Share on Facebook

Main News Page

ਮੌਜੂਦਾ ਨਾਨਕਸ਼ਾਹੀ ਕੈਲੰਡਰ ਨੇ ਸਿੱਖ ਕੌਮ ਨੂੰ ਉਲਝਾਇਆ
ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਤੇ ਫ਼ਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਇੱਕੋ ਵੇਲੇ

ਪਟਿਆਲਾ (ਗੁਰਨਾਮ ਸਿੰਘ ਅਕੀਦਾ) – ਮੌਜੂਦਾ ਨਾਨਕਸ਼ਾਹੀ ਕੈਲੰਡਰ ਨੇ ਸਿੱਖ ਕੌਮ ਨੂੰ ਉਲਝਾ ਦਿੱਤਾ ਹੈ। ਇਸ ਤਹਿਤ ਇਸ ਵਾਰ ਫ਼ਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ 26, 27 ਤੇ 28 ਦਸੰਬਰ ਨੂੰ ਆ ਰਿਹਾ ਹੈ ਪਰ ਨਾਲ ਹੀ 28 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਵੀ ਆ ਗਿਆ ਹੈ। ਇਸ ਮਾਮਲੇ ਵਿੱਚ ਉਲਝਣ ਇਹ ਹੈ ਕਿ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੋਗ ਸੰਸਾਰ ਮਨਾ ਰਿਹਾ ਹੋਵੇਗਾ, ਉਸੇ ਵੇਲੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਕਿਵੇਂ ਸਾਂਝੀ ਕੀਤੀ ਜਾ ਸਕੇਗੀ।

ਜਾਣਕਾਰੀ ਅਨੁਸਾਰ ਹਮੇਸ਼ਾ ਅਨੁਸਾਰ ਦੇਸੀ ਮਹੀਨੇ 11, 12 ਤੇ 13 ਪੋਹ ਨੂੰ ਹੀ ਸ਼ਹੀਦੀ ਜੋੜ ਮੇਲ ਆਉਂਦਾ ਹੈ। ਇਸ ਤਹਿਤ ਕਈ ਵਾਰੀ 24, 25 ਤੇ 26 ਦਸੰਬਰ ਨੂੰ ਵੀ ਜੋੜ ਮੇਲਾ ਹੋਇਆ ਤੇ ਕਈ ਵਾਰ ਆਖ਼ਰੀ ਦੀਵਾਨ 27 ਦਸੰਬਰ ਨੂੰ ਵੀ ਹੁੰਦਾ ਰਿਹਾ ਪਰ ਇਸ ਵਾਰ ਦੇਸੀ ਮਹੀਨੇ ਅਨੁਸਾਰ 26, 27 ਤੇ 28 ਦਸੰਬਰ ਦਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋੜ ਮੇਲ ਹੋ ਰਿਹਾ ਹੈ ਤੇ 29 ਦਸੰਬਰ ਨੂੰ ਮਾਤਾ ਗੁਜਰੀ ਨਮਿਤ ਸਮਾਗਮ ਹੁੰਦੇ ਹਨ। ਉਨ੍ਹਾਂ ਦਿਨਾਂ ਵਿੱਚ ਸਿੱਖ ਕੌਮ ਸ਼ਹੀਦੀ ਦਿਹਾੜੇ ਦੇ ਸੋਗ ਵਿੱਚ ਹੁੰਦੀ ਹੈ। ਉਸੇ ਤਰ੍ਹਾਂ ਦੀ ਸ਼ਬਦ ਬਾਣੀ ਤੇ ਵਿਆਖਿਆ ਹੁੰਦੀ ਹੈ।

ਇਸ ਵਾਰ ਮੌਜੂਦਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ 28 ਦਸੰਬਰ ਦਾ ਹੈ। ਇਸ ਕਰਕੇ ਸਿੱਖ ਕੌਮ ਭੰਬਲਭੂਸੇ ਵਿੱਚ ਹੈ ਕਿ ਇੱਕੋ ਸਮੇਂ ਖੁਸ਼ੀ ਤੇ ਗਮੀ ਕਿਸ ਤਰ੍ਹਾਂ ਮਨਾਈ ਜਾ ਸਕੇਗੀ।

ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਸਾਲ ਵਿੱਚ ਦੋ ਵਾਰ ਆ ਜਾਂਦਾ ਸੀ ਤੇ ਕਈ ਵਾਰੀ ਸਾਲ ਵਿੱਚ ਹੁੰਦਾ ਹੀ ਨਹੀਂ ਸੀ। ਦੂਜੇ ਪਾਸੇ ਆਮ ਕੈਲੰਡਰ ਵਿੱਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਦਾ ਹੈ ਪਰ ਅਜੇ ਤੱਕ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਪਸ਼ਟ ਨਹੀਂ ਕਰ ਸਕੇ ਕਿ ਇਹ ਦਿਹਾੜੇ ਕਿਸ ਤਰ੍ਹਾਂ ਮਨਾਏ ਜਾਣਗੇ।

ਮਸਲੇ ਬਾਬਤ ਵਿਚਾਰਾਂ ਜਾਰੀ: ਗੁਰਬਚਨ ਸਿੰਘ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਇਸ ਵਾਰ ਇਹ ਦਿਹਾੜੇ ਸਿੱਖ ਸੰਗਤ ਨੂੰ ਭੰਬਲਭੂਸੇ ਵਿੱਚ ਪਾ ਰਹੇ ਹਨ। ਇਹ ਹੋ ਨਹੀਂ ਸਕਦਾ ਕਿ ਇੱਕੋ ਸਮੇਂ ਖੁਸ਼ੀ ਤੇ ਗਮੀ ਦੇ ਦਿਹਾੜੇ ਮਨਾਏ ਜਾਣ। ਇਸ ਬਾਬਤ ਕੋਈ ਨਾ ਕੋਈ ਰਾਏ ਬਣਾਈ ਜਾ ਰਹੀ ਹੈ ਤਾਂ ਜੋ ਸਿੱਖ ਸੰਗਤ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।

ਅਕਾਲ ਤਖ਼ਤ ਵੱਲੋਂ ਪ੍ਰਵਾਨਿਤ ਕੈਲੰਡਰ ਬਾਰੇ ਕੁਝ ਨਹੀਂ ਕਹਿ ਸਕਦੇ: ਬਡੂੰਗਰ

ਸਭ ਤੋਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਉਨ੍ਹਾਂ ਨੇ ਜੋ ਕੈਲੰਡਰ ਜਾਰੀ ਕੀਤਾ ਸੀ, ਉਹ ਕੁਝ ਵਿਗਿਆਨਕ ਕਾਰਨਾਂ ਕਰਕੇ ਸਹੀ ਸੀ। ਅਕਾਲ ਤਖ਼ਤ ਸਾਹਿਬ ਵੱਲੋਂ ਉਹ ਕੈਲੰਡਰ ਰੱਦ ਕਰਕੇ ਨਵਾਂ ਕੈਲੰਡਰ ਜਾਰੀ ਕਰ ਦਿੱਤਾ ਗਿਆ ਪਰ ਅਕਾਲ ਤਖ਼ਤ ਵੱਲੋਂ ਕੀਤੇ ਫ਼ੈਸਲੇ ਬਾਰੇ ਉਹ ਕੁਝ ਨਹੀਂ ਕਹਿ ਸਕਦੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top