Share on Facebook

Main News Page

ਦਿੱਲੀ ਕਮੇਟੀ ਨੇ ਗੁਰੂਦੁਆਰਾ ਰਕਾਬ ਗੰਜ ਵਿਖੇ ਦੁਬਾਰਾ 84 ਦੇ ਸ਼ਹੀਦਾਂ ਦਾ ਯਾਦਗਾਰੀ ਨੀਂਹ ਪੱਥਰ ਰੱਖਵਾ ਕੇ ਬੱਜਰ ਗਲਤੀ ਕੀਤੀ
-: ਹਰਵਿੰਦਰ ਸਿੰਘ ਸਰਨਾ

ਅੰਮ੍ਰਿਤਸਰ 1 ਨਵੰਬਰ (ਜਸਬੀਰ ਸਿੰਘ) ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ, ਤਖਤਾਂ ਦੇ ਜਥੇਦਾਰਾਂ ਅਤੇ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋ ਇੱਕ ਵਾਰੀ ਫਿਰ ਪੰਥਕ ਪਰੰਪਰਾਵਾਂ, ਮਰਿਆਦਾ ਅਤੇ ਸਿਧਾਤਾਂ ਦੀ ਉਲੰਘਣਾ ਕਰਕੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਅਸਥਾਨ ਦੇ ਬਿਲਕੁਲ ਸਾਹਮਣੇ ਗੁਰੂਦੁਆਰਾ ਰਕਾਬ ਗੰਜ ਕੰਪਲੈਕਸ ਵਿੱਚ ਦੁਨਿਆਵੀ ਵਿਅਕਤੀਆ ਦੀ ਯਾਦਗਾਰ ਦਾ ਨੀਹ ਪੱਥਰ ਰੱਖ ਕੇ ਜਿਹੜੀ ਬੱਜਰ ਗਲਤੀ ਕੀਤੀ ਉਸ ਲਈ ਗੁਰੂ ਸਾਹਿਬ ਇਹਨਾਂ ਨੂੰ ਕਦੇ ਵੀ ਮੁਆਫ ਨਹੀ ਕਰਨਗੇ।

ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਤਖਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਇੱਕ ਵਾਰੀ ਫਿਰ ਆਪਣੇ ਆਹੁਦਿਆ ਦੀ ਦੁਰਵਰਤੋ ਕਰਦਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰੂਦੁਆਰਾ ਰਕਾਬ ਗੰਜ ਦੇ ਸਾਹਮਣੇ 1984 ਵਿੱਚ ਸਿੱਖਾਂ ਦੀ ਹੋਈ ਨਸ਼ਲਕੁਸ਼ੀ ਦੇ ਸ਼ਹੀਦਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖ ਕੇ ਬੱਜਰ ਗਲਤੀ ਕੀਤੀ ਹੈ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਦੇ ਨਾਲ ਚਾਂਦਨੀ ਚੌਕ ਵਿਖੇ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ, ਸਤੀ ਦਾਸ ਦੀ ਗੁਰੂਦੁਆਰਾ ਸੀਸ ਗੰਜ ਕੰਪਲੈਕਸ ਵਿੱਚ ਕੋਈ ਵੀ ਯਾਦਗਾਰ ਨਹੀ ਹੈ। ਉਹਨਾਂ ਕਿਹਾ ਕਿ ਉਹ ਯਾਦਗਾਰ ਬਣਾਉਣ ਦੇ ਵਿਰੋਧੀ ਨਹੀ ਸਗੋ ਗੁਰੂਦੁਆਰਾ ਕੰਪਲੈਕਸ ਤੋ ਬਾਹਰ ਬਣਾਉਣ ਦੀ ਹਮਾਇਤ ਕਰਦੇ ਹਨ। ਉਹਨਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਥਕ ਮਰਿਆਦਾ, ਸਿਧਾਤਾਂ ਤੇ ਪਰੰਪਰਾਵਾਂ ਨੂੰ ਕਿਸੇ ਵੀ ਪ੍ਰਕਾਰ ਨਾਲ ਸਮੱਰਪਿੱਤ ਨਹੀ ਹਨ ਸਗੋ ਉਹ ਤਾਂ ਉਹਨਾਂ ਸਿਆਸੀ ਆਗੂਆ ਦੇ ਕਰਿੰਦੇ ਹਨ ਜਿਹਨਾਂ ਦੀਆ ਕੁਰਸੀਆ ਝੂਠ ਤੇ ਫਰੇਬ ਦੀ ਬੁਨਿਆਦ ਤੇ ਹੀ ਖੜੀਆ ਹਨ।

ਉਹਨਾਂ ਕਿਹਾ ਕਿ ਜਿਸ ਇਕਬਾਲ ਸਿੰਘ ਨੂੰ ਇਸ ਸਮਾਗਮ ਵਿੱਚ ਬੁਲਾਇਆ ਗਿਆ ਹੈ ਉਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਖੁਦ ਕਹਿ ਚੁੱਕੇ ਹਨ ਕਿ ਉਸ ਨੂੰ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਹੋਣ ਵਾਲੀਆ ਮੀਟਿੰਗਾਂ ਵਿੱਚ ਨਹੀ ਬੁਲਾਇਆ ਜਾਵੇਗਾ, ਕਿਉਕਿ ਉਸ ਨੂੰ ਪਟਨਾ ਸਾਹਿਬ ਕਮੇਟੀ ਨੇ ਜਥੇਦਾਰੀ ਤੋ ਫਾਰਗ ਕੀਤਾ ਹੋਇਆ ਹੈ ਅਤੇ ਉਸ ਤੇ ਦੁਨਿਆਵੀ ਅਦਾਲਤਾਂ ਵਿੱਚ ਜਾ ਕੇ ਮਰਿਆਦਾ ਦਾ ਉਲੰਘਣ ਕਰਨ ਤੋ ਇਲਾਵਾ ਦੂਸਰੀ ਪਤਨੀ ਨਾਲ ਕੁੱਟਮਾਰ ਕਰਨ ਦਾ ਵੀ ਕੇਸ ਵੀ ਉਸ ਦੇ ਖਿਲਾਫ ਦਰਜ ਹੈ ।

ਉਹਨਾਂ ਕਿਹਾ ਕਿ ਇੱਕ ਫੌਜਦਾਰੀ ਦੇ ਘਿਨਾਉਣੇ ਤੇ ਘੱਟੀਆ ਕੇਸ ਵਿੱਚ ਫਸੇ ਹੋਏ ਨੂੰ ਆਪਣੇ ਨਾਲ ਲਗਾ ਕੇ ਨੀਂਹ ਪੱਥਰ ਰੱਖਣ ਵਾਲਿਆ ਨੂੰ ਵੀ ਆਪਣੀ ਗਿਰੇਬਾਨ ਵਿੱਚ ਝਾਤੀ ਜਰੂਰ ਮਾਰਨੀ ਚਾਹੀਦੀ ਹੈ ਕਿ ਉਹ ਕਿੰਵੇ ਕੁ ਮਰਿਆਦਾ ਨੂੰ ਸਮੱਰਪਿੱਤ ਹਨ। ਉਹਨਾਂ ਕਿਹਾ ਕਿ ਜਾਣਕਾਰੀ ਮੁਤਾਬਕ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਵੀ ਗਿਆਨੀ ਇਕਬਾਲ ਸਿੰਘ ਦੀ ਸ਼ਮੂਲੀਅਤ ਨੂੰ ਲੈ ਕੇ ਹੀ ਇਸ ਸਮਾਗਮ ਵਿੱਚ ਸ਼ਾਮਲ ਨਹੀ ਹੋਏ। ਉਹਨਾਂ ਕਿਹਾ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਪੱਸ਼ਟ ਕਰਨ ਕਿ ਕੀ ਇੱਕ ਮਰਿਆਾਦਾ ਤੇ ਪਰੰਪਰਾਵਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨਾਲ ਉਹ ਸਟੇਜ ਸਾਂਝੀ ਕਰ ਸਕਦੇ ਹਨ? ਕੀ ਉਹਨਾਂ ਨੂੰ ਨਾਲ ਬਿਠਾਉਣ ਲਈ ਇਕਬਾਲ ਸਿੰਘ ਨਾਲੋ ਕੋਈ ਹੋਰ ਧਰਕੀਰ ਬੰਦਾ ਨਹੀ ਲੱਭਾ? ਉਹਨਾਂ ਕਿਹਾ ਕਿ ਜਥੇਦਾਰ ਦੀ ਕੁਰਸੀ ਨਾਲ ਚੰਬੜੇ ਰਹਿਣ ਨਾਲ ਕੁਝ ਨਹੀ ਹੋਣ ਵਾਲਾ ਸਗੋ ਆਪਣੀ ਜਿੰਮੇਵਾਰੀ ਨੂੰ ਪਛਾਨਣ ਤੇ ਤਖਤ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਯਤਨ ਕਰਨ।

ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਨੀਂਹ ਪੱਥਰ ਸਮਾਗਮ ਵਿੱਚ ਸ਼ਮੂਲੀਅਤ ਸਵੇਰੇ ਸਾਢੇ ਨੌ ਵਜੇ ਕਰਨੀ ਸੀ ਪਰ ਉਹ ਦੇਸ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਮਨਾਉਦੇ ਰਹੇ ਤੇ ਜਦੋ ਉਹਨਾਂ ਨੇ ਨਾਂਹ ਕਰ ਦਿੱਤੀ ਤਾਂ ਫਿਰ ਸਾਢੇ ਬਾਰਾਂ ਵਜੇ ਉਥੇ ਪੁੱਜੇ ਜੋ ਕਿ ਉਹਨਾਂ ਸਕੂਲੀ ਬੱਚਿਆ ਨਾਲ ਵੀ ਬੇਇਨਸਾਫੀ ਹੈ ਜਿਹਨਾਂ ਨੂੰ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਵੱਖ ਵੱਖ ਸਕੂਲਾਂ ਵਿੱਚੋ ਸਵੇਰ ਸੱਤ ਵਜੇ ਤੋ ਹੀ ਲਿਆ ਕੇ ਬਿਠਾ ਦਿੱਤਾ ਸੀ ਕਿਉਕਿ ਦਿੱਲੀ ਕਮੇਟੀ ਦਿੱਲੀ ਦੇ ਸਿੱਖਾਂ ਵਿੱਚੋ ਆਪਣਾ ਵਕਾਰ ਪੂਰੀ ਤਰਾ ਖੋਹ ਚੁੱਕੀ ਹੈ ਅਤੇ ਕੋਈ ਵੀ ਉਹਨਾਂ ਦੇ ਨਾਲ ਤੁਰਨ ਲਈ ਤਿਆਰ ਨਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਦਿੱਲੀ ਕਮੇਟੀ ਵੱਲੋ ਇਹ ਕਿਹਾ ਜਾਂਦਾ ਰਿਹਾ ਸੀ ਕਿ ਯਾਦਗਾਰ ਬਣਾਈ ਜਾਵੇਗੀ, ਪਰ ਹੁਣ ਇੱਕ ਕੰਧ 'ਤੇ ਹੀ ਨਾਮ ਲਿਖ ਕੇ ਕੰਮ ਸਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਮਾਂ ਆਉਣ ਤੇ ਦਿੱਲੀ ਦੀਆ ਸੰਗਤਾਂ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਕੋਲੋ ਇਸ ਬੱਜਰ ਗਲਤੀ ਦਾ ਹਿਸਾਬ ਜਰੂਰ ਲੈਣਗੀਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top