Share on Facebook

Main News Page

ਨਵੰਬਰ 1984 'ਤੇ ਵਿਸ਼ੇਸ
ਨਵੰਬਰ 1984 ਦਾ ਗਵਾਹ ਪਿੰਡ ਹੋਂਦ ਚਿੱਲੜ
-: ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ
9872099100

ਨਵੰਬਰ 1984 ਦਾ ਕਹਿਰੀ ਭਾਣਾ ਵਰਤਿਆਂ ਭਾਵੇ ਤਿੰਨ ਦਹਾਕੇ ਗੁਜ਼ਰ ਚੁੱਕੇ ਹਨ, ਪਰ ਜੀਹਨਾਂ ਨੇ ਪੀੜ ਆਪਣੇ ਹੱਡੀ ਹੰਢਾਈ ਹੈ ਉਹਨਾਂ ਨੂੰ ਤਾਂ ਅਜੇ ਇਹ ਕੱਲ ਦੀ ਹੀ ਗੱਲ ਲੱਗਦੀ ਹੈ । ਸੋਚਦਾਂ ਹਾਂ! ਮਨੁੱਖ ਐਨਾ ਕਿਵੇਂ ਗਿਰ ਸਕਦਾ ਹੈ, ਕਿ ਛੋਟੇ ਛੋਟੇ ਬੱਚਿਆਂ ਨੂੰ ਕੰਧਾ ਨਾਲ਼ ਪਟਕਾ ਪਟਕਾ ਕੇ ਹੀ ਮਾਰ ਦੇਵੇ । ਜਨਵਰੀ 2011 ਤੋਂ ਪਹਿਲਾਂ 1984 ਪ੍ਰਤੀ ਮੈਂ ਵੀ ਏਨਾਂ ਸੰਵੇਦਨਸ਼ੀਲ ਨਹੀਂ ਸੀ । 1984 ਨੂੰ ਮੇਰੀ ਉਮਰ ਮਸਾਂ ਹੀ ਨੌਂ ਵਰਿਆਂ ਦੀ ਹੋਵੇਗੀ । ਨਵੰਬਰ 1984 ਬਾਰੇ ਜੋ ਕੁੱਝ ਪੜਿਆ ਸੀ ਉਸ ਨਾਲ਼ ਏਨੀਂ ਸੰਵੇਦਨਸੀਲਤਾਂ ਨਹੀਂ ਸੀ ਜਾਗੀ, ਜਿੰਨੀ ਹੈਵਾਨੀਅਤ ਦੇ ਨੰਗੇ ਨਾਚ ਦੇ ਗਵਾਹ ਪਿੰਡ ਹੋਂਦ ਚਿੱਲੜ ਨੂੰ ਵੇਖ ਕੇ ਜਾਗੀ ।

ਹੋਂਦ ਚਿੱਲੜ ਦੀ ਇੱਕ-ਇੱਕ ਇੱਟ ਸਮੁੱਚੇ ਘਟਨਾਕ੍ਰਮ ਦੀ ਗਵਾਹ ਹੈ ਜੋ ਅੱਜ ਤੀਹ ਵਰਿਆਂ ਬਾਅਦ, ਮਰ ਕੇ ਵੀ ਜਿੰਦਾ ਹੈ । ਉਸ ਪਿੰਡ ਦੀਆਂ ਬਚੀਆਂ ਖੁਚੀਆਂ ਹਵੇਲੀਆਂ ਉਸ ਆਤੰਕ ਦੀਆਂ ਗਵਾਹ ਹਨ ਜੋ 2 ਨਵੰਬਰ 1984 ਨੂੰ ਵਾਪਰਿਆ । ਕੀ ਕਸੂਰ ਸੀ ਸੁਰਜੀਤ ਕੌਰ ਦੇ ਦੋ ਅਤੇ ਤਿੰਨ ਸਾਲ਼ ਦੇ ਸਕੇ ਭਾਈਆਂ ਜਸਬੀਰ ਸਿੰਘ ਤੇ ਸਤਿਬੀਰ ਸਿੰਘ ਦਾ, ਜੀਹਨਾਂ ਨੂੰ ਵਹਿਸ਼ੀ ਦਰਿੰਦਿਆਂ ਨੇ ਕੰਧਾ ਨਾਲ਼ ਪਟਕਾ-ਪਟਕਾ ਕੇ ਹੀ ਮਾਰ ਦਿੱਤਾ । ਉਹਨਾਂ ਅਬੋਧ ਬਾਲਕਾਂ ਨੂੰ ਤਾਂ ਏਹ ਵੀ ਗਿਆਨ ਨਹੀਂ ਹੋਣਾ ਕਿ ਸਿੱਖ ਕੌਣ ਹੁੰਦੇ ਹਨ ਅਤੇ ਹਿੰਦੂ ਕੌਣ ? ਐਫ ਆਈ ਆਰ 91 ਮੁਤਾਬਕ ਅਤੇ ਪਿੰਡ ਦੇ ਸਰਪੰਚ ਧਨਪਤ ਮੁਤਾਬਕ ਕਾਤਲ ਟੋਲੇ ਨਾਹਰੇ ਲਗਾ ਰਹੇ ਸਨ ਕਿ ਸਿੱਖ ਗਦਾਰ ਹੈਂ, ਇੰਨਹੇ ਨਹੀਂ ਛੋਡੇਗੇਂ । ਕੀ ਕਸੂਰ ਸੀ ਪਟੌਦੀ ਵਾਸੀ ਗਿਆਨ ਸਿੰਘ ਦੀਆਂ ਬਾਲੜੀਆਂ ਦਾ ਜੀਹਨਾਂ ਨਾਲ਼ ਸ਼ਰੇ ਬਜ਼ਾਰ ਸੈਕੜੇ ਗੁੰਡਿਆਂ ਨੇ ਬਲਤਕਾਰ ਕੀਤਾ ਅਤੇ ਫਿਰ ਉਹਨਾਂ ਤੇ ਪੇਸ਼ਾਬ ਕਰਕੇ ਉਹਨਾਂ ਨੂੰ ਥਾਂਏ ਹੀ ਮਾਰ ਦਿਤਾ ।

ਹੋਂਦ ਪਿੰਡ ਦੀ ਇੱਕ ਇੱਕ ਇੱਟ ਚੀਖਦੀ ਹੈ, ਉਹ 2 ਨਵੰਬਰ 1984 ਨੂੰ ਹੋਈ ਦਰਿੰਦਗੀ ਦੀ ਕਹਾਣੀ ਆਪੇ ਬਿਆਨ ਕਰਦੀ ਹੈ । ਹੋਂਦ ਪਿੰਡ ਜਾ ਕੇ ਕਿਸੇ ਤੋਂ ਪੁੱਛਣ ਦੀ ਜਰੂਰਤ ਨਹੀਂ ਰਹਿੰਦੀ ਕਿ ਨਵੰਬਰ 1984 ਨੂੰ ਕੀ ਹੋਇਆ ਸੀ । ਘਰਾਂ ਵਿੱਚ ਜਲ਼ੀ ਕਣਕ ਅਜੇ ਤੱਕ ਮੌਜੂਦ ਹੈ ਜੋ ਇਹ ਦੱਸਦੀ ਹੈ ਕਿ ਜਿਉਂਦੇ ਬੰਦਿਆਂ ਨੂੰ ਕਿਵੇਂ ਫੂਕ ਦਿੱਤਾ ਗਿਆ ਸੀ ਅਤੇ ਚਿੱਲੜ ਪਿੰਡ ਦੇ ਲੋਕ ਜਿਹੜੇ ਹੁਣ ਆਪਣੇ ਆਪ ਨੂੰ ਹਮਾਇਤੀ ਦਰਸਾਉਂਦੇ ਹਨ ਕਿਵੇਂ ਖੜੇ ਤਮਾਸ਼ਾ ਵੇਖਦੇ ਰਹੇ ਸਨ । ਉਹ ਮਾਸੂਮਾਂ ਦੀਆਂ ਚੀਖਾਂ ਸੁਣਦੇ ਰਹੇ ਕਿਸੇ ਨੇ ਵੀ ਉਹਨਾਂ ਸਿੱਖਾਂ ਨੂੰ ਬਚਾਉਣਾ ਜਰੂਰੀ ਨਹੀਂ ਸਮਝਿਆ ਸਮੇਤ ਪੁਲਿਸ ਪ੍ਰਸ਼ਾਸਨ ਦੇ । ਇਹ ਮੈਂ ਆਪਣੇ ਕੋਲ਼ੋ ਨਹੀਂ ਕਹਿ ਰਿਹਾ ਗਰਗ ਕਮਿਸ਼ਨ ਵਿੱਚ ਸੱਭ ਸੱਚੋ ਸੱਚ ਬਿਆਨ ਹੋ ਰਿਹਾ ਹੈ ।

ਹੋਂਦ ਚਿੱਲੜ ਦਾ ਕੇਸ ਮਾਰਚ 2011 ਤੋਂ ਚੱਲ ਰਿਹਾ ਹੈ । ਇਸ ਦੀ ਸੁਣਵਾਈ ਲਈ ਇੱਕ ਮੈਂਬਰੀ ਕਮਿਸ਼ਨ ਗਰਗ ਕਮਿਸ਼ਨ ਬਣਿਆ ਹੋਇਆ ਹੈ ਜਿਸ ਦਾ ਹੈਡ ਕੁਆਟਰ ਹਿਸਾਰ ਵਿਖੇ ਹੈ । ਗਰਗ ਕਮਿਸ਼ਨ ਦੀ 26 ਸਾਲਾਂ ਬਾਅਦ ਨਿਯੁਕਤੀ ਕਰਵਾਉਣ ਲਈ ਮੈਂਨੂੰ ਆਪਣੀ ਨੌਕਰੀ ਦੀ ਬਲੀ ਦੇਣੀ ਪਈ । ਬਲੀ ਦੀ ਰੀਤ ਤਾਂ ਸਾਡੇ ਸਦੀਆਂ ਤੋਂ ਚੱਲਦੀ ਆ ਰਹੀ ਹੈ ਫਿਰ ਇਹ ਇੰਨਕੁਆਇਰੀ ਬਲੀ ਤੋਂ ਕਿਵੇਂ ਅਛੂਤੀ ਰਹਿ ਜਾਂਦੀ ।ਹਰਿਆਣਾ ਸਰਕਾਰ ਵਲੋਂ 6 ਮਾਰਚ 2011 ਜਸਟਿਸ ਟੀ.ਪੀ. ਗਰਗ ਕਮਿਸਨ ਕਾਇਮ ਕੀਤਾ । ਇਸ ਦਾ ਨੋਟੀਫਿਕੇਸ਼ਨ ਅਗਸਤ ਮਹੀਨੇ ਜਾਰੀ ਹੋਇਆ । ਪਹਿਲਾਂ ਅਸੀਂ ਇਹ ਸਮਝਦੇ ਸੀ ਕਿ ਇਹ ਪੂਰੇ ਹਰਿਆਣੇ ਲਈ ਹੈ ਅਤੇ ਜਦੋਂ ਗੁੜਗਾਉਂ, ਪਟੌਦੀ ਦੇ ਪੀੜਤ ਵੀ ਆਪਣੀ ਫਰਿਆਦ ਲੈ ਕੇ ਕਮਿਸਨ ਦੇ ਸਨਮੁੱਖ ਪੇਸ਼ ਹੋਏ ਤਾਂ ਉਹਨਾਂ ਸਾਫ ਸ਼ਬਦਾ ਵਿੱਚ ਕਿਹਾ ਕਿ ਕਮਿਸ਼ਨ ਨੂੰ ਸਿਰਫ ਹੋਂਦ ਚਿੱਲੜ ਦੀ ਇੰਨਕੁਆਇਰੀ ਲਈ ਹੀ ਬਣਾਇਆ ਗਿਆ ਹੈ । ਸਾਡੇ ਵਲੋਂ ਦਸੰਬਰ 2011 ਵਿੱਚ ਰਿੱਟ 3821 ਪਾਈ ਗਈ ਅਤੇ ਉਸ ਰਿੱਟ ਤਹਿਤ 17.07.2012 ਨੂੰ ਨੋਟੀਫਿਕੇਸ਼ਨ ਜਰੀਏ ਕਮਿਸਨ ਦੇ ਘੇਰੇ ਵਿੱਚ ਗੁੜਗਾਉਂ ਪਟੌਦੀ ਨੂੰ ਵੀ ਸ਼ਾਮਿਲ ਕੀਤਾ ਗਿਆ । ਪਹਿਲੀ ਵਾਰ ਸਰਕਾਰ ਵਲੋਂ ਨਿਯੁਕਤ ‘ਗਰਗ ਕਮਿਸ਼ਨ’ ਵਲੋਂ 26.07.2013 ਨੂੰ ਹੋਂਦ ਚਿੱਲੜ ਪਿੰਡ ਦਾ ਦੌਰਾ ਕੀਤਾ ਗਿਆ ।

18.05.13 ਸੁਰਜੀਤ ਕੌਰ ਨੇ ਆਪਣੇ ਪਰਿਵਾਰ ਦੇ ਕਤਲ ਕੀਤੇ 12 ਜੀਆਂ ਦੀ ਸੂਚੀ ਗਰਗ ਕਮਿਸ਼ਨ ਨੂੰ ਸੌਂਪੀ । ਜਿਸ ਨੇ ਸਾਰੇ ਪੰਜਾਬ ਨੂੰ ਰੁਆ ਦਿੱਤਾ ਸੀ। ਜਿਸ ਵਿੱਚ ਉਹਨਾਂ ਦੇ ਦਾਦਾ ਗੁਰਦਿਆਲ ਸਿੰਘ, ਦਾਦੀ ਜਮਨਾ ਬਾਈ, ਪਿਤਾ ਅਰਜਨ ਸਿੰਘ, ਮਾਤਾ ਪ੍ਰੀਤਮ ਕੌਰ । ਦੋ ਛੋਟੇ ਭਾਈ ਜਸਬੀਰ ਸਿੰਘ ਤੇ ਸਤਿਬੀਰ ਸਿੰਘ ਜਿਹੜੇ ਕ੍ਰਮਵਾਰ ਦੋ ਅਤੇ ਤਿੰਨ ਸਾਲ ਦੇ ਸਨ । ਤਿੰਨ ਭੂਆ ਜੋਗਿੰਦਰ ਕੌਰ, ਜਸਬੀਰ ਕੌਰ ਤੇ ਸੁਨੀਤਾ ਦੇਵੀ । ਤਿੰਨ ਚਾਚੇ ਮਹਿੰਦਰ ਸਿੰਘ,ਗੁਰਚਰਨ ਸਿੰਘ ਤੇ ਗਿਆਨ ਸਿੰਘ ਸਾਮਿਲ ਸਨ ।

4 ਜੂਨ 2013 ਗੁੜਗਾਉਂ ਪ੍ਰਸਾਸਨ ਦੀ ਰਿਪੋਰਟ ਵਿੱਚ ਕਤਲ ਕੀਤੇ 47 ਸਿੱਖਾਂ ਅਤੇ ਸਾੜੇ 297 ਘਰਾਂ ਦਾ ਜਿਕਰ ਤੱਕ ਨਹੀਂ ਸੀ, ਪਰ ਪੀੜਤਾਂ ਵਲੋਂ 47 ਕਤਲ ਕੀਤੇ ਸਿੱਖਾ ਦੀ ਸੂਚੀ ਮ੍ਰਿਤਕ ਦਾ ਨਾਮ ਅਤੇ ਸਾੜੇ ਘਰਾਂ ਦੀ ਲਿਸਟ ਗਰਗ ਕਮਿਸ਼ਨ ਦੇ ਸਨਮੁੱਖ ਪੇਸ਼ ਕੀਤੀ ਗਈ ਸੀ ।

4 ਜੁਲਾਈ 2013 ਨੂੰ ਬਲਵੰਤ ਸਿੰਘ ਨੇ ਉਸ ਦੇ ਪਰਿਵਾਰ ਦੇ ਕਤਲ ਕੀਤੇ 11 ਜੀਆਂ ਦੀ ਸੂਚੀ ਜੱਜ ਸਾਹਿਬ ਨੂੰ ਸੌਂਪੀ ਜਿਸ ਵਿੱਚ ਉਹਨਾਂ ਦੇ ਦਾਦਾ ਗੁਲਾਬ ਸਿੰਘ ਪਿਤਾ ਕਰਤਾਰ ਸਿੰਘ,ਮਾਤਾ ਧੰਨੀ ਬਾਈ, ਭਾਈ ਭਗਵਾਨ ਸਿੰਘ, ਭਾਬੀ ਕ੍ਰਿਸਨਾ ਦੇਵੀ, ਚਾਰ ਭਤੀਜੇ ਮਨੋਹਰ ਸਿੰਘ,ਚੰਚਲ ਸਿੰਘ, ਸੁੰਦਰ ਸਿੰਘ ਤੇ ਇੰਦਰ ਸਿੰਘ, ਦੋ ਭੈਣਾਂ ਤਾਰਾ ਵੰਤੀ ਤੇ ਵੀਰਨਾ ਵਾਲੀ ਸ਼ਾਮਿਲ ਸਨ ।

ਅਗਸਤ 2013 ਨੂੰ ਫੌਜੀ ਜਵਾਨ ਦੀ ਵਿਧਵਾ ਬੀਬੀ ਕਮਲਜੀਤ ਕੌਰ ਵਲੋਂ ਆਪਣੇ ਪਤੀ ਇੰਦਰਜੀਤ ਸਿੰਘ ਦੀ ਮੌਤ ਦਾ ਖੁਲਾਸਾ ਕੀਤਾ ਗਿਆ, ਸਾਡੀ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਯਤਨਾ ਸਦਕਾ ਉਸ ਭੈਣ ਨੂੰ ਸਰਕਾਰੀ ਪੈਨਸ਼ਨ ਮਿਲਣੀ ਆਰੰਭ ਹੋਈ ਹੈ ।

ਅਕਤੂਬਰ 2013 ਵਿੱਚ ਈਸਵਰੀ ਦੇਵੀ ਆਪਣੇ ਪਿਤਾ ਤਖਤ ਸਿੰਘ ਦੀ ਮੌਤ ਦਾ ਖੁਲਸਾ ਕੀਤਾ ।

ਨਵੰਬਰ 2013 ਨੂੰ ਗੁੱਡੀ ਦੇਵੀ ਵਲੋਂ ਆਪਣੇ ਪਰਿਵਾਰ ਦੇ ਮੌਤ ਦੇ ਘਾਟ ਉਤਾਰੇ ਛੇ ਜੀਆਂ ਦਾ ਖੁਲਾਸਾ ਕੀਤਾ ਜਿਸ ਵਿੱਚ ਉਸ ਦੇ ਪਿਤਾ ਸਰਦਾਰ ਸਿੰਘ ਦੋ ਭਾਈ ਹਰਭਜਨ ਸਿੰਘ ਤੇ ਧੰਨ ਸਿੰਘ ਦੋ ਭੈਣਾ ਮੀਰਾਂ ਬਾਈ, ਸੁਰਜੀਤ ਕੌਰ ਤੇ ਭਰਜਾਈ ਦਯਾਵੰਤੀ ਸਨ ।

ਦਸੰਬਰ 2013 ਵਿੱਚ ਹਰਨਾਮ ਸਿੰਘ ਦੀ ਪਤਨੀ ਅੰਮ੍ਰਿਤ ਕੌਰ ਦੀ ਮੌਤ ਦਾ ਖੁਲਾਸਾ ਹੋਇਆ । 30.01.2014 ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਉੱਦਮ ਸਦਕਾ ਜ਼ਿਰਹਾ ਮੁਕੰਮਲ ਹੋਈ ।

ਪਿਛਲੇ ਤਿੰਨ ਸਾਲਾ ਵਿੱਚ ਤਕਰੀਬਨ 32 ਪੇਸ਼ੀਆਂ ਭੁਗਤ ਚੁੱਕੀਆਂ ਹਨ ਜਿਸ ਵਿੱਚ ਮੇਰੇ ਨਾਲ਼ ਮੇਰੇ ਵੀਰ ਭਾਈ ਦਰਸਨ ਸਿੰਘ ਘੋਲੀਆ ਹਰੇਕ ਤਰੀਕ ਤੇ ਪਹੁੰਚੇ । ਸਾਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ, ਜਿਸ ਦਾ ਅਸੀਂ ਵਿਸ਼ੇਸ਼ ਤਹਿ ਦਿਲੋਂ ਧਨਵਾਦ ਕਰਨਾ ਚਾਹੁੰਦੇ ਹਾਂ । ਸਾਡੀ ਜੰਗ ਜਾਰੀ ਹੈ ਦੇਖਦੇ ਹਾਂ ਕਮਿਸ਼ਨ ਇੰਨਸਾਫ ਦੇ ਨਾਮ ਤੇ ਕੀ ਕਰਦਾ ਹੈ । ਸਾਡੀ ਕੌਮ ਨੂੰ ਏਹੋ ਅਪੀਲ ਹੈ ਕਿ ਉਹ ਜਿੰਨਾ ਜਲਦੀ ਹੋ ਸਕੇ ਇਸ ਪਿੰਡ ਨੂੰ ਸਾਭ ਲਵੇਂ ਕਿਤੇ ਇਹ ਨਾ ਹੋਵੇ ਇਹ ਸ਼ਹੀਦਾਂ ਦੀ ਧਰਤੀ, ਕੌਮੀ ਧਰੋਹਰ ਮਿੱਟੀ ਵਿੱਚ ਮਿਲ਼ ਜਾਵੇ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top