Share on Facebook

Main News Page

ਭਾਜਪਾ ਕੌਂਸਲਰ ਨੇ ਕੀਤੀ ਥਾਣੇਦਾਰ ਨਾਲ ਬਦਤਮੀਜੀ, ਥਾਣੇਦਾਰ ਸਮੇਤ ਸਾਰੀ ਟੀਮ ਸਸਪੈਂਡ

ਅੰਮ੍ਰਿਤਸਰ 5 ਨਵੰਬਰ (ਜਸਬੀਰ ਸਿੰਘ) ਸਥਾਨਕ ਬੱਸ ਸਟੈਂਡ ਵਿਖੇ ਪੰਜਾਬ ਤੇ ਕੇਂਦਰ ਦੀ ਹਾਕਮ ਧਿਰ ਭਾਜਪਾ ਵੱਲੋਂ ਇੱਕ ਥਾਣੇਦਾਰ ਦੀ ਕੁੱਟਮਾਰ ਕਰਨ ਦੀਆਂ ਲੱਗੀਆਂ ਖਬਰਾਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ ਸੀ, ਕਿ ਅੱਜ ਇੱਕ ਵਾਰੀ ਫਿਰ ਸੱਤਾ ਦੇ ਨਸ਼ੇ ਵਿੱਚ ਵਾਰਡ ਨੰਬਰ ਇੱਕੀ ਤੋਂ ਭਾਜਪਾ ਕੌਸਲਰ ਸੁਰੇਸ਼ ਮਹਾਜਨ ਤੇ ਉਸਦੇ ਸਾਥੀਆਂ ਨੇ ਕੀਤੀ ਟਰੈਫਿਕ ਪੁਲੀਸ ਦੇ ਐਸ.ਆਈ ਬਲਦੇਵ ਰਾਜ ਨਾਲ ਹੱਥੋਪਾਈ ਤੇ ਪਾੜੀ ਵਰਦੀ, ਉਲਟਾ ਏ.ਡੀ.ਸੀ.ਪੀ ਬਲਕਾਰ ਸਿੰਘ ਦੇ ਆਦੇਸ਼ਾਂ ‘ਤੇ ਥਾਣੇਦਾਰ ਤੇ ਉਸ ਦੇ ਸਾਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਪਿਹਰ ਕਰੀਬ ਢਾਈ ਵਜੇ ਐਸ.ਆਈ ਬਲਦੇਵ ਰਾਜ ਤੇ ਉਸ ਦੇ ਸਾਥੀ ਸੰਤ ਸਿੰਘ ਸੁੱਖਾ ਸਿੰਘ ਸਕੂਲ ਚੌਕ ਵਿਖੇ ਨਿਯਮਾਂ ਦੀ ਉਲੰਘਣਾ ਕਰ ਰਹੇ ਵਿਅਕਤੀਆਂ ਦੇ ਚਲਾਨ ਕੱਟ ਰਹੇ ਸਨ, ਜਿਸ ਵਿਰੋਧ 21 ਨੰਬਰ ਵਾਰਡ ਭਾਜਪਾਈ ਕੌਂਸਲਰ ਮਹਾਜਨ ਨੇ ਕੀਤਾ। ਦੋਹਾਂ ਵਿੱਚਕਾਰ ਟਕਰਾਅ ਇਥੋਂ ਤੱਕ ਵੱਧ ਗਿਆ ਕਿ ਬਲਦੇਵ ਰਾਜ ਨੂੰ ਮਹਾਜਨ ਨੇ ਆਪਣੇ ਸਾਥੀਆਂ ਨਾਲ ਸੱਤਾ ਦੇ ਨਸ਼ੇ ਵਿੱਚ ਗਾਲੀ ਗਲੌਚ ਵੀ ਕਰ ਦਿੱਤਾ ਤੇ ਉਸ ਦੀ ਵਰਦੀ ਵੀ ਪਾੜ ਦਿੱਤੀ, ਜਿਸ ਸਬੰਧੀ ਜਦੋਂ ਪੁਲੀਸ ਵਾਲਿਆਂ ਨੇ ਏ.ਸੀ.ਪੀ ਟਰੈਫਿਕ ਇੱਕ ਆਈ.ਪੀ ਸੀ ਅਧਿਕਾਰੀ ਨਿਰਮਲ ਧੂਮਲੇ ਨੂੰ ਦੱਸਿਆ ਤਾਂ ਉਸ ਨੇ ਪੁਲੀਸ ਨੂੰ ਆਦੇਸ਼ ਦੇ ਦਿੱਤੇ ਕਿ ਕਾਨੂੰਨ ਨੂੰ ਹੱਥ ਪਾਉਣ ਵਾਲੇ ਇਸ ਕੌਸਲਰ ਨੂੰ ਗੱਡੀ ਵਿੱਚ ਸੁੱਟ ਕੇ ਉਹਨਾਂ ਦੇ ਦਫਤਰ ਵਿੱਚ ਪੇਸ਼ ਕੀਤਾ ਜਾਵੇ। ਪੁਲੀਸ ਨੇ ਇਸ ਗੁਜਰਾਤੀ ਬਾਬੂ ਦੇ ਆਦੇਸ਼ਾਂ 'ਤੇ ਤੁਰੰਤ ਮਹਾਜਨ ਨੂੰ ਮੁਰਦਿਆਂ ਦੀ ਤਰ੍ਹਾਂ ਚੁੱਕਿਆ ਤੇ ਗੱਡੀ ਵਿੱਚ ਸੁੱਟ ਕੇ ਏ.ਸੀ.ਪੀ ਕੋਲ ਲੈ ਗਏ। ਹਾਲੇ ਪੁੱਛ ਪੜਤਾਲ ਦਾ ਸਿਲਸਿਲਾ ਸ਼ੁਰੂ ਹੋਣ ਹੀ ਵਾਲਾ ਸੀ ਕਿ ਭਾਜਪਾਈ ਆਗੂ ਵੱਡੀ ਗਿਣਤੀ ਵਿੱਚ ਪੁੱਜ ਗਏ, ਉਹਨਾਂ ਨੇ ਵੀ ਆਪਣੇ ਕੌਂਸਲਰ ਦੀ ਪਿੱਠ ਪੂਰਦਿਆਂ ਏ.ਸੀ.ਪੀ ਨਾਲ ਨਜਿੱਠ ਲੈਣ ਦੀ ਧਮਕੀ ਦਿੱਤੀ।

ਮਾਮਲਾ ਵਿਗੜਦਾ ਵੇਖ ਕੇ ਏ.ਡੀ.ਸੀ.ਪੀ. ਸ੍ਰੀ ਬਲਕਾਰ ਸਿੰਘ ਮੌਕੇ 'ਤੇ ਆ ਗਏ ਤੇ ਉਹਨਾਂ ਨੇ ਭਾਜਪਾਈ ਆਗੂਆਂ ਨੂੰ ਸ਼ਾਤ ਕੀਤਾ ਤੇ ਏ.ਐਸ.ਆਈ ਬਲਦੇਵ ਰਾਜ ਤੇ ਉਸ ਦੇ ਨਾਲ ਲੱਗੇ ਹੋਰ ਸਟਾਫ ਨੂੰ ਮੁਅੱਤਲ ਕਰ ਦਿੱਤਾ ਤੇ ਮਹਾਜਨ ਕੌਂਸਲਰ ਨੂੰ ਛੱਡ ਦਿੱਤਾ ਗਿਆ।

ਇਸ ਘਟਨਾ ਤੋਂ ਬਾਅਦ ਭਾਜਪਾਈਆਂ ਨੇ ਤੁਰੰਤ ਇੱਕ ਮੀਟਿੰਗ ਬੁਲਾ ਲਈ ਜਿਥੇ ਘਟਨਾ ਦੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ, ਉਥੇ ਏ.ਸੀ.ਪੀ ਦੇ ਵਿਰੁੱਧ ਕਾਰਵਾਈ ਵੀ ਕਰਨ ਦੀ ਮੰਗ ਕੀਤੀ ਗਈ। ਮਾਮਲਾ ਜਦੋਂ ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਦੇ ਨੋਟਿਸ ਵਿੱਚ ਲਿਆਂਦਾ ਗਿਆ, ਤਾਂ ਉਹਨਾਂ ਨੇ ਭਾਜਪਾਈ ਆਗੂਆਂ ਨੂੰ ਸ਼ਾਂਤ ਕਰਦਿਆਂ ਕੋਈ ਐਕਸ਼ਨ ਭਲਕੇ ਤੱਕ ਮੁਲਤਵੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਤੇ ਭਲਕੇ ਸ੍ਰੀ ਸ਼ਰਮਾ ਹਾਲਾਤਾਂ ਦਾ ਜਾਇਜਾ ਲੈਣ ਖੁਦ ਅੰਮ੍ਰਿਤਸਰ ਆ ਰਹੇ ਹਨ। ਭਾਜਪਾਈਆਂ ਦੇ ਸੂਤਰਾਂ ਤੇ ਮਿਲੀ ਜਾਣਕਾਰੀ ਅਨੁਸਾਰ ਜਿੰਨਾ ਚਿਰ ਤੱਕ ਏ.ਸੀ.ਪੀ ਦਾ ਤਬਾਦਲਾ ਨਹੀਂ ਕੀਤਾ ਜਾਂਦਾ, ਉਨਾਂ ਚਿਰ ਤੱਕ ਉਹ ਸ਼ਾਂਤ ਨਹੀਂ ਬੈਠਣਗੇ ਅਤੇ ਪੁਲੀਸ ਵਿੱਚ ਵੱਧ ਰਹੀ ਗੁੰਡਾਗਰਦੀ ਨੂੰ ਠੱਲ ਪਾ ਕੇ ਹੀ ਸਾਹ ਲੈਣਗੇ।

ਕੈਪਸ਼ਨ ਫੋਟੋ: ਭਾਜਪਾ ਕੌਂਸਲਰ ਤੇ ਉਸ ਦੇ ਸਾਥੀ ਐਸ.ਆਈ ਬਲਦੇਵ ਰਾਜ ਨੂੰ ਗਿਰੇਬਾਨ ਤੋਂ ਫੜਨ ਦੀ ਕੋਸ਼ਿਸ਼ ਕਰਦੇ ਹੋਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top