Share on Facebook

Main News Page

ਸਿੱਖਾਂ ਦਾ ਇਤਹਾਸਕ ਸੱਚ ਵੀ ਝੂਠਾ ਕੀਤਾ ਜਾ ਰਿਹਾ ਹੈ- ਭਾਰਤੀ ਜ਼ੁਲਮ ਦੇ ਰਾਵਣ ਦਾ 11ਵਾਂ ਸਿਰ ਬਣ ਗਏ ਖੱਬੇ ਪੱਖੀ
-: ਕੁਲਵੰਤ ਸਿੰਘ ਢੇਸੀ
(ਖ਼ਬਰਦਾਰ ਮੈਗਜ਼ੀਨ ਵਿੱਚੋਂ)

* ਮਨੁੱਖੀ ਖਿਆਲਾਂ ਦਾ ਮਤਭੇਦ ਹੋਣਾਂ ਜਾਂ ਟਕਰਾਅ ਹੋਣਾ ਤਾਂ ਆਮ ਗੱਲ ਹੈ, ਪਰ ਆਪਣੇ ਮੱਤ ਨੂੰ ਜਾਂ ਵਿਚਾਰਾਂ ਨੂੰ ਗਾਲ਼ਾਂ ਕੱਢ ਕੇ ਜਾਂ ਕਿਸੇ 'ਤੇ ਗਲਤ ਦੂਸ਼ਣ ਲਗਾ ਕੇ ਪ੍ਰਗਟ ਕਰਨਾਂ ਆਪਣੇ ਆਪ ਵਿੱਚ ਇੱਕ ਜ਼ੁਰਮ ਹੈ।

ਪਿਛਲੇ ਦਿਨੀ ਅਚਾਨਕ ਹੀ ਜਦੋਂ ਮੈਂ ਇੱਕ ਟੀ ਵੀ ਚੈਨਲ ਤੇ ਅਖੌਤੀ ਇਨਕਲਾਬੀ ਕਵੀ ਪਾਸ਼ ਦਾ ਬੰਨਿਆਂ ਜਾ ਰਿਹਾ ਗੁੱਡਾ ਦੇਖਿਆ ਤਾਂ ਅਵਾਕ ਰਹਿ ਗਿਆ। ਜਦੋਂ ਸਮੇਂ ਦੇ ਹਾਣ ਦੀ ਚੇਤਨਾਂ ਸੌਂ ਜਾਵੇ ਤਾਂ ਉਸ ਦੇ ਖਲਾਅ ਨੂੰ ਕਿਸੇ ਵੀ ਊਲ ਜਲੂਲ ਨਾਲ ਭਰਿਆ ਜਾ ਸਕਦਾ ਹੈ, ਇਹ ਮੈਂ ਪਹਿਲੀ ਵਾਰ ਮਹਿਸੂਸ ਕੀਤਾ। ਇਹ "ਪਾਸ਼" ਨਾਮ ਦਾ ਉਹ ਹੀ ਆਦਮੀ ਹੈ ਜਿਹੜਾ ਸੰਤਾਂ ਨੂੰ ਜਿਹੋ ਜਹੀਆਂ ਕਹਿੰਦਾ ਸੀ ਅਤੇ ਖਾੜਕੂਆਂ ਨੂੰ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਦਾ ਸੀ। ਸਿੱਖ ਖਾੜਕੂਆਂ ਨੂੰ ਸਿੱਧੀਆਂ ਗਾਲਾਂ ਕੱਢਣਾਂ ਹੀ ਇਸ ਦੀ ਦੇਸ਼ ਭਗਤੀ ਸੀ ਅਤੇ ਇਸੇ ਨਾਲ ਪਾਸ਼ ਨੇ ‘ਐਂਟੀ 47 ਫਰੰਟ‘ ਪਰਚੇ ਰਾਹੀਂ ਅਮਰੀਕਾ ਵਿਚ ਆਪਣਾਂ ਖਿਲਾਰਾ ਖਿਲਾਰਨ ਦੀ ਕੋਸ਼ਿਸ਼ ਕੀਤੀ।

ਪਾਸ਼ ਖੁਦ ਕੀ ਸੀ ਅਤੇ ਇਸ ਦਾ ਇਨਕਲਾਬ ਕੀ ਸੀ ਇਹ ਜਾਨਣ ਲਈ ਲੰਬੀ ਵਿਆਖਿਆ ਵਿਚ ਜਾਣਾਂ ਪਵੇਗਾ। ਸੰਖੇਪ ਵਿਚ ਏਨਾਂ ਸਮਝਣਾਂ ਹੀ ਕਾਫੀ ਹੋਏਗਾ ਪੰਜਾਬ ਦੇ ਕਮਿਊਨਿਸਟ ਜਦੋਂ ਆਪਣਾਂ ਇਨਕਲਾਬੀ ਅਤੇ ਸਭਿਆਚਾਰਕ ਖਾਸਾ ਗਵਾ ਕੇ ਲੋਕਾਂ ਦੇ ਮਨੋਂ ਲਹਿ ਗਏ, ਤਾਂ ਭਾਰਤੀ ਸਰਕਾਰ ਦਾ ਗੁਣਗਾਨ ਕਰਨਾ ਅਤੇ ਭਾਰਤੀ ਸਰਕਾਰ ਵਲੋਂ ਸਿੱਖਾਂ 'ਤੇ ਕੀਤੇ ਜਾ ਰਹੇ ਅਤਿਆਚਾਰਾਂ ਦੀ ਪਿੱਠ ਠੋਕਣਾਂ ਹੀ ਇਹਨਾ ਦਾ ਇਨਕਲਾਬ ਬਣ ਗਿਆ ਸੀ। ਖਾੜਕੂ ਵਿਦਰੋਹ ਨੂੰ ਘਟੀਆ ਤੋਂ ਘਟੀਆ ਬੋਲੀ ਅਤੇ ਗਾਲਾਂ ਕੱਢ ਕੱਢ ਕੇ ਨਕਾਰਨਾਂ ਹੀ ਇਹਨਾਂ ਦਾ ਮੁਖ ਕਰਤਵ ਬਣ ਗਿਆ ਅਤੇ ਪਾਸ਼ ਇਸ ਘਟੀਆ ਪਨ ਦੀ ਉੱਤਮ ਮਿਸਾਲ ਹੈ।

ਮਨੁੱਖੀ ਖਿਆਲਾਂ ਦਾ ਮਤਭੇਦ ਹੋਣਾਂ ਜਾਂ ਟਕਰਾਅ ਹੋਣਾ ਤਾਂ ਆਮ ਗੱਲ ਹੈ, ਪਰ ਆਪਣੇ ਮੱਤ ਨੂੰ ਜਾਂ ਵਿਚਾਰਾਂ ਨੂੰ ਗਾਲ਼ਾਂ ਕੱਢ ਕੇ ਜਾਂ ਕਿਸੇ 'ਤੇ ਗਲਤ ਦੂਸ਼ਣ ਲਗਾ ਕੇ ਪ੍ਰਗਟ ਕਰਨਾਂ ਆਪਣੇ ਆਪ ਵਿੱਚ ਇੱਕ ਜ਼ੁਰਮ ਹ ਮੇਰੇ ਨਿੱਜੀ ਖਿਆਲ ਵਿਚ ਪੰਜਾਬ ਦਾ ਖਾੜਕੂ ਸੰਘਰਸ਼ ਕੇਂਦਰ ਦੀਆਂ ਪੰਜਾਬ ਪ੍ਰਤੀ ਬਦਲਾ ਲਊ ਨੀਤੀਆਂ ਅਤੇ ਕਾਣੀ ਵੰਡ ਦਾ ਹੀ ਪ੍ਰਤੀਕਰਮ ਸੀ, ਜਦ ਕਿ ਪਾਕਿਸਸਤਾਨ ਵਰਗੇ ਭਾਰਤ ਦੇ ਦੁਸ਼ਮਣ ਦੇਸ਼ ਵਲੋਂ ਭਾਰਤ ਅੰਦਰ ਐਸੀ ਕਿਸੇ ਵੀ ਹਿਲ ਜੁਲ ਨੂੰ ਤੂ਼ਲ ਦੇਣਾਂ ਸੁਭਾਵਕ ਹੀ ਸੀ।

ਪਰ ਪਾਸ਼ ਵਰਗੇ ਜਿਹਨਾਂ ਲੋਕਾਂ ਨੇ ਗਾਲਾਂ ਕੱਢ ਕੱਢ ਕੇ ਖਾੜਕੂ ਲਹਿਰ ਦਾ ਵਿਰੋਧ ਕੀਤਾ ਉਹ ਹਰਗਿਜ਼ ਹੀ ਲੜਾਈ ਨੂੰ ਖਾਹ ਮਖਾਹ ਆਪਣੇ ਗਲ ਪਾਉਣ ਵਾਲੀ ਹਰਕਤ ਸੀ। ਕਿਆਮਤ ਵਾਲੀ ਗੱਲ ਇਹ ਹੈ ਕਿ ਭਾਰਤੀ ਸਰਕਾਰ ਦੀ ਸਾਰੀ ਮਸ਼ੀਨਰੀ ਇਹਨਾਂ ਦੀ ਪਿੱਠ ਤੇ ਹੋਣ ਕਾਰਨ ਸਰਕਾਰ ਨੇ ਪਾਸ਼ ਵਰਗੇ ਲੋਕਾਂ ਦੀਆਂ ਲਿਖਤਾਂ ‘ਤੇ ਵਿਦਿਆਰਥੀਆਂ ਨੂੰ ਪੀ ਐਚ ਡੀ ਕਰਨ ਦੀ ਹੌਸਲਾ ਅਫਜਾਈ ਕਰਕੇ, ਉਸ ਨੂੰ ਮਹਾਨ ਦੇਸ਼ ਭਗਤ ਅਤੇ ਅਮਰ ਸ਼ਹੀਦ ਵਜੋਂ ਸਥਾਪਤ ਕਰਨ ਲਈ ਆਪਣਾਂ ਟਿੱਲ ਲਾ ਦਿੱਤਾ। ਸ਼ਰਾਬ, ਸ਼ਬਾਬ ਅਤੇ ਤੰਬਾਕੂ ਦੇ ਸੜੀਅਲ ਧੂੰਏਂ ਵਿਚ ਗੜੁੱਪ ਇਹਨਾਂ ਅਖੌਤੀ ਇਨਕਲਾਬੀਆਂ ਦਾ ਗੁਰੂਆਂ ਦੀ ਧਰਤ ਪੰਜਾਬ ਨਾਲ ਜਾਂ ਉਸ ਦੇ ਹਿੱਤਾਂ ਨਾਲ ਦੂਰ ਦਾ ਵੀ ਵਾਸਤਾ ਨਹੀਂ ਸੀ। ਪੰਜਾਬ ਦੇ ਪਾਣੀ ਨੂੰ ਲੁੱਟ ਕੇ ਪੰਜਾਬ ਨੂੰ ਜਾਨੋਂ ਮਾਰਨ ਵਾਲੀਆਂ ਸ਼ਕਤੀਆਂ ਦੇ ਅੰਧਾ ਧੁੰਦ ਪਿੱਠੂ ਹੋਣ ਕਾਰਨ ਇਹਨਾ ਦਾ ਸ਼ੁਮਾਰ ਪੰਜਾਬ ਦੇ ਵਫਾਦਾਰਾਂ ਵਿਚ ਕਿਵੇਂ ਹੋ ਸਕਦਾ ਹੈ?

ਬਹੁਤੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪਾਸ਼ ਦਾ ਅਸਲ ਨਾਂ ਅਵਤਾਰ ਸਿੰਘ ਸੰਧੂ ਸੀ, ਪਰ ਉਸ ਦਾ ਆਪਣੇ ਹੀ ਪਿੰਡ ਦੀ ਪਾਸ਼ ਨਾਮ ਦੀ ਲੜਕੀ ਨਾਲ ਇਸ਼ਕ ਹੋਣ ਕਾਰਨ ਉਸ ਨੇ ਆਪਣਾਂ ਨਾਮ ਵੀ ਪਾਸ਼ ਰੱਖ ਲਿਆ। ਉਸ ਦੇ ਸਾਥੀ ਉਸ ਬਾਰੇ ਪ੍ਰਚਾਰਦੇ ਹਨ ਕਿ ਉਹ ਅਮਰੀਕਾ ਤੋਂ ਇਨਕਲਾਬੀ ਸੰਘਰਸ਼ ਲਈ ਜਾਂ ਦੇਸ਼ ਭਗਤੀ ਲਈ ਪੰਜਾਬ ਜਾ ਕੇ ਸ਼ਹੀਦ ਹੋਇਆ ਜਦ ਕਿ ਸੱਚ ਇਹ ਹੈ ਕਿ ਉਹ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਗਿਆ ਸੀ ਅਤੇ ਜਿਸ ਦਿਨ ਉਸ ਨੂੰ ਖਾੜਕੂਆਂ ਨੇ ਮਾਰਿਆ ਸੀ ਉਸ ਦਿਨ ਵੀ ਉਹ ਮੁੜ ਸਮਗਲ ਹੋ ਕੇ ਅਮਰੀਕਾ ਜਾਣ ਦੇ ਦਾਅ ਤੇ ਸੀ। 22 ਮਾਰਚ 1988 ਨੂੰ ਉਸ ਦੇ ਚੁਬਾਰੇ ਵਿਚ ਇੱਕ ਜੁੰਡਲੀ ਨਸ਼ੇ ਦੇ ਅਸਰ ਹੇਠ ਚਾਂਭਲੀ ਹੋਈ ਸੀ ਕਿਓਂਕਿ ਇਸ ਜੁੰਡਲੀ ਦੀ ਰੱਖਿਆ ਦਰਸ਼ਨ ਖਟਕੜ ਨੂੰ ਮਿਲੇ ਹੋਏ ਬਾਡੀਗਾਰਡ ਕਰ ਰਹੇ ਸਨ ਅਤੇ ਪਾਸ਼ ਨੇ ਉਸ ਸ਼ਾਮ ਆਪਣੇ ‘ਇਨਕਲਾਬੀ ਖਾਸੇ‘ ਅਨੁਸਾਰ ਹੀ ਦਾਰੂ ਵਿੱਚ ਗੁੱਟ ਹੋ ਕੇ ਸੰਤਾਂ ਅਤੇ ਸਿੱਖ ਖਾੜਕੂਆਂ ਨੂੰ ਗਾਲਾਂ ਕੱਢਣ ਦਾ ਸਿਰਾ ਲਾ ਦਿੱਤਾ। 23 ਮਾਰਚ 1988 ਨੂੰ ਖਾੜਕੂਆਂ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇਹ ਹੀ ਸੀ ਉਸ ਦੀ ਜਾਅਲੀ ਸ਼ਹਾਦਤ ਦਾ ਸੱਚ। ਇਸ ਜਾਅਲੀ ਸ਼ਹਾਦਤ ਤੋਂ ਬਾਅਦ ਹੀ ਓਹ ਭਾਰਤੀ ਪ੍ਰਾਪੇਗੰਡੇ ਦੀ ਮਸ਼ੀਨਰੀ ਨਾਲ ਦੁਨੀਆਂ ਭਰ ਵਿਚ ਸ਼ਹੀਦ ਦੇ ਤੌਰ ਤੇ ਜਾਣਿਆਂ ਜਾਣ ਲੱਗ ਪਿਆ।

ਐਸੇ ਕਵੀਆਂ ਨੂੰ ਪੱਕੇ ਤੌਰ 'ਤੇ ਸਥਾਪਤ ਕਰਨ ਲਈ ਅਤੇ ਗਦਰੀ ਬਾਬਿਆਂ ਨੂੰ ਸਿੱਖੀ ਦੀ ਛਤਰ ਛਾਇਆ ਵਿਚੋਂ ਕੱਢ ਕੇ ਨਾਸਤਕ ਜਾਮਾਂ ਪਵਾਉਣ ਲਈ ਅਨੇਕਾਂ ਅਖੌਤੀ ਸੋਸ਼ਲਿਸਟ ਕਲਮਾਂ ਦੇਰ ਤੋਂ ਆਪਣਾ ਟਿੱਲ ਲਾ ਰਹੀਆਂ ਹਨ। ਮਹੱਤਵ ਪੂਰਨ ਗੱਲ ਇਹ ਹੈ ਕਿ ਗਦਰੀ ਬਾਬੇ ਸਿੱਖੀ ਕਦਰਾਂ ਕੀਮਤਾਂ ਨਾਲ ਲਿਬਰੇਜ ਸਨ। ਅੱਜ ਦੇ ਕਾਮਰੇਡ ਉਹਨਾਂ ਅਸਲੀ ਬਾਬਿਆਂ ਦੀ ਗੁਰਸਿੱਖ ਛਵੀ ਨੂੰ ਬਾਬੇ ਬਿਲਗੇ ਦੇ ਰੂਪ ਸਰੂਪ ਤਕ ਸੀਮਤ ਕਰਨ ਦੀ ਕੋਸ਼ਿਸ਼ ਤਕ ਹੀ ਸੀਮਤ ਹਨ ਕਿਓਂਕਿ ਉਹ ਉਹਨਾਂ ਨੂੰ ਸੂਤ ਬੈਠਦਾ ਹੈ ਭਾਵੇਂ ਕਿ ਉਸ ਦਾ ਨਾਮ ਵੀ ਅਸਲ ਗਦਰੀ ਬਾਬਿਆਂ ਦੀ ਸ਼੍ਰੇਣੀ ਵਿਚ ਸ਼ਾਮਲ ਨਹੀਂ ਸੀ। ਅਨੇਕਾਂ ਗਦਰੀ ਬਾਬਿਆਂ ਦੀ ਫਰਾਖ ਦਿਲੀ ਨੂੰ ਕਮਿਊਨਿਸਟਾਂ ਨੇ ਧਰਮ ਨਿਰਲੇਪਤਾ ਜਾਂ ਨਾਸਤਕਤਾ ਕਹਿ ਕੇ ਪ੍ਰਚਾਰਿਆ ਅਤੇ ਜਿਹੜੀਆਂ ਸ਼ਖਸੀਅਤਾਂ ਉਹਨਾਂ ਦੇ ਚੌਖਟੇ ਵਿਚ ਫਿੱਟ ਨਹੀਂ ਸਨ ਹੋ ਸਕਦੀਆਂ ਉਹਨਾਂ ਦੇ ਨਾਮ ਇਤਹਾਸ ਵਿਚੋਂ ਗਾਇਬ ਕਰ ਦਿੱਤੇ ਗਏ। ਮਿਸਾਲ ਦੇ ਤੌਰ ਤੇ ਗਦਰੀ ਬਾਬਿਆਂ ਦੇ ਇਤਹਾਸ ਵਿਚੋਂ ਭਾਈ ਸਾਹਬ ਭਾਈ ਰਣਧੀਰ ਸਿੰਘ ਵਰਗੀ ਹਸਤੀ ਨੂੰ ਉੱਕਾ ਹੀ ਮਨਫੀ ਕਰ ਦਿੱਤਾ ਗਿਆ । ਭਾਈ ਰਣਧੀਰ ਸਿੰਘ ਜੋ ਕੇ ਸਭ ਗਦਰੀਆਂ ਤੋਂ ਵਧ ਸਮਾਂ ਅੰਗ੍ਰੇਜ਼ੀ ਹਕੂਮਤ ਦੀਆਂ ਕਾਲ ਕੋਠੜੀਆਂ ਵਿਚ ਰਹੇ ਅਤੇ ਉਹਨਾਂ ਨੇ ਤਤ ਗੁਰਮਤ ਅਸੂਲਾਂ ਤੇ ਜੀਵਨ ਭਰ ਪਹਿਰਾ ਦਿੱਤਾ। ਉਹਨਾਂ ਦਾ ਨਾਮ ਗਦਰੀ ਬਾਬਿਆਂ ਦੇ ਇਹਹਾਸ ਵਿਚੋਂ ਗਾਇਬ ਕਰ ਦੇਣਾਂ ਜੇਕਰ ਸਾਜਸ਼ ਨਹੀਂ ਤਾਂ ਹੋਰ ਕੀ ਹੈ ? ਗਦਰੀ ਬਾਬਿਆਂ ਵਿਚ ਸਿੱਖਾਂ ਦੀ ਗਿਣਤੀ ਭਾਵੇਂ ਨੱਬੇ ਪ੍ਰਤੀਸ਼ਤ ਸੀ, ਪਰ ਅੱਜ ਜਦੋਂ ਹਿੰਦੂ ਜਹਿਨੀਅਤ ਵਾਲੇ ਚਮਨ ਲਾਲ ਵਰਗੇ ਲੇਖਕ ਗਦਰੀ ਬਾਬਿਆਂ ਬਾਰੇ ਲੇਖ ਲਿਖਦੇ ਹਨ ਤਾਂ ਉਸ ਵਿਚ ਲੇਖ ਵਿਚ ‘ਸਿੱਖ‘ ਸ਼ਬਦ ਦਾ ਜ਼ਿਕਰ ਤਕ ਨਹੀਂ ਕੀਤਾ ਜਾਂਦਾ।

ਇਹ ਸਾਰੀ ਵਿਆਖਿਆ ਦੇਣ ਤੋਂ ਸਾਡਾ ਮਕਸਦ ਆਪਣੇ ਲੋਕਾਂ ਨੂੰ ਹਲੂਣ ਕੇ ਜਗਾਉਣਾਂ ਹੀ ਹੈ ਕਿ ਅਗਰ ਉਹਨਾਂ ਨੇ ਸੱਚਾਈ ਦੇ ਰੂਬਰੂ ਆਪਣੀਆਂ ਅੱਖਾਂ ਨਾ ਖੋਹਲੀਆਂ ਤਾਂ ਭਾਰਤੀ ਇਸਟੈਬਲਿਸ਼ਮੈਂਟ ਅਤੇ ਉਹਨਾਂ ਦੇ ਦਲਾਲ ਕੋਈ ਵੀ ਝੂਠ ਸੱਚ ਬਣਾ ਕੇ ਉਹਨਾਂ ਦੇ ਹਲਕ ਤੋਂ ਹੇਠਾਂ ਧੱਕ ਸਕਦੀ ਹੈ। ਅੱਜ ਜੇਕਰ ਸਿੱਖਾਂ ਨੇ ਆਪਣੇ ਅਤੀਤ ਦਾ ਲੇਖਾ ਜੋਖਾ ਕਰਕੇ ਸਿੱਖ ਅਤੇ ਪੰਜਾਬੀ ਚੇਤਨਤਾ ਨੂੰ ਸਹੀ ਰੂਪ ਰੰਗ ਨਾਂ ਦਿੱਤਾ ਤਾਂ ਕਿਸੇ ਵੀ ਇਜ਼ਮ ਜਾਂ ਵਾਦ ਦੀ ਉਲਾਰ ਸੋਚ ਸਾਡੀ ਵਿਰਾਸਤ ਦੇ ਅਰਥਾਂ ਦਾ ਅਨਰਥ ਕਰਦੀ ਚਲੀ ਜਾਵੇਗੀ।

ਅਜੇ ਵੀ ਸਾਡੇ ਬਹੁਤ ਸਾਰੇ ਲੋਕ (ਖਾਸ ਕਰਕੇ ਪੜਿਆ ਲਿਖਿਆ ਤਬਕਾ) ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੁੱਚੀ ਰੂਹ ਤੋਂ ਫੁੱਟੇ ਹੋਏ ਇਨਕਲਾਬੀ ਸੂਰਜ ਨੂੰ ਰੂਹ ਦੀਆਂ ਅੱਖਾਂ ਨਾਲ ਨਾਂ ਦੇਖ ਸਕਣ ਕਾਰਨ ਚੇਤਨ ਤੌਰ ਤੇ ਅੰਧੇ ਪਨ ਦਾ ਸ਼ਿਕਾਰ ਹਨ। ਸਿੱਖਾਂ ਨੂੰ ਇਹ ਸਮਝਣ ਵਿਚ ਕੋਈ ਦੇਰੀ ਨਹੀਂ ਕਰਨੀ ਚਾਹੀਦੀ ਕਿ ਹਿੰਦੋਸਤਾਨ ਦਾ ਰਾਸ਼ਟਰਵਾਦੀ ਬੁਰਕਾ ਅਸਲ ਵਿਚ ਉਹਨਾਂ ਲਈ ਬਿਪਰਵਾਦੀ ਜਾਲ ਹੈ ਜਿਸ ਤੋਂ ਮੁਕਤ ਹੋ ਕੇ ਹੀ ਉਹ ਆਪਣੀਆਂ ਸੁੱਚੀਆਂ ਅਤੇ ਸੱਚੀਆਂ ਵਿਰਾਸਤੀ ਕਦਰਾਂ ਕੀਮਤਾਂ ਵਲ ਪਰਤ ਸਕਦੇ ਹਨ। ਅੱਜ ਪੰਜਾਬ ਤੇ ਹਿੰਦੋਸਤਾਨੀ ਗਲਬੇ ਦੀ ਲਾਬੀ ਕੇਵਲ ਉਸ ਸਿੱਖ ਨੂੰ ਹੀ ਹਿੰਦੋਸਤਾਨੀ ਮੰਨਦੀ ਹੈ ਜੋ ਖਾਲਸਾ ਪੰਥ ਦਾ ਵਿਰੋਧੀ ਜਾਂ ਭਗੌੜਾ ਹੋਵੇ। ਜਿਹੜਾ ਵੀ ਸਿੱਖ ਪੰਜਾਬ ਨਾਲ ਹੋਏ ਧੱਕੇ ਖਿਲਾਫ ਅਵਾਜ਼ ਚੁੱਕਦਾ ਹੈ ਉਸ ਨੂੰ ਕੁਚਲਣ ਲਈ ਹਿੰਦੋਸਤਾਨੀ ਰਾਜਨੀਤਕ ਤੰਤਰ ਅਤੇ ਉਹਨਾਂ ਦੇ ਅਖੌਤੀ ਸੋਸ਼ਲਿਸਟ ਸਾਥੀ ਪੱਬਾਂ ਭਾਰ ਹੋ ਜਾਂਦੇ ਹਨ। ਭਾਰਤ ਦੇ ਅੰਧਾ ਧੁੰਦ ਕੇਂਦਰੀ ਕਰਨ ਵਿਚ ਭਾਵੇਂ ਦੇਸ਼ ਦੀਆਂ ਹੋਰ ਕੌਮਾਂ ਦਾ ਵੀ ਦਮ ਘੁੱਟਦਾ ਹੈ ਪਰ ਆਪਣੇ ਨਿਰਾਲੇ ਰੂਪ ਸਰੂਪ ਕਾਰਨ ਸਿੱਖਾਂ ਨੂੰ ਭਾਰਤੀ ਮੁਖ ਧਾਰਾ ਤੋਂ ਵੱਖ ਕਰਕੇ ਮਾਰਨਾਂ ਸਰਕਾਰ ਲਈ ਬਹੁਤ ਅਸਾਨ ਹੋ ਗਿਆ ਹੈ ਖਾਸ ਕਰਕੇ ਉਸ ਹਾਲਤ ਵਿਚ ਜਦੋਂ ਸਿੱਖੀ ਦੇ ਮੁੱਲਾਂ ਤੋਂ ਵਿਹੂਣੇ ਕਮਿਉਨਿਸਟ ਸਿੱਖ ਵੀ ਉਹਨਾਂ ਦੀ ਪਿਠ ਤੇ ਜਾ ਖੜੇ ਹਨ।

ਪੰਜਾਬੀ ਕਮਿਊਨਿਸਟਾਂ ਵਲੋਂ ਅੰਧਾਂ ਧੁੰਦ ਦੇਸ਼ ਭਗਤੀ ਦੇ ਗੁਣਗਾਨ ਨੇ ਪੰਜਾਬ ਦੇ ਪੜੇ ਲਿਖੇ ਵਰਗ ਵਿਚ ਵਿਚਾਰਧਾਰਕ ਤੌਰ ਤੇ ਇੱਕ ਭੰਬਲਭੂਸਾ ਪੈਦਾ ਕਰਨ ਵਿਚ ਚੋਖਾ ਕਿਰਦਾਰ ਨਿਭਾਇਆ ਹੈ। ਇਹ ਹੀ ਕਾਰਨ ਹੈ ਕਿ ਸਿੱਖ ਸੋਚ ਅੱਜ ਕਾਂਗਰਸ ਅਤੇ ਭਾਜਪਾ ਦੇ ਚਿਹਰੇ ਮਗਰ ਛੁਪੇ ਹੋਏ ਅਬਦਾਲੀ ਅਤੇ ਮੱਸੇ ਰੰਘੜ ਦੇ ਚਿਹਰਿਆਂ ਨੂੰ ਦੇਖਣ ਲਈ ਇੱਕ ਬੌਧਿਕ ਧੁੰਦਲੇ ਪਨ ਦਾ ਸ਼ਿਕਾਰ ਹੈ। ਸਿੱਖਾਂ ਦਾ ਪੜਿਆ ਲਿਖਿਆ ਵਰਗ ਇਹ ਨਹੀਂ ਸਮਝਦਾ ਕਿ ਭਾਰਤੀ ਜੂਲੇ ਹੇਠ ਜਿਊਣ ਲਈ ਤਾਂ ਆਪਣੀ ਸਿੱਖੀ ਸੇਵਕੀ ਨੂੰ ਤਿਲਾਂਜਲੀ ਦੇ ਕੇ ਵੀ ਗੁਜ਼ਾਰਾ ਨਹੀਂ ਹੁੰਦਾ, ਸਗੋਂ ਹੁਣ ਤਾਂ ਆਪਣੇ ਮਾਲਕਾਂ ਨੂੰ ਇਹ ਸਿੱਧ ਕਰਨਾਂ ਪੈਂਦਾ ਹੈ ਕਿ ਇੱਕ ਰਾਸ਼ਟਰਵਾਦੀ ਸਿੱਖ ਨੇ ਪੰਥ ਦੇ ਖਿਲਾਫ ਭਾਰਤੀ ਯੁੱਧ ਵਿਚ ਦੇਸ਼ ਦੇ ਹੱਕ ਵਿਚ ਕੀ ਭੂਮਿਕਾ ਨਿਭਾਈ ਹੈ ਅਤੇ ਖਾਲਸਾ ਪੰਥ ਨਾਲ ਕਿੰਨਾ ਕੁ ਵੱਡਾ ਧਰੋਹ ਕੀਤਾ ਹੈ। ਏਹੋ ਜਹੇ ਹਾਲਾਤ ਕਿਸੇ ਕੌਮ ਦੇ ਮਰਨ ਜਾਂ ਜਿਊਣ ਦਾ ਫੈਸਲਾ ਕਰਨ ਵਾਲੇ ਹਾਲਾਤ ਹੁੰਦੇ ਹਨ ਪਰ ਅਫਸੋਸ ਕਿ ਭਾਰਤੀ ਤਾਨਾਸ਼ਾਹੀ ਅਤੇ ਬਿਪਰਵਾਦੀ ਧੌਂਸ ਜਾਂ ਕਬਜੇ ਨੂੰ ਅੱਜ ਦਾ ਬੁੱਧੀਜੀਵੀ ਜਾਂ ਤਾਂ ਧਰਮ ਨਿਰਲੇਪ ਵਿਕਸਤ ਕੌਮਾਂ ਦੇ ਕੌਮੀ ਸੰਕਲਪ ਨਾਲ ਮੇਚਣ ਦਾ ਟਪਲਾ ਖਾ ਜਾਂਦਾ ਹੈ ਅਤੇ ਜਾਂ ਹਿੰਦੋਸਤਾਨੀ ਸਿੰਗਲ ਨੇਸ਼ਨ ਦੀ ਵਫਾਦਾਰੀ ਲਈ ਆਪਣੀ ਪ੍ਰਭੂਸਤਾ ਨੂੰ ਫਾਹੇ ਲਾਉਣ ਤਕ ਅੰਨੇ ਪਨ ਦਾ ਸ਼ਿਕਾਰ ਹੋ ਜਾਂਦਾ ਹੈ। ਜਦੋਂ ਕਿਸੇ ਕੌਮ ਦਾ ਚੇਤਨ ਆਖਿਆ ਜਾਣ ਵਾਲਾ ਵਰਗ ਬੌਧਿਕ ਤੌਰ 'ਤੇ ਭਟਕ ਜਾਵੇ ਜਾਂ ਭੰਬਲਭੂਸੇ ਦਾ ਸ਼ਿਕਾਰ ਹੋ ਜਾਵੇ, ਤਾਂ ਉਸ ਕੌਮ ਦੇ ਭਵਿੱਖ ਤੇ ਬੜਾ ਵੱਡਾ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top