇਸ ਤਰ੍ਹਾਂ
ਆਪਣੇ ਅੰਦਰੋਂ ਉਹ ਐਬ ਦੂਰ ਕਰ ਸਕਦਾ ਹੈ, ਤੇ ਆਪਣਾ ਜੀਵਨ ਪਵਿੱਤਰ ਬਣਾ ਸਕਦਾ
ਹੈ। ਪਰ, ਦੂਜਿਆਂ ਦੇ ਐਬ ਫਰੋਲਣ ਵਾਲਾ ਆਪਣੇ ਅੰਦਰ
ਕਦੇ ਝਾਤੀ ਨਾਹ ਮਾਰਨ ਕਰਕੇ ਆਪ ਹੀ ਉਹਨਾਂ ਐਬਾਂ ਵਿਚ ਡੁੱਬ ਜਾਂਦਾ ਹੈ । ਸੋ,
ਪਰਮਾਤਮਾ ਦੀ ਬੰਦਗੀ ਵਾਲੇ ਬੰਦੇ ਆਪਣੀ ਨਿੰਦਿਆ ਤੋਂ ਘਾਬਰਦੇ ਨਹੀਂ ਹਨ
।71।