Share on Facebook

Main News Page

ਗੁਰੂ ਨਾਨਕ ਸਾਹਿਬ ਦੀ ਓਅੰਕਾਰੇਸ਼੍ਵਰ ਗੋਸ਼ਟੀ ਤੇ ਪ੍ਰਚਾਰ ਜੁਗਤਿ
-: ਜਗਤਾਰ ਸਿੰਘ ਜਾਚਕ 

ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਆਗਮਨ ਸਮੇਂ ਤਕ ਦੇਵ-ਪੂਜਾ ਦਾ ਪ੍ਰਭਾਵ ਇਤਨਾ ਵਧ ਗਿਆ ਸੀ ਕਿ ਸ਼ਿਵ-ਲਿੰਗ ਦੀ ਮੂਰਤੀ ਵੀ ‘ਓਅੰਕਾਰ‘ ਮਿਥ ਕੇ ਪੂਜੀ ਜਾਣ ਲਗੀ । ਗੁਰਬਾਣੀ ਤੇ ਗੁਰਇਤਹਾਸ ਨਾਲ ਸਬੰਧਤ ਅਗੇ ਲਿਖਿਆ ਜਾਣ ਵਾਲਾ ਪ੍ਰਸੰਗ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਭਾਰਤ ਦੇ ਦੱਖਣ ਵਿਚ, ਇੰਦੌਰ ਤੋਂ ਲਗਭਗ 70 ਕੁ ਮੀਲ ਦੀ ਦੂਰੀ ਤੇ ਨਰਬਦਾ ਨਦੀ ਦੇ ਕਿਨਾਰੇ ‘ਓਅੰਕਾਰੇਸ਼੍ਵਰ‘ ਨਾਮੀ ਇਕ ਬਹੁ ਪ੍ਰਾਚੀਨ ਤੇ ਪ੍ਰਸਿਧ ਹਿੰਦੂ ਮੰਦਰ ਹੈ । ਇਕ ਪਥਰੀਲੇ ਪਹਾੜ ਨੂੰ ਖੋਦ ਕੇ ਬਣਾਇਆ ਗਿਆ ਇਹ ਮੰਦਰ, ਭਾਰਤੀ ਸ਼ਿਲਪ-ਕਲਾ ਦਾ ਇਕ ਅਤਿ ਸੁੰਦਰ ਨਮੂਨਾ ਹੈ। ਇਸ ਦੇ ਨਾਲ ਹੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਇਥੇ ਪਹੁੰਚਣ ਅਤੇ ਮੰਦਰ ਦੇ ਪੰਡਿਆਂ ਨਾਲ ਗੋਸ਼ਿਟ ਕਰਨ ਦੀ ਯਾਦ ਵਿਚ ਗੁਰਦੁਆਰਾ ਵੀ ਸਥਾਪਿਤ ਹੈ। ਉਸ ਸਮੇਂ ‘ਓਅੰਕਾਰ‘ ਸ਼ਬਦ ਦੀ ਹੋ ਰਹੀ ਗਲਤ ਵਰਤੋਂ ਨੂੰ ਪ੍ਰਗਟਾਉਣ ਅਤੇ ‘ਓਅੰਕਾਰ‘ ਬਾਰੇ ਗੁਰੂ-ਨਾਨਕ ਦ੍ਰਿਸ਼ਟੀਕੋਨ ਨੂੰ ਦਰਸਾਉਣ ਹਿਤ, ਇਸ ਵਿਚਾਰ ਗੋਸ਼ਟੀ ਦਾ ਕੁਝ ਭਾਗ ਪਾਠਕਾਂ ਨਾਲ ਸਾਂਝਾ ਕਰਨਾ ਅਤਿਅੰਤ ਜ਼ਰੂਰੀ ਹੈ ।

ਕਥਾ ਹੈ ਕਿ ਗੁਰਦੇਵ ਜੀ ਮਹਾਰਾਜ, ਜਦ ਸੰਗਲਾਦੀਪ ਤੋਂ ਵਾਪਸ ਪਰਤਦੇ, ਸੋਮਨਾਥ ਤੇ ਦੁਆਰਕਾ ਪੁਰੀ ਹੁੰਦੇ ਹੋਏ ਸੰਨ 1514 ਵਿਚ ਇਥੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਲੋਕ ਮੰਦਰ ਵਿਚ ਸਥਾਪਿਤ ਸ਼ਿਵਲਿੰਗ ਦੀ ਮੂਰਤੀ ਨੂੰ ਹੀ ‘ਓਅੰਕਾਰ‘ ਮਿਥ ਕੇ ਪੂਜਾ ਕਰ ਰਹੇ ਹਨ। ਮੰਦਰ ਦੀ ਪਾਠਸ਼ਾਲਾ ਦੇ ਵਿਦਿਆਰਥੀ, ਭਾਵੇਂ, ਪਟੀਆਂ ਉਪਰ ‘ਓਅੰ-ਨਮਹ‘ ਲਿਖਦੇ ਲਿਖਾਂਦੇ ਹਨ, ਪਰ ਉਹ ਭੀ ਸ਼ਿਵ ਮੂਰਤੀ ਨੂੰ ਹੀ ‘ਓਅੰ‘ (ਪਰਮਾਤਮਾਂ) ਸਮਝ ਰਹੇ ਹਨ । ਜਦ ਕਿ ‘ਓਅੰ ਨਮਹ‘ ਦਾ ਅਰਥ ਹੈ: ਓਅੰ ਨੂੰ ਨਮਸ਼ਕਾਰ; ਪਰਮਾਤਮਾਂ ਨੂੰ ਨਮਸ਼ਕਾਰ। ਕਿਉਂਕਿ, ਸੰਸਕ੍ਰਿਤ ਦੇ ਧਾਤੂ ‘ਅਵ‘ ਦੇ ਅੰਤ ਵਿਚ ‘ਮਨ‘ ਪ੍ਰਤਯ ਆਵਣ ਨਾਲ ਸ਼ਬਦ ‘ਓਅੰ‘ ਹੋਂਦ ਵਿਚ ਆਇਆ ਹੈ । ਧਾਤੂ ‘ਅਵ‘ ਦਾ ਅਰਥ ਹੈ ‘ਰਖਿਆ ਕਰਨਾ‘, ਬਚਾਉਣਾ, ਤ੍ਰਿਪਤ ਹੋਣਾ ਅਤੇ ਫੈਲਣਾ ਆਦਿ । ਇਸ ਪ੍ਰਕਾਰ ‘ਓਅੰ‘ ਪਦ ਸਭ ਦੀ ਰਖਿਆ ਕਰਨ ਵਾਲੇ ਕਰਤਾਰ ਦਾ ਬੋਧਕ ਬਣਦਾ ਹੈ।

ਸਤਿਗੁਰੂ ਜੀ ਨੇ ਇਸ ਅਸਥਾਨ ਉੱਤੇ ਪੰਡੇ ਪੁਜਾਰੀਆਂ ਵਲੋਂ ‘ਓਅੰਕਾਰ‘ ਪਦ ਦੀ ਗਲਤ ਵਿਆਖਿਆ ਕਰਕੇ ਪਾਏ ਜਾ ਰਹੇ ਭੁਲੇਖੇ ਨੂੰ ਦੂਰ ਕਰਨ ਅਤੇ ਵਿਦਿਆ ਪ੍ਰਾਪਤੀ ਦਾ ਮਨੋਰਥ ਸਮਝਾਉਣ ਲਈ ਉਪਦੇਸ਼ ਦਿੰਦਿਆਂ ‘ਓਅੰਕਾਰੁ‘ ਦੇ ਸਿਰਲੇਖ ਹੇਠ ਇਕ ਵਿਸ਼ੇਸ਼ ਬਾਣੀ ਭੀ ਉਚਾਰਨ ਕੀਤੀ । ਸਾਡੇ ਚੰਗੇ ਭਾਗਾਂ ਨੂੰ ਇਹ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਰਾਮਕਲੀ ਰਾਗ ਵਿਚ ਅੰਕਤ ਹੈ । ਇਸ ਇਲਾਹੀ ਰਚਨਾ ਦੇ ਕੁਲ ਚੁਰੰਜਾ (54) ਪਦੇ ਹਨ, ਜਿਨ੍ਹਾਂ ਨੂੰ ਧਿਆਨ ਪੂਰਵਕ ਵਿਚਾਰਿਆਂ ਨਿਸ਼ਚੇ ਹੁੰਦਾ ਹੈ ਕਿ ਹਜ਼ੂਰ ਨੇ ਪਹਿਲਾਂ ਧੀਰਜ ਸਹਿਤ ਪੰਡਿਆਂ ਦੀ ਗਲਬਾਤ ਸੁਣੀ ਅਤੇ ਫਿਰ ਆਪਣੀ ਨੀਯਤ ਪ੍ਰਚਾਰ-ਜੁਗਤਿ ਅਨੁਸਾਰ ਉਹਨਾਂ ਦੇ ਹੀ ਵਿਸ਼ਵਾਸ਼ ਨੂੰ ਅਧਾਰ ਬਣਾ ਕੇ ਨਿਰੰਕਾਰ ਨੂੰ ਵਡਿਆਉਣ ਦੀ ਸੁਚੱਜੀ ਜੁਗਤਿ ਨੂੰ ਅਪਨਾਇਆ ਹੈ।

ਕਹਿੰਦੇ ਹਨ ਕਿ ਜਦ ਗੋਸ਼ਟ ਸ਼ੁਰੂ ਹੋਈ ਤਾਂ ਝੂਠ ਰੂਪ ਮੁਲੰਮੇ ਨੂੰ ਭੀ ਸੋਨੇ ਦੇ ਅਸਲੀ ਗਹਿਣਿਆਂ ਵਾਂਗ ਚਮਕਾਅ ਕੇ ਪੇਸ਼ ਕਰਨ ਦੀ ਕਲਾ ਵਿਚ ਪ੍ਰਬੀਨ ਪੰਡਿਆਂ ਨੂੰ ਗੁਰਦੇਵ ਜੀ ਪੁਛਿਆ ਕਿ ਭਾਈ ! ਮੰਦਰ ਦੇ ਬਾਹਰ ਨਾਮ ਲਿਖਿਆ ਹੈ ‘ਓਅੰਕਾਰੇਸ਼੍ਵਰ‘। ਜਿਸ ਦਾ ਅਰਥ ਹੈ, ‘ਓਅੰਕਾਰ ਈਸ਼ਵਰ‘। ਮੰਦਰ ਦੇ ਅੰਦਰ ਪੂਜਾ ਹੋ ਰਹੀ ਹੈ ਸ਼ਿਵਲਿੰਗ ਦੀ । ਇਸ ਤੋਂ ਇਹੀ ਸਮਝ ਪੈਂਦੀ ਹੈ ਕਿ ਤੁਸੀ ਇਸ ਸ਼ਿਵ-ਮੂਰਤੀ ਨੂੰ ਹੀ ‘ਓਅੰਕਾਰ‘ ਮਿਥ ਰਹੇ ਹੋ । ਭਾਵ, ਤੁਹਾਡੇ ਲਈ ਸ਼ਿਵਲਿੰਗ ਹੀ ਈਸ਼ਵਰ ਹੈ। ਕੀ, ‘ਓਅੰਕਾਰ‘ ਸ਼ਬਦ ਦੀ ਇਸ ਪ੍ਰਕਾਰ ਵਰਤੋਂ ਕਰਨੀ ਵੇਦਿਕ ਮਤ ਦੇ ਅਨਕੂਲ ਹੈ ? ਕੀ ਤੁਸੀਂ ਇਸ ਸਬੰਧੀ ਕੋਈ ਵੇਦ-ਵਾਕ ਪ੍ਰਮਾਣ ਵਜੋਂ ਦੇ ਸਕਦੇ ਹੋ ? ਕਿਉਂਕਿ, ਤੁਹਾਡੇ ਵਿਸ਼ਵਾਸ਼ ਮੁਤਾਬਿਕ ਵੇਦ-ਵਾਕ ਹੀ ਨਿਰਣਾਇਕ ਪ੍ਰਮਾਣ ਮੰਨਿਆਂ ਜਾਂਦਾ ਹੈ।

ਗੁਰਦੇਵ ਜੀ ਮਹਾਰਾਜ ਵਲੋਂ ਕੀਤੇ ਸੁਆਲਾਂ ਦੇ ਉਤਰ ਵਿਚ ਜਦ ਪੰਡਿਆਂ ਨੂੰ ਪ੍ਰਮਾਣ ਲਈ ਕੋਈ ਵੇਦ-ਵਾਕ ਜਾਂ ਉਪਨਿਸ਼ਦ-ਵਾਕ ਨਾ ਸੁਝਿਆ ਤਾਂ ਉਹਨਾਂ ‘ਸ਼ਿਵ ਪੁਰਾਣ‘ ਦੀ ਕਥਾ ਨੂੰ ਅਧਾਰ ਬਣਾਇਆ। ਕਿਉਂਕਿ ‘ਸ਼ਿਵ ਪੁਰਾਣ‘‘ ਦੇ ਉਤਰਾਰਧ ਵਿਚਲੇ ਸਤਵੇਂ ਖੰਡ ਦੇ ਅਧਿਆਇ 58 ਵਿਚ ਸ਼ਿਵ ਜੀ ਦੇ ਦ੍ਵਾਦਸ਼ (12 ) ਜਯੋਤੀ ਲਿੰਗਾਂ ਦਾ ਵਿਸਥਾਰ ਪੂਰਵਕ ਵਰਨਣ ਹੈ, ਜਿਨਾਂ ਵਿਚੋਂ ਇੱਕ ‘ਓਅੰਕਾਰੇਸ਼੍ਵਰ‘ ਹੈ। ਉਹਨਾਂ ਦਸਿਆ ‘ਓਅੰਕਾਰ‘ ਸ਼ਿਵ ਜੀ ਭਗਵਾਨ ਦੇ ਚੌਥੇ ਅਵਤਾਰ ਸਨ, ਜੋ ‘ਵਿੰਧ‘ ਦਾ ਉਧਾਰ ਕਰਨ ਉਪਰੰਤ ਇਸ ਅਸਥਾਨ ਤੇ ਜਯੋਤੀ ਲਿੰਗ ਦੇ ਰੂਪ ਵਿਚ ਸਥਿਤ ਹੋ ਗਏ । ਇਸ ਕਰਕੇ ਹੀ ਇਸ ਮੰਦਰ ਦਾ ਨਾਮ ‘ਓਅੰਕਾਰੇਸ਼੍ਵਰ‘ ਹੈ ਅਤੇ ਇਥੇ ਸ਼ਿਵ-ਲਿੰਗ ਨੂੰ ‘ਓਅੰਕਾਰ‘ ਮਿਥ ਕੇ ਪੂਜਿਆ ਜਾ ਰਿਹਾ ਹੈ । ਪੰਡਤਾਂ ਨੇ ਇਹ ਭੀ ਦਸਿਆ ਕਿ ਸ਼ਿਵ-ਪੁਰਾਣ ਦੀ ਇਹ ਕਥਾ ‘ਬ੍ਰਹਮਾ‘ ਜੀ ਨੇ ਆਪਣੇ ਸਪੁਤਰ ‘ਨਾਰਦ‘ ਮੁਨੀ ਨੂੰ ਸੁਣਾਈ ਸੀ।

ਗੁਰਦੇਵ ਜੀ ਸਮਝ ਗਏ ਕਿ ‘ਸ਼ਿਵ ਪੁਰਾਣ‘ ਵਿਚਲੀ ਉਪਰੋਕਤ ਕਥਾ, ਸ਼ਿਵ ਜੀ ਦੇ ਕਿਸੇ ਉਪਾਸ਼ਕ ਦੀ ਕਪੋਲ ਕਲਪਨਾ ਹੈ ਅਤੇ ਉਹਨੇ ਆਪਣੇ ਇਸ਼ਟ ਸ਼ਿਵ ਜੀ ਨੂੰ ਸਿਰਮੌਰ ਦਰਸਾਉਣ ਅਤੇ ਤੀਰਥ ਦਾ ਮਹਤਵ ਬਨਾਉਣ ਲਈ ‘ਓਅੰਕਾਰ‘ ਸ਼ਬਦ ਦੀ ਵਰਤੋਂ ਕਰਕੇ ਅਜਿਹੀ ਘਾੜਤ ਘੜ ਲਈ ਹੈ । ਇਸ ਲਈ ਉਹਨਾਂ ਨੇ ਪੰਡਿਆਂ ਦਾ ਉੱਤਰ ਸੁਣ ਕੇ ਆਖਿਆ ਕਿ ਇਹ ਗੱਲ ਭਲੀਭਾਂਤ ਸਪਸ਼ਟ ਹੋ ਗਈ ਹੈ ਕਿ ਤੁਹਾਡੇ ਇਸ ਵਿਸ਼ਵਾਸ਼ ਦਾ ਅਧਾਰ ਪੁਰਾਣਕ ਕਥਾ ਹੈ, ਨਾ ਕਿ ਕੋਈ ਵੇਦ ਵਾਕ । ਪਰ ਹੁਣ ਇਹ ਦਸੋ ਕਿ ਜਿਹੜਾ ਮੰਗਲਮਈ ਵੇਦ-ਵਾਕ ‘ਓਅੰ ਨਮਹ‘, ਤੁਸੀਂ ਵਿਦਿਆਰਥੀਆਂ ਦੀਆਂ ਪੱਟੀਆਂ ਤੇ ਲਿਖਦੇ ਲਿਖਾਂਦੇ ਹੋ, ਕੀ ਇਸ ਵਿਚਲਾ ਅਖਰ ‘ਓਅੰ‘ ਭੀ ਸ਼ਿਵਲਿੰਗ ਦਾ ਪ੍ਰਤੀਕ ਹੈ ? ਕੀ, ਵੇਦਾਂ ਤੇ ਉਪਨਿਸ਼ਦਾਂ ਵਿਚ ਇਹ ਅਖਰ ਕਿਸੇ ਦੇਵੀ ਦੇਵਤੇ ਲਈ ਵਰਤਿਆ ਗਿਆ ਹੈ ?

ਪੰਡਤਾਂ ਪਾਸ ਇਸ ਸੁਆਲ ਦਾ ਕੋਈ ਉਤਰ ਨਹੀ ਸੀ । ਨਿਰੁਤਰ ਤੇ ਕੁਝ ਸ਼ਰਮਸ਼ਾਰ ਹੁੰਦੇ ਦੇਖ ਕੇ ਗੁਰਦੇਵ ਜੀ ਬੋਲੇ, ‘‘ਲਉ ! ਹੁਣ ਸੁਣੋ, ‘ਓਅੰ-ਨਮਹ‘ ਅਖਰ ਦੀ ਵੀਚਾਰ । ਭਾਵ, ਉਸ ਮਹਾਨ ਹਸਤੀ ਦੀ ਗਲ ਸੁਣੋ, ਜਿਸ ਵਾਸਤੇ ਇਹ ਲਫ਼ਜ਼ ਲਿਖੇ ਜਾਂਦੇ ਹਨ । ‘ਓਅੰ-ਨਮਹ‘ ਉਸ ਮਹਾਨ ਅਕਾਲਪੁਰਖ ਵਾਸਤੇ ਹਨ, ਜੋ ਤ੍ਰਿਭਵਣਾਂ ਦਾ ਸਾਰ ਤੱਤ ਹੈ । ਜੋ ਸਾਰੀ ਸ੍ਰਿਸ਼ਟੀ ਦਾ ਮੂਲ ਹੈ । ਭਾਵ, ਇਹਨਾਂ ਲਫ਼ਜ਼ਾਂ ਰਾਹੀ ਉਸ ਪਰਮਾਤਮਾ ਨੂੰ ਨਮਸ਼ਕਾਰ ਕੀਤੀ ਜਾ ਰਹੀ ਹੈ, ਜੋ ਸਾਰੇ ਜਗਤ ਦਾ ਕਰਤਾ ਹੈ। ਗੁਰਵਾਕ ਹੈ :

ਓਨਮ ਅਖਰ ਸੁਣਹੁ ਬੀਚਾਰੁ ।। ਓਨਮ ਅਖਰੁ ਤ੍ਰਿਭਵਣ ਸਾਰੁ ।। ਗੁ.ਗ੍ਰੰ.ਪੰ.929

ਹੇ ਪੰਡਤ ਜਨੋ ! ਆਪ ਇਹ ਵੀ ਆਖਦੇ ਹੋ ਕਿ ‘ਓਅੰ‘ ਤੇ ‘ਓਅੰਕਾਰ‘ ਦੋਨੋ ਪਦ ਸਮਾਨਰਥਕ ਹਨ, ਕੇਵਲ ਉਚਾਰਣਾਤਮਕ ਭੇਦ ਹੈ । ਇਸ ਲਈ ਆਪ ਨੂੰ ਇਹ ਵੀ ਮੰਨਣਾ ਪਵੇਗਾ ਕਿ ‘ਓਅੰਕਾਰੇਸ਼੍ਵਰ‘ ਸ਼ਿਵ ਜੀ ਦਾ ਅਵਤਾਰ ਜਾਂ ਸ਼ਿਵ-ਮੂਰਤੀ ਨਹੀ, ਸਗੋਂ ਉਹ ਪਰਮਾਤਮਾ ਹੈ, ਜੋ ਸਾਰੇ ਸੰਸਾਰ ਦਾ ਮੂਲ ਹੈ । ਕਿਹਾ ਜਾਂਦਾ ਹੈ ਕਿ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਮੁਖੀ-ਪਾਂਡੇ ਨੇ ਆਖਿਆ, ਮਹਾਰਾਜ! ਆਪ ਦੇ ਵਾਕ ਸਤ੍ਯ ਹਨ । ‘ਮਾਂਡੂਕ‘ ਤੇ ‘ਤੈਤਸ਼੍ਰੀਯਪਨਿਸ਼ਦ‘ ਵਿਚ ‘ਓਅੰਕਾਰ‘ ਦੀ ਬਿਲਕੁਲ ਇਹੀ ਵਿਆਖਿਆ ਹੈ, ਜੋ ਆਪ ਨੇ ਕੀਤੀ ਹੈ । ‘ਓਅੰ‘ ਬ੍ਰਹਮ ਵਾਚਕ ਸ਼ਬਦ ਹੈ ਅਤੇ ਸਾਰਾ ਵਿਸ਼ਵ ਇਸੇ ਵਿਚ ਹੀ ਮਿਥਿਆ ਗਿਆ ਹੈ । ‘ਪ੍ਰਸ਼ਨ ਉਪਨਿਸ਼ਦ‘ ਵਿਚ ‘ਸਤਕਾਮ‘ ਨਾਮੀ ਸ਼ਿਸ਼ ਨੂੰ ਸਮਝਾਂਦਿਆਂ ਰਿਸ਼ੀ ਕਹਿੰਦਾ ਹੈ ; ‘ਪਾਰਬ੍ਰਹਮ ਤੇ ਪੂਰਨ ਬ੍ਰਹਮ ਓਅੰਕਾਰ ਹੀ ਹੈ‘।

ਗੁਰਦੇਵ ਜੀ ਬੋਲੇ, ਪੰਡਤ ਜੀ ! ਫਿਰ ਤਾਂ ਗੱਲ ਸਿੱਧੀ ਸਾਫ ਹੈ ਕਿ ‘ਓਅੰਕਾਰ‘ ਲਫ਼ਜ਼ ਸ਼ਿਵ ਆਦਿਕ ਦਾ ਪ੍ਰਤੀਕ ਨਹੀ, ਸਗੋਂ, ਉਸ ਪਰਮਾਤਮਾ ਦਾ ਪ੍ਰਤੀਕ ਹੈ, ਜੋ ਸਰਬ-ਵਿਆਪਕ ਤੇ ਵਿਸ਼ਵ ਦਾ ਮੂਲ ਹੈ । ਬ੍ਰਹਮਾਦਿਕ ਦੇਵਤੇ, ਜਿਨਾਂ ਨੂੰ ਤੁਸੀਂ ਸ੍ਰਿਸ਼ਟੀ ਦੇ ਕਰਤਾ‘ ਧਰਤਾ ਤੇ ਹਰਤਾ ਮੰਨਦੇ ਹੋ ਅਤੇ ਮੰਦਰ ਵਿਚ ਸਥਾਪਿਤ ਸ਼ਿਵ-ਮੂਰਤੀ ਨੂੰ ‘ਓਅੰਕਾਰ‘ ਮਿਥੀ ਬੈਠੇ ਹੋ, ਅਜਿਹੀ ਸੋਚ ‘ਓਅੰਕਾਰ‘ ਦੇ ਮੂਲਿਕ ਅਰਥਾਂ ਦੇ ਵਿਪਰੀਤ ਹੈ । ਤੁਹਾਡੇ ਵਲੋਂ ਸੁਣਾਏ ਗਏ ਉਪਰੋਕਤ ਉਪਨਿਸ਼ਦੀ ਕਥਨ ਮੁਤਾਬਿਕ ਤਾਂ ਇਉਂ ਸੋਚਣਾ ਚਾਹੀਦਾ ਹੈ ਕਿ ‘ਓਅੰਕਾਰ‘ ਉਹ ਸਰਬ ਵਿਆਪਕ ਬ੍ਰਹਮ ਹੈ, ਜਿਸ ਤੋਂ ਬ੍ਰਹਮਾਦਿਕ ਦਾ ਭੀ ਜਨਮ ਹੋਇਆ ਹੈ ਅਤੇ ਬ੍ਰਹਮਾ ਵੀ ਉਸ ਨੂੰ ਹੀ ਚਿੱਤ ਵਿਚ ਅਰਾਧਦਾ ਰਿਹਾ ਹੈ । ਇਹ ਸਾਰੇ ਪਹਾੜ ਆਦਿਕ ਭਾਵ ਸਾਰੀ ਸ੍ਰਿਸ਼ਟੀ, ਸਮੇਂ ਦੀ ਵੰਡ ਅਤੇ ਵੇਦ, ਓਅੰਕਾਰ ਵਿਚੋਂ ਹੀ ਪੈਦਾ ਹੋਏ ਹਨ । ਇਸ ਲਈ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੀਵ ਗੁਰਸ਼ਬਦ ਵਿਚ ਜੁੜ ਕੇ ਉਸ ਸਰਬ ਵਿਆਪਕ ਪਰਮਾਤਮਾ (ਓਅੰਕਾਰ) ਦੀ ਸਹਾਇਤਾ ਨਾਲ ਹੀ ਵਿਕਾਰਾਂ ਤੋਂ ਬਚ ਸਕਦੇ ਹਨ ਤੇ ਗੁਰ ਦਰਸਾਏ ਮਾਰਗ ਤੇ ਤੁਰ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕਦੇ ਹਨ । ਹੋਰ ਕਿਸੇ ਢੰਗ ਨਾਲ ਨਹੀਂ । ਗੁਰਵਾਕ ਹਨ :

ਓਅੰਕਾਰਿ ਬ੍ਰਹਮਾ ਉਤਪਤਿ ।। ਓਅੰਕਾਰੁ ਕੀਆ ਜਿਨਿ ਚਿਤਿ ।।
ਓਅੰਕਾਰਿ ਸੈਲ ਜੁਗ ਭਏ ।। ਓਅੰਕਾਰਿ ਬੇਦ ਨਿਰਮਏ ।।
ਓਅੰਕਾਰਿ ਸਬਦਿ ਉਧਰੇ ।। ਓਅੰਕਾਰਿ ਗੁਰਮੁਖਿ ਤਰੇ ।।
ਗੁ.ਗ੍ਰੰ.ਪੰ.929

ਇਥੋਂ ਤਕ ਗੱਲਬਾਤ ਕਰਨ ਉਪਰੰਤ ਸਤਿਗੁਰੂ ਜੀ ਨੇ ਆਪਣੇ ਕੰਧੇ ਤੇ ਲਟਕਾਏ ਹੋਏ ਥੈਲੇ ਵਿਚੋਂ ਇੱਕ ਪੋਥੀ ਕੱਢੀ ਤੇ ਆਖਿਆ, ਭਾਈ ! ਆਹ ਦੇਖੋ, ਮੈਂ ਪੰਜਾਬ ਤੋਂ ਇਧਰ ਨੂੰ ਆਉਂਦਿਆਂ ਦੇਸ਼ ਦੇ ਉਤਰੀ ਇਲਾਕੇ ਦੀ ਪ੍ਰਸਿਧ ਨਗਰੀ ‘ਕਾਂਸ਼ੀ‘ ਤੋਂ, ਜਿਸ ਨੂੰ ਆਪ ਸ਼ਿਵ ਨਗਰੀ ਵੀ ਆਖਦੇ ਹੋ, ਪਰਮੇਸ਼ਰ ਦੇ ਇੱਕ ਬਹੁਤ ਹੀ ਪਿਆਰੇ ਭਗਤ ਕਬੀਰ ਜੀ ਦੇ ਕੁਝ ਸ਼ਬਦ ਲਿਖ ਕੇ ਲਿਆਇਆਂ ਹਾਂ । ਉਸ ਨੇ ਕੁਝ ਸੁਆਲ ਖੜ੍ਹੇ ਕੀਤੇ ਹਨ, ਜਿਨ੍ਹਾਂ ਵਿਚੋਂ ਦੋ ਕੁ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਹੁੰਦਾ ਹਾਂ । ਕਿਉਂਕਿ, ਤੁਹਾਡੀ ਬੁੱਧੀ ਬੜ੍ਹੀ ਤੀਖਣ ਹੈ।

ਜਿਵੇਂ; ਕੀ ਬ੍ਰਹਮਾ ਆਦਿਕ ਕੋਈ ਦੇਵਤਾ ਵੱਡਾ ਹੈ ਜਾਂ ਉਹ ਸ਼੍ਰਿਸ਼ਟੀ ਦਾ ਮੂਲ ਪ੍ਰਭੂ, ਜਿਸ ਤੋਂ ਬ੍ਰਹਮਾ ਪੈਦਾ ਹੋਇਆ ?
ਕੀ ਵੇਦ ਆਦਿਕ ਧਰਮ ਪੁਸਤਕਾਂ ਦਾ ਗਿਆਨ ਸਿਰ ਨਿਵਾਉਣ-ਜੋਗ ਹੈ ਜਾਂ ਉਹ ਹਸਤੀ ਜਿਸ ਤੋਂ ਇਹ ਗਿਆਨ ਮਿਲਿਆ ?

ਲਉ ਹੁਣ ! ਸੁਣਹੁ ਉਹਨਾਂ ਦੇ ਬਚਨ :

ਬ੍ਰਹਮਾ ਬਡਾ ਕਿ ਜਾਸੁ ਉਪਾਇਆ ।।
ਬੇਦੁ ਬਡਾ ਕਿ ਜਹਾਂ ਤੇ ਆਇਆ ।।
ਗੁ.ਗ੍ਰੰ.ਪੰ.331

ਹੁਣ ਮੁਖੀ ਪੰਡਤ ਕੁੱਝ ਮੁਸਕ੍ਰਾਇਆ ਤੇ ਬੋਲਿਆ, ਮਹਾਰਾਜ ! ਇਹਨਾਂ ਦੇ ਉਤਰ ਤਾਂ ਪ੍ਰਸ਼ਨਾਂ ਵਿਚ ਹੀ ਛੁਪੇ ਹੋਏ ਹਨ । ਜਿਵੇਂ, ਪਹਿਲਾ ਪ੍ਰਸ਼ਨ ਹੈ, ‘ਬ੍ਰਹਮਾ ਬਡਾ ਕਿ ਜਾਸੁ ਉਪਾਇਆ‘ ? ਉਤਰ ਹੈ, ਨਹੀ! ਜਾਸੁ ਉਪਾਇਆ । ਭਾਵ, ਭਾਵ, ਵੱਡਾ ਉਹ ਹੈ, ਜਿਸ ਨੇ ਬ੍ਰਹਮਾ ਨੂੰ ਪੈਦਾ ਕੀਤਾ। ਦੂਜਾ ਪ੍ਰਸ਼ਨ ਹੈ, ‘ਬੇਦੁ ਬਡਾ ਕਿ ਜਹਾਂ ਤੇ ਆਇਆ‘ ? ਉਤਰ ਹੈ, ਨਹੀ ! ਜਹਾਂ ਤੇ ਆਇਆ । ਭਾਵ, ਵੱਡਾ ਉਹ ਹੈ, ਜਿਥੋਂ ਵੇਦ ਆਇਆ, ਅ੍ਰਥਾਤ ਜਿਥੋਂ ਬੇਦ-ਬਾਣੀ ਮੂਲਿਕ ਰੂਪ ਵਿਚ ਪ੍ਰਗਟ ਹੋਈ।

ਗੁਰਦੇਵ ਜੀ ਸਮੇਤ ਸਾਰੀ ਸਭਾ ਦੇ ਮੂੰਹੋਂ ਸ਼ਬਦ ਨਿਕਲੇ । ਵਾਹ ! ਵਾਹ! ਕੈਸੀ ਕਲਾ ਹੈ ਪ੍ਰਸ਼ਨ ਕਰਤਾ ਦੀ ਅਤੇ ਕੈਸਾ ਅਚਰਜ ਢੰਗ ਹੈ, ਉਤਰ ਲਭਣ ਦਾ ।

ਐਸਾ ਭੀ ਜ਼ਿਕਰ ਹੈ ਕਿ ‘ਓਅੰਕਾਰੇਸ਼ਵਰ‘ ਦੇ ਪੰਡਿਆਂ ਨੇ ਗੋਸ਼ਟੀ ਦਰਮਿਆਨ, ਜਦ ਗੁਰਦੇਵ ਜੀ ਨੂੰ ਆਖਿਆ ਕਿ ਤੁਹਾਡਾ ਇਹ ਖਿਆਲ ਕੋਈ ਨਵਾਂ ਨਹੀ ਹੈ ਕਿ ਪਰਮਾਤਮਾ ਇੱਕ ਹੈ । ਕਿਉਂਕਿ, ਇਹ ਤਾਂ ਬਹੁਤ ਪ੍ਰਾਚੀਨ ਧਾਰਨਾ ਹੈ । ਰਿਗ ਵੇਦ ਦਾ ਕਥਨ ਹੈ ਕਿ ‘ਸਤਿ ਇੱਕ ਹੈ, ਜਿਸ ਨੂੰ ਵਿਦਵਾਨ ਬਹੁਭਾਂਤੀ ਨਿਰੂਪਣ ਕਰਦੇ ਹਨ‘ । ਵਿਦਾਂਤ ਦਾ ਪ੍ਰਸਿਧ ਮੁਹਾਵਰਾ ਹੈ ‘ਏਕੋ ਬ੍ਰਹਮ, ਦੁਤੀਆ ਨਾਸਤੀ‘। ਭਾਰਤੀ ਧਰਮ-ਦਰਸ਼ਨ ਤੋਂ ਇਲਾਵਾ ਇਸਲਾਮ ਆਦਿਕ ਸਾਰੇ ਪਛਮੀ ਮਤ ਲਗਭਗ ਇਹੀ ਧਾਰਨਾ ਰਖਦੇ ਹਨ ਕਿ ਰੱਬ ਇੱਕ ਹੈ।

ਕਹਿੰਦੇ ਹਨ ਕਿ ਹਜ਼ੂਰ ਨੇ ਧਿਆਨ ਪੂਰਵਕ ਇਹ ਸਾਰੀ ਗਲ ਸੁਣੀ ਅਤੇ ਹਾਂ ਵਿਚ ਸਿਰ ਹਿਲਾਂਦੇ ਹੋਏ ਮੁਸਕਰਾ ਕੇ ਬੋਲੇ, ‘‘ਹਾਂ ! ਤੁਹਾਡਾ ਕਥਨ ਠੀਕ ਹੈ, ਪਰ ਇਹਨਾਂ ਵਿਚੋਂ ਬਹੁਤਿਆਂ ਦੀ ਗੱਲ ਇਉਂ ਹੈ, ਜਿਵੇਂ ਕੋਈ ਕਹੇ, ਮੇਰਾ ਇੱਕ ਪਿਉ ਹੈ । ਸੋ ਹੈ ਤਾਂ ਉਹ ਇੱਕ, ਪਰ ਪਿਉ ਕੇਵਲ ਉਸ ਦਾ ਹੀ ਹੈ, ਸਾਰਿਆਂ ਦਾ ਨਹੀ । ਕਿਉਂਕਿ, ਜੇ ਐਸਾ ਨਾ ਹੋਵੇ ਤਾਂ ਕਿਸੇ ਨੂੰ ਬ੍ਰਹਮਣ ਮੰਨ ਕੇ ਵਿਸ਼ੇਸ਼ ਸਨਮਾਨ ਨਹੀ ਦਿਤਾ ਜਾ ਸਕਦਾ ਅਤੇ ਕਿਸੇ ਨੂੰ ਸ਼ੂਦਰ ਕਹਿ ਕੇ ਦੁਰਕਾਰਿਆ ਨਹੀ ਜਾ ਸਕਦਾ । ਮੋਮਨ ਪ੍ਰਤੀ ਹਮਦਰਦੀ ਅਤੇ ਕਾਫਰ ਪ੍ਰਤੀ ਨਫ਼ਰਤ ਨਹੀ ਹੋ ਸਕਦੀ । ਸਰੀਰਕ ਸ਼ਕਲ ਜਾਂ ਚਮੜੀ ਦਾ ਰੰਗ ਮਨੁਖੀ ਭਾਈਚਾਰੇ ਨੂੰ ਵੰਡਣ ਦਾ ਕਾਰਨ ਨਹੀ ਬਣ ਸਕਦਾ । ਸੱਜਣੋ ! ਫਿਰ ਇਹ ਨਹੀ ਆਖਿਆ ਜਾ ਸਕਦਾ ਕਿ ਕੇਵਲ ਮੋਮਨਾਂ (ਇਸਲਾਮ ਦੇ ਵਿਸ਼ਵਾਸ਼ੀ) ਨੂੰ ਹੀ ਬਹਿਸ਼ਤ ਪ੍ਰਾਪਤ ਹੋਏਗੀ ਅਤੇ ਅਨਮਤੀਆਂ (ਕਾਫਰਾਂ) ਲਈ ਖ਼ੁਦਾਈ ਬਹਿਸ਼ਤ ਦੇ ਦਰਵਾਜੇ ਬੰਦ ਹੋ ਜਾਣਗੇ ਤੇ ਉਹਨਾਂ ਨੂੰ ਦੋਜ਼ਕ ਵਿਚ ਪਾਇਆ ਜਾਏਗਾ । ਪ੍ਰੰਤੂ, ਜਿਸ ਨੂੰ ਅਕਾਲ-ਪੁਰਖ ਪਰਮਾਤਮਾ ਨੂੰ ਮੈਂ ਇੱਕ-ਓਅੰਕਾਰ ਆਖਦਾ ਹਾਂ, ਉਹ ਸਰਬ ਵਿਆਪਕ ਹੋਣ ਕਰਕੇ ਸਾਰਿਆਂ ਦਾ ਹੈ । ਉਹ ਸਭਨਾਂ ਦਾ ਸਾਂਝਾ ਬਾਪ ਹੈ । ਅਸੀਂ ਸਾਰੇ ਉਸ ਦੀ ਸੰਤਾਨ ਹੋਣ ਕਾਰਨ ਇੱਕ ਸਮਾਨ ਹਾਂ । ਸਾਰੇ ਭੈਣ ਭਰਾ ਹਾਂ ।"

ਹੇ ਭਾਈ ! ਕਹਣ ਮਾਤਰ ਤਾਂ ਲਗਭਗ ਸਾਰੇ ਹੀ ਮਜ਼ਹਬਾਂ ਦੇ ਲੋਕ ਆਖਦੇ ਹਨ ਕਿ ਪਰਮਾਤਮਾ ਇੱਕ ਹੈ, ਪਰਮਾਤਮਾ ਇੱਕ ਹੈ ਜਾਂ ਇਕੋ ਇੱਕ ਪਰਮਾਤਮਾ ਹੈ, ਪਰ ਜਿਸ ਮਨ ਉਤੇ ਉਸ ਦਾ ਨਾਮ ਲਿਖਣਾ ਹੁੰਦਾ ਹੈ, ਉਥੇ ਕਈ ਪ੍ਰਕਾਰ ਦੀ ਸ਼ਰੀਰਕ, ਪਦਾਰਥਕ, ਵਿਦਿਅਕ ਤੇ ਮਜ਼ਹਬੀ ਹਉਮੈ ਅਤੇ ਜਾਤੀ ਸ੍ਰੇਸ਼ਠਤਾ ਦਾ ਅਹੰਕਾਰ ਆਦਿਕ ਜ਼ੋਰ ਪਾਈ ਰਖਦੇ ਹਨ । ਜਿਸ ਕਰਕੇ ਕੋਈ ਉੱਚਾ, ਕੋਈ ਨੀਵਾਂ, ਕੋਈ ਚੰਗਾ ਤੇ ਕੋਈ ਮੰਦਾ ਦਿਸਣ ਲਗਦਾ ਹ ੈ। ਕੋਈ ਆਪਣਾ ਤੇ ਕੋਈ ਬਿਗਾਨਾ ਜਾਪਦਾ ਹੈ । ਅਜਿਹੀ ਮਾਨਸਕ ਅਵਸਥਾ ਦੇ ਹੁੰਦਿਆਂ ‘ਪਰਮਾਤਮਾ ਇੱਕ ਹੈ‘ ਦਾ ਕਥਨ ਕੀ ਅਰਥ ਰਖਦਾ ਹੈ?

ਭਾਈ ! ਜਿਤਨਾ ਚਿਰ ਕੋਈ ਮਨੁਖ ਇਨ੍ਹਾਂ ਬੁਰਾਈਆਂ ਤੋਂ ਉਚੇਰਾ ਹੋ ਕੇ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਦੀ ਇੱਕ ਜੋਤਿ ਨੂੰ ਨਹੀ ਪਛਾਣਦਾ, ਉਤਨਾ ਚਿਰ ਉਸ ਨੂੰ ਅਕਾਲ ਪੁਰਖ ਦੇ ਸੂਖ-ਮਹਲ ਦੀ ਸਿੰਞਾਣ ਨਹੀ ਹੋ ਸਕਦੀ । ਭਾਵ, ਉਸ ਦੀ ਪਰਮਾਤਮਾ ਨਾਲ ਸਾਂਝ ਨਹੀ ਹੋ ਸਕਦੀ ਹੈ ਅਤੇ ਨਾ ਹੀ ਕਿਸੇ ਦੀ ਪਰਮਾਤਮਾ ਨਾਲ ਸਾਂਝ ਬਣੀ ਮੰਨੀ ਜਾ ਸਕਦੀ ਹੈ :

ਏਕੋ ਏਕੁ ਕਹੈ ਸਭੁ ਕੋਈ, ਹਉਮੈ ਗਰਬੁ ਵਿਆਪੈ ।।
ਅੰਤਰਿ ਬਾਹਰਿ ਏਕੁ ਪਛਾਣੈ, ਇਉ ਘਰੁ ਮਹਲੁ ਸਿਞਾਪੈ ।।
ਗੁ.ਗ੍ਰੰ.ਪੰ.930

ਮੇਰੇ ਵੀਰੋ ! ਜਦੋਂ ਅਸੀਂ ਪਰਮਾਤਮਾ ਨੂੰ ਕੇਵਲ ਕਿਸੇ ਖ਼ਾਸ ਅਸਥਾਨ ਜਾਂ ਕੇਵਲ ਕਿਸੇ ਮੂਰਤੀ ਆਦਿਕ ਵਿਚ ਸੀਮਤ ਕਰਕੇ ਦੇਖਦੇ ਹਾਂ, ਤਾਂ ਉਸ ਸਮੇਂ ਉਸ ਦੀ ਵਿਸ਼ਾਲਤਾ ਅਤੇ ਵਿਆਪਕਤਾ ਨੂੰ ਭੁੱਲ ਜਾਂਦੇ ਹਾਂ । ਅਸਲ ਵਿਚ ਇਹੀ ਹੈ ਪਰਮਾਤਮਾ ਦਾ ਨਾਮ ਵਿਸਾਰਨਾ, ਇਹੀ ਉਸ ਨੂੰ ਭੁਲਣਾ । ਕਿਉਂਕਿ, ਰਸਨਾ ਦੁਆਰਾ ਉਸ ਦਾ ਕੋਈ ਅਖਰੀ ਨਾਮ ਲੈਣਾ, ਪਰਮਾਤਮਾ ਨੂੰ ਯਾਦ ਰਖਣ ਲਈ ਇੱਕ ਸਹਾਰਾ ਤਾਂ ਮੰਨਿਆ ਜਾ ਸਕਦਾ ਹੈ, ਪਰ ਮਹਤਵ ਪੂਰਨ ਗਲ ਤਾਂ ਕੇਵਲ ਉਸ ਇੱਕ ਨੂੰ ਆਪਣੇ ਸਮੇਤ ਸਮੂਹਕ ਸ੍ਰਿਸ਼ਟੀ ਦੇ ‘ਅੰਤਰਿ ਬਾਹਰਿ‘ ਹਰ ਥਾਂ ਪਛਾਨਣ ਦੀ ਹੈ।

ਭਾਈ ! ਜੇ ਸਾਰੀ ਮਨੁਖਤਾ ਨੂੰ ਇਹ ਸੋਝੀ ਹੋ ਜਾਵੇ ਤਾਂ ਫਿਰ ਧਰਮ ਮੰਦਰਾਂ ਦੀਆਂ ਦੀਵਾਰਾਂ ਅਤੇ ਪੂਜਾ ਪ੍ਰਾਰਥਨਾ ਦੇ ਢੰਗ ਪਰਮਾਤਮਾ ਨੂੰ ਵੰਡ ਨਹੀ ਸਕਦੇ। ਸੋ ਵਧੇਰੇ ਲੋੜ ਇਸ ਗੱਲ ਦੀ ਹੈ ਕਿ ਪਰਮਾਤਮਾ ਨੂੰ ਕਿਸੇ ਖਾਸ ਅਸਥਾਨ ਵਿਚ ਦੇਖਣ ਦੀ ਥਾਂ ਆਪਣੇ ਹਿਰਦੇ ਘਰ ਵਿਚ ਦੇਖੀਏ । ਉਸ ਨੂੰ ਕਿਤੇ ਵੀ ਆਪਣੇ ਤੋਂ ਦੂਰ ਨਾ ਸਮਝੀਏ ਕਿਉਂਕਿ, ਇੱਕ ਉਹੀ ਸਾਰੀ ਸ੍ਰਿਸ਼ਟੀ ਵਿਚ ਮਜੂਦ ਹੈ । ਕਿਸੇ ਪ੍ਰਕਾਰ ਦਾ ਕੋਈ ਦੇਵੀ-ਦੇਵਤਾ ਜਾਂ ਸ਼ੈਤਾਨ ਆਦਿਕ ਦੀ ਕੋਈ ਦੂਜੀ ਹੋਰ ਅਜਿਹੀ ਵਿਆਪਕ ਹਸਤੀ ਨਹੀ ਹੈ:

ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ।।
ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ।।5।।
ਗੁ.ਗ੍ਰੰ.ਪੰ.930

ਸਿਰਜਨਹਾਰ ਚਿਤੇਰੇ ਪ੍ਰਭੂ ਦਾ ਸਿਰਜਿਆ ਹੋਇਆ ਇਹ ਦ੍ਰਿਸ਼ਟਮਾਨ ਜਗਤ ਰੂਪ ਚਿਤ੍ਰ, ਇਤਨਾ ਬਚਿਤ੍ਰ ਹੈ ਕਿ ਅਸੀਂ ਅਲਪ ਬੁੱਧੀ ਤੇ ਸੀਮਤ ਸੋਚ ਰਖਣ ਵਾਲੇ ਲੋਕ ਬਹੁਤ ਵਾਰ ਇਸ ਬਚਿਤ੍ਰ ਚਿਤ੍ਰ ਦੀ ਅਨੇਕਤਾ ਦੇ ਭਰਮ ਵਿਚ ਭੁੱਲ ਜਾਂਦੇ ਹਾਂ । ਸਾਨੂੰ ਯਕੀਨ ਨਹੀ ਬੱਝਦਾ ਕਿ ਸ੍ਰਿਸ਼ਟੀ ਦਾ ਮੂਲ ਪਰਮਾਤਮਾ ਇੱਕ ਹੈ । ਪ੍ਰੰਤੂ, ਇਹ ਭਰਮ ਕੇਵਲ ਸਾਡੀ ਦ੍ਰਿਸ਼ਟੀ ਕਾਰਨ ਹੈ।

ਗੁਰਦੇਵ ਜੀ ਨੇ ਆਪਣਾ ਇਹ ਨੁਕਤਾ ਸਮਝਾਉਣ ਲਈ ਇੱਕ ਪ੍ਰਤੱਖ ਪ੍ਰਮਾਣ ਦੀ ਵਰਤੋਂ ਕੀਤੀ । ਕਿਉਂਕਿ, ‘ਓਅੰਕਾਰੇਸ਼ਵਰ‘ ਮੰਦਰ ਦੀ ਇਹ ਗੋਸ਼ਟੀ ਨਰਬਦਾ ਨਦੀ ਦੇ ਕਿਨਾਰੇ ਹੋ ਰਹੀ ਸੀ । ਇਸ ਲਈ ਗੁਰਦੇਵ ਜੀ ਨੇ ਅਨੇਕਤਾ ਵਿਚ ਏਕਤਾ ਦਰਸਾਉਣ ਹਿੱਤ ਨਦੀ ਵਲ ਇਸ਼ਾਰਾ ਕਰਦਿਆਂ ਆਖਿਆ ਕਿ ਦੇਖੋ ! ਜਿਵੇਂ, ਆਹ ਤੁਹਾਡੇ ਸਾਹਮਣੇ ਵਗ ਰਹੀ ਨਦੀ ਦਾ ਸਾਰਾ ਪਾਣੀ ਤਾਂ ਇੱਕੋ ਹੈ, ਪਰ, ਹਵਾ ਦਾ ਸਹਾਰੇ ਉਸ ਪਾਣੀ ਵਿਚੋਂ ਉੱਠ ਰਹੀਆਂ ਅਨੇਕਾਂ ਲਹਿਰਾਂ, ਬੁਲਬੁਲੇ ਅਤੇ ਕਿਨਾਰਿਆਂ ਨੇੜੇ ਇਕੱਠੀ ਹੋ ਰਹੀ ਝੱਗ ਦੀਆਂ ਢਿੱਗਾਂ, ਜੋ ਵੇਖਣ ਨੂੰ ਵੱਖ ਵੱਖ ਜਾਪਦੀਆਂ ਹਨ, ਸਭ ਨਦੀ ਵਿਚਲੇ ਇੱਕੋ ਪਾਣੀ ਦੇ ਹੀ ਵਖ-ਵਖ ਰੂਪ ਹਨ ।

ਤਿਵੇਂ ਹੀ ਦਿਸਦੇ ਅਣਦਿਸਦੇ ਜਗਤ ਦਾ ਇਹ ਸਾਰਾ ਰੂਪ ਰੰਗ ਉਸ ਇੱਕੋ-ਇੱਕ ਪਰਮਾਤਮਾ ਤੋਂ ਹੀ ਪ੍ਰਗਟ ਹੋ ਰਿਹਾ ਹੈ । ਕੁਦਰਤ ਦੀ ਬਣਤਰ ਵਿਚ ਵਰਤੇ ਜਾਣ ਵਾਲੇ ਸਾਰੇ ਤੱਤ ਹਵਾ, ਪਾਣੀ ਤੇ ਅਗਨੀ ਆਦਿਕ ਉਸ ਇੱਕ ਪ੍ਰਭੂ ਦਾ ਹੀ ਸਰੂਪ ਹਨ । ਇਸ ਤਰ੍ਹਾਂ ਇੱਕ ਨਿਰੰਕਾਰ ਹੀ ਸਾਰੇ ਵਿਆਪਕ ਹੁੰਦਾ ਹੋਇਆ ਸਾਰੀ ਕਾਰ ਚਲਾ ਰਿਹਾ ਹੈ । ਉਸ ਦੀ ਇਕ ਜੋਤਿ ਹੀ ਆਤਮਾ ਦੇ ਰੂਪ ਵਿਚ ਭੰਵਰ-ਸਰੂਪ ਹੋ ਕੇ, ਸੰਸਾਰ ਬਗੀਚੇ ਦੇ ਜੀਵ-ਰੂਪ ਫੁਲਾਂ ਨੂੰ ਜੀਵਨ ਬਖਸ਼ਦੀ ਹੋਈ ਅੰਦਰ ਬਾਹਰ ਗੁੰਜਾਰ ਪਾ ਰਹੀ ਹੈ ।

ਸੋ, ਜਦੋਂ ਭੀ ਕਿਸੇ ਨੂੰ ਅਜਿਹਾ ਬੋਧ ਹੁੰਦਾ ਹੈ ਤਾਂ ਫਿਰ ਉਸ ਦੇ ਸਾਹਮਣੇ ਰੰਗ, ਰੂਪ, ਨਸਲ, ਦੇਸ਼, ਭੇਸ਼ ਤੇ ਹੋਰ ਮਜਹਬੀ ਦੀਵਾਰਾਂ ਗਿਰ ਜਾਂਦੀਆਂ ਹਨ ਅਤੇ ਉਹ ਸਾਰੀ ਮਾਨਸ ਜਾਤੀ ਨੂੰ ਇੱਕ-ਰੂਪ ਪਹਿਚਾਨਣ ਲਗਦਾ ਹੈ । ਮਿਤਰੋ ! ਸੱਚ ਜਾਣੋ ! ਨਿਰੰਕਾਰ ਦੀ ਹਜ਼ੂਰੀ ਵਿਚ ਐਸੀ ਦ੍ਰਿਸ਼ਟੀ ਰਖਣ ਵਾਲੇ ਇਨਸਾਨ ਨੂੰ ਹੀ ਆਦਰ-ਮਾਣ ਹਾਸਲ ਹੁੰਦਾ ਹੈ । ਗੁਰਵਾਕ ਹੈ :

ਏਕੁ ਅਚਾਰੁ ਰੰਗੁ ਇਕੁ ਰੂਪੁ ।। ਪਉਣ ਪਾਣੀ ਅਗਨੀ ਅਸਰੂਪੁ ।।
ਏਕੋ ਭਵਰੁ ਭਵੈ ਤਿਹੁ ਲੋਇ ।। ਏਕੋ ਬੂਝੈ ਸੂਝੈ ਪਤਿ ਹੋਇ ।।
ਗੁ.ਗ੍ਰੰ.ਪੰ.930

ਭਾਂਵੇਂ, ਗੁਰਦੇਵ ਜੀ ਦਾ ਨਿਜੀ ਨਿਸ਼ਚਾ ਸੀ ਕਿ ਬ੍ਰਹਮਾ ਆਦਿਕ ਦੇਵੀ-ਦੇਵਤੇ ਕੇਵਲ ਮਾਇਕ ਬਿਰਤੀ ਦੀ ਉਪਜ ਹਨ । ਪੁਜਾਰੀ ਵਰਗ ਨੇ ਸੰਸਾਰੀਆਂ ਅੰਦਰਲੀ ਸੁਖਾਂ ਦੀ ਕਾਮਨਾ ਅਤੇ ਦੁਖਾਂ ਪ੍ਰਤੀ ਡਰ ਭਰੀ ਬਿਰਤੀ ਦਾ ਲਾਭ ਉਠਾਂਦਿਆਂ, ਆਪਣੇ ਸੁਆਰਥ ਦੀ ਪੂਰਤੀ ਵਾਸਤੇ ਹੀ ਐਸੀਆਂ ਹਸਤੀਆਂ ਦੀ ਕਲਪਨਾ ਕੀਤੀ ਹੈ । ਇਹਨਾਂ ਦੀ ਆਪਣੇ-ਆਪ ਵਿਚ ਕੋਈ ਹੋਂਦ ਨਹੀ ਹੈ । ਸਿਮ੍ਰਤੀਆਂ ਤੇ ਸ਼ਾਸ਼ਤਰ ਵੀ ਅਜਿਹੀ ਮਾਇਆ ਵਿਚੋਂ ਹੀ ਪੈਦਾ ਹੋਏ ਹਨ । ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁਖਾਂ ਦੀ ਨਿਵਰਤੀ ਖਾਤਰ ਹੀ ਸਿਮ੍ਰਤੀਆਂ ਸ਼ਾਸ਼ਤਰਾਂ ਰਾਹੀਂ ਕਰਮ ਕਾਂਡ ਰਚੇ ਗਏ ਹਨ । ਇਸ ਪ੍ਰਕਾਰ ਸਾਰੇ ਸੰਸਾਰ ਵਿਚ ਸੁਖਾਂ ਦੀ ਲਾਲਸਾ ਤੇ ਦੁਖਾਂ ਦੇ ਡਰ ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰਕੇ ਜੀਵ ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁਖੀ ਹੋ ਰਹੇ ਹਨ । ਕਿਉਂਕਿ, ਗੁਰਵਾਕ ਹੈ :

ਦੇਵੀ ਦੇਵਾ ਮੂਲੁ ਹੈ ਮਾਇਆ ।। ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ।।
ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ ।।
ਗੁ.ਗ੍ਰੰ.ਪੰ. 129

ਪ੍ਰੰਤੂ, ਅਸੀਂ ਦੇਖਦੇ ਹਾਂ ਪੰਡਿਆਂ ਨਾਲ ਹੋਈ ਇਸ ਗੋਸ਼ਟੀ ਦੇ ਦਰਮਿਆਨ ਗੁਰਦੇਵ ਜੀ ਨੇ ਅਜਿਹੀ ਕੋਈ ਗਲ ਨਹੀ ਛੇੜੀ ਕਿ ਸ਼ਿਵ ਜੀ ਆਦਿਕ ਕੋਈ ਦੇਵਤੇ ਹੋਏ ਹਨ ਜਾਂ ਨਹੀ ? ਬੇਦ, ਬ੍ਰਹਮਾ ਨੇ ਉਚਾਰਨ ਕੀਤੇ ਹਨ ਜਾਂ ਨਹੀ ? ਕਿਉਂਕਿ, ਉਹਨਾਂ ਦਾ ਮੁੱਖ ਮਕਸਦ ਇੱਕ ਨਿਰੰਕਾਰ-ਪ੍ਰਭੂ ਨੂੰ ਸ੍ਰਿਸ਼ਟੀ ਦਾ ਮੂਲ ਦਰਸਾਉਣਾ ਅਤੇ ਇਸ ਮੂਲਿਕ ਸਾਂਝ ਤੇ ਅਧਾਰਿਤ ਮਾਨਵ-ਏਕਤਾ ਕਾਇਮ ਕਰਨਾ ਸੀ, ਨਾ ਕਿ ਪੰਡਤਾਂ ਵਾਂਗ ਆਪਣੀ ਵਿਦਿਅਕ ਚਤੁਰਾਈ ਦੁਆਰਾ ਦੂਸਰਿਆਂ ਨੂੰ ਨੀਵਾਂ ਦਿਖਾ ਕੇ ਆਪਣੀ ਹਉਮੈ ਨੂੰ ਪੱਠੇ ਪਾਉਣਾ । ਇਸ ਲਈ ਸਤਿਗੁਰੂ ਜੀ ਦਾ ਕੇਵਲ ਇਹੀ ਜਤਨ ਰਿਹਾ ਕਿ ਕਿਸੇ ਤਰਾਂ ਇਹਨਾਂ ਨੂੰ ਅਹਿਸਾਸ ਹੋ ਜਾਵੇ ਕਿ ਮੂਲ ਰੂਪ ਵਿਚ ਪੂਜਣ-ਯੋਗ ਕਰਤਾਰ ਹੈ, ਨਾ ਕਿ ਉਸ ਦੀ ਕਿਰਤ । ਬ੍ਰਹਮਾ ਆਦਿਕ ਕੋਈ ਦੇਵੀ-ਦੇਵਤਾ ਸ੍ਰੇਸ਼ਟ ਨਹੀ, ਸ੍ਰੇਸ਼ਟ ਤਾਂ ਕੇਵਲ ਇੱਕ ਉਹ ਨਿਰੰਕਾਰ-ਪ੍ਰਭੂ ਹੈ, ਜਿਸ ਤੋਂ ਸਭ ਕੁਝ ਪੈਦਾ ਹੋ ਰਿਹਾ ਹੈ । ਵੇਦ ਆਦਿਕ ਕੋਈ ਭੀ ਧਰਮ-ਗ੍ਰੰਥ ਵੱਡਾ ਨਹੀ ਅਤੇ ਨਾ ਹੀ ਉਸ ਦਾ ਰਚਿਤਾ, ਵੱਡਾ ਕੇਵਲ ਉੇਹ ਪ੍ਰਭੂ ਹੈ, ਜਿਥੋਂ ਇਹ ਸਾਰਾ ਗਿਆਨ ਉਪਜ ਰਿਹਾ ਹੈ ।

ਗੁਰਬਾਣੀ ਨੂੰ ਵਿਚਾਰਿਆਂ ਨਿਸ਼ਚੇ ਹੁੰਦਾ ਹੈ ਕਿ ਅਜਿਹਾ ਢੰਗ ਗੁਰਦੇਵ ਜੀ ਦੀ ਸੁਚੱਜੀ ਪ੍ਰਚਾਰ-ਜੁਗਤਿ ਦਾ ਇੱਕ ਮੁਖ ਅੰਗ ਸੀ । ਉਹ ਜਦ ਵੀ ਬ੍ਰਾਹਮਣ ਪੁਜਾਰੀਆਂ, ਜੈਨੀਆਂ, ਜੋਗੀਆਂ ਜਾਂ ਮੁਲਾਂ-ਮੁਲਾਣਿਆਂ ਤੇ ਹੋਰ ਅਨਮਤੀ ਸਜਣਾਂ ਨਾਲ ਵਿਚਾਰ ਵਿਟਾਂਦਰਾ ਕਰਦੇ ਸਨ ਤਾਂ ਉਹ ਆਮ ਕਰਕੇ ਉਹਨਾਂ ਦੇ ਧਾਰਮਿਕ ਵਿਸ਼ਵਾਸ਼ ਨੂੰ ਹੀ ਅਧਾਰ ਬਣਾਉਂਦੇ ਸਨ । ਕਿਉਂਕਿ, ਇਸ ਤਰਾਂ ਸ੍ਰੋਤਿਆਂ ਦੀ ਰੁਚੀ ਵੀ ਬਣਦੀ ਸੀ ਅਤੇ ਉਹਨਾਂ ਲਈ ਸਤਿਗੁਰ ਜੀ ਦੀ ਗੱਲ ਸਮਝਣੀ ਵੀ ਸੌਖੀ ਹੋ ਜਾਂਦੀ ਸੀ । ਪਰ ਅਜਿਹਾ ਕਰਦਿਆਂ ਉਹ ਸ਼੍ਰੋਤਿਆਂ ਦੀ ਮਾਨਸਿਕਤਾ ਨੂੰ ਧਿਆਨ ਵਿਚ ਰਖਦੇ ਸਨ ਅਤੇ ਉਹਨਾਂ ਦੇ ਵਿਸ਼ਵਾਸ਼ ਦੀ ਲਕੀਰ ਨੂੰ ਛੇੜੇ ਬਗੈਰ, ਪਰਮਾਤਮਾ ਦੇ ਨਾਮ ਦੀ ਲਕੀਰ ਨੂੰ ਵੱਡੀ ਕਰ ਵਿਖਾਉਂਦੇ ਸਨ ।

ਇਹ ਗਲ ਬਿਲਕੁਲ ਇਉਂ ਹੈ, ਜਿਵੇਂ ਕਿਧਰੇ ਸਮਰਾਟ ‘ਅਕਬਰ‘ ਦੇ ਦਰਬਾਰੀ ‘ਬੀਰਬਲ‘ ਨੇ, ਸਮਰਾਟ ਦੀ ਖਿਚੀ ਹੋਈ ਲਕੀਰ ਨੂੰ ਛੋਟਾ ਦਰਸਾਉਣ ਲਈ ਲਕੀਰ ਨੂੰ ਨਹੀ ਸੀ ਮਿਟਾਇਆ, ਪਰ ਉਸ ਦੇ ਬਰਾਬਰ ਇੱਕ ਹੋਰ ਵਡੀ ਲਕੀਰ ਖਿੱਚ ਦਿਤੀ ਸੀ । ਜਿਸ ਕਾਰਨ ਬਾਦਸ਼ਾਹ ਵਲੋਂ ਖਿਚੀ ਹੋਈ ਲਕੀਰ ਸੁਭਾਵਿਕ ਹੀ ਛੋਟੀ ਦਿਸਣ ਲਗ ਪਈ ਸੀ । ਸੋ ਲੋੜ ਹੈ ਕਿ ਪ੍ਰਚਾਰਕ ਵੀਰ ਗੁਰੂ ਨਾਨਕ ਸਾਹਿਬ ਜੀ ਦੀ ਉਪਰੋਕਤ ਪ੍ਰਚਾਰ ਜੁਗਤਿ ਨੂੰ ਸਮਝਣ ਤੇ ਅਪਨਾਉਣ ਤਾਂ ਜੋ ਗੁਰਮਤ ਵੀਚਾਰਧਾਰਾ ਨੂੰ ਸਹੀ ਸਰੂਪ ਵਿੱਚ ਪ੍ਰਚਾਰਿਆ ਜਾ ਸਕੇ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top