Share on Facebook

Main News Page

ਮੋਦੀ ਜੀ, ਸਿੱਖਾਂ ਨੂੰ ਭੀਖ ਦੀ ਨਹੀਂ, ਹੱਕਾਂ ਦੀ ਲੋੜ ਹੈ
-: ਗੁਰਿੰਦਰਪਾਲ ਸਿੰਘ ਧਨੌਲਾ
001 646 918 9564

ਅੱਜ ਤੋਂ ਤੀਹ ਸਾਲ ਪਹਿਲਾਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਕੁੱਝ ਇਹਨਾਂ ਤਿੰਨ ਦਿਨਾਂ ਵਿਚ ਸਿੱਖ ਕੌਮ ਨਾਲ ਵਾਪਰਿਆ ਉਹ ਇਤਿਹਾਸ ਦਾ ਇੱਕ ਖ਼ੂਨੀ ਪੱਤਰਾ ਬਣ ਚੁੱਕਿਆ ਹੈ ਦੇਸ਼ ਦੀ ਰਾਜਧਾਨੀ ਸਮੇਤ ਜੋ ਕੁੱਝ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵਾਪਰਿਆ ਹੁਣ ਕਿਸੇ ਤੋਂ ਲੁਕਿਆ ਨਹੀਂ, ਕਿੱਡੀ ਸ਼ਰਮ ਵਾਲੀ ਗੱਲ ਹੈ ਕਿ ਦਿੱਲੀ ਸਮੇਤ ਹੋਰ ਸ਼ਹਿਰਾਂ ਵਿਚ ਇਸ ਸਮੂਹਿਕ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਦੇ ਸਹੀ ਅੰਕੜੇ ਵੀ ਜ਼ਾਹਿਰ ਨਹੀਂ ਹੋ ਸਕੇ, ਸਰਕਾਰੀ ਮਸ਼ੀਨਰੀ ਦੇ ਨਾਲ ਨਾਲ ਪ੍ਰੈਸ ਨੇ ਵੀ ਅੰਕੜਿਆਂ ਵੱਲੋਂ ਘੁੰਡ ਹੀ ਕਰਕੇ ਰੱਖਿਆ ਸਿਰਫ਼ ਸ. ਗੁਰਤੇਜ ਸਿੰਘ ਆਈ.ਏ.ਐਸ. ਸਮੇਤ ਕੁੱਝ ਸੁਹਿਰਦ ਤੇ ਚੇਤਨ ਸਿੱਖਾਂ ਨੇ ਇੱਕ ਸੂਚੀ ਤਿਆਰ ਕਰਕੇ ਅਦਾਲਤਾਂ ਨੂੰ ਦਿੱਤੀ ਸੀ ਪਰ ਅਦਾਲਤਾਂ ਨੇ ਵੀ ਸਿੱਖ ਵਿਰੋਧੀ ਸਿਸਟਮ ਦਾ ਸਾਥ ਦਿੰਦਿਆਂ ਪੀੜਤਾਂ ਨੂੰ ਯੋਗ ਸਹਾਇਤਾ ਦੇਣ ਬਾਰੇ ਤਾਂ ਜ਼ਰੂਰ ਕਿਹਾ ਪਰ ਇਹ ਨਿਆਂ ਨਹੀਂ ਦਿੱਤਾ ਕਿ ਜੇ ਯੋਗ ਸਹਾਇਤਾ ਦੇਣ ਦੀ ਗੱਲ ਮੰਨੀ ਹੈ, ਤਾਂ ਦਿਸਦਾ ਮਤਲਬ ਕਿਸੇ ਬੇਗੁਨਾਹ ਦੇ ਜ਼ੁਲਮ ਹੋਇਆ ਹੈ, ਪਰ ਜ਼ੁਲਮੀ ਕੌਣ ਹੈ ਉਸਨੂੰ ਸਜਾ ਕਿਵੇਂ ਮਿਲੇ ?

ਤਿੰਨ ਦਹਾਕਿਆਂ ਤੋਂ ਸਿੱਖ ਵਾਅਦਿਆਂ ਅਤੇ ਲਾਰਿਆਂ ਤੋਂ ਨਿਰਾਸ਼ ਹੋਏ ਆਪਣੀ ਕਿਸਮਤ ਨੂੰ ਕੋਸ ਰਹੇ ਹਨ, 1985 ਵਿਚ ਬਣੀ ਬਰਨਾਲਾ ਅਕਾਲੀ ਸਰਕਾਰ ਨੇ ਇਹਨਾਂ ਪੀੜਤ ਸਿੱਖਾਂ ਨੂੰ ਕੁੱਝ ਪਲਾਟ ਦੇਣ ਦੀ ਕਰਵਾਈ ਅਮਲ ਵਿਚ ਲਿਆਂਦੀ ਨੌਕਰੀਆਂ ਵਿਚ ਵੀ ਰਾਖਵਾਂ ਕਰਨ ਕੀਤਾ ਪਰ ਉਸ ਵੇਲੇ ਵੀ ਅਸਲੀ ਪੀੜਤ ਤਾਂ ਪਹੁੰਚ ਹੀ ਨਾ ਕਰ ਸਕੇ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਨੁਕਸਾਨ ਭਾਵੇਂ ਨਾ ਮਾਤਰ ਵੀ ਨਹੀਂ ਹੋਇਆ ਸੀ ਪਰ ਹਾਲਤਾਂ ਦੇ ਵੱਸ ਪੰਜਾਬ ਆ ਗਏ ਸਨ, ਉਹ ਜ਼ਰੂਰ ਫ਼ਾਇਦੇ ਲੈ ਗਏ ਜਦੋਂ ਵੀ ਪੰਜਾਬ ਵਿਚ ਕੋਈ ਚੋਣ ਆਈ ਦਿੱਲੀ ਸਿੱਖ ਕਤਲੇਆਮ ਅਤੇ ਦਰਬਾਰ ਸਾਹਿਬ ਦਾ ਹਮਲਾ ਮੁੱਖ ਮੁੱਦਾ ਰਿਹਾ, ਖ਼ਾਸ ਕਰਕੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕਾਂਗਰਸ ਨੂੰ ਚਿੱਤ ਕਰਨ ਵਾਸਤੇ ਇਸਨੂੰ ਹਥਿਆਰ ਹੀ ਬਣਾ ਰੱਖਿਆ ਹੈ, ਚੋਣ ਤੋਂ ਪਹਿਲਾਂ ਕਦੇ ਕਦੇ ਲਾਲ ਨੀਲੇ ਕਾਰਡ ਬਣਾਉਣ ਦਾ ਜ਼ਿਕਰ ਵੀ ਹੁੰਦਾ ਰਿਹਾ, ਪਰ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਾਸਤੇ ਕੋਈ ਉਦਮ ਨਹੀਂ ਕੀਤਾ ਗਿਆ ਇੱਥੋਂ ਤੱਕ ਕੇ ਆਪਣੇ ਪਰਿਵਾਰਾਂ ਦਾ ਵਪਾਰ ਵਧਾਉਣ ਵਾਸਤੇ ਅਕਾਲੀ ਅਤੇ ਕਾਂਗਰਸੀ ਸਿੱਖ ਆਗੂਆਂ ਤੇ ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਦੌਰੇ ਕੀਤੇ ਲੇਕਿਨ ਕਿਸੇ ਨੇ ਵੀ ਇੱਥੋਂ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਖ਼ਾਸ ਕਰਕੇ ਐਮਨੈਸਟੀ ਇੰਟਰਨੈਸ਼ਨਲ, ਰੈਡਕਰਾਸ ਸੋਸਾਇਟੀ, ਯੂ.ਐਨ.ਓ. ਜਾਂ ਵਿਕਸਤ ਦੇਸ਼ਾਂ ਵਿਚ ਰਾਜ ਕਰਦੀ ਪਾਰਟੀ ਜਾਂ ਵਿਰੋਧੀ ਧਿਰ ਦੇ ਪਾਰਲੀਮੈਂਟ ਮੈਂਬਰਾਂ ਨਾਲ ਕੋਈ ਰਾਬਤਾ ਨਹੀਂ ਬਣਾਇਆ, ਸਗੋਂ ਭਾਰਤ ਦੇ ਨਿਆਂ ਨਾ ਦੇਣ ਵਾਲੇ ਰਾਜ ਪ੍ਰਬੰਧ ਦੀਆਂ ਵਿਦੇਸ਼ ਆਕੇ ਸਿਫ਼ਤ ਸਲਾਹਾਂ ਕਰਕੇ ਵਿਦੇਸ਼ ਬੈਠੇ ਸਿੱਖਾਂ ਦੀ ਹੇਠੀ ਹੀ ਕਰਵਾਈ ਅਤੇ ਭਾਰਤੀ ਨਿਜ਼ਾਮ ਨੇ ਵਿਦੇਸ਼ ਵਿਚ ਜਾਗਦੇ ਸਿੱਖਾਂ ਨੂੰ ਕਾਲੀ ਸੂਚੀ ਬਣਾ ਕੇ ਅੱਜ ਤੱਕ ਜ਼ਲੀਲ ਹੀ ਕੀਤਾ ਹੈ।

ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਹਿਲਾਂ ਵੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਬਣੀ ਸੀ,^ਅਕਾਲੀ ਦਲ ਵੱਲੋਂ ਸ. ਸੁਰਜੀਤ ਸਿੰਘ ਬਰਨਾਲਾ, ਸ. ਸੁਖਬੀਰ ਸਿੰਘ ਬਾਦਲ, ਸ.ਸੁਖਦੇਵ ਸਿੰਘ ਢੀਂਡਸਾ ਕੇਂਦਰੀ ਮੰਤਰੀ ਮੰਡਲ ਵਿਚ ਰਹੇ ਹਨ। ਉਸ ਵੇਲੇ ਵੀ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੀ ਕੋਈ ਗੱਲ ਨਹੀਂ ਹੋਈ, ਜਦੋਂ ਕਿ ਸ. ਬਾਦਲ ਹਮੇਸ਼ਾ ਹੀ ਆਖਦੇ ਆਏ ਹਨ ਕਿ ਜਦੋਂ ਸਾਡੀ ਸਰਕਾਰ ਬਣੇਗੀ ਓਦੋਂ ਮਸਲੇ ਹੱਲ ਹੋ ਜਾਣਗੇ, ਪਰ ਕਿਉਂ ਨਹੀਂ ਹੋਏ। ਇਸ ਸਵਾਲ ਸਿੱਖਾਂ ਨੂੰ ਸਮਝ ਆ ਜਾਵੇ ਤਾਂ ਸ਼ਾਇਦ ਸਿੱਖ ਕਿਸੇ ਠੋਸ ਨਤੀਜੇ ਤੇ ਪੁੱਜਣ ਵਿਚ ਸਫਲ ਹੋ ਜਾਣ, ਅੱਜ ਜੋ ਪੰਜ ਲੱਖ ਦੀ ਰਕਮ ਸ੍ਰੀ ਨਰਿੰਦਰ ਮੋਦੀ ਨੇ ਪੀੜਤਾਂ ਵਾਸਤੇ ਜਾਰੀ ਕੀਤੀ ਹੈ ਇਹ ਕਿਵੇਂ ਤੁਰੰਤ ਹੋ ਗਈ ਇਹ ਵੀ ਉਸ ਤੋਂ ਵੀ ਵਧੇਰੇ ਗੁੰਝਲਦਾਰ ਸਵਾਲ ਹੈ।

ਸ੍ਰੀ ਮੋਦੀ ਜੇ ਜੋ ਗਰਾਂਟ ਪੀੜਤ ਪਰਿਵਾਰਾਂ ਵਾਸਤੇ ਜਾਰੀ ਕੀਤੀ ਹੈ ਉਸ ਵਾਸਤੇ ਬਤੌਰ ਦੇਸ਼ ਦੇ ਪ੍ਰਧਾਨ ਮੰਤਰੀ ਉਨ੍ਹਾਂ ਦਾ ਸਵਾਗਤ ਕਰਨਾ ਬਣਦਾ ਹੈ ਕਿ ਚਲੋ ਦੇਰ ਨਾਲ ਹੀ ਸਹੀ ਕੁੱਝ ਮਾਲੀ ਨੁਕਸਾਨ ਦੀ ਰਤਾ ਭਰ ਭਰਪਾਈ ਤਾਂ ਹੋਵੇਗੀ, ਬੇਸ਼ੱਕ ਤੀਹ ਸਾਲਾਂ ਤੋਂ ਖਵਾਰ ਹੋ ਰਹੇ ਲੋਕਾਂ ਦੇ ਹੋਏ ਵੱਡੇ ਨੁਕਸਾਨ ਸਾਹਮਣੇ ਇਹ ਬੋਤੇ ਨੂੰ ਗੁੜ੍ਹਤੀ ਦੇ ਬਰਾਬਰ ਹੈ, ਪਰ ਫਿਰ ਵੀ ਕੁੱਝ ਚੰਗਾ ਹੀ ਕਿਹਾ ਜਾ ਸਕਦਾ ਹੈ, ਲੇਕਿਨ ਇਹ ਅਚਾਨਕ ਕਿਉਂ ਹੋਇਆ ਇਹ ਬੜੀ ਬਰੀਕ ਬੁੱਧ ਨਾਲ ਸਮਝਣ ਦੀ ਲੋੜ ਹੈ, ਕੀ ਭਲਾ ਅਟੱਲ ਬਿਹਾਰੀ ਵਾਜਪਾਈ ਨੂੰ ਇਹ ਸਮਝ ਨਹੀਂ ਕੀ ਉਹ ਆਰ.ਐਸ.ਐਸ. ਦੇ ਕਰਿੰਦੇ ਨਹੀਂ ਸਨ ? ਫਿਰ ਉਨ੍ਹਾਂ ਵੱਲੋਂ ਅਜਿਹੀ ਗਰਾਂਟ ਜਾਰੀ ਕਿਉਂ ਨਾ ਕੀਤੀ ਗਈ। ਸਿੱਖਾਂ ਨੂੰ ਇੱਕ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਦਿੱਲੀ ਦੇ ਤਖ਼ਤ ਤੇ ਬੈਠਣ ਵਾਲਾ ਨਹਿਰੂ, ਇੰਦਰਾ, ਡਿਸਾਈ, ਵਾਜਪਾਈ, ਮਨਮੋਹਨ ਸਿੰਘ ਜਾਂ ਮੋਦੀ ਹੋਵੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਦਿੱਲੀ ਦੇ ਦਿਲ ਵਿਚ ਸਿੱਖਾਂ ਪ੍ਰਤੀ ਖੋਟ ਹੈ, ਨੀਤੀ ਉਹੀ ਹੈ, ਚਿਹਰਾ ਭਾਵੇਂ ਕੋਈ ਵੀ ਹੋਵੇ ?  ਹਰ ਕੋਈ ਆਪਣੇ ਮੁਫ਼ਾਦ ਵੇਖਦਾ ਹੈ, ਉਸ ਨੂੰ ਵੋਟਾਂ ਚਾਹੀਦੀਆਂ ਹਨ, ਬੇਸ਼ੱਕ ਉਹ ਦਿੱਲੀ ਵਿਚ ਸਿੱਖਾਂ ਦੇ ਗਲ਼ਾਂ ਵਿਚ ਟਾਇਰ ਪਾਕੇ, ਸਿੱਖਾਂ ਦੀ ਨਸਲਕੁਸ਼ੀ ਨਾਲ ਮਿਲ ਜਾਣ ਜਾਂ ਐਸ.ਟੀ ਬਣਾ ਕੇ ਹਮਦਰਦੀ ਨਾਲ ਜਾਂ ਫਿਰ ਬਰਬਾਦ ਹੋਏ ਸਿੱਖਾਂ ਨੂੰ ਨਿਗੂਣੀ ਰਕਮ ਸਹਾਇਤਾ ਵਜੋਂ ਦੇ ਕੇ ਵੋਟਾਂ ਮਿਲ ਜਾਣ, ਇੱਥੇ ਮਸਲਾ ਸਿੱਖਾਂ ਦੇ ਵਸੇਬੇ ਜਾਂ ਨਿਆਂ ਦਾ ਨਹੀਂ ਇੱਥੇ ਰੌਲਾ ਰਾਜਗੱਦੀ ਦਾ ਹੈ ਕਿ ਉਹ ਕਿਵੇਂ ਮਿਲ ਸਕਦੀ ਹੈ ਜਾਂ ਕਿਵੇਂ ਸਲਾਮਤ ਰਹਿ ਸਕਦੀ ਹੈ।

ਆਰ.ਐਸ.ਐਸ. ਨੇ ਸ. ਪ੍ਰਕਾਸ਼ ਸਿੰਘ ਬਾਦਲ ਰਹੀ ਸਿੱਖ ਸਿਆਸਤ ਨੂੰ ਆਪਣੀ ਦਾਸੀ ਬਣਾ ਲਿਆ ਹੈ ਅਤੇ ਸਿੱਖ ਆਗੂਆਂ ਦੇ ਚਿਹਰੇ ਤੇ ਐਸਾ ਭਗਵਾ ਨਕਾਬ ਪਾਇਆ ਹੈ ਕਿ ਅਕਲ ਮੰਦ ਸਿੱਖ ਉਨ੍ਹਾਂ ਨੂੰ ਨਫ਼ਰਤ ਨਾਲ ਵੇਖਦਾ ਹੈ ਅਤੇ ਸਿੱਖਾਂ ਵਿਚ ਅਜਿਹੇ ਆਗੂਆਂ ਦੀ ਵੁੱਕਤ ਆਏ ਦਿਨ ਘਟਦੀ ਹੀ ਜਾ ਰਹਿ ਹੈ ਨਾਲ ਨਾਲ ਹੀ ਸੰਘ ਨੇ ਸਿੱਖ ਡੇਰੇਦਾਰਾਂ ਨੂੰ ਪੂਰੀ ਤਰਾਂ ਚਾਲੂ ਕੱਢ ਲਿਆ ਹੈ ਉਹ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਸਨਾਤਨੀ ਨ੍ਰਿਤ (ਨਾਚ) ਕਰਦੇ ਹਨ, ਹੁਣ ਸਿੱਖਾਂ ਦੇ ਪਿਤਰੀ ਸੂਬੇ ਪੰਜਾਬ ਤੇ ਸਿੱਧੇ ਰਾਜ ਦੀ ਗੱਲ ਹੈ ਕਿਉਂਕਿ ਭਾਰਤੀ ਕੱਟੜਵਾਦੀ ਹਿੰਦੂਤਵੀ ਢਾਂਚੇ ਸਾਹਮਣੇ ਤਿੰਨ ਹੀ ਚੁਨੌਤੀਆਂ ਹਨ, ਇੱਕ ਤਾਂ ਮਰਹੱਟੇ ਉਹ ਬਾਲ ਠਾਕਰੇ ਜਾਂ ਸ਼ਿਵ ਸੈਨਾ ਦੀ ਲਗਾਮ ਨਾਲ ਕਾਬੂ ਕਰ ਲੈ ਹਨ, ਬੇਸ਼ੱਕ ਉਨ੍ਹਾਂ ਦੀ ਬੀ.ਜੇ.ਪੀ. ਨਾਲ ਨਾ ਵੀ ਬਣੇ ਪਰ ਕੱਟੜ ਹਿੰਦੂ ਹੋਣ ਕਰਕੇ ਉਹ ਬਹੁਤੇ ਰੜਕਦੇ ਨਹੀਂ, ਦੂਜੇ ਕਸ਼ਮੀਰੀ ਹਨ ਜੋ ਸੰਘ ਅਤੇ ਹਿੰਦੂਤਵੀ ਢਾਂਚੇ ਦੀ ਸਿਰ ਦਰਦੀ ਹਨ ਉਨ੍ਹਾਂ ਤੇ ਜੋ ਜ਼ੁਲਮ ਹੋ ਰਿਹਾ ਹੈ ਤੇ ਹੁਣ ਕੋਈ ਗੋਧਰਾ ਕਾਂਡ ਵੀ ਵਾਪਰ ਸਕਦਾ ਹੈ ਤੀਜੇ ਕੋੜਕੂ ਦਾਣੇ ਸਿੱਖ ਹਨ ਜਿਹੜੇ ਸੰਘ ਦੀ ਤੌੜੀ ਵਿਚ ਰਿਝਦੇ ਨਜ਼ਰ ਨਹੀਂ ਆਉਂਦੇ ਅਤੇ ਪੰਜਾਬ ਹੀ ਇੱਕ ਅਜਿਹੀ ਧਰਤੀ ਹੈ, ਜਿੱਥੇ ਇਨਕਲਾਬ ਦੇ ਬੂਟੇ ਉਗਦੇ ਹਨ ਪਰ ਇਹਨਾਂ ਤਿੰਨਾਂ ਵਿਚੋਂ ਪੰਜਾਬ ਅਤੇ ਸਿੱਖ ਵਧੇਰੇ ਰੜਕਦੇ ਹਨ ਮਰਹੱਟਿਆਂ ਨੂੰ ਤਾਂ ਸੰਘ ਆਪਣੇ ਘੜੇ ਦੀ ਮੱਛੀ ਸਮਝਦਾ ਹੈ ਤੇ ਸ਼ਿਵ ਸੈਨਾ ਬਲ ਠਾਕਰੇ ਦੀ ਕੁੰਡੀ ਉਥੇ ਕੰਮ ਕਰ ਰਹੀ ਹੈ। ਕਸ਼ਮੀਰ ਪਿੱਛੇ ਪਾਕਿਸਤਾਨ ਸਮੇਤ ਸਾਰਾ ਇਸਲਾਮ ਜਗਤ ਖੜ੍ਹਾ ਤੇ ਉਂਜ ਵੀ ਇਸਲਾਮ ਤੇ ਸਨਾਤਨ ਮੱਤ ਦਾ ਕੋਈ ਮੇਲ ਨਹੀਂ ਸਮਝਦੇ, ਪਰ ਸਿੱਖਾਂ ਨੂੰ ਨਿਗਲ ਵਾਸਤੇ ਸੰਘ ਇਸ ਵੇਲੇ ਅਜਗਰ ਦਾ ਰੂਪ ਧਾਰਨ ਕਰ ਰਿਹਾ ਹੈ, ਕਿਉਂਕਿ ਸਿੱਖਾਂ ਦੇ ਮਗਰ ਕੋਈ ਰਾਜਸੀ ਤਾਕਤ ਜਾਂ ਸਟੇਟ ਸਿੱਧੇ ਰੂਪ ਵਿਚ ਖੜੀ ਦਿਖਾਈ ਨਹੀਂ ਦੇ ਰਹੀ ਅਤੇ ਸਿੱਖ ਵਿਚਾਰਧਾਰਾ ਹੀ ਮਨੂੰਵਾਦ ਅਤੇ ਵਰਨਵਾਦ ਨੂੰ ਤੋੜਨ ਵਾਸਤੇ ਹੋਂਦ ਵਿਚ ਆਈ ਸੀ। ਪਰ ਸੰਘ ਦਾ ਮੁੱਖ ਏਜੰਡਾ ਹੀ ਵਰਨਵਾਦ ਹੈ ਅਜੋਕੇ ਯੁੱਗ ਵਿਚ ਸਿੱਧੇ ਤੌਰ ਤੇ ਸਿੱਖਾਂ ਨੂੰ ਖ਼ਤਮ ਕਰਨਾ ਹੁਣ ਸੌਖਾ ਕੰਮ ਨਹੀਂ, ਸਗੋਂ ਸਿੱਖਾਂ ਨੂੰ ਸਿੱਖਾਂ ਰਹੀ ਹੀ ਬਰਬਾਦ ਕਰਨ ਦੇ ਮਨਸੂਬਿਆਂ ਦੇ ਏਜੰਡੇ ਦੀ ਪਹਿਲੀ ਮੱਦ ਹੁਣ ਇਹ ਹੈ ਕਿ ਪੰਜਾਬ ਵਿਚ ਪੰਥਕ ਰਾਜਨੀਤੀ ਨੂੰ ਮੁੱਢੋਂ ਦਰਕਿਨਾਰ ਕਰਕੇ ਸੰਘ ਦੀ ਰਾਜਨੀਤੀ ਦੇ ਅਧੀਨ ਪੰਜਾਬ ਵਿਚ ਰਾਜ ਕਾਇਮ ਕੀਤਾ ਜਾਵੇ ਪਹਿਲਾਂ ਤਾਂ ਸੰਘ ਨੇ ਪ੍ਰਕਾਸ਼ ਸਿੰਘ ਬਾਦਲ ਵਰਗੀਆਂ ਸੀਲ ਘੋੜੀਆਂ ਤੇ ਬੈਠਕੇ ਪੰਥ ਦੀਆਂ ਦਹਿਲੀਜ਼ਾਂ ਤੱਕ ਆਪਣੀ ਪਹੁੰਚ ਬਣਾਈ ਹੈ ਅਤੇ ਹੁਣ ਨਵਜੋਤ ਸਿੱਧੂ ਵਰਗੇ ਬਿਪਰਵਾਦੀ ਨੁੱਕਰੇ ਘੋੜੇ ਤੇ ਚੜ੍ਹਕੇ ਭੰਗਾਣੀ ਦਾ ਯੁੱਧ ਰਚਾਉਣ ਦੀ ਤਿਆਰੀ ਕੀਤੀ ਹੈ।

ਆਰ. ਐਸ.ਐਸ. ਨੇ ਮੋਦੀ ਬ੍ਰੈਂਡ ਦੇ ਸਹਾਰੇ ਸਾਰਾ ਭਾਰਤ ਜਿੱਤ ਲਿਆ ਹੈ, ਅਤੇ ਹੁਣ ਦਿੱਲੀ ਕਸ਼ਮੀਰ ਤੇ ਪੰਜਾਬ ਤੇ ਝੰਡੇ ਗੱਡਣੇ ਬਾਕੀ ਹਨ ਜੋ ਦਿੱਲੀ ਕਤਲੇਆਮ ਦੇ ਸਿੱਖਾਂ ਨੂੰ ਮੁਆਵਜ਼ੇ ਦੇਣ ਦੀ ਗੱਲ ਹੈ ਇਹ ਸਾਡੀ ਹਮਦਰਦੀ ਨਹੀਂ ਇਹ ਤਾਂ ਦਿੱਲੀ, ਕਸ਼ਮੀਰ ਵਿਚ ਸਿੱਖਾਂ ਦੀਆਂ ਵੋਟਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਦਾ ਇੱਕ ਮਨਸੂਬਾ ਹੈ ਅਤੇ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਦੇ ਨਿਕੱਦੇ ਟੱਟੂ (ਅਕਾਲੀ ਦਲ) ਦੀ ਸਵਾਰੀ ਕਰਨ ਦੀ ਬਜਾਇ ਆਪਣਾ ਵਿਜੇ ਰਥ ਬਣਾਉਣ ਵਾਸਤੇ ਬੀ.ਜੇ.ਪੀ. ਦੀ ਸਿੱਧੀ ਸ਼ਾਖ਼ ਕਾਇਮ ਕਰਨ ਦੀ ਸਾਜ਼ਿਸ਼ ਅਧੀਨ ਸਿੱਖਾਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਹੈ। ਸਿੱਖ ਭੋਲੇ ਵੀ ਹਨ ਤੇ ਭਰੋਸਾ ਵੀ ਬਹੁਤ ਛੇਤੀ ਕਰਦੇ ਹਨ ਸੰਘ ਦੇ ਵਰਕਰ ਆਮ ਪਿੰਡਾਂ ਵਿਚ ਖੁੰਢ ਚਰਚਾ ਚਲਾ ਦੇਣਗੇ, ਵੇਖੋ ਜੀ ਤੀਹ ਸਾਲਾਂ ਵਿਚ ਦਿੱਲੀ ਕਤਲੇਆਮ ਦੇ ਪੀੜਤਾਂ ਨੂੰ ਕਿਸੇ ਨੇ ਫੁੱਟੀ ਕੌਡੀ ਨਹੀਂ ਦਿੱਤੀ ਮੋਦੀ ਜੀ ਨੇ ਆਉਂਦਿਆਂ ਹੀ ਗੱਫੇ ਦੇ ਦਿੱਤੇ ਹਨ ਕੌਣ ਕਹਿੰਦਾ ਹੈ ਕਿ ਮੋਦੀ ਜਾਂ ਬੀ.ਜੇ.ਪੀ. ਸਿੱਖ ਵਿਰੋਧੀ ਹੈ ?

ਮੈਂ ਇਹ ਨਹੀਂ ਕਹਿੰਦਾ ਕਿ ਪੀੜਤਾਂ ਨੂੰ ਮਦਦ ਦੇ ਕੇ ਮੋਦੀ ਨੇ ਕੋਈ ਗੁਨਾਹ ਕੀਤਾ ਹੈ ਇੱਕ ਪ੍ਰਧਾਨ ਮੰਤਰੀ ਉਨ੍ਹਾਂ ਦਾ ਇਹ ਹੱਕ ਹੈ, ਪਰ ਨੀਅਤ ਸਾਫ਼ ਹੋਣੀ ਲਾਜ਼ਮੀ ਹੈ, ਉਂਜ ਤਾਂ ਬੱਕਰੇ ਨੂੰ ਮੁਸਲਿਮ ਭਰਾ ਬਦਾਮ ਤੱਕ ਵੀ ਖਟਾਉਂਦੇ ਹਨ, ਪਰ ਪਤਾ ਤਾਂ ਬਕਰੀਦ ਦੇ ਦਿਨ ਲਗਦਾ ਹੈ ਜਦੋਂ ਛੁਰੀ ਗਰਦਨ ਤੇ ਆ ਟਿਕਦੀ ਹੈ ਇਹ ਕੋਈ ਮਸਲਾ ਨਹੀਂ ਸਾਡੇ ਨਾਲ ਹੋਈ ਇੱਕ ਵਧੀਕੀ ਸੀ ਮੁਆਵਜ਼ਾ ਸਦਾ ਹੱਕ ਹੈ। ਪਰ ਨਿਆਂ ਉਸ ਤੋਂ ਵੀ ਪਹਿਲਾਂ ਹੈ, ਦਰਬਾਰ ਸਾਹਿਬ ਦਾ ਫ਼ੌਜੀ ਹਮਲਾ ਜਾਂ ਦਿੱਲੀ ਦਾ ਸਿੱਖ ਕਤਲੇਆਮ ਸਾਡੀ ਮੰਗ ਨਹੀਂ ਸੀ ਇਹ ਸਾਨੂੰ ਭਾਰਤੀ ਨਿਜ਼ਾਮ ਨੇ ਦਿੱਤਾ ਹੈ ਕਾਸ਼ ! ਇਸ ਹਕੂਮਤ ਦੀ ਨੀਅਤ ਪਹਿਲੇ ਦਿਨੋਂ ਹੀ ਸਾਫ਼ ਹੁੰਦੀ ਅਤੇ 1929 ਦੀ ਰਾਵੀ ਕਾਨਫ਼ਰੰਸ ਵਿਚ ਨਹਿਰੂ, ਗਾਂਧੀ, ਪਟੇਲ ਵੱਲੋਂ ਸਿੱਖ ਕੌਮ ਨਾਲ ਕੀਤੇ ਵਾਅਦੇ ਵਫ਼ਾ ਹੋ ਜਾਂਦੇ ਤਾਂ ਨਾ ਕਦੇ ਮੋਰਚਾ ਲੱਗਣਾ ਸੀ ਨਾ ਕੋਈ ਭਿੰਡਰਾਂਵਾਲਾ ਪੈਦਾ ਹੋਣਾ ਸੀ, ਨਾ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਦੀ ਲੋੜ ਸੀ, ਨਾ ਇੰਦਰਾ ਗਾਂਧੀ ਨੂੰ ਕਿਸੇ ਨੇ ਮਾਰਨਾ ਸੀ ਤੇ ਨਾ ਹੀ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਹੋਣਾ ਸੀ ਫਿਰ ਅੱਜ ਮੋਦੀ ਜੀ ਨੂੰ ਮੁਆਵਜ਼ੇ ਦੇ ਕੇ ਰਾਜਾ ਹਰੀਸ਼ ਚੰਦਰ ਬਣਨ ਦੀ ਵੀ ਲੋੜ ਨਹੀਂ ਸੀ।

ਸਾਡੀਆਂ ਮੰਗਾਂ ਅੱਜ ਵੀ ਓਥੇ ਹੀ ਖੜੀਆਂ ਲਟਕ ਰਹੀਆਂ ਹਨ, ਸੂਬਿਆਂ ਵਾਸਤੇ ਵਧ ਅਧਿਕਾਰ, ਪੰਜਾਬ ਦਾ ਪਾਣੀ, ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਧਾਰਾ 25 ਕੁੱਝ ਵੀ ਬਦਲਿਆ ਨਹੀਂ, ਇਹ ਜੋ ਹੋ ਰਿਹਾ ਹੈ ਸਰਕਾਰਾਂ ਵੱਲੋਂ ਸਾਨੂੰ ਦਬਾਉਣ ਵਾਸਤੇ ਕੀਤੇ ਜ਼ੁਲਮਾਂ ਦੀ ਮੈਲ ਧੋਤੀ ਜਾ ਰਹੀ ਹੈ ਪਰ ਉਹ ਵੀ ਸਾਫ਼ ਨੀਤੀ ਨਾਲ ਨਹੀਂ ਮਲ੍ਹਮ ਵਿਚ ਤਿਜ਼ਾਬ ਮਿਲਾ ਕੇ ਲਾਉਣ ਦੀ ਨੀਤੀ ਹੈ ਸਿੱਖਾਂ ਨੂੰ ਅਵੇਸਲੇ ਕਰਕੇ ਐਸ.ਵਾਈ.ਐਲ. ਨਹਿਰ ਬਣਾਉਣੀ ਹੈ ਇਸ ਕਰਕੇ ਹੀ ਰਜੀਵ ਲੌਂਗੋਵਾਲ ਸਮਝੌਤੇ ਨੂੰ ਕਬਰ ਵਿਚੋਂ ਕਢਕੇ ਅਤਰ ਫੁਲੇਲ ਲਾਏ ਜਾ ਰਹੇ ਤਾਂ ਕਿ ਸਿੱਖ ਤੇ ਪੰਜਾਬੀ ਪ੍ਰਵਾਨ ਕਰ ਲੈਣ ਤੇ ਨਹਿਰ ਦਾ ਕੰਮ ਸ਼ੁਰੂ ਹੋ ਜਾਵੇ।

ਸੋ ਕਰੋ ਸਵਾਗਤ ਮੋਦੀ ਜੀ ਦਾ ਮੁਆਵਜ਼ਾ ਦਿੱਤਾ ਹੈ, ਮੈਂ ਵੀ ਧੰਨਵਾਦੀ ਹਾਂ, ਪਰ ਸਿੱਖਾਂ ਦਾ ਮਸਲਾ ਇਸ ਨਾਲ ਹੱਲ ਨਹੀਂ ਹੋਇਆ। ਦਿੱਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਓ, ਬੇ ਗੁਨਾਹ ਸਿੱਖ ਜੋ ਜੇਲ੍ਹਾਂ ਵਿਚ ਬੈਠੇ ਹਨ ਜਾਂ ਭਾਈ ਗਜਿੰਦਰ ਸਿੰਘ ਵਰਗੇ ਹਜ਼ਾਰਾਂ ਸਿੱਖ ਕਾਲੀ ਸੂਚੀ ਦੇ ਨਾਮ ਤੇ ਜਲਾਵਤਨ ਕੀਤੇ ਹੋਏ ਹਨ, ਉਨ੍ਹਾਂ ਦੀ ਇੱਜ਼ਤ ਵਾਲੀ ਵਾਪਸੀ ਬਣਾਓ ਅਤੇ ਜੇ ਸਿੱਖਾਂ ਵਾਸਤੇ ਕੁੱਝ ਕਰਨ ਦੀ ਹੀ ਇੱਛਾ ਹੈ, ਤਾਂ ਫਿਰ 1929 ਦੀ ਰਾਵੀ ਕਾਨਫ਼ਰੰਸ ਦੇ ਫ਼ੈਸਲਿਆਂ ਨੂੰ ਲਾਗੂ ਕਰੋ ਮੋਦੀ ਜੀ ! ਸਿੱਖ ਭੀਖ ਨਹੀਂ ਸਿੱਖ ਹੱਕ ਮੰਗਦੇ ਹਨ, ਪੈਸੇ ਦੀ ਰਾਹਤ ਵੀ ਜ਼ਰੂਰੀ ਸੀ, ਪਰ ਦੋਸ਼ੀਆਂ ਨੂੰ ਸਜਾਵਾਂ ਦਿੱਤੇ ਬਿਨਾਂ ਕਲੰਕ ਨਹੀਂ ਲੱਥਣਾ।

ਮੋਦੀ ਜੀ ! ਕਦੇ ਸੋਨੇ ਚਾਂਦੀ ਦੀਆਂ ਪੱਟੀਆਂ ਨਾਲ ਦਹਾਕਿਆਂ ਤੋਂ ਰਿਸਦੇ ਸੀਨੇ ਦੇ ਜ਼ਖਮ ਰਾਜ਼ੀ ਨਹੀਂ ਹੁੰਦੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top