Share on Facebook

Main News Page

ਭਾਜਪਾ ‘ਰਾਸ਼ਟਰੀ ਸਿੱਖ ਸੰਗਤ’ ਦੇ ਰੂਪ ਵਿੱਚ ਸ਼੍ਰੋਮਣੀ ਕਮੇਟੀ ’ਤੇ ਕ਼ਾਬਿਜ਼ ਹੋਣ ਦੀ ਤਾਕ ਵਿੱਚ
-: ਗਿਆਨੀ ਜਗਤਾਰ ਸਿੰਘ ਜਾਚਕ

ਅੰਮ੍ਰਿਤਸਰ, 9 ਨਵੰਬਰ ( ) ਪੰਜਾਬ ਦੀ ਸੱਤਾ ਹਾਸਲ ਕਰਨ ਲਈ ਭਾਜਪਾ ‘ਰਾਸ਼ਟਰੀ ਸਿੱਖ ਸੰਗਤ’ ਦੇ ਰੂਪ ਵਿੱਚ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਖ਼ਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ’ਤੇ ਕ਼ਾਬਿਜ ਹੋਣ ਦੀ ਤਾਕ ਵਿੱਚ ਹੈ। ਇਸ ਲਈ ਉਹ ਸ਼੍ਰੋਮਣੀ ਕਮੇਟੀ ਦੀਆਂ ਅਗਾਮੀ ਚੋਣਾਂ ਤੱਕ ਬਾਦਲ ਦਲ ਨਾਲੋਂ ਤੋੜ ਵਿਛੋੜਾ ਨਹੀਂ ਕਰੇਗੀ। ਕਿਉਂਕਿ, ਉਹ ਸਮਝਦੀ ਹੈ ਕਿ ਇਨ੍ਹਾਂ ਦੇ ਗਦੇੜ੍ਹੀਂ ਚੜ੍ਹ ਕੇ ਹੀ ਸਿੱਖ ਸੰਸਥਾਵਾਂ ਤੇ ਕ਼ਾਬਿਜ ਹੋਇਆ ਜਾ ਸਕਦਾ ਹੈ। ਇਸ ਪੱਖੋਂ ਸਿੱਖ ਜਗਤ ਨੂੰ ਸੁਚੇਤ ਹੋਣ ਦੀ ਲੋੜ ਹੈ।

ਇਹ ਲਫ਼ਜ਼ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਉਦੋਂ ਕਹੇ, ਜਦੋਂ ਉਨ੍ਹਾਂ ਨੂੰ ਭਾਜਪਾ ਤੇ ਬਾਦਲ ਕਿਆਂ ਦੇ ਤੋੜ-ਵਿਛੋੜੇ ਬਾਰੇ ਪੁੱਛਿਆ ਗਿਆ।

ਉਨ੍ਹਾਂ ਆਪਣਾ ਪੱਖ ਸਪਸ਼ਟ ਕਰਦਿਆਂ ਕਿਹਾ ਕਿ ਪੰਜਾਬ ਦੇ ਗੁਰਦੁਆਰਾ ਜੁਡੀਸ਼ਲ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਿੱਧੇ ਤੌਰ ’ਤੇ ਆਪਣੇ ਕੰਟਰੋਲ ਵਿੱਚ ਕਰਨਾ ਅਤੇ ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਰ.ਐਸ.ਐਸ ਦੀ ਜਮਾਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਆਪਣੇ ਅੰਮ੍ਰਿਤਸਰ ਅੰਦਰਲੇ ਸਕੂਲਾਂ ਵਿੱਚ ਸ਼ਿਵਰ ਤੇ ਰਹਾਇਸ਼ ਦੇਣਾ ਉਪਰੋਕਤ ਸਚਾਈ ਦੀਆਂ ਹੀ ਦੋ ਕੜੀਆਂ ਹਨ। ਸੱਤਾਧਾਰੀ ਹਿੰਦੂਤਵ ਦੇ ਦੁਬੇਲ ਹੋਣ ਦਾ ਹੀ ਸਿੱਟਾ ਹੈ ਕਿ ਨਾ ਤਾਂ ਸਿੱਖ ਲੀਡਰਾਂ ਨੇ ਗੁਰਦੁਆਰਾ ਜੁਡੀਸ਼ਲ ਪ੍ਰਤੀ ਜ਼ੋਰਦਾਰ ਵਿਰੋਧ ਜਿਤਾਇਆ ਅਤੇ ਨਾ ਹੀ ਚੀਫ਼ ਖ਼ਾਲਸਾ ਦੀਵਾਨ ਨੂੰ ਆਪਣਾ ਸਿੱਖ ਵਿਰੋਧੀ ਫੈਸਲਾ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਜਾਚਕ ਹੁਰਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਲੰਮਾ ਸਮਾਂ ਪ੍ਰਧਾਨ ਰਹੇ ਟੌਹੜਾ ਜੀ ਨੇ ਵੀ ਇੱਕ ਵਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਪ੍ਰੀਸ਼ਦ ਨੂੰ ਸ਼ਿਵਰ ਲਈ ਰਹਾਇਸ਼ ਦੇਣ ਦੀ ਗ਼ਲਤੀ ਕਰ ਲਈ ਸੀ। ਪਰ, ਸਿੱਖਾਂ ਦੀ ਜਾਗਰੂਕਤਾ ਕਾਰਨ ਅਸਲੀਅਤ ਦਾ ਪਤਾ ਲੱਗਣ ’ਤੇ ਉਨ੍ਹਾਂ ਨੇ ਥਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਿਉਂਕਿ, ਉਹ ਸਮਝ ਗਏ ਸਨ ਕਿ ਆਰ.ਐਸ.ਐਸ ਦਾ ਇੱਕੋ ਇੱਕ ਮੁੱਖ ਏਜੰਡਾ ਹੈ ਕਿ ਸਿੱਖਾਂ ਸਮੇਤ ਸਾਰੀਆਂ ਘਟ ਗਿਣਤੀ ਕੌਮਾਂ ਨੂੰ ਹਿੰਦੂਤਵ ਦੇ ਭਗਵੇਂ ਰੰਗ ਵਿੱਚ ਰੰਗ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਬਦਲ ਦਿੱਤਾ ਜਾਏ।

ਉਨ੍ਹਾਂ ਕਿਹਾ ਕਿ ਦੁਨੀਆਂ ਦਾ ਇਤਿਹਾਸ ਇਸ ਹਕੀਕਤ ਦਾ ਗਵਾਹ ਹੈ ਕਿ ਹਲੇਮੀ ਰਾਜ ਦੇ ਗੁਰਮਤੀ ਸਕੰਲਪ ਕਾਰਨ ਖ਼ਾਲਸਾ ਰਾਜ ਨੂੰ ਛੱਡ ਕੇ ਜਿਸ ਵੀ ਕੌਮ ਪਾਸ ਰਾਜ-ਸੱਤਾ ਆਈ, ਉਸੇ ਨੇ ਹਰੇਕ ਯਤਨ ਕੀਤਾ ਕਿ ਉਥੋਂ ਦੇ ਸਾਰੇ ਲੋਕ ਸੱਤਾਧਾਰੀ ਮਜ਼ਹਬ ਨੂੰ ਪ੍ਰਵਾਨ ਕਰ ਲੈਣ। ਇਸ ਲਈ ਭਾਜਪਾ ਵੱਲੋਂ ਹਿੰਦੂਤਵ ਨੂੰ ਫੈਲਾਉਣਾ ਕੋਈ ਨਵੀਂ ਗੱਲ ਨਹੀਂ । ਕਿਸੇ ਵੀ ਅਜਿਹੀ ਕੌਮ ਵੱਲੋਂ ਰਾਜ-ਸੱਤਾ ਦਾ ਪ੍ਰਭਾਵ ਕਬੂਲਣਾ ਸੁਭਾਵਿਕ ਹੁੰਦਾ ਹੈ, ਜਿਸ ਅੰਦਰੋਂ ਕੌਮੀ ਅਜ਼ਾਦੀ ਚਿਣਗ ਠੰਡੀ ਪੈ ਜਾਏ। ਸਿੱਖ ਭਾਈਚਾਰੇ ਵਿੱਚ ਹਿੰਦੂਤਵ ਦੇ ਵਧਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖ ਕੇ ਕੇਵਲ ਆਰ.ਐਸ.ਐਸ ਨੂੰ ਦੋਸ਼ੀ ਠਹਿਰਾਉਣ ਨਾਲ ਬਚਾਅ ਨਹੀਂ ਹੋਣਾ। ਬਚਾਅ ਤਾਂ ਕੇਵਲ ਇਸ ਵਿੱਚ ਹੈ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਇਸ ਪੱਖੋਂ ਸੁਚੇਤ ਕਰਦੇ ਹੋਏ ਉਨ੍ਹਾਂ ਅੰਦਰ ਕੌਮੀ ਅਜ਼ਾਦੀ ਤੇ ਅਣਖ ਦੀ ਲਾਟ ਜਗ-ਮਗਾਈ ਰੱਖੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top