Share on Facebook

Main News Page

ਆਰ.ਐਸ.ਐਸ ਦੀ ਜਮਾਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਚੀਫ ਖਾਲਸਾ ਦੀਵਾਨ ਦੇ ਸਕੂਲਾਂ ਵਿੱਚ ਸ਼ਿਵਰ ਤੇ ਰਿਹਾਇਸ਼ ਰੱਖਣ ਦੀ ਇਜ਼ਾਜ਼ਤ ਨਾ ਦਿੱਤੀ ਜਾਵੇ
-: ਪੰਥਕ ਸ਼ਖਸ਼ੀਅਤਾਂ

ਅੰਮ੍ਰਿਤਸਰ 8 ਨਵੰਬਰ (ਜਸਬੀਰ ਸਿੰਘ) ਆਰ .ਐਸ.ਐਸ ਨਾਲ ਸਬੰਧਿਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਤਿੰਨ ਦਿਨਾਂ ਹੋ ਰਹੇ ਅੰਮ੍ਰਿਤਸਰ ਵਿੱਚਲੇ ਕੌਮੀ ਇਜਲਾਸ ਨੂੰ ਕਾਮਯਾਬ ਕਰਨ ਲਈ ਸਿੱਖਾਂ ਦੀ ਸੌ ਸਾਲ ਤੋ ਵਧੇਰੇ ਪੁਰਾਣੀ ਤੇ ਪੰਥਕ ਰਹੁਰੀਤਾਂ ਨੂੰ ਅਪਨਾਈ ਹੋਈ ਸੰਸਥਾ ਚੀਫ ਖਾਲਸਾ ਦੀਵਾਨ ਵੱਲੋ ਪ੍ਰੀਸ਼ਦ ਦੇ ਡੈਲੀਗੇਟਾਂ ਦੀ ਸੇਵਾ ਸੰਭਾਲ ਲਈ ਵੱਖ ਵੱਖ ਸਕੂਲਾਂ ਵਿੱਚ ਸ਼ਿਵਰ ਲਗਾਉਣ ਲਈ ਦਿੱਤੀ ਗਈ ਇਜਾਜਤ ਦਾ ਵਿਰੋਧ ਕਰਦਿਆ, ਵੱਖ ਵੱਖ ਪੰਥਕ ਸ਼ਖਸ਼ੀਅਤਾਂ ਨੇ ਚੀਫ ਖਾਲਸਾ ਦੀਵਾਨ ਵੱਲੋ ਲਏ ਗਏ ਇਸ ਫੈਸਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਦੀਵਾਨ ਦੇ ਪ੍ਰਧਾਨ ਸ੍ਰ ਚਰਨਜੀਤ ਸਿੰਧ ਚੱਢਾ ਨੂੰ ਇਹ ਫੈਸਲਾ ਬਿਨਾਂ ਕਿਸੇ ਦੇਰੀ ਤੋ ਵਾਪਸ ਲੈਣਾ ਚਾਹੀਦਾ ਹੈ।

ਸਾਬਕਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ ਮਨਜੀਤ ਸਿੰਘ ਕਲਕੱਤਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਕੱਤਰ ਜਨਰਲ ਸ੍ਰ ਜਸਵੰਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਚੀਫ ਖਾਲਸਾ ਦੀਵਾਨ ਵੱਲੋ ਆਰ.ਐਸ.ਐਸ ਦੀ ਪੁਸ਼ਤਪਨਾਹੀ ਹਾਸਲ ਉਸ ਦੇ ਹਰਿਆਵਲ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਕੌਮੀ ਇਜਲਾਸ ਕਰਨ ਲਈ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲਾਂ ਵਿੱਚ ਦਿੱਤੀ ਗਈ ਇਜ਼ਾਜ਼ਤ ਸੰਕੇਤ ਕਰਦੀ ਹੈ, ਕਿ ਹੁਣ ਆਰ.ਐਸ.ਐਸ ਤੇ ਭਾਜਪਾ ਦਾ ਅਗਲਾ ਨਿਸ਼ਾਨਾ ਸਿੱਖਾਂ ਦੀ ਇਸ ਨਿਰੋਲ ਪੰਥਕ ਸੰਸਥਾ ਤੇ ਕਬਜਾ ਕਰਨਾ ਹੈ।

ਉਹਨਾਂ ਕਿਹਾ ਕਿ ਪ੍ਰੀਸ਼ਦ ਨੂੰ ਸਕੂਲਾਂ ਵਿੱਚ ਸ਼ਿਵਰ ਲਗਾਉਣ ਤੇ ਰਿਹਾਇਸ਼ ਲਈ ਜਗਾ ਦੇਣੀ ਸਾਬਤ ਕਰਦਾ ਹੈ ਕਿ ਦੀਵਾਨ ਦੇ ਪ੍ਰਧਾਨ ਸ੍ਰ ਚਰਨਜੀਤ ਸਿੰਘ ਚੱਢਾ ਜਾਂ ਤਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਜਾਂ ਫਿਰ ਉਹਨਾਂ ਤੇ ਕੋਈ ਭਾਰੀ ਦਬਾ ਹੈ ਜਿਸ ਕਰਕੇ ਉਹਨਾਂ ਨੇ ਪ੍ਰੀਸ਼ਦ ਦੇ ਹਵਾਲੇ ਸਕੂਲ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਸ੍ਰ ਚੱਢਾ ਨੂੰ ਕੁਰਬਾਨੀ ਦੇਣ ਤੋ ਪਿੱਛੇ ਨਹੀ ਹੱਟਣਾ ਚਾਹੀਦਾ ਤੇ ਬਿਨਾਂ ਕਿਸੇ ਦੇਰੀ ਤੋ ਪ੍ਰੀਸ਼ਦ ਨੂੰ ਸਕੂਲ ਦੇਣ ਦਾ ਆਪਣਾ ਲਿਆ ਗਿਆ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੱਕ ਚੀਫ ਖਾਲਸਾ ਦੀਵਾਨ ਸੰਸਥਾ ਹੈ ਜਿਹੜੀ ਆਰ. ਐਸ.ਐਸ ਦੇ ਪ੍ਰਭਾਵ ਤੋ ਬੱਚੀ ਹੋਈ ਸੀ ਪਰ ਹੁਣ ਇਥੇ ਵੀ ਜੇਕਰ ਆਰ.ਐਸ.ਐਸ ਦਖਲਅੰਦਾਜੀ ਕਰਨ ਵਿੱਚ ਕਾਮਯਾਬ ਹੋ ਜਾਂਦੀ ਤਾਂ ਇਸ ਦਾ ਵੀ ਭੰਗਵਾਕਰਨ ਕਰਨ ਤੋ ਕੋਈ ਵੀ ਰੋਕ ਨਹੀ ਸਕਦਾ। ਉਹਨਾਂ ਕਿਹਾ ਕਿ ਇਹਨਾਂ ਦੀ ਬਦਨੀਅਤ ਇਥੋ ਹੀ ਸਾਬਤ ਹੁੰਦੀ ਹੈ ਕਿ ਆਰੀਆ ਸਮਾਜੀਆ ਦੀਆ ਸ਼ਹਿਰ ਵਿੱਚ ਸੈਕੜੇ ਸੰਸਥਾਵਾਂ ਹਨ ਉਹਨਾਂ ਦੀ ਵਰਤੋ ਕਿਉ ਨਹੀ ਕੀਤੀ ਜਾ ਰਹੀ ਹੈ। ਇਸ ਲਈ ਇਹ ਇੱਕ ਸਾਜਿਸ਼ ਹੈ ਜਿਸ ਨੂੰ ਸਮਝਣਾ ਬਹੁਤ ਜਰੂਰੀ ਹੈ।

ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਇੱਕ ਵਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਵੀ ਅਨੰਦਪੁਰ ਸਾਹਿਬ ਵਿਖੇ ਇਹਨਾਂ ਨੂੰ ਸ਼ਿਵਰ ਲਗਾਉਣ ਲਈ ਗੁਰੂਦੁਆਰਿਆ ਵਿੱਚ ਜਗਾ ਦੇ ਦਿੱਤੀ ਗਈ ਸੀ ਪਰ ਜਦੋ ਜਥੇਦਾਰ ਟੌਹੜਾ ਨੂੰ ਇਹਨਾਂ ਦੇ ਸਿੱਖ ਵਿਰੋਧੀ ਮਨਸੂਬਿਆ ਦਾ ਪਤਾ ਲੱਗਾ ਤਾਂ ਉਸ ਵੇਲੇ ਹੀ ਜਗਾ ਦੇਣ ਤੋ ਇਨਕਾਰ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਸ੍ਰ ਚੱਢਾ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਜਥੇਦਾਰ ਟੌਹੜਾ ਵਾਂਗ ਜਿਗਰਾ ਰੱਖ ਕੇ ਸਕੂਲਾਂ ਵਿੱਚ ਆਰ.ਐਸ.ਐਸ ਦੇ ਇਸ ਵਿੰਗ ਨੂੰ ਦਾਖਲ ਨਾ ਹੋਣ ਦੇਣ। ਉਹਨਾਂ ਕਿਹਾ ਕਿ ਸ੍ਰ ਚੱਢਾ ਨੇ ਜੇਕਰ ਅਕਲ ਤੋ ਕੰਮ ਨਾ ਲਿਆ ਤਾਂ ਇਸ ਦਾ ਖਮਿਆਜਾ ਉਹਨਾਂ ਦੀ ਔਲਾਦ ਨੂੰ ਭੁਗਤਣਾ ਪੈ ਸਕਦਾ ਹੈ ਕਿਉਕਿ ਜਿਹੜੇ ਪੰਥ ਵਿਰੋਧੀ ਅੱਜ ਸਕੂਲਾਂ ਵਿੱਚ ਦਾਖਲ ਹੋ ਰਹੇ ਹਨ ਕਲ• ਨੂੰ ਉਹ ਸਿੱਖੀ ਭੇਸ ਵਿੱਚ ਸੰਸਥਾ ਤੇ ਵੀ ਕਾਬਜ ਜਰੂਰ ਹੋ ਜਾਣਗੇ ਜੋ ਸਿੱਖ ਪੰਥ ਲਈ ਘਾਟੇਵੰਦਾ ਸੌਦਾ ਹੋਵੇਗਾ। ਇਸ ਸਬੰਧੀ ਜਦੋ ਦੀਵਾਨ ਦੇ ਇੱਕ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਕਾਫੀ ਦੁੱਖੀ ਜਰੂਰ ਹਨ ਪਰ ਚੱਢਾ ਸਾਹਿਬ ਤੇ ਹਾਈ ਕਮਾਂਡ ਦਾ ਕੋਈ ਦਬਾ ਹੈ। ਸ੍ਰ ਚੱਢਾ ਨਾਲ ਜਦੋ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਗੱਲ ਨਹੀ ਹੋ ਸਕੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top